ਕੂਚ 8
8
ਡੱਡੂਆਂ ਦਾ ਹਮਲਾ
1ਫਿਰ ਯਹੋਵਾਹ ਨੇ ਮੂਸਾ ਨੂੰ ਆਖਿਆ, ਫ਼ਿਰਊਨ ਕੋਲ ਜਾ ਕੇ ਉਸ ਨੂੰ ਆਖ ਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਮੇਰੀ ਪਰਜਾ ਨੂੰ ਜਾਣ ਦੇ ਤਾਂ ਜੋ ਉਹ ਮੇਰੀ ਉਪਾਸਨਾ ਕਰੇ 2ਜੇ ਤੂੰ ਉਨ੍ਹਾਂ ਦੇ ਭੇਜਣ ਤੋਂ ਮੁੱਕਰ ਜਾਵੇ ਤਾਂ ਵੇਖ, ਮੈਂ ਤੇਰੀਆਂ ਸਾਰੀਆਂ ਹੱਦਾਂ ਨੂੰ ਡੱਡੂਆਂ ਨਾਲ ਮਾਰਾਂਗਾ। 3ਨਦੀ ਡੱਡੂਆਂ ਦੇ ਝੁੰਡਾਂ ਨਾਲ ਭਰ ਜਾਵੇਗੀ ਅਤੇ ਉਹ ਚੜ੍ਹਨਗੇ ਅਤੇ ਤੇਰੇ ਮਹਿਲ ਵਿੱਚ, ਤੇਰੇ ਸੌਣ ਦੇ ਬਿਸਤਰੇ ਵਿੱਚ, ਤੇਰੀ ਸੇਜ਼ ਉੱਤੇ, ਤੇਰੇ ਟਹਿਲੂਆਂ ਦੇ ਘਰਾਂ ਵਿੱਚ, ਤੇਰੀ ਪਰਜਾ ਵਿੱਚ, ਤੇਰੇ ਤੰਦੂਰਾਂ ਵਿੱਚ, ਅਤੇ ਤੇਰੇ ਗੁੰਨ੍ਹਣ ਦੀਆਂ ਪਰਾਤਾਂ ਵਿੱਚ ਆਉਣਗੇ। 4ਡੱਡੂ ਤੇਰੇ ਉੱਤੇ, ਤੇਰੀ ਪਰਜਾ ਉੱਤੇ ਅਤੇ ਤੇਰੇ ਸਾਰੇ ਸੇਵਕਾਂ ਉੱਤੇ ਚੜ੍ਹਨਗੇ। ਫਿਰ ਯਹੋਵਾਹ ਨੇ ਮੂਸਾ ਨੂੰ ਆਖਿਆ, ਹਾਰੂਨ ਨੂੰ ਆਖ ਕਿ 5ਉਹ ਆਪਣਾ ਹੱਥ ਆਪਣੀ ਲਾਠੀ ਨਾਲ ਨਦੀਆਂ ਉੱਤੇ, ਦਰਿਆਵਾਂ ਉੱਤੇ ਅਤੇ ਤਲਾਬਾਂ ਉੱਤੇ ਪਸਾਰੇ ਅਤੇ ਡੱਡੂਆਂ ਨੂੰ ਮਿਸਰ ਦੇਸ ਉੱਤੇ ਚੜ੍ਹਾ ਦੇਵੇ। 6ਤਦ ਹਾਰੂਨ ਨੇ ਆਪਣਾ ਹੱਥ ਮਿਸਰ ਦੇ ਪਾਣੀਆਂ ਉੱਤੇ ਪਸਾਰਿਆ ਤਦ ਡੱਡੂ ਚੜ੍ਹ ਆਏ ਅਤੇ ਮਿਸਰ ਦੇਸ ਨੂੰ ਭਰ ਦਿੱਤਾ। 7ਤਦ ਜਾਦੂਗਰਾਂ ਨੇ ਆਪਣੇ ਜੰਤਰਾਂ-ਮੰਤਰਾਂ ਨਾਲ ਉਸੇ ਤਰ੍ਹਾਂ ਹੀ ਕੀਤਾ ਅਤੇ ਮਿਸਰ ਦੇਸ ਉੱਤੇ ਡੱਡੂ ਲੈ ਆਏ। 8ਤਦ ਫ਼ਿਰਊਨ ਨੇ ਮੂਸਾ ਅਤੇ ਹਾਰੂਨ ਨੂੰ ਬੁਲਾ ਕੇ ਆਖਿਆ, ਯਹੋਵਾਹ ਦੇ ਅੱਗੇ ਬੇਨਤੀ ਕਰੋ ਤਾਂ ਜੋ ਉਹ ਡੱਡੂਆਂ ਨੂੰ ਮੇਰੇ ਤੋਂ ਅਤੇ ਮੇਰੀ ਪਰਜਾ ਤੋਂ ਦੂਰ ਕਰ ਦੇਵੇ। ਮੈਂ ਜ਼ਰੂਰ ਲੋਕਾਂ ਨੂੰ ਜਾਣ ਦੇਵਾਂਗਾ ਤਾਂ ਜੋ ਉਹ ਯਹੋਵਾਹ ਲਈ ਬਲੀ ਚੜ੍ਹਾਉਣ। 9ਤਦ ਮੂਸਾ ਨੇ ਫ਼ਿਰਊਨ ਨੂੰ ਆਖਿਆ, ਕਿਰਪਾ ਕਰ ਕੇ ਮੈਨੂੰ ਦੱਸੋ ਕਿ ਮੈਂ ਕਦ ਤੋਂ ਤੁਹਾਡੇ ਅਤੇ ਤੁਹਾਡੇ ਸੇਵਕਾਂ ਅਤੇ ਤੁਹਾਡੀ ਪਰਜਾ ਲਈ ਬੇਨਤੀ ਕਰਾਂ ਤਾਂ ਜੋ ਡੱਡੂ ਤੁਹਾਡੇ ਤੋਂ ਅਤੇ ਤੁਹਾਡੇ ਘਰਾਂ ਤੋਂ ਹਟਾਏ ਜਾਣ ਅਤੇ ਨੀਲ ਨਦੀ ਦੇ ਵਿੱਚ ਹੀ ਰਹਿਣ? 10ਉਸ ਨੇ ਆਖਿਆ ਕੱਲ ਤੋਂ। ਤਦ ਉਸ ਨੇ ਆਖਿਆ, ਤੁਹਾਡੇ ਕਹਿਣ ਦੇ ਅਨੁਸਾਰ ਹੀ ਹੋਵੇਗਾ ਤਾਂ ਜੋ ਤੁਸੀਂ ਜਾਣੋ ਕਿ ਸਾਡੇ ਪਰਮੇਸ਼ੁਰ ਯਹੋਵਾਹ ਵਰਗਾ ਕੋਈ ਨਹੀਂ। 11ਡੱਡੂ ਤੁਹਾਡੇ ਤੋਂ, ਤੁਹਾਡੇ ਘਰਾਂ ਤੋਂ, ਤੁਹਾਡੇ ਟਹਿਲੂਆਂ ਤੋਂ ਅਤੇ ਤੁਹਾਡੀ ਪਰਜਾ ਤੋਂ ਚੱਲਦੇ ਹੋਣਗੇ। ਉਹ ਸਿਰਫ਼ ਨਦੀ ਵਿੱਚ ਹੀ ਰਹਿਣਗੇ। 12ਤਦ ਮੂਸਾ ਅਤੇ ਹਾਰੂਨ ਫ਼ਿਰਊਨ ਕੋਲੋਂ ਬਾਹਰ ਨੂੰ ਗਏ ਅਤੇ ਮੂਸਾ ਨੇ ਉਨ੍ਹਾਂ ਡੱਡੂਆਂ ਦੇ ਬਾਰੇ ਜਿਹੜੇ ਉਹ ਫ਼ਿਰਊਨ ਉੱਤੇ ਚੜ੍ਹਾ ਲਿਆਇਆ ਸੀ, ਯਹੋਵਾਹ ਦੇ ਅੱਗੇ ਦੁਹਾਈ ਦਿੱਤੀ। 13ਤਦ ਯਹੋਵਾਹ ਨੇ ਮੂਸਾ ਦੇ ਕਹਿਣ ਦੇ ਅਨੁਸਾਰ ਕੀਤਾ ਅਤੇ ਡੱਡੂ ਘਰਾਂ, ਵੇਹੜਿਆਂ ਅਤੇ ਖੇਤਾਂ ਵਿੱਚੋਂ ਮੁੱਕ ਗਏ। 14ਤਦ ਉਨ੍ਹਾਂ ਨੇ ਉਹ ਇਕੱਠੇ ਕਰ ਕੇ ਢੇਰਾਂ ਦੇ ਢੇਰ ਲਾ ਦਿੱਤੇ ਤੇ ਧਰਤੀ ਉੱਤੇ ਬਦਬੂ ਫੈਲ ਗਈ। 15ਪਰ ਜਿਵੇਂ ਯਹੋਵਾਹ ਬੋਲਿਆ ਸੀ, ਜਦ ਫ਼ਿਰਊਨ ਨੇ ਵੇਖਿਆ ਕਿ ਅਰਾਮ ਹੋ ਗਿਆ ਹੈ ਤਦ ਆਪਣਾ ਮਨ ਪੱਥਰ ਕਰ ਲਿਆ ਅਤੇ ਉਨ੍ਹਾਂ ਦੀ ਨਾ ਸੁਣੀ।
ਜੂੰਆਂ ਦੇ ਝੁੰਡ
16ਤਦ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ ਹਾਰੂਨ ਨੂੰ ਆਖ ਕਿ ਉਹ ਆਪਣੀ ਲਾਠੀ ਵਧਾ ਕੇ ਧਰਤੀ ਦੀ ਧੂੜ ਨੂੰ ਮਾਰੇ ਤਾਂ ਜੋ ਉਹ ਸਾਰੇ ਮਿਸਰ ਦੇਸ ਵਿੱਚ ਜੂੰਆਂ ਬਣ ਜਾਵੇ। 17ਉਨ੍ਹਾਂ ਨੇ ਉਸੇ ਤਰ੍ਹਾਂ ਹੀ ਕੀਤਾ ਅਤੇ ਹਾਰੂਨ ਨੇ ਆਪਣੀ ਲਾਠੀ ਲੈ ਕੇ ਆਪਣਾ ਹੱਥ ਪਸਾਰਿਆ ਅਤੇ ਧਰਤੀ ਦੀ ਧੂੜ ਨੂੰ ਮਾਰਿਆ ਤਦ ਆਦਮੀ ਅਤੇ ਡੰਗਰ ਉੱਤੇ ਜੂੰਆਂ ਹੋ ਗਈਆਂ ਅਤੇ ਧਰਤੀ ਦੀ ਸਾਰੀ ਧੂੜ ਮਿਸਰ ਦੇ ਸਾਰੇ ਦੇਸ ਵਿੱਚ ਜੂੰਆਂ ਹੋ ਗਈ। 18ਤਦ ਜਾਦੂਗਰਾਂ ਨੇ ਆਪਣੇ ਜੰਤਰਾਂ-ਮੰਤਰਾਂ ਨਾਲ ਜਤਨ ਕੀਤਾ ਕਿ ਉਹ ਜੂੰਆਂ ਲੈ ਆਉਣ ਪਰ ਉਹ ਲਿਆ ਨਾ ਸਕੇ ਅਤੇ ਆਦਮੀ ਅਤੇ ਡੰਗਰ ਉੱਤੇ ਜੂੰਆਂ ਹੀ ਜੂੰਆਂ ਸਨ। 19ਤਦ ਜਾਦੂਗਰਾਂ ਨੇ ਫ਼ਿਰਊਨ ਨੂੰ ਆਖਿਆ ਕਿ ਇਹ ਤਾਂ ਪਰਮੇਸ਼ੁਰ ਦੀ ਉਂਗਲ ਹੈ ਪਰ ਜਿਵੇਂ ਯਹੋਵਾਹ ਬੋਲਿਆ ਸੀ, ਫ਼ਿਰਊਨ ਦਾ ਮਨ ਕਠੋਰ ਹੋ ਗਿਆ ਅਤੇ ਉਸ ਨੇ ਉਨ੍ਹਾਂ ਦੀ ਨਾ ਸੁਣੀ।
ਮੱਖਾਂ ਦੇ ਝੁੰਡ
20ਫਿਰ ਯਹੋਵਾਹ ਨੇ ਮੂਸਾ ਨੂੰ ਆਖਿਆ, ਸਵੇਰ ਦੇ ਵੇਲੇ ਉੱਠ ਕੇ ਫ਼ਿਰਊਨ ਦੇ ਸਾਹਮਣੇ ਜਾ ਕੇ ਖੜਾ ਹੋ। ਵੇਖ ਉਹ ਪਾਣੀ ਵੱਲ ਬਾਹਰ ਜਾਂਦਾ ਹੈ ਅਤੇ ਤੂੰ ਉਸ ਨੂੰ ਆਖੀਂ, ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਮੇਰੀ ਪਰਜਾ ਨੂੰ ਜਾਣ ਦੇ ਤਾਂ ਜੋ ਉਹ ਮੇਰੀ ਉਪਾਸਨਾ ਕਰੇ 21ਜੇ ਤੂੰ ਮੇਰੀ ਪਰਜਾ ਨੂੰ ਜਾਣ ਨਾ ਦੇਵੇਂਗਾ ਤਾਂ ਵੇਖ, ਮੈਂ ਤੇਰੇ ਅਤੇ ਤੇਰੇ ਸੇਵਕਾਂ ਅਤੇ ਤੇਰੀ ਪਰਜਾ ਉੱਤੇ ਤੇਰੇ ਘਰਾਂ ਵਿੱਚ ਮੱਖਾਂ ਦੇ ਝੁੰਡ ਭੇਜ ਰਿਹਾ ਹਾਂ ਅਤੇ ਮਿਸਰ ਦੇ ਘਰ ਮੱਖਾਂ ਦੇ ਝੁੰਡਾਂ ਨਾਲ ਭਰ ਜਾਣਗੇ ਅਤੇ ਉਹ ਭੂਮੀ ਵੀ ਜਿੱਥੇ ਉਹ ਹਨ। 22ਤਦ ਮੈਂ ਉਸ ਦਿਨ ਗੋਸ਼ਨ ਦੀ ਧਰਤੀ ਨੂੰ ਜਿੱਥੇ ਮੇਰੀ ਪਰਜਾ ਵੱਸਦੀ ਹੈ, ਵੱਖ ਰੱਖਾਂਗਾ ਤਾਂ ਜੋ ਉੱਥੇ ਮੱਖਾਂ ਦੇ ਝੁੰਡ ਨਾ ਹੋਣ ਤਾਂ ਜੋ ਤੂੰ ਜਾਣੇ ਕਿ ਧਰਤੀ ਉੱਤੇ ਮੈਂ ਹੀ ਯਹੋਵਾਹ ਹਾਂ। 23ਮੈਂ ਆਪਣੀ ਪਰਜਾ ਅਤੇ ਤੇਰੀ ਪਰਜਾ ਨੂੰ ਵੱਖਰਾ#8:23 ਮੈਂ ਆਪਣੀ ਪਰਜਾ ਨੂੰ ਮੁਕਤ ਰੱਖਾਂਗਾ ਕਰਾਂਗਾ ਅਤੇ ਇਹ ਨਿਸ਼ਾਨ ਕੱਲ ਤੱਕ ਹੋਵੇਗਾ। 24ਤਦ ਯਹੋਵਾਹ ਨੇ ਉਸੇ ਤਰ੍ਹਾਂ ਹੀ ਕੀਤਾ ਅਤੇ ਮੱਖਾਂ ਦੇ ਝੁੰਡਾਂ ਦੇ ਝੁੰਡ ਫ਼ਿਰਊਨ ਦੇ ਮਹਿਲ ਵਿੱਚ ਅਤੇ ਉਸ ਦੇ ਸੇਵਕਾਂ ਦੇ ਘਰਾਂ ਵਿੱਚ ਆਏ ਅਤੇ ਮਿਸਰ ਦੇ ਸਾਰੇ ਦੇਸ ਵਿੱਚ ਧਰਤੀ ਮੱਖਾਂ ਦੇ ਝੁੰਡਾਂ ਦੇ ਕਾਰਨ ਨਾਸ ਹੋ ਗਈ। 25ਫ਼ਿਰਊਨ ਨੇ ਮੂਸਾ ਅਤੇ ਹਾਰੂਨ ਨੂੰ ਬੁਲਵਾਕੇ ਆਖਿਆ, ਤੁਸੀਂ ਜਾਓ ਅਤੇ ਆਪਣੇ ਪਰਮੇਸ਼ੁਰ ਲਈ ਇਸੇ ਦੇਸ ਵਿੱਚ ਬਲੀ ਚੜ੍ਹਾਓ। 26ਤਦ ਮੂਸਾ ਨੇ ਆਖਿਆ, ਇਸ ਤਰ੍ਹਾਂ ਕਰਨਾ ਜੋਗ ਨਹੀਂ ਕਿਉਂ ਜੋ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਮਿਸਰੀਆਂ ਦੀਆਂ ਘਿਣਾਉਣੀਆਂ ਬਲੀਆਂ ਚੜ੍ਹਾਵਾਂਗੇ। ਵੇਖੋ, ਜੇ ਅਸੀਂ ਮਿਸਰੀਆਂ ਦੀਆਂ ਅੱਖਾਂ ਦੇ ਅੱਗੇ ਘਿਣਾਉਣੀਆਂ ਬਲੀਆਂ ਚੜ੍ਹਾਈਏ ਤਾਂ ਕੀ ਉਹ ਸਾਨੂੰ ਪਥਰਾਉ ਨਾ ਕਰਨਗੇ? 27ਜਿਵੇਂ ਸਾਡਾ ਪਰਮੇਸ਼ੁਰ ਆਖੇਗਾ ਅਸੀਂ ਤਿੰਨ ਦਿਨਾਂ ਦਾ ਰਸਤੇ ਉਜਾੜ ਵਿੱਚ ਜਾਂਵਾਂਗੇ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਲਈ ਬਲੀਆਂ ਚੜ੍ਹਾਵਾਂਗੇ। 28ਤਦ ਫ਼ਿਰਊਨ ਨੇ ਆਖਿਆ, ਮੈਂ ਤੁਹਾਨੂੰ ਜਾਣ ਦੇਵਾਂਗਾ ਤਾਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਉਜਾੜ ਵਿੱਚ ਬਲੀਆਂ ਚੜ੍ਹਾਓ ਪਰ ਬਹੁਤ ਦੂਰ ਨਾ ਜਾਇਓ ਅਤੇ ਤੁਸੀਂ ਮੇਰੇ ਲਈ ਸਿਫ਼ਾਰਸ਼ ਕਰਨਾ। 29ਮੂਸਾ ਨੇ ਆਖਿਆ, ਵੇਖੋ, ਮੈਂ ਤੁਹਾਡੇ ਕੋਲੋਂ ਬਾਹਰ ਜਾਂਦਾ ਹਾਂ। ਮੈਂ ਯਹੋਵਾਹ ਦੇ ਅੱਗੇ ਸਿਫ਼ਾਰਸ਼ ਕਰਾਂਗਾ ਕਿ ਮੱਖਾਂ ਦੇ ਝੁੰਡ ਫ਼ਿਰਊਨ ਤੋਂ, ਉਸ ਦੇ ਸੇਵਕਾਂ ਤੋਂ ਅਤੇ ਉਸ ਦੀ ਪਰਜਾ ਤੋਂ ਕੱਲ ਹਟ ਜਾਣ ਪਰ ਫ਼ਿਰਊਨ ਫਿਰ ਧੋਖਾ ਨਾ ਕਰੇ ਕਿ ਉਹ ਪਰਜਾ ਨੂੰ ਯਹੋਵਾਹ ਲਈ ਬਲੀਆਂ ਚੜ੍ਹਾਉਣ ਨੂੰ ਨਾ ਜਾਣ ਦੇਵੇ। 30ਤਦ ਮੂਸਾ ਫ਼ਿਰਊਨ ਕੋਲੋਂ ਬਾਹਰ ਗਿਆ ਅਤੇ ਯਹੋਵਾਹ ਦੇ ਅੱਗੇ ਸਿਫ਼ਾਰਸ਼ ਕੀਤੀ। 31ਯਹੋਵਾਹ ਨੇ ਮੂਸਾ ਦੇ ਕਹਿਣ ਦੇ ਅਨੁਸਾਰ ਕੀਤਾ ਅਤੇ ਉਨ੍ਹਾਂ ਮੱਖਾਂ ਦੇ ਝੁੰਡਾਂ ਨੂੰ ਫ਼ਿਰਊਨ ਅਤੇ ਉਸ ਦੇ ਟਹਿਲੂਆਂ ਅਤੇ ਉਸ ਦੀ ਪਰਜਾ ਤੋਂ ਹਟਾ ਦਿੱਤਾ ਤਦ ਉੱਥੇ ਇੱਕ ਵੀ ਨਾ ਰਿਹਾ। 32ਪਰ ਫ਼ਿਰਊਨ ਨੇ ਇਸ ਵਾਰ ਵੀ ਆਪਣਾ ਮਨ ਕਠੋਰ ਕਰ ਲਿਆ ਅਤੇ ਪਰਜਾ ਨੂੰ ਜਾਣ ਨਾ ਦਿੱਤਾ।
Currently Selected:
ਕੂਚ 8: IRVPun
Highlight
Copy
Compare
Share
Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.