YouVersion Logo
Search Icon

ਹਿਜ਼ਕੀਏਲ 41

41
1ਤਦ ਉਹ ਮਨੁੱਖ ਮੈਨੂੰ ਹੈਕਲ ਵਿੱਚ ਲਿਆਇਆ ਅਤੇ ਥੰਮਾਂ ਨੂੰ ਮਿਣਿਆ, ਛੇ ਹੱਥ ਦੀ ਚੌੜਾਈ ਇੱਕ ਪਾਸੇ ਅਤੇ ਛੇ ਹੱਥ ਦੀ ਚੌੜਾਈ ਦੂਜੇ ਪਾਸੇ, ਇਹੀ ਡੇਰੇ ਦੀ ਚੌੜਾਈ ਸੀ। 2ਦਰਵਾਜ਼ੇ ਦੀ ਚੌੜਾਈ ਦਸ ਹੱਥ ਸੀ। ਉਹ ਦਾ ਇੱਕ ਪਾਸਾ ਪੰਜ ਹੱਥ ਦਾ ਸੀ ਅਤੇ ਦੂਜਾ ਵੀ ਪੰਜ ਹੱਥ ਦਾ ਸੀ ਅਤੇ ਉਸ ਨੇ ਉਹ ਦੀ ਲੰਬਾਈ ਚਾਲ੍ਹੀ ਹੱਥ ਅਤੇ ਚੌੜਾਈ ਵੀਹ ਹੱਥ ਮਿਣੀ। 3ਤਦ ਉਹ ਅੰਦਰ ਗਿਆ ਅਤੇ ਦਰਵਾਜ਼ੇ ਦੇ ਹਰੇਕ ਥੰਮ੍ਹ ਨੂੰ, ਦੋ ਹੱਥ, ਮਿਣਿਆ ਅਤੇ ਦਰਵਾਜ਼ੇ ਨੂੰ, ਛੇ ਹੱਥ ਅਤੇ ਦਰਵਾਜ਼ੇ ਦੀ ਚੌੜਾਈ ਸੱਤ ਹੱਥ ਸੀ। 4ਉਸ ਨੇ ਹੈਕਲ ਦੇ ਸਾਹਮਣੇ ਦੀ ਲੰਬਾਈ ਨੂੰ ਵੀਹ ਹੱਥ ਅਤੇ ਚੌੜਾਈ ਨੂੰ ਵੀਹ ਹੱਥ ਮਿਣਿਆ ਅਤੇ ਮੈਨੂੰ ਆਖਿਆ ਕਿ ਇਹੀ ਅੱਤ ਪਵਿੱਤਰ ਸਥਾਨ ਹੈ।
ਹੈਕਲ ਦੀਆਂ ਕੋਠੜੀਆਂ
5ਉਹ ਨੇ ਭਵਨ ਦੀ ਕੰਧ ਛੇ ਹੱਥ ਮਿਣੀ ਅਤੇ ਪਾਸੇ ਦੀ ਹਰੇਕ ਕੋਠੜੀ ਦੀ ਚੌੜਾਈ ਭਵਨ ਦੇ ਚੁਫ਼ੇਰੇ ਚਾਰ ਹੱਥ ਸੀ। 6ਪਾਸੇ ਦੀਆਂ ਕੋਠੜੀਆਂ ਤਿੰਨ ਮੰਜ਼ਲਾਂ ਵਾਲੀਆਂ ਸਨ, ਕੋਠੜੀ ਦੇ ਉੱਤੇ ਕੋਠੜੀ, ਪਾਲਾਂ ਵਿੱਚ ਤੀਹ ਅਤੇ ਉਹ ਉਸ ਕੰਧ ਵਿੱਚ ਜੋ ਭਵਨ ਦੇ ਚੁਫ਼ੇਰੇ ਦੀਆਂ ਕੋਠੜੀਆਂ ਦੇ ਲਈ ਸੀ, ਅੰਦਰ ਬਣਾਈਆਂ ਗਈਆਂ ਸਨ, ਤਾਂ ਜੋ ਪੱਕੀਆਂ ਹੋਣ, ਪਰ ਉਹ ਭਵਨ ਦੀ ਕੰਧ ਨਾਲ ਮਿਲੀਆਂ ਹੋਈਆਂ ਨਾ ਸਨ। 7ਉਹ ਪਾਸੇ ਵੱਲ ਦੀਆਂ ਕੋਠੜੀਆਂ ਉੱਤੇ ਤੱਕ ਚਾਰੇ ਪਾਸੇ ਬਹੁਤੀਆਂ ਖੁੱਲ੍ਹੀਆਂ ਹੁੰਦੀਆਂ ਜਾਂਦੀਆਂ ਸਨ, ਕਿਉਂ ਜੋ ਭਵਨ ਚੁਫ਼ੇਰਿਓਂ ਉੱਚਾ ਹੁੰਦਾ ਚਲਾ ਜਾਂਦਾ ਸੀ, ਭਵਨ ਦੀ ਚੌੜਾਈ ਉੱਤੇ ਤੱਕ ਇੱਕੋ ਜਿੰਨੀ ਸੀ ਅਤੇ ਉੱਪਰ ਦੀਆਂ ਕੋਠੜੀਆਂ ਦਾ ਰਾਹ ਵਿਚਕਾਰਲੀਆਂ ਕੋਠੜੀਆਂ ਦੇ ਵਿੱਚੋਂ ਦੀ ਸੀ। 8ਮੈਂ ਭਵਨ ਦੇ ਚੁਫ਼ੇਰੇ ਉੱਚਾ ਥੜਾ ਵੇਖਿਆ। ਪਾਸੇ ਦੀਆਂ ਕੋਠੜੀਆਂ ਦੀ ਨੀਂਹ ਛੇ ਵੱਡੇ ਹੱਥ ਦੇ ਪੂਰੇ ਕਾਨੇ ਜਿੰਨੀ ਸੀ। 9ਪਾਸੇ ਦੀਆਂ ਕੋਠੜੀਆਂ ਦੀ ਬਾਹਰਲੀ ਕੰਧ ਦੀ ਚੌੜਾਈ ਪੰਜ ਹੱਥ ਸੀ ਅਤੇ ਜਿਹੜੀ ਥਾਂ ਬਾਕੀ ਰਹੀ ਉਹ ਭਵਨ ਦੇ ਪਾਸੇ ਵੱਲ ਦੀਆਂ ਕੋਠੜੀਆਂ ਵਿਚਕਾਰ ਸੀ। 10ਕੋਠੜੀਆਂ ਦੇ ਵਿਚਕਾਰ ਭਵਨ ਦੇ ਚੁਫ਼ੇਰੇ ਵੀਹ ਹੱਥ ਦਾ ਫ਼ਾਸਲਾ ਸੀ। 11ਪਾਸੇ ਦੀਆਂ ਕੋਠੜੀਆਂ ਦੇ ਦਰਵਾਜ਼ੇ ਉਸ ਖਾਲੀ ਥਾਂ ਵੱਲ ਸਨ। ਇੱਕ ਦਰਵਾਜ਼ਾ ਉਤਰ ਵੱਲ ਦੇ ਰਾਹ ਵੱਲ ਅਤੇ ਇੱਕ ਦੱਖਣ ਵੱਲ ਅਤੇ ਖਾਲੀ ਥਾਂ ਦੀ ਚੌੜਾਈ ਚਾਰੇ ਪਾਸੇ ਪੰਜ ਹੱਥ ਸੀ।
ਪੱਛਮ ਵੱਲ ਦਾ ਭਵਨ
12ਉਹ ਮਕਾਨ ਜਿਹੜਾ ਵੱਖਰੀ ਥਾਂ ਦੇ ਸਾਹਮਣੇ ਪੱਛਮ ਵੱਲ ਸੀ, ਉਹ ਦੀ ਚੌੜਾਈ ਸੱਤਰ ਹੱਥ ਸੀ ਅਤੇ ਉਸ ਮਕਾਨ ਦੀ ਕੰਧ ਚਾਰੋਂ ਪਾਸੇ ਪੰਜ ਹੱਥ ਮੋਟੀ ਅਤੇ ਨੱਬੇ ਹੱਥ ਲੰਮੀ ਸੀ।
ਹੈਕਲ ਦਾ ਸੰਪੂਰਨ ਮਾਪ
13ਇਸ ਲਈ ਉਹ ਨੇ ਭਵਨ ਨੂੰ ਸੌ ਹੱਥ ਲੰਮਾ ਮਿਣਿਆ ਅਤੇ ਵੱਖਰੀ ਥਾਂ ਅਤੇ ਮਕਾਨ ਉਸ ਦੀਆਂ ਕੰਧਾਂ ਸਮੇਤ ਸੌ ਹੱਥ ਲੰਮਾ ਸੀ। 14ਭਵਨ ਦੇ ਸਾਹਮਣੇ ਦੀ ਅਤੇ ਉਸ ਪੂਰਬ ਵੱਲ ਦੀ ਵੱਖਰੀ ਥਾਂ ਦੀ ਚੌੜਾਈ ਸੌ ਹੱਥ ਸੀ। 15ਵੱਖਰੀ ਥਾਂ ਦੇ ਸਾਹਮਣੇ ਦੇ ਮਕਾਨ ਦੀ ਲੰਬਾਈ ਨੂੰ ਜੋ ਉਹ ਦੇ ਪਿੱਛੇ ਸੀ ਅਤੇ ਉਸ ਵੱਲ ਦੇ ਬਰਾਂਡੇ ਇਸ ਪਾਸਿਓਂ ਅਤੇ ਉਸ ਪਾਸਿਓਂ ਅਤੇ ਅੰਦਰ ਵੱਲ ਹੈਕਲ ਨੂੰ ਅਤੇ ਵੇਹੜੇ ਦੀ ਡਿਉੜ੍ਹੀ ਨੂੰ ਉਸ ਨੇ ਸੌ ਹੱਥ ਮਿਣਿਆ।
ਹੈਕਲ ਦੀ ਸਜਾਵਟ
16ਸਰਦਲਾਂ, ਝਰੋਖਿਆਂ ਅਤੇ ਚੁਫ਼ੇਰੇ ਦੇ ਬਰਾਂਡਿਆਂ ਨੂੰ ਜਿਹੜੇ ਤਿੰਨ ਮੰਜ਼ਲੇ ਅਤੇ ਸਰਦਲਾਂ ਦੇ ਸਾਹਮਣੇ ਸਨ ਅਤੇ ਚੁਫ਼ੇਰਿਓਂ ਧਰਤੀ ਤੋਂ ਖਿੜਕੀਆਂ ਤੱਕ ਲੱਕੜੀ ਨਾਲ ਮੜ੍ਹੇ ਹੋਏ ਸਨ ਅਤੇ ਖਿੜਕੀਆਂ ਵੀ ਮੜ੍ਹੀਆਂ ਹੋਈਆਂ ਸਨ। 17ਦਰਵਾਜ਼ੇ ਦੇ ਉੱਪਰ ਤੱਕ ਅਤੇ ਅੰਦਰਲੇ ਭਵਨ ਤੱਕ ਅਤੇ ਉਹ ਦੇ ਬਾਹਰ ਵੀ ਚੁਫ਼ੇਰੇ ਦੀ ਸਾਰੀ ਕੰਧ ਤੱਕ ਅੰਦਰ-ਬਾਹਰ ਸਭ ਠੀਕ ਹਿਸਾਬ ਨਾਲ ਬਣੇ ਹੋਏ ਸਨ। 18ਕਰੂਬੀਆਂ ਅਤੇ ਖਜ਼ੂਰਾਂ ਦੀਆਂ ਮੂਰਤਾਂ ਬਣੀਆਂ ਹੋਈਆਂ ਸਨ ਅਤੇ ਇੱਕ ਖਜ਼ੂਰ ਦੋ ਕਰੂਬੀਆਂ ਦੇ ਵਿਚਕਾਰ ਸੀ ਅਤੇ ਹਰੇਕ ਕਰੂਬੀ ਦੇ ਦੋ ਚਿਹਰੇ ਬਣੇ ਹੋਏ ਸਨ। 19ਸੋ ਇੱਕ ਪਾਸੇ ਖਜ਼ੂਰ ਵੱਲ ਦਾ ਚਿਹਰਾ ਮਨੁੱਖ ਵਰਗਾ ਸੀ ਅਤੇ ਦੂਜੇ ਪਾਸੇ ਜੁਆਨ ਬੱਬਰ ਸ਼ੇਰ ਵਰਗਾ ਚਿਹਰਾ ਵੀ ਖਜ਼ੂਰ ਵੱਲ ਸੀ, ਭਵਨ ਦੇ ਚੁਫ਼ੇਰੇ ਇਸੇ ਪ੍ਰਕਾਰ ਕੰਮ ਕੀਤਾ ਹੋਇਆ ਸੀ। 20ਧਰਤੀ ਤੋਂ ਦਰਵਾਜ਼ੇ ਦੇ ਉੱਪਰ ਤੱਕ ਅਤੇ ਹੈਕਲ ਦੀ ਕੰਧ ਤੇ ਕਰੂਬੀ ਅਤੇ ਖਜ਼ੂਰ ਦੇ ਰੁੱਖ ਬਣੇ ਹੋਏ ਸਨ।
ਲੱਕੜੀ ਦੀ ਵੇਦੀ
21ਹੈਕਲ ਦੀ ਚੁਗਾਠ ਚਾਰ ਨੁੱਕਰੀ ਸੀ ਅਤੇ ਪਵਿੱਤਰ ਸਥਾਨ ਦੇ ਸਾਹਮਣੇ ਦੀ ਸ਼ਕਲ ਵੀ ਇਹੋ ਜਿਹੀ ਸੀ। 22ਜਗਵੇਦੀ ਲੱਕੜੀ ਦੀ ਸੀ, ਉਹ ਦੀ ਉਚਾਈ ਤਿੰਨ ਹੱਥ ਅਤੇ ਲੰਬਾਈ ਦੋ ਹੱਥ ਸੀ ਅਤੇ ਉਸ ਦੇ ਕੋਨੇ, ਉਹ ਦੀ ਕੁਰਸੀ ਅਤੇ ਉਹ ਦੀਆਂ ਕੰਧਾਂ ਲੱਕੜ ਦੀਆਂ ਸਨ ਅਤੇ ਉਹ ਮੈਨੂੰ ਬੋਲਿਆ ਕਿ ਇਹ ਯਹੋਵਾਹ ਦੇ ਸਾਹਮਣੇ ਦੀ ਮੇਜ਼ ਹੈ।
ਪਵਿੱਤਰ ਸਥਾਨ ਦੇ ਦਰਵਾਜ਼ੇ
23ਹੈਕਲ ਅਤੇ ਪਵਿੱਤਰ ਸਥਾਨ ਦੇ ਦੋ ਦਰਵਾਜ਼ੇ ਸਨ। 24ਦਰਵਾਜ਼ਿਆਂ ਦੇ ਦੋ-ਦੋ ਤਾਕ ਸਨ ਜਿਹੜੇ ਮੁੜ ਸਕਦੇ ਸਨ, ਦੋ ਤਾਕ ਇੱਕ ਦਰਵਾਜ਼ੇ ਲਈ ਅਤੇ ਦੋ ਦੂਜੇ ਲਈ। 25ਉਹਨਾਂ ਤੇ ਅਰਥਾਤ ਹੈਕਲ ਦੇ ਦਰਵਾਜ਼ਿਆਂ ਤੇ ਕਰੂਬੀਆਂ ਅਤੇ ਖਜ਼ੂਰਾਂ ਦੀਆਂ ਮੂਰਤਾਂ ਬਣੀਆਂ ਹੋਈਆਂ ਸਨ, ਜਿਵੇਂ ਕਿ ਕੰਧ ਤੇ ਬਣੀਆਂ ਹੋਈਆਂ ਸਨ ਅਤੇ ਬਾਹਰ ਦੀ ਡਿਉੜ੍ਹੀ ਦੇ ਸਾਹਮਣੇ ਵੱਲ ਲੱਕੜੀ ਦੇ ਫੱਟੇ ਲੱਗੇ ਹੋਏ ਸਨ। 26ਡਿਉੜ੍ਹੀ ਦੇ ਅੰਦਰਲੇ ਅਤੇ ਬਾਹਰਲੇ ਪਾਸੇ ਵੱਖੀ ਵਿੱਚ ਝਰੋਖੇ ਤੇ ਖਜ਼ੂਰ ਦੇ ਰੁੱਖ ਬਣੇ ਸਨ ਅਤੇ ਭਵਨ ਦੀ ਵੱਖੀ ਦੀਆਂ ਕੋਠੜੀਆਂ ਅਤੇ ਫੱਟੇ ਲਗਾਉਣ ਦੀ ਇਹੋ ਸ਼ਕਲ ਸੀ।

Highlight

Copy

Compare

Share

None

Want to have your highlights saved across all your devices? Sign up or sign in