YouVersion Logo
Search Icon

ਮੱਤੀ 14

14
ਯੂਹੰਨਾ ਦੀ ਮੌਤ। ਪੰਜ ਹਜ਼ਾਰ ਨੂੰ ਖੁਆਉਣਾ
1ਉਸ ਸਮੇ ਰਾਜਾ ਹੇਰੋਦੇਸ ਨੇ ਯਿਸੂ ਦੀ ਖ਼ਬਰ ਸੁਣੀ 2ਅਤੇ ਆਪਣੇ ਨੌਕਰਾਂ ਨੂੰ ਆਖਿਆ, ਇਹ ਯੂਹੰਨਾ ਬਪਤਿਸਮਾ ਦੇਣ ਵਾਲਾ ਹੈ। ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਇਸੇ ਲਈ ਉਹ ਦੇ ਵਿੱਚ ਏਹ ਸ਼ਕਤੀਆਂ ਕੰਮ ਕਰ ਰਹੀਆਂ ਹਨ! 3ਹੇਰੋਦੇਸ ਨੇ ਆਪਣੇ ਭਾਈ ਫ਼ਿਲਿੱਪੁਸ ਦੀ ਤੀਵੀ ਹੇਰੋਦਿਯਾਸ ਦੇ ਕਾਰਨ ਯੂਹੰਨਾ ਨੂੰ ਫੜ ਕੇ ਬੱਧਾ ਅਤੇ ਕੈਦ ਵਿੱਚ ਪਾ ਦਿੱਤਾ ਸੀ 4ਇਸ ਲਈ ਜੋ ਯੂਹੰਨਾ ਨੇ ਉਹ ਨੂੰ ਆਖਿਆ ਸੀ ਭਈ ਉਹ ਦਾ ਰੱਖਣਾ ਤੁਹਾਨੂੰ ਜੋਗ ਨਹੀਂ 5ਪਰ ਜਾਂ ਉਸ ਨੇ ਉਹ ਨੂੰ ਮਾਰ ਸੁੱਟਣਾ ਚਾਹਿਆ ਤਾਂ ਲੋਕਾਂ ਤੋਂ ਡਰਿਆ ਕਿਉਂ ਜੋ ਓਹ ਉਸ ਨੂੰ ਨਬੀ ਮੰਨਦੇ ਸਨ 6ਪਰ ਜਦ ਹੇਰੋਦੇਸ ਦਾ ਜਨਮ ਦਿਨ ਆਇਆ ਤਦ ਹੇਰੋਦਿਯਾਸ ਦੀ ਧੀ ਨੇ ਵਿਚਾਲੇ ਨੱਚ ਕੇ ਹੇਰੋਦੇਸ ਨੂੰ ਰਿਝਾਇਆ 7ਸੋ ਉਹ ਨੇ ਸੌਂਹ ਖਾ ਕੇ ਇਕਰਾਰ ਕੀਤਾ ਭਈ ਜੋ ਕੁਝ ਤੂੰ ਮੰਗੇਂ ਸੋਈ ਤੈਨੂੰ ਦਿਆਂਗਾ 8ਤਾਂ ਉਹ ਆਪਣੀ ਮਾਂ ਦੀ ਚੁੱਕ ਨਾਲ ਬੋਲੀ, ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਐਥੇ ਥਾਲ ਵਿੱਚ ਮੈਨੂੰ ਦਿਓ 9ਤਾਂ ਰਾਜਾ ਉਦਾਸ ਹੋਇਆ ਪਰ ਆਪਣੀ ਸੌਂਹ ਦੇ ਕਾਰਨ ਅਤੇ ਉਨ੍ਹਾਂ ਲੋਕਾਂ ਕਰਕੇ ਜਿਹੜੇ ਉਹ ਦੇ ਨਾਲ ਬੈਠੇ ਸਨ ਉਸ ਨੇ ਦੇ ਦੇਣ ਦਾ ਹੁਕਮ ਦਿੱਤਾ 10ਅਤੇ ਮਨੁੱਖ ਭੇਜ ਕੇ ਕੈਦਖ਼ਾਨੇ ਵਿੱਚ ਯੂਹੰਨਾ ਦਾ ਸਿਰ ਵਢਵਾ ਸੁੱਟਿਆ 11ਅਤੇ ਉਹ ਦਾ ਸਿਰ ਥਾਲ ਵਿੱਚ ਲਿਆਂਦਾ ਅਰ ਕੁੜੀ ਨੂੰ ਦਿੱਤਾ ਗਿਆ ਅਤੇ ਉਹ ਆਪਣੀ ਮਾਂ ਦੇ ਕੋਲ ਲੈ ਗਈ
12ਅਰ ਉਹ ਦੇ ਚੇਲਿਆਂ ਨੇ ਉੱਥੇ ਜਾ ਕੇ ਲੋਥ ਚੁੱਕੀ ਅਰ ਉਸ ਨੂੰ ਦੱਬਿਆ ਅਤੇ ਆਣ ਕੇ ਯਿਸੂ ਨੂੰ ਖ਼ਬਰ ਦਿੱਤੀ।। 13ਜਾਂ ਯਿਸੂ ਨੇ ਇਹ ਸੁਣਿਆ ਤਾਂ ਉੱਥੋਂ ਬੇੜੀ ਉੱਤੇ ਚੜ੍ਹ ਕੇ ਉਜਾੜ ਥਾਂ ਵਿੱਚ ਅਲੱਗ ਚੱਲਿਆ ਗਿਆ ਅਰ ਲੋਕ ਇਹ ਸੁਣ ਕੇ ਨਗਰਾਂ ਤੋਂ ਉਸ ਦੇ ਪਿੱਛੇ ਪੈਦਲ ਤੁਰ ਪਏ 14ਅਤੇ ਉਸ ਨੇ ਨਿੱਕਲ ਕੇ ਵੱਡੀ ਭੀੜ ਵੇਖੀ ਅਰ ਉਨ੍ਹਾਂ ਉੱਤੇ ਤਰਸ ਖਾ ਕੇ ਉਨ੍ਹਾਂ ਦੇ ਰੋਗੀਆਂ ਨੂੰ ਚੰਗਾ ਕੀਤਾ 15ਅਤੇ ਜਾਂ ਸੰਝ ਹੋਈ ਤਾਂ ਚੇਲਿਆਂ ਨੇ ਉਸ ਦੇ ਕੋਲ ਆਣ ਕੇ ਕਿਹਾ, ਇਹ ਥਾਂ ਉਜਾੜ ਹੈ ਅਤੇ ਵੇਲਾ ਹੁਣ ਬੀਤ ਗਿਆ ਹੈ। ਲੋਕਾਂ ਨੂੰ ਵਿਦਿਆ ਕਰ ਤਾਂ ਪਿੰਡਾਂ ਵਿੱਚ ਜਾਕੇ ਆਪਣੇ ਲਈ ਖਾਣਾ ਦਾਣਾ ਮੁੱਲ ਲੈਣ 16ਪਰ ਯਿਸੂ ਨੇ ਉਨ੍ਹਾਂ ਨੂੰ ਆਖਿਆ, ਉਨ੍ਹਾਂ ਦੇ ਜਾਣ ਦੀ ਲੋੜ ਨਹੀਂ। ਤੁਸੀਂ ਉਨ੍ਹਾਂ ਨੂੰ ਖਾਣ ਨੂੰ ਦਿਓ 17ਪਰ ਉਨ੍ਹਾਂ ਉਸ ਨੂੰ ਕਿਹਾ, ਐਥੇ ਸਾਡੇ ਕੋਲ ਨਿਰੀਆਂ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ 18ਤਾਂ ਉਹ ਬੋਲਿਆ, ਉਨ੍ਹਾਂ ਨੂੰ ਐਥੇ ਮੇਰੇ ਕੇਲ ਲਿਆਓ 19ਅਤੇ ਉਸ ਨੇ ਲੋਕਾਂ ਨੂੰ ਘਾਹ ਉੱਤੇ ਬੈਠਣ ਦਾ ਹੁਕਮ ਦਿੱਤਾ। ਤਦ ਉਨ੍ਹਾਂ ਪੰਜ ਰੋਟੀਆਂ ਅਤੇ ਦੋਹਾਂ ਮੱਛੀਆਂ ਨੂੰ ਲੈ ਲਿਆ ਅਰ ਅਕਾਸ਼ ਵੱਲ ਵੇਖ ਕੇ ਬਰਕਤ ਦਿੱਤੀ ਅਤੇ ਰੋਟੀਆਂ ਤੋੜ ਕੇ ਚੇਲਿਆਂ ਨੂੰ ਦਿੱਤੀਆਂ ਅਰ ਚੇਲਿਆਂ ਨੇ ਲੋਕਾਂ ਨੂੰ ਦਿੱਤੀਆਂ 20ਅਤੇ ਓਹ ਸੱਭੇ ਖਾ ਕੇ ਰੱਜ ਗਏ ਅਤੇ ਉਨ੍ਹਾਂ ਨੇ ਬਚਿਆਂ ਹੋਇਆ ਟੁੱਕੜਿਆਂ ਨਾਲ ਬਾਰਾਂ ਟੋਕਰੀਆਂ ਭਰੀਆਂ ਹੋਈਆਂ ਚੁੱਕ ਲਈਆਂ 21ਅਰ ਖਾਣ ਵਾਲੇ ਜਨਾਨੀਆਂ ਅਤੇ ਬਾਲਕਾਂ ਬਿਨਾਂ ਪੰਜਕੁ ਹਜ਼ਾਰ ਮਰਦ ਸਨ।।
22ਉਹ ਨੇ ਉਸੇ ਵੇਲੇ ਚੇਲਿਆਂ ਨੂੰ ਤਗੀਦ ਕੀਤੀ ਭਈ ਜਦ ਤੀਕੁਰ ਮੈਂ ਭੀੜ ਨੂੰ ਵਿਦਿਆ ਨਾ ਕਰਾਂ ਤੁਸੀਂ ਬੇੜੀ ਉੱਤੇ ਚੜ੍ਹ ਕੇ ਮੈਥੋਂ ਪਹਿਲਾਂ ਪਾਰ ਲੰਘ ਜਾਓ 23ਅਤੇ ਉਹ ਭੀੜ ਨੂੰ ਵਿਦਿਆ ਕਰ ਕੇ ਪ੍ਰਾਰਥਨਾ ਕਰਨ ਲਈ ਨਿਰਾਲੇ ਵਿੱਚ ਪਹਾੜ ਤੇ ਚੜ੍ਹ ਗਿਆ ਅਰ ਜਾਂ ਸੰਝ ਹੋਈ ਤਾਂ ਉਹ ਉੱਥੇ ਇੱਕਲਾ ਹੀ ਸੀ 24ਪਰ ਬੇੜੀ ਉਸ ਵੇਲੇ ਝੀਲ ਵਿੱਚ ਲਹਿਰਾਂ ਦੀ ਮਾਰੀ ਡੋਲਦੀ ਸੀ ਇਸ ਲਈ ਜੋ ਪੌਣ ਸਾਹਮਣੀ ਸੀ 25ਅਤੇ ਰਾਤ ਦੇ ਚੌਥੇ ਪਹਿਰ ਉਹ ਝੀਲ ਦੇ ਉੱਤੋਂ ਦੀ ਉਨ੍ਹਾਂ ਵੱਲ ਤੁਰਦਾ ਹੋਇਆ ਆਇਆ 26ਅਤੇ ਜਾਂ ਚੇਲਿਆਂ ਨੇ ਉਹ ਨੂੰ ਝੀਲ ਤੇ ਤੁਰਦਿਆਂ ਵੇਖਿਆ ਤਾਂ ਡੈਂਬਰ ਕੇ ਆਖਣ ਲੱਗੇ, ਇਹ ਭੂਤਨਾ ਹੈ! ਅਤੇ ਡਰ ਕੇ ਡਡਿਆ ਉੱਠੇ 27ਪਰ ਯਿਸੂ ਨੇ ਝੱਟ ਉਨ੍ਹਾਂ ਨੂੰ ਆਖਿਆ, ਹੌਂਸਲਾ ਰੱਖੋ! ਮੈਂ ਹਾਂ, ਨਾ ਡਰੋ 28ਤਦ ਪਤਰਸ ਨੇ ਉਹ ਨੂੰ ਉੱਤਰ ਦਿੱਤਾ, ਪ੍ਰਭੁ ਜੀ, ਜੇ ਤੂੰ ਹੈਂ, ਤਾਂ ਮੈਨੂੰ ਪਾਣੀ ਦੇ ਉੱਤੋਂ ਦੀ ਆਪਣੇ ਕੋਲ ਆਉਣ ਦੀ ਆਗਿਆ ਦਿਹ 29ਉਹ ਨੇ ਆਖਿਆ, ਆ, ਤੇ ਪਤਰਸ ਬੇੜੀਓਂ ਉੱਤਰ ਕੇ ਯਿਸੂ ਦੇ ਕੋਲ ਜਾਣ ਨੂੰ ਪਾਣੀ ਉੱਤੇ ਤਰਨ ਲੱਗਾ 30ਪਰ ਪੌਣ ਵੇਖ ਕੇ ਡਰਿਆ ਅਰ ਜਾਂ ਡੁੱਬਣ ਲੱਗਾ ਤਾਂ ਚੀਕ ਮਾਰ ਕੇ ਬੋਲਿਆ, ਪ੍ਰਭੁ ਜੀ, ਮੈਨੂੰ ਬਚਾ ਲੈ! 31ਅਤੇ ਝੱਟ ਯਿਸੂ ਨੇ ਹੱਥ ਲੰਮਾ ਕਰ ਕੇ ਉਹ ਨੂੰ ਫੜ ਲਿਆ ਅਤੇ ਉਹ ਨੂੰ ਆਖਿਆ, ਹੇ ਥੋੜੀ ਪਰਤੀਤ ਵਾਲਿਆ, ਤੈਂ ਕਿਉਂ ਭਰਮ ਕੀਤਾ? 32ਅਰ ਜਾਂ ਓਹ ਬੇੜੀ ਉੱਤੇ ਚੜ੍ਹ ਗਏ ਤਾਂ ਪੌਣ ਥੰਮ੍ਹ ਗਈ 33ਫੇਰ ਜਿਹੜੇ ਲੋਕ ਬੇੜੀ ਉੱਤੇ ਸਨ ਓਹਨਾਂ ਨੇ ਉਸ ਦੇ ਅੱਗੇ ਇਹ ਆਖ ਕੇ ਮੱਥਾ ਟੇਕਿਆ , ਕਿ ਤੂੰ ਸੱਚ ਮੁੱਚ ਪਰਮੇਸ਼ੁਰ ਦਾ ਪੁੱਤ੍ਰ ਹੈ।।
34ਓਹ ਪਾਰ ਲੰਘ ਕੇ ਗੰਨੇਸਰਤ ਦੀ ਧਰਤੀ ਉੱਤੇ ਉੱਤਰੇ 35ਅਰ ਜਾਂ ਉੱਥੋਂ ਦੇ ਲੋਕਾਂ ਨੇ ਉਹ ਨੂੰ ਪਛਾਣਿਆ ਤਾਂ ਉਹ ਸਾਰੇ ਇਲਾਕੇ ਵਿੱਚ ਖ਼ਬਰ ਭੇਜ ਕੇ ਸਾਰਿਆਂ ਰੋਗੀਆਂ ਨੂੰ ਉਸ ਕੋਲ ਲਿਆਂਦਾ 36ਅਤੇ ਉਹ ਦੀ ਮਿੰਨਤ ਕੀਤੀ ਜੋ ਉਨ੍ਹਾਂ ਨੂੰ ਨਿਰਾ ਆਪਣੇ ਲੀੜੇ ਦਾ ਪੱਲਾ ਛੋਹਣ ਦਿਹ ਅਰ ਜਿੰਨਿਆਂ ਨੇ ਛੋਹਿਆ ਓਹ ਚੰਗੇ ਹੋ ਗਏ।।

Currently Selected:

ਮੱਤੀ 14: PUNOVBSI

Highlight

Copy

Compare

Share

None

Want to have your highlights saved across all your devices? Sign up or sign in