YouVersion Logo
Search Icon

ਸਰੇਸ਼ਟ ਗੀਤ 1

1
ਪ੍ਰੇਮ ਰਤੀ ਗੱਲ ਬਾਤ
1ਸੁਲੇਮਾਨ ਦਾ ਸਰੇਸ਼ਟ ਗੀਤ।
2ਉਹ ਮੈਨੂੰ ਆਪਣੇ ਮੂੰਹ ਦੀਆਂ ਚੁੰਮੀਆਂ ਨਾਲ ਚੁੰਮੇ,
ਕਿਉਂ ਜੋ ਤੇਰਾ ਪ੍ਰੇਮ ਮਧ ਨਾਲੋਂ ਚੰਗਾ ਹੈ।
3ਸੁਗੰਧ ਲਈ ਤੇਰੇ ਤੇਲ ਚੰਗੇ ਹਨ,
ਤੇਰਾ ਨਾਉਂ ਚੋਏ ਹੋਏ ਤਲੇ ਵਰਗਾ ਹੈ,
ਏਸ ਲਈ ਕੁਆਰੀਆਂ ਤੈਨੂੰ ਪਿਆਰ ਕਰਦੀਆਂ
ਹਨ।
4ਮੈਨੂੰ ਮੋਹ ਲੈ, ਅਸੀਂ ਤੇਰੇ ਪਿੱਛੇ ਦੌੜਾਂਗੀਆਂ।
ਪਾਤਸ਼ਾਹ ਮੈਨੂੰ ਆਪਣੀਆਂ ਕੋਠੜੀਆਂ ਵਿੱਚ
ਲਿਆਇਆ,
ਅਸੀਂ ਤੇਰੇ ਵਿੱਚ ਬਾਗ਼ ਬਾਗ਼ ਤੇ ਅਨੰਦ ਹੋਵਾਂਗੀਆਂ,
ਅਸੀਂ ਤੇਰੇ ਪ੍ਰੇਮ ਨੂੰ ਮਧ ਨਾਲੋਂ ਵੱਧ ਚੇਤੇ ਕਰਾਂਗੀਆਂ,
ਓਹ ਧਰਮ ਨਾਲ ਤੈਨੂੰ ਪਿਆਰ ਕਰਦੀਆਂ ਹਨ।।
5ਹੇ ਯਰੂਸ਼ਲਮ ਦੀਓ ਧੀਓ,
ਮੈਂ ਹਾਂ ਤਾਂ ਕਾਲੀ ਕਲੂਟੀ ਪਰ ਹਾਂ ਸੋਹਣੀ,
ਕੇਦਾਰ ਦੇ ਤੰਬੂਆਂ ਵਰਗੀ,
ਸੁਲੇਮਾਨ ਦੇ ਪੜਦਿਆਂ ਦੀ ਨਿਆਈਂ।
6ਮੈਨੂੰ ਨਾ ਵੇਖੋ, ਮੈਂ ਕਾਲੀ ਕਲੂਟੀ ਹਾਂ,
ਸੂਰਜ ਨੇ ਤਾਂ ਮੈਨੂੰ ਨੀਝ ਨਾਲ ਵੇਖਿਆ ਹੈ।
ਮੇਰੀ ਅੰਮਾਂ ਦੇ ਪੁੱਤ੍ਰ ਮੈਥੋਂ ਗੁੱਸੇ ਸਨ,
ਉਨ੍ਹਾਂ ਨੇ ਮੈਨੂੰ ਅੰਗੂਰੀ ਬਾਗ਼ਾਂ ਦੀ ਰਾਖੀ ਉੱਤੇ
ਲਾਇਆ, ਪਰ ਮੈਂ ਆਪਣੇ ਨਿੱਜੀ ਅੰਗੂਰੀ ਬਾਗ਼ ਦੀ ਰਾਖੀ ਨਾ
ਕੀਤੀ।
7ਮੈਨੂੰ ਦੱਸ, ਹੇ ਮੇਰੇ ਪ੍ਰਾਣ ਪ੍ਰਿਯਾ,
ਤੂੰ ਕਿੱਥੇ ਇੱਜੜ ਚਾਰਦਾ ਤੇ ਦੁਪਹਿਰ ਦੇ ਵੇਲੇ
ਕਿੱਥੇ ਬਿਠਾਉਂਦਾ ਹੈ?
ਮੈਂ ਕਿਉਂ ਝੁੰਡ ਵਾਲੀ ਵਾਂਙੁ
ਤੇਰੇ ਸਾਥੀਆਂ ਦੇ ਇੱਜੜਾਂ ਦੇ ਕੋਲ ਹੋਵਾਂ?।।
8ਜੇ ਤੂੰ ਨਹੀਂ ਜਾਣਦੀ, ਹੇ ਇਸਤ੍ਰੀਆਂ ਵਿੱਚੋਂ
ਰੂਪਵੰਤੀਏ,
ਤਾਂ ਤੂੰ ਇੱਜੜ ਦੇ ਖੁਰੇ ਉੱਤੇ ਚੱਲੀ ਜਾ,
ਅਤੇ ਆਪਣੀਆਂ ਮੇਮਣੀਆਂ ਨੂੰ ਆਜੜੀਆਂ ਦੇ
ਵਸੇਬਿਆਂ ਕੋਲ ਚਾਰ।।
9ਹੇ ਮੇਰੀ ਪ੍ਰੀਤਮਾ, ਮੈਂ ਤੈਨੂੰ ਆਪਣੀ ਘੋੜੀ ਨਾਲ
ਜਿਹੜੀ ਫ਼ਿਰਊਨ ਦੇ ਰਥਾਂ ਵਿੱਚ ਹੈ ਮਿਲਾਇਆ।
10ਤੇਰੀਆਂ ਗਲ੍ਹਾਂ ਬਾਲੀਆਂ ਨਾਲ ਸੋਹਣੀਆਂ ਹਨ,
ਤੇਰੀ ਗਰਦਨ ਮੋਤੀਆਂ ਦੀ ਮਾਲਾ ਨਾਲ।
11ਅਸੀਂ ਤੇਰੇ ਲਈ ਸੋਨੇ ਦੇ ਹਾਰ
ਚਾਂਦੀ ਦੇ ਫੁੱਲਾਂ ਨਾਲ ਬਣਾਵਾਂਗੇ।।
12ਜਦ ਤੀਕ ਪਾਤਸ਼ਾਹ ਆਪਣੀ ਮੇਜ਼ ਤੇ ਸੀ,
ਮੇਰੇ ਜਟਾ ਮਾਸੀ ਦੀ ਸੁਗੰਧ ਉੱਡਦੀ ਰਹੀ।
13ਮੇਰਾ ਬਾਲਮ ਮੇਰੇ ਲਈ ਗੰਧਰਸ ਦੀ ਪੁੜੀ ਹੈ,
ਜੋ ਮੇਰੀਆਂ ਛਾਤੀਆਂ ਵਿੱਚ ਰਾਤ ਕੱਟਦਾ ਹੈ।
14ਮੇਰਾ ਬਾਲਮ ਮੇਰੇ ਲਈ ਮਹਿੰਦੀ ਦੇ ਫੁੱਲਾਂ ਦਾ ਗੁੱਛਾ,
ਏਨ ਗਦੀ ਦੇ ਬਗ਼ੀਚਿਆਂ ਵਿੱਚ ਹੈ।।
15ਵੇਖ, ਮੇਰੀ ਪ੍ਰੀਤਮਾ, ਤੂੰ ਰੂਪਵੰਤ ਹੈਂ,
ਵੇਖ, ਤੂੰ ਰੂਪਵੰਤ ਹੈਂ,
ਤੇਰੀਆਂ ਅੱਖਾਂ ਕਬੂਤਰੀਆਂ ਹਨ।।
16ਹੇ ਮੇਰੇ ਬਾਲਮ ਵੇਖ,
ਤੂੰ ਰੂਪਵੰਤ ਹੈਂ, ਤੂੰ ਸੱਚ ਮੁੱਚ ਪ੍ਰੇਮ ਰੱਤਾ ਹੈਂ,
ਸਾਡੀ ਸੇਜ ਹਰੀ ਹੈ।
17ਸਾਡੇ ਘਰ ਦੇ ਸ਼ਤੀਰ ਦਿਆਰ ਦੇ,
ਸਾਡੀਆਂ ਕੜੀਆਂ ਸੂਰ ਦੀਆਂ ਹਨ।।

Highlight

Copy

Compare

Share

None

Want to have your highlights saved across all your devices? Sign up or sign in