YouVersion Logo
Search Icon

ਪਰਕਾਸ਼ ਦੀ ਪੋਥੀ 12

12
ਇਸਤ੍ਰੀ ਅਤੇ ਲਾਲ ਅਜਗਰ
1ਅਕਾਸ਼ ਉੱਤੇ ਇੱਕ ਵੱਡਾ ਨਿਸ਼ਾਨ ਦਿੱਸਿਆ ਅਰਥਾਤ ਇੱਕ ਇਸਤ੍ਰੀ ਜਿਹੜੀ ਸੂਰਜ ਪਹਿਨੀ ਹੋਈ ਸੀ ਅਤੇ ਚੰਦਰਮਾ ਉਹ ਦੇ ਪੈਰਾਂ ਹੇਠ ਅਤੇ ਬਾਰਾਂ ਤਾਰਿਆਂ ਦਾ ਮੁਕਟ ਉਹ ਦੇ ਸਿਰ ਉੱਤੇ ਸੀ 2ਉਹ ਗਰਭਵੰਤੀ ਸੀ ਅਤੇ ਜਣਨ ਦੇ ਦੁਖ ਅਤੇ ਪੀੜਾਂ ਲੱਗਣ ਕਰਕੇ ਚੀਕਾਂ ਮਾਰਦੀ ਸੀ 3ਅਤੇ ਅਕਾਸ਼ ਉੱਤੋਂ ਇੱਕ ਹੋਰ ਨਿਸ਼ਾਨ ਦਿੱਸਿਆ ਅਤੇ ਵੇਖੋ, ਇੱਕ ਵੱਡਾ ਭਾਰਾ ਲਾਲ ਅਜਗਰ ਸੀ ਜਿਹ ਦੇ ਸੱਤ ਸਿਰ ਅਤੇ ਦਸ ਸਿੰਙ ਸਨ ਅਤੇ ਉਹ ਦਿਆਂ ਸਿਰਾਂ ਉੱਤੇ ਸੱਤ ਮੁਕਟ 4ਅਤੇ ਉਹ ਦੀ ਪੂਛ ਨੇ ਅਕਾਸ਼ ਦੇ ਤਾਰਿਆਂ ਦੀ ਇੱਕ ਤਿਹਾਈ ਨੂੰ ਵਲ੍ਹੇਟ ਕੇ ਖਿੱਚਿਆ ਅਤੇ ਓਹਨਾਂ ਨੂੰ ਧਰਤੀ ਉੱਤੇ ਦੇ ਮਾਰਿਆ, ਅਤੇ ਉਹ ਅਜਗਰ ਓਸ ਇਸਤ੍ਰੀ ਦੇ ਅੱਗੇ ਜਿਹੜੀ ਜਣਨ ਲੱਗੀ ਸੀ ਜਾ ਖਲੋਤਾ ਭਈ ਜਿਸ ਵੇਲੇ ਉਹ ਜਣੇ ਤਾਂ ਉਹ ਦੇ ਬਾਲਕ ਨੂੰ ਭੱਛ ਲਵੇ 5ਉਹ ਇੱਕ ਪੁੱਤ੍ਰ ਇਕ ਨਰ ਬਾਲ ਜਣੀ ਜਿਹ ਨੇ ਲੋਹੇ ਦੇ ਡੰਡੇ ਨਾਲ ਸਭਨਾਂ ਕੌਮਾਂ ਉੱਤੇ ਹਕੂਮਤ ਕਰਨੀ ਹੈ, ਅਤੇ ਉਹ ਦਾ ਬਾਲਕ ਪਰਮੇਸ਼ੁਰ ਕੋਲ ਅਤੇ ਉਸ ਦੇ ਸਿੰਘਾਸਣ ਕੋਲ ਉਠਾਇਆ ਗਿਆ 6ਅਤੇ ਉਹ ਇਸਤ੍ਰੀ ਉਜਾੜ ਵਿੱਚ ਨੱਸ ਗਈ ਜਿੱਥੇ ਪਰਮੇਸ਼ੁਰ ਦੀ ਵੱਲੋਂ ਇੱਕ ਥਾਂ ਉਹ ਦੇ ਲਈ ਤਿਆਰ ਕੀਤਾ ਹੋਇਆ ਹੈ ਭਈ ਉੱਥੇ ਇੱਕ ਹਜ਼ਾਰ ਦੋ ਸੌ ਸੱਠ ਦਿਨ ਉਹ ਦੀ ਪਿਰਤਪਾਲ ਹੋਵੇ ।।
7ਫੇਰ ਸੁਰਗ ਵਿੱਚ ਜੁੱਧ ਹੋਇਆ । ਮਿਕਾਏਲ ਅਤੇ ਉਹ ਦੇ ਦੂਤ ਅਜਗਰ ਨਾਲ ਲੜਨ ਨੂੰ ਨਿੱਕਲੇ ਅਤੇ ਅਜਗਰ ਲੜਿਆ ਨਾਲੇ ਉਹ ਦੇ ਦੂਤ 8ਪਰ ਏਹ ਪਰਬਲ ਨਾ ਹੋਏ ਅਤੇ ਨਾ ਸੁਰਗ ਵਿੱਚ ਏਹਨਾਂ ਨੂੰ ਥਾਂ ਫੇਰ ਮਿਲਿਆ 9ਅਤੇ ਉਹ ਵੱਡਾ ਅਜਗਰ ਹੇਠਾਂ ਸੁੱਟਿਆ ਗਿਆ, ਉਹ ਪੁਰਾਣਾ ਸੱਪ ਜਿਹੜਾ ਇਬਲੀਸ ਅਤੇ ਸ਼ਤਾਨ ਕਰਕੇ ਸਦਾਉਂਦਾ ਹੈ ਜੋ ਸਾਰੇ ਜਗਤ ਨੂੰ ਭਰਮਾਉਂਦਾ ਹੈ ਧਰਤੀ ਉੱਤੇ ਸੁੱਟਿਆ ਗਿਆ ਅਤੇ ਉਹ ਦੇ ਦੂਤ ਉਹ ਦੇ ਨਾਲ ਸੁੱਟੇ ਗਏ 10ਅਤੇ ਮੈਂ ਇੱਕ ਵੱਡੀ ਅਵਾਜ਼ ਸੁਰਗ ਵਿੱਚ ਇਹ ਆਖਦੇ ਸੁਣੀ ਭਈ ਹੁਣ ਸਾਡੇ ਪਰਮੇਸ਼ੁਰ ਦੀ ਮੁਕਤੀ ਅਤੇ ਸਮਰੱਥਾ ਅਤੇ ਰਾਜ ਅਤੇ ਉਹ ਦੇ ਮਸੀਹ ਦਾ ਇੱਖ਼ਤਿਆਰ ਹੋ ਗਿਆ ਕਿਉਂ ਜੋ ਸਾਡੇ ਭਰਾਵਾਂ ਨੂੰ ਦੋਸ਼ ਲਾਉਣ ਵਾਲਾ ਜਿਹੜਾ ਸਾਡੇ ਪਰਮੇਸ਼ੁਰ ਦੇ ਹਜ਼ੂਰ ਓਹਨਾਂ ਉੱਤੇ ਰਾਤ ਦਿਨ ਦੋਸ਼ ਲਾਉਂਦਾ ਹੈ ਹੇਠਾਂ ਸੁੱਟਿਆ ਗਿਆ ਹੈ ! 11ਅਤੇ ਓਹਨਾਂ ਨੇ ਲੇਲੇ ਦੇ ਲਹੂ ਦੇ ਕਾਰਨ ਅਤੇ ਆਪਣੀ ਸਾਖੀ ਦੇ ਬਚਨ ਦੇ ਕਾਰਨ ਉਹ ਨੂੰ ਜਿੱਤ ਲਿਆ ਅਤੇ ਮਰਨ ਤੀਕ ਆਪਣੀ ਜਾਨ ਨੂੰ ਪਿਆਰਾ ਨਾ ਜਾਤਾ 12ਇਸ ਕਰਕੇ ਹੇ ਅਕਾਸ਼ੋ ਅਤੇ ਜਿਹੜੇ ਉਨ੍ਹਾਂ ਉੱਤੇ ਰਹਿੰਦੇ ਹੋ, ਤੁਸੀਂ ਅਨੰਦ ਕਰੋ ! ਧਰਤੀ ਅਤੇ ਸਮੁੰਦਰ ਨੂੰ ਹਾਇ ! ਹਾਇ ! ਇਸ ਲਈ ਜੋ ਸ਼ਤਾਨ ਤੁਹਾਡੇ ਕੋਲ ਉਤਰ ਆਇਆ ਅਤੇ ਉਹ ਨੂੰ ਵੱਡਾ ਕ੍ਰੋਧ ਹੈ ਕਿਉਂ ਜੋ ਉਹ ਜਾਣਦਾ ਹੈ ਭਈ ਮੇਰਾ ਸਮਾ ਥੋੜਾ ਹੀ ਰਹਿੰਦਾ ਹੈ।।
13ਜਾਂ ਓਸ ਅਜਗਰ ਨੇ ਡਿੱਠਾ ਭਈ ਮੈਂ ਧਰਤੀ ਉੱਤੇ ਸੁੱਟਿਆ ਗਿਆ ਹਾਂ ਤਾਂ ਓਸ ਇਸਤ੍ਰੀ ਦੇ ਮਗਰ ਪਿਆ ਜਿਹੜੀ ਉਹ ਮੁੰਡਾ ਜਣੀ ਸੀ 14ਅਤੇ ਇਸਤ੍ਰੀ ਨੂੰ ਵੱਡੇ ਉਕਾਬ ਦੇ ਦੋ ਪਰ ਦਿੱਤੇ ਗਏ ਭਈ ਉਹ ਉਜਾੜ ਵਿੱਚ ਆਪਣੇ ਥਾਂ ਨੂੰ ਉੱਡ ਜਾਵੇ ਜਿੱਥੇ ਸੱਪ ਦੇ ਮੂੰਹੋਂ ਬਚ ਕੇ ਸਮੇ ਅਤੇ ਦੋਂਹ ਸਮਿਆਂ ਅਤੇ ਅੱਧ ਸਮੇਂ ਤੀਕ ਉਹ ਦੀ ਪਿਰਤਪਾਲ ਹੁੰਦੀ ਹੈ 15ਅਤੇ ਸੱਪ ਨੇ ਇਸਤ੍ਰੀ ਦੇ ਪਿੱਛੇ ਦਰਿਆ ਵਾਂਙੁ ਆਪਣੇ ਮੂੰਹੋਂ ਪਾਣੀ ਵਗਾਇਆ ਭਈ ਉਹ ਨੂੰ ਰੁੜ੍ਹਾ ਦੇਵੇ 16ਤਾਂ ਧਰਤੀ ਨੇ ਇਸਤ੍ਰੀ ਦੀ ਸਹਾਇਤਾ ਕੀਤੀ ਅਤੇ ਧਰਤੀ ਨੇ ਆਪਣਾ ਮੂੰਹ ਅੱਡ ਕੇ ਓਸ ਦਰਿਆ ਨੂੰ ਪੀ ਲਿਆ ਜਿਹੜਾ ਅਜਗਰ ਨੇ ਆਪਣੇ ਮੂੰਹੋਂ ਵਗਾਇਆ ਸੀ 17-18ਅਤੇ ਅਜਗਰ ਨੂੰ ਇਸਤ੍ਰੀ ਉੱਤੇ ਕ੍ਰੋਧ ਆਇਆ ਅਤੇ ਉਹ ਦੇ ਵੰਸ ਵਿੱਚੋਂ ਜਿਹੜੇ ਰਹਿੰਦੇ ਅਤੇ ਜਿਹੜੇ ਪਰਮੇਸ਼ੁਰ ਦੀਆਂ ਆਗਿਆਂ ਦੀ ਪਾਲਨਾ ਕਰਦੇ ਅਤੇ ਯਿਸੂ ਦੀ ਸਾਖੀ ਭਰਦੇ ਹਨ ਓਹਨਾਂ ਨਾਲ ਜੁੱਧ ਕਰਨ ਨੂੰ ਚਲਿਆ ਗਿਆ, ਅਤੇ ਉਹ ਸਮੁੰਦਰ ਦੇ ਬਰੇਤੇ ਉੱਤੇ ਜਾ ਖਲੋਤਾ।।

Highlight

Copy

Compare

Share

None

Want to have your highlights saved across all your devices? Sign up or sign in