YouVersion Logo
Search Icon

ਕੂਚ 9

9
ਪਸ਼ੂਆਂ ਦੀ ਮੌਤ
1ਯਹੋਵਾਹ ਨੇ ਮੂਸਾ ਨੂੰ ਆਖਿਆ, ਫ਼ਿਰਊਨ ਕੋਲ ਜਾ ਅਤੇ ਉਸ ਨਾਲ ਗੱਲ ਕਰ ਕਿ ਯਹੋਵਾਹ ਇਬਰਾਨੀਆਂ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਕਿ ਮੇਰੀ ਪਰਜਾ ਨੂੰ ਜਾਣ ਦੇ ਤਾਂ ਜੋ ਉਹ ਮੇਰੀ ਉਪਾਸਨਾ ਕਰੇ। 2ਜੇ ਤੂੰ ਉਨ੍ਹਾਂ ਦੇ ਭੇਜਣ ਤੋਂ ਮੁੱਕਰ ਜਾਵੇਂ ਅਤੇ ਅਜੇ ਵੀ ਰੋਕ ਛੱਡੇਂ 3ਤਾਂ ਵੇਖ ਯਹੋਵਾਹ ਦਾ ਹੱਥ ਤੇਰੇ ਪਸ਼ੂਆਂ ਉੱਤੇ ਜਿਹੜੇ ਮੈਦਾਨ ਵਿੱਚ ਹਨ ਘੋੜਿਆਂ ਉੱਤੇ, ਗਧਿਆਂ ਉੱਤੇ, ਊਠਾਂ ਉੱਤੇ, ਚੌਣਿਆਂ ਉੱਤੇ ਅਤੇ ਇੱਜੜਾਂ ਉੱਤੇ ਪਵੇਗਾ ਅਤੇ ਮਰੀ ਬਹੁਤ ਵੱਡੀ ਹੋਵੇਗੀ। 4ਯਹੋਵਾਹ ਇਸਰਾਏਲੀਆਂ ਦੇ ਪਸ਼ੂਆਂ ਨੂੰ ਅਤੇ ਮਿਸਰੀਆਂ ਦੇ ਪਸ਼ੂਆਂ ਨੂੰ ਵੱਖਰਾ ਕਰੇਗਾ ਅਤੇ ਉਨ੍ਹਾਂ ਸਾਰਿਆਂ ਵਿੱਚੋਂ ਜਿਹੜੇ ਇਸਰਾਏਲੀਆਂ ਦੇ ਹਨ ਕੋਈ ਨਾ ਮਰੇਗਾ। 5ਯਹੋਵਾਹ ਨੇ ਇੱਕ ਸਮਾਂ ਠਹਿਰਾਇਆ ਹੈ ਕਿ ਕੱਲ ਯਹੋਵਾਹ ਇਹ ਕੰਮ ਇਸ ਦੇਸ ਵਿੱਚ ਕਰੇਗਾ। 6ਤਾਂ ਯਹੋਵਾਹ ਨੇ ਉਹ ਕੰਮ ਅਗਲੇ ਦਿਨ ਕੀਤਾ ਅਤੇ ਮਿਸਰੀਆਂ ਦੇ ਸਾਰੇ ਪਸ਼ੂ ਮਰ ਗਏ ਪਰ ਇਸਰਾਏਲੀਆਂ ਦੇ ਪਸ਼ੂਆਂ ਵਿੱਚੋਂ ਇੱਕ ਵੀ ਨਾ ਮਰਿਆ। 7ਫੇਰ ਫ਼ਿਰਊਨ ਨੇ ਕਿਸੇ ਨੂੰ ਭੇਜਿਆ ਤਾਂ ਵੇਖੋ ਇਸਰਾਏਲ ਦੇ ਪਸ਼ੂਆਂ ਵਿੱਚੋਂ ਇੱਕ ਵੀ ਨਹੀਂ ਮਰਿਆ ਸੀ ਪਰ ਫ਼ਿਰਊਨ ਦਾ ਮਨ ਪੱਥਰ ਹੋ ਗਿਆ ਸੋ ਉਸ ਨੇ ਲੋਕਾਂ ਨੂੰ ਜਾਣ ਨਾ ਦਿੱਤਾ।
ਛਾਲਿਆਂ ਅਤੇ ਫੋੜਿਆਂ ਦਾ ਨਿੱਕਲਣਾ
8ਤਾਂ ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ ਭੱਠੀ ਦੀ ਸੁਆਹ ਦੀਆਂ ਮੁੱਠਾਂ ਭਰੋ ਅਤੇ ਮੂਸਾ ਫ਼ਿਰਊਨ ਦੇ ਵੇਖਦਿਆਂ ਅਕਾਸ਼ ਵੱਲ ਉਡਾਵੇ। 9ਤਾਂ ਮਿਸਰ ਦੇ ਸਾਰੇ ਦੇਸ ਉੱਤੇ ਉਹ ਘੱਟਾ ਹੋ ਕੇ ਆਦਮੀਆਂ ਅਤੇ ਡੰਗਰਾਂ ਉੱਤੇ ਸਾਰੇ ਮਿਸਰ ਦੇਸ ਵਿੱਚ ਅੰਗਿਆਰੇ ਅਤੇ ਛਾਲੇ ਬਣ ਜਾਣਗੇ। 10ਸੋ ਉਹ ਭੱਠੀ ਦੀ ਸੁਆਹ ਲੈ ਕੇ ਫ਼ਿਰਊਨ ਦੇ ਅੱਗੇ ਖੜੇ ਹੋਏ। ਮੂਸਾ ਨੇ ਉਸ ਨੂੰ ਅਕਾਸ਼ ਵੱਲ ਉਡਾ ਦਿੱਤਾ ਤਾਂ ਆਦਮੀਆਂ ਅਤੇ ਡੰਗਰਾਂ ਉੱਤੇ ਅੰਗਿਆਰੇ ਅਤੇ ਛਾਲੇ ਪੈ ਗਏ। 11ਤਾਂ ਜਾਦੂਗਰ ਅੰਗਿਆਰਿਆਂ ਦੇ ਕਾਰਨ ਮੂਸਾ ਦੇ ਅੱਗੇ ਖੜੇ ਨਾ ਹੋ ਸਕੇ ਕਿਉਂ ਜੋ ਜਾਦੂਗਰਾਂ ਅਤੇ ਸਾਰੇ ਮਿਸਰੀਆਂ ਦੇ ਅੰਗਿਆਰੇ ਨਿੱਕਲੇ ਹੋਏ ਸਨ। 12ਅਤੇ ਜਿਵੇਂ ਯਹੋਵਾਹ ਮੂਸਾ ਨੂੰ ਬੋਲਿਆ ਸੀ ਯਹੋਵਾਹ ਨੇ ਫ਼ਿਰਊਨ ਦੇ ਮਨ ਨੂੰ ਕਠੋਰ ਹੋਣ ਦਿੱਤਾ ਅਤੇ ਉਸ ਨੇ ਉਨ੍ਹਾਂ ਦੀ ਨਾ ਸੁਣੀ।
ਗੜਿਆਂ ਦਾ ਮੀਂਹ
13ਉਪਰੰਤ ਯਹੋਵਾਹ ਨੇ ਮੂਸਾ ਨੂੰ ਆਖਿਆ, ਸਵੇਰੇ ਉੱਠ ਕੇ ਫ਼ਿਰਊਨ ਦੇ ਅੱਗੇ ਜਾ ਕੇ ਖੜਾ ਹੋ ਅਤੇ ਉਸ ਨੂੰ ਆਖ, ਯਹੋਵਾਹ ਇਬਰਾਨੀਆਂ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, ਮੇਰੀ ਪਰਜਾ ਨੂੰ ਜਾਣ ਦੇ ਤਾਂ ਜੋ ਉਹ ਮੇਰੀ ਉਪਾਸਨਾ ਕਰੇ 14ਕਿਉਂਕਿ ਮੈਂ ਇਸ ਵਾਰ ਆਪਣੀਆਂ ਸਾਰੀਆਂ ਬਵਾਂ ਤੇਰੇ ਮਨ ਉੱਤੇ, ਤੇਰੇ ਟਹਿਲੂਆਂ ਉੱਤੇ ਅਤੇ ਤੇਰੀ ਪਰਜਾ ਉੱਤੇ ਭੇਜਣ ਵਾਲਾ ਹਾਂ ਤਾਂ ਜੋ ਤੂੰ ਜਾਣੇ ਕਿ ਸਾਰੀ ਧਰਤੀ ਉੱਤੇ ਮੇਰੇ ਜਿਹਾ ਕੋਈ ਨਹੀਂ। 15ਹੁਣ ਤੱਕ ਮੈਂ ਆਪਣਾ ਹੱਥ ਵਧਾ ਕੇ ਤੈਨੂੰ ਅਤੇ ਤੇਰੀ ਰਈਅਤ ਨੂੰ ਮਰੀ ਨਾਲ ਮਾਰ ਦਿੱਤਾ ਹੁੰਦਾ ਅਤੇ ਤੂੰ ਧਰਤੀ ਉੱਤੋਂ ਮਿਟ ਗਿਆ ਹੁੰਦਾ 16ਪਰ ਸੱਚ-ਮੁੱਚ ਮੈਂ ਤੈਨੂੰ ਇਸ ਕਰਕੇ ਖੜਾ ਕੀਤਾ ਅਤੇ ਇਸ ਕਰਕੇ ਤੈਨੂੰ ਆਪਣਾ ਬਲ ਵਿਖਾਇਆ ਤਾਂ ਜੋ ਮੇਰਾ ਨਾਮ ਸਾਰੀ ਧਰਤੀ ਵਿੱਚ ਪਰਗਟ ਹੋ ਜਾਵੇ। 17ਹੁਣ ਤੱਕ ਤੂੰ ਮੇਰੀ ਪਰਜਾ ਵਿੱਚ ਆਪਣੇ ਆਪ ਨੂੰ ਉੱਚਾ ਕਰਦਾ ਰਿਹਾ ਹੈਂ ਕਿ ਤੂੰ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ। 18ਵੇਖ ਮੈਂ ਭਲਕੇ ਇਸੇ ਵੇਲੇ ਬਹੁਤ ਭਾਰੀ ਗੜੇ ਵਰਸਾਵਾਂਗਾ ਜਿਵੇਂ ਮਿਸਰ ਦੇ ਮੁੱਢ ਤੋਂ ਲੈ ਕੇ ਹੁਣ ਤੱਕ ਨਹੀਂ ਪਏ। 19ਸੋ ਹੁਣ ਤੂੰ ਭੇਜ ਕੇ ਆਪਣੇ ਪਸ਼ੂ ਅਤੇ ਜੋ ਕੁਝ ਤੇਰਾ ਜੂਹ ਵਿੱਚ ਹੈ ਭਜਾ ਲਿਆ। ਸਾਰੇ ਆਦਮੀਆਂ ਅਤੇ ਡੰਗਰਾਂ ਉੱਤੇ ਜਿਹੜੇ ਮੈਦਾਨ ਵਿੱਚ ਹੋਣ ਅਤੇ ਘਰ ਵਿੱਚ ਨਾ ਲਿਆਂਦੇ ਜਾਣ ਗੜੇ ਪੈਣਗੇ ਅਤੇ ਉਹ ਮਰ ਜਾਣਗੇ। 20ਤਾਂ ਫ਼ਿਰਊਨ ਦੇ ਟਹਿਲੂਆਂ ਵਿੱਚੋਂ ਜਿਹੜਾ ਯਹੋਵਾਹ ਦੇ ਬਚਨ ਤੋਂ ਭੈਅ ਖਾਂਦਾ ਸੀ ਉਹ ਆਪਣੇ ਟਹਿਲੂਆਂ ਨੂੰ ਅਤੇ ਆਪਣੇ ਪਸ਼ੂਆਂ ਨੂੰ ਘਰੀਂ ਭਜਾ ਲਿਆਇਆ। 21ਪਰ ਜਿਸ ਨੇ ਆਪਣਾ ਮਨ ਯਹੋਵਾਹ ਦੇ ਬਚਨ ਉੱਤੇ ਨਾ ਲਾਇਆ ਉਸ ਨੇ ਆਪਣੇ ਟਹਿਲੂਆਂ ਅਤੇ ਪਸ਼ੂਆਂ ਨੂੰ ਜੂਹ ਵਿੱਚ ਰਹਿਣ ਦਿੱਤਾ। 22ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਆਪਣਾ ਹੱਥ ਅਕਾਸ਼ ਵੱਲ ਵਧਾ ਤਾਂ ਜੋ ਸਾਰੇ ਮਿਸਰ ਦੇਸ ਵਿੱਚ ਆਦਮੀ ਉੱਤੇ, ਡੰਗਰ ਉੱਤੇ ਅਤੇ ਖੇਤ ਦੀ ਸਾਰੀ ਸਾਗ ਪੱਤ ਉੱਤੇ ਮਿਸਰ ਦੇਸ ਵਿੱਚ ਗੜੇ ਪੈਣ। 23ਮੂਸਾ ਨੇ ਆਪਣਾ ਢਾਂਗਾ ਅਕਾਸ਼ ਵੱਲ ਲੰਮਾ ਕੀਤਾ ਤਾਂ ਯਹੋਵਾਹ ਨੇ ਗਰਜ ਅਤੇ ਗੜੇ ਭੇਜੇ ਅਤੇ ਅੱਗ ਧਰਤੀ ਵੱਲ ਚਲੀ ਆਉਂਦੀ ਸੀ ਅਤੇ ਯਹੋਵਾਹ ਨੇ ਮਿਸਰ ਦੇਸ ਉੱਤੇ ਗੜੇ ਵਰਸਾਏ। 24ਸੋ ਗੜੇ ਸਨ ਤੇ ਗੜਿਆਂ ਵਿੱਚ ਅੱਗ ਰਲੀ ਹੋਈ ਸੀ ਇਹ ਐਨੀ ਡਾਢੀ ਸੀ ਕਿ ਮਿਸਰ ਦੇ ਸਾਰੇ ਦੇਸ ਵਿੱਚ ਉਹ ਦੇ ਕੌਮ ਬਣਨ ਤੋਂ ਲੈ ਕੇ ਹੋਈ ਹੀ ਨਹੀਂ ਸੀ। 25ਅਤੇ ਗੜਿਆਂ ਨੇ ਸਾਰੇ ਮਿਸਰ ਦੇਸ ਵਿੱਚ ਸਭ ਕੁਝ ਜੋ ਜੂਹ ਵਿੱਚ ਸੀ ਕੀ ਆਦਮੀ ਕੀ ਡੰਗਰ ਮਾਰਿਆ ਨਾਲੇ ਗੜਿਆਂ ਨੇ ਖੇਤ ਦਾ ਸੱਭੋ ਸਾਗ ਪੱਤ ਮਾਰ ਦਿੱਤਾ ਅਤੇ ਖੇਤ ਦੇ ਸਾਰੇ ਬਿਰਛ ਭੰਨ ਸੁੱਟੇ। 26ਕੇਵਲ ਗੋਸ਼ਨ ਦੀ ਧਰਤੀ ਵਿੱਚ ਜਿੱਥੇ ਇਸਰਾਏਲੀ ਸਨ ਕੋਈ ਗੜਾ ਨਹੀਂ ਸੀ। 27ਤਾਂ ਫ਼ਿਰਊਨ ਨੇ ਮੂਸਾ ਅਤੇ ਹਾਰੂਨ ਨੂੰ ਸੱਦ ਭੇਜਿਆ ਅਤੇ ਉਨ੍ਹਾਂ ਨੂੰ ਆਖਿਆ ਕਿ ਮੈਂ ਇਸ ਵਾਰ ਪਾਪ ਕੀਤਾ। ਯਹੋਵਾਹ ਸੱਚ ਹੈ। ਮੈਂ ਅਤੇ ਮੇਰੀ ਪਰਜਾ ਦੁਸ਼ਟ ਹਾਂ। 28ਤੁਸੀਂ ਯਹੋਵਾਹ ਦੇ ਅੱਗੇ ਸਿਫ਼ਾਰਸ਼ ਕਰੋ ਕਿਉਂ ਜੋ ਹੁਣ ਪਰਮੇਸ਼ੁਰ ਦੀ ਗਰਜ ਦੀ ਅਤੇ ਗੜਿਆਂ ਦੀ ਹੱਦ ਹੋ ਗਈ ਹੈ। ਮੈਂ ਤੁਹਾਨੂੰ ਜਾਣ ਦੇਵਾਂਗਾ ਹੁਣ ਤੁਸੀਂ ਹੋਰ ਨਹੀਂ ਠਹਿਰੋਗੇ। 29ਤਾਂ ਮੂਸਾ ਨੇ ਉਸ ਨੂੰ ਆਖਿਆ, ਜਿਵੇਂ ਹੀ ਮੈਂ ਨਗਰ ਤੋਂ ਬਾਹਰ ਜਾਂਵਾਂਗਾ ਮੈਂ ਯਹੋਵਾਹ ਅੱਗੇ ਆਪਣੇ ਹੱਥ ਅੱਡਾਂਗਾ ਤਾਂ ਗਰਜ਼ਣਾ ਹਟ ਜਾਵੇਗਾ ਅਤੇ ਗੜੇ ਫੇਰ ਨਾ ਪੈਣਗੇ ਤਾਂ ਜੋ ਤੁਸੀਂ ਜਾਣੋ ਕਿ ਧਰਤੀ ਯਹੋਵਾਹ ਦੀ ਹੈ। 30ਮੈਂ ਤੁਹਾਨੂੰ ਅਤੇ ਤੁਹਾਡੇ ਟਹਿਲੂਆਂ ਨੂੰ ਜਾਣਦਾ ਹਾਂ ਕਿ ਤੁਸੀਂ ਅਜੇ ਵੀ ਯਹੋਵਾਹ ਪਰਮੇਸ਼ੁਰ ਤੋਂ ਨਾ ਡਰੋਗੇ। 31ਅਲਸੀ ਅਤੇ ਜੌਂ ਮਾਰੇ ਗਏ ਕਿਉਂਕਿ ਜਵਾਂ ਦੇ ਸਿੱਟੇ ਨਿੱਕਲੇ ਹੋਏ ਸਨ ਅਤੇ ਅਲਸੀ ਫੁੱਲੀ ਹੋਈ ਸੀ। 32ਪਰ ਕਣਕ ਅਤੇ ਮਸਰ ਮਾਰੇ ਨਾ ਗਏ ਕਿਉਂਕਿ ਉਹ ਅਜੇ ਵਧੇ ਨਹੀਂ ਸਨ। 33ਤਾਂ ਮੂਸਾ ਫ਼ਿਰਊਨ ਕੋਲੋਂ ਹੋ ਕੇ ਨਗਰ ਵਿੱਚੋਂ ਬਾਹਰ ਗਿਆ ਅਤੇ ਯਹੋਵਾਹ ਦੇ ਅੱਗੇ ਹੱਥ ਅੱਡੇ ਤਾਂ ਗਰਜ਼ਣਾ ਅਤੇ ਗੜੇ ਹਟ ਗਏ ਅਤੇ ਵਰਖਾ ਧਰਤੀ ਤੋਂ ਥੰਮ੍ਹ ਗਈ। 34ਜਦ ਫ਼ਿਰਊਨ ਨੇ ਡਿੱਠਾ ਕਿ ਵਰਖਾ ਅਤੇ ਗੜੇ ਅਤੇ ਗਰਜ਼ਣਾ ਹਟ ਗਏ ਹਨ ਤਾਂ ਫੇਰ ਪਾਪ ਕੀਤਾ ਅਤੇ ਆਪਣਾ ਮਨ ਪੱਥਰ ਕਰ ਲਿਆ ਉਸ ਵੀ ਅਤੇ ਉਸ ਦੇ ਟਹਿਲੂਆਂ ਵੀ। 35ਸੋ ਜਿਵੇਂ ਯਹੋਵਾਹ ਮੂਸਾ ਦੇ ਰਾਹੀਂ ਬੋਲਿਆ ਸੀ ਫ਼ਿਰਊਨ ਦਾ ਮਨ ਕਠੋਰ ਹੋ ਗਿਆ। ਉਸ ਨੇ ਇਸਰਾਏਲੀਆਂ ਨੂੰ ਜਾਣ ਨਾ ਦਿੱਤਾ।

Currently Selected:

ਕੂਚ 9: IRVPun

Highlight

Copy

Compare

Share

None

Want to have your highlights saved across all your devices? Sign up or sign in