YouVersion Logo
Search Icon

ਮੱਤੀ 13

13
ਸੁਰਗ ਦੇ ਰਾਜ ਦੇ ਦ੍ਰਿਸ਼ਟਾਂਤ
1ਉਸੇ ਦਿਨ ਯਿਸੂ ਘਰੋਂ ਨਿੱਕਲ ਕੇ ਝੀਲ ਦੇ ਨੇੜੇ ਜਾ ਬੈਠਾ 2ਅਤੇ ਐਡੀ ਭੀੜ ਉਹ ਦੇ ਕੋਲ ਲੱਗ ਗਈ ਜੋ ਉਹ ਬੇੜੀ ਤੇ ਚੜ੍ਹ ਬੈਠਾ ਅਤੇ ਸਾਰੀ ਭੀੜ ਕੰਢੇ ਉੱਤੇ ਖੜੀ ਰਹੀ 3ਉਸ ਨੇ ਉਨ੍ਹਾਂ ਨੂੰ ਬਹੁਤ ਸਾਰੀਆਂ ਗੱਲਾਂ ਦ੍ਰਿਸ਼ਟਾਂਤਾਂ ਵਿੱਚ ਕਹੀਆਂ ਕਿ ਵੇਖੋ ਇੱਕ ਬੀਜਣ ਵਾਲਾ ਬੀਜਣ ਨੂੰ ਨਿੱਕਲਿਆ 4ਅਤੇ ਉਹ ਦੇ ਬੀਜਦਿਆਂ ਕੁਝ ਪਹੇ ਵੱਲ ਕਿਰ ਪਿਆ ਅਤੇ ਪੰਛੀ ਆਣ ਕੇ ਉਹ ਨੂੰ ਚੁਗ ਗਏ 5ਅਤੇ ਕੁਝ ਪਥਰੇਲੀ ਜ਼ਮੀਨ ਵਿੱਚ ਕਿਰਿਆ ਜਿੱਥੇ ਉਹ ਨੂੰ ਬਹੁਤੀ ਮਿੱਟੀ ਨਾ ਮਿਲੀ ਅਰ ਡੂੰਘੀ ਮਿੱਟੀ ਨਾ ਮਿਲਨ ਕਰਕੇ ਉਹ ਛੇਤੀ ਉੱਗ ਪਿਆ 6ਪਰ ਜਾਂ ਸੂਰਜ ਚੜ੍ਹਿਆ ਤਾਂ ਕੁਮਲਾ ਗਿਆ ਅਤੇ ਜੜ੍ਹ ਨਾ ਫੜਨ ਦੇ ਕਾਰਨ ਸੁੱਕ ਗਿਆ 7ਅਤੇ ਕੁਝ ਕੰਡਿਆਲਿਆਂ ਵਿੱਚ ਕਿਰਿਆ ਅਤੇ ਕੰਡਿਆਲਿਆਂ ਨੇ ਵਧ ਕੇ ਉਹ ਨੂੰ ਦਬਾ ਲਿਆ 8ਅਤੇ ਕੁਝ ਚੰਗੀ ਜ਼ਮੀਨ ਵਿੱਚ ਕਿਰਿਆ ਅਤੇ ਫਲਿਆ ਕੁਝ ਸੌ ਗੁਣਾ ਕੁਝ ਸੱਠ ਗੁਣਾ ਕੁਝ ਤੀਹ ਗੁਣਾ 9ਜਿਹ ਦੇ ਕੰਨ ਹੋਣ ਸੋ ਸੁਣੇ।।
10ਤਾਂ ਚੇਲਿਆਂ ਨੇ ਨੇੜੇ ਆਣ ਕੇ ਉਹ ਨੂੰ ਕਿਹਾ, ਤੂੰ ਉਨ੍ਹਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਕਿਉਂ ਗੱਲਾਂ ਕਰਦਾ ਹੈਂ? 11ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਸੁਰਗ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਪਰ ਉਨ੍ਹਾਂ ਨੂੰ ਨਹੀਂ ਦਿੱਤੀ ਗਈ ਹੈ 12ਕਿਉਂਕਿ ਜਿਹ ਦੇ ਕੋਲ ਹੈ ਉਹ ਨੂੰ ਦਿੱਤਾ ਜਾਵੇਗਾ ਅਤੇ ਉਹ ਦਾ ਵਾਧਾ ਹੋਵੇਗਾ ਪਰ ਜਿਹ ਦੇ ਕੋਲ ਨਹੀਂ ਹੈ ਉਸ ਤੋਂ ਜੋ ਕੁਛ ਉਹ ਦੇ ਕੋਲ ਹੈ ਸੋ ਵੀ ਲੈ ਲਿਆ ਜਾਵੇਗਾ 13ਮੈਂ ਇਸ ਲਈ ਉਨ੍ਹਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਗੱਲਾਂ ਕਰਦਾ ਹਾਂ ਕਿ ਓਹ ਵੇਖਦੇ ਹੋਏ ਨਹੀਂ ਵੇਖਦੇ ਅਤੇ ਸੁਣਦੇ ਹੋਏ ਨਹੀਂ ਸੁਣਦੇ ਅਤੇ ਨਹੀਂ ਸਮਝਦੇ 14ਉਨ੍ਹਾਂ ਉੱਤੇ ਯਸਾਯਾਹ ਦਾ ਇਹ ਅਗੰਮ ਵਾਕ ਪੂਰਾ ਹੋਇਆ ਕਿ
ਤੁਸੀਂ ਕੰਨਾਂ ਨਾਲ ਸੁਣੋਗੇ ਪਰ ਮੂਲੋਂ ਨਾ ਸਮਝੋਗੇ,
ਅਤੇ ਵੇਖਦੇ ਹੋਏ ਵੇਖੋਗੇ ਪਰ ਮੂਲੋਂ ਬੁਝੋਗੇ ਨਾ,
15ਕਿਉਂ ਜੋ ਇਸ ਪਰਜਾ ਦਾ ਮਨ ਮੋਟਾ ਹੋ ਗਿਆ ਹੈ,
ਅਤੇ ਓਹ ਕੰਨਾਂ ਨਾਲ ਉੱਚਾ ਸੁਣਦੇ ਹਨ,
ਏਹਨਾਂ ਨੇ ਆਪਣੀਆਂ ਅੱਖਾਂ ਮੀਟ ਲਈਆਂ ਹਨ,
ਮਤੇ ਓਹ ਅੱਖਾਂ ਨਾਲ ਵੇਖਣ ਅਤੇ ਕੰਨਾਂ ਨਾਲ
ਸੁਣਨ,
ਅਤੇ ਮਨ ਨਾਲ ਸਮਝਣ ਅਤੇ ਮੁੜ ਆਉਣ,
ਅਤੇ ਮੈਂ ਏਹਨਾਂ ਨੂੰ ਚੰਗਾ ਕਰਾਂ।।
16ਪਰ ਧੰਨ ਤੁਹਾਡੀਆਂ ਅੱਖੀਆਂ ਜੋ ਓਹ ਵੇਖਦੀਆਂ ਹਨ ਅਤੇ ਤੁਹਾਡੇ ਕੰਨ ਜੋ ਓਹ ਸੁਣਦੇ ਹਨ 17ਕਿਉਂਕਿ ਮੈਂ ਤੁਹਾਨੂੰ ਸਤ ਆਖਦਾ ਹਾਂ ਕਿ ਬਥੇਰੇ ਨਬੀ ਅਤੇ ਧਰਮੀ ਲੋਚਦੇ ਸਨ ਭਈ ਜੋ ਕੁਝ ਤੁਸੀਂ ਵੇਖਦੇ ਹੋ ਸੋ ਵੇਖਣ ਪਰ ਨਾ ਵੇਖਿਆ ਅਤੇ ਜੋ ਕੁਝ ਤੁਸੀਂ ਜਾਣਦੇ ਹੋ ਸੋ ਸੁਣਨ ਪਰ ਨਾ ਸੁਣਿਆ।। 18ਸੋ ਤੁਸੀਂ ਬੀਜਣ ਵਾਲੇ ਦਾ ਦ੍ਰਿਸ਼ਟਾਂਤ ਸੁਣੋ 19ਹਰ ਕੋਈ ਜੋ ਰਾਜ ਦਾ ਬਚਨ ਸੁਣਦਾ ਹੈ ਪਰ ਨਹੀਂ ਸਮਝਦਾ ਸੋ ਉਹ ਦੇ ਮਨ ਵਿੱਚ ਜੋ ਕੁਝ ਬੀਜਿਆ ਹੋਇਆ ਹੈ ਦੁਸ਼ਟ ਆਣ ਕੇ ਉਹ ਨੂੰ ਖੋਹ ਲੈਂਦਾ ਹੈ। ਇਹ ਉਹ ਹੈ ਜਿਹੜਾ ਪਹੇ ਵੱਲ ਬੀਜਿਆ ਗਿਆ ਸੀ 20ਅਤੇ ਜਿਹੜਾ ਪਥਰੇਲੀ ਜ਼ਮੀਨ ਵਿੱਚ ਬੀਜਿਆ ਗਿਆ ਸੋ ਉਹ ਹੈ ਜੋ ਬਚਨ ਸੁਣ ਕੇ ਝੱਟ ਖ਼ੁਸ਼ੀ ਨਾਲ ਉਹ ਨੂੰ ਮੰਨ ਲੈਂਦਾ ਹੈ 21ਪਰ ਆਪਣੇ ਵਿੱਚ ਜੜ੍ਹ ਨਹੀਂ ਰੱਖਦਾ ਹੈ। ਤਾਂ ਵੀ ਥੋੜਾ ਚਿਰ ਰਹਿੰਦਾ ਹੈ ਪਰ ਜਾਂ ਬਚਨ ਦੇ ਕਾਰਨ ਦੁਖ ਯਾ ਜ਼ੁਲਮ ਹੁੰਦਾ ਤਾਂ ਉਹ ਝੱਟ ਠੋਕਰ ਖਾਂਦਾ ਹੈ 22ਅਤੇ ਜਿਹੜਾ ਕੰਡਿਆਲਿਆਂ ਵਿੱਚ ਬੀਜਿਆ ਗਿਆ ਸੋ ਉਹ ਹੈ ਜੋ ਬਚਨ ਨੂੰ ਸੁਣਦਾ ਹੈ ਪਰ ਇਸ ਜੁਗ ਦੀ ਚਿੰਤਾ ਅਤੇ ਧਨ ਦਾ ਧੋਖਾ ਬਚਨ ਨੂੰ ਦਬਾ ਲੈਂਦਾ ਹੈ ਅਤੇ ਉਹ ਅਫੱਲ ਰਹਿ ਜਾਦਾ ਹੈ 23ਪਰ ਜਿਹੜਾ ਚੰਗੀ ਜ਼ਮੀਨ ਵਿੱਚ ਬੀਜਿਆ ਗਿਆ ਸੋ ਉਹ ਹੈ ਜੋ ਬਚਨ ਨੂੰ ਸੁਣਦਾ ਅਤੇ ਸਮਝਦਾ ਹੈ। ਉਹ ਜਰੂਰ ਫਲ ਦਿੰਦਾ ਅਤੇ ਕੋਈ ਸੌ ਗੁਣਾ ਕੋਈ ਸੱਠ ਗੁਣਾ ਕੋਈ ਤੀਹ ਗੁਣਾ ਫਲਦਾ ਹੈ।।
24ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦੇ ਕੇ ਕਿਹਾ ਭਈ ਸੁਰਗ ਦਾ ਰਾਜ ਇੱਕ ਮਨੁੱਖ ਵਰਗਾ ਹੈ ਜਿਹ ਨੇ ਆਪਣੇ ਖੇਤ ਵਿੱਚ ਚੰਗਾ ਬੀ ਬੀਜਿਆ 25ਪਰ ਜਦ ਲੋਕ ਸੌਂ ਰਹੇ ਸਨ ਤਦ ਉਹ ਦਾ ਵੈਰੀ ਆਇਆ ਅਰ ਉਹ ਦੀ ਕਣਕ ਵਿੱਚ ਜੰਗਲੀ ਬੂਟੀ ਬੀਜ ਗਿਆ 26ਅਰ ਜਦ ਅੰਗੂਰੀ ਨਿੱਕਲੀ ਅਤੇ ਸਿੱਟੇ ਲੱਗੇ ਤਦ ਜੰਗਲੀ ਬੂਟੀ ਵੀ ਦਿਸ ਪਈ 27ਤਾਂ ਘਰ ਦੇ ਮਾਲਕ ਦੇ ਚਾਕਰਾਂ ਨੇ ਕੋਲ ਆਣ ਕੇ ਉਹ ਨੂੰ ਆਖਿਆ, ਭਲਾ, ਸੁਆਮੀ ਜੀ, ਤੁਸਾਂ ਆਪਣੇ ਖੇਤ ਵਿੱਚ ਚੰਗਾ ਬੀ ਨਹੀਂ ਸੀ ਬੀਜਿਆ? ਫੇਰ ਜੰਗਲੀ ਬੂਟੀ ਕਿੱਥੋਂ ਆਈ? 28ਉਹ ਨੇ ਉਨ੍ਹਾਂ ਨੂੰ ਆਖਿਆ, ਇਹ ਕਿਸੇ ਵੈਰੀ ਦਾ ਕੰਮ ਹੈ। ਤਾਂ ਚਾਕਰਾਂ ਨੇ ਉਹ ਨੂੰ ਆਖਿਆ, ਜੇ ਮਰਜੀ ਹੋਵੇ ਤਾਂ ਅਸੀਂ ਜਾਕੇ ਉਹ ਨੂੰ ਇਕੱਠਾ ਕਰੀਏ? 29ਪਰ ਉਹ ਨੇ ਕਿਹਾ, ਨਾ, ਮਤੇ ਤੁਸੀਂ ਜੰਗਲੀ ਬੂਟੀ ਨੂੰ ਇੱਕਠਾ ਕਰਦਿਆਂ ਕਣਕ ਨੂੰ ਵੀ ਨਾਲ ਹੀ ਪੁੱਟ ਲਓ 30ਵਾਢੀ ਤੋੜੀ ਦੋਹਾਂ ਨੂੰ ਰਲੇ ਮਿਲੇ ਵਧਣ ਦਿਓ ਅਰ ਮੈਂ ਵਾਢੀ ਦੇ ਵੇਲੇ ਵੱਢਣ ਵਾਲਿਆਂ ਨੂੰ ਆਖਾਂਗਾ ਜੋ ਪਹਿਲਾਂ ਜੰਗਲੀ ਬੂਟੀ ਨੂੰ ਇਕੱਠਾ ਕਰੋ ਅਤੇ ਫੂਕਣ ਲਈ ਉਹ ਦੀਆਂ ਪੂਲੀਆਂ ਬੰਨ੍ਹੋ ਪਰ ਕਣਕ ਨੂੰ ਮੇਰੇ ਕੋਠੇ ਵਿੱਚ ਜਮਾ ਕਰੋ।।
31ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦੇ ਕੇ ਕਿਹਾ ਭਈ ਸੁਰਗ ਦਾ ਰਾਜ ਰਾਈ ਦੇ ਇੱਕ ਦਾਣੇ ਵਰਗਾ ਹੈ ਜਿਹ ਨੂੰ ਕਿਸੇ ਮਨੁੱਖ ਨੇ ਲੈਕੇ ਆਪਣੇ ਖੇਤ ਵਿੱਚ ਬੀਜਿਆ 32ਉਹ ਤਾਂ ਸਭ ਬੀਆਂ ਨਾਲੋਂ ਛੋਟਾ ਹੈ ਪਰ ਜਦ ਉਗਦਾ ਹੈ ਤਾਂ ਸਬਜ਼ੀਆਂ ਨਾਲੋਂ ਵੱਡਾ ਹੁੰਦਾ ਹੈ ਅਰ ਰੁੱਖ ਜਿਹਾ ਹੋ ਜਾਂਦਾ ਹੈ ਕਿ ਅਕਾਸ਼ ਦੇ ਪੰਛੀ ਆਣ ਕੇ ਉਹ ਦੀਆਂ ਟਹਿਣੀਆਂ ਉੱਤੇ ਵਸੇਰਾ ਕਰਦੇ ਹਨ।।
33ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ ਜੋ ਸੁਰਗ ਦਾ ਰਾਜ ਖ਼ਮੀਰ ਵਰਗਾ ਹੈ ਜਿਹ ਨੂੰ ਇੱਕ ਤੀਵੀਂ ਨੇ ਲੈ ਕੇ ਤਿੰਨ ਸੇਰ ਆਟੇ ਵਿੱਚ ਮਿਲਾਇਆ ਐਥੋਂ ਤੋੜੀ ਜੋ ਸਾਰਾ ਖ਼ਮੀਰਾ ਹੋ ਗਿਆ।।
34ਏਹ ਸਾਰੀਆਂ ਗੱਲਾਂ ਯਿਸੂ ਨੇ ਲੋਕਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਸੁਣਾਈਆਂ ਅਤੇ ਬਿਨਾ ਦ੍ਰਿਸ਼ਟਾਂਤ ਉਹ ਉਨ੍ਹਾਂ ਨਾਲ ਨਹੀਂ ਸੀ ਬੋਲਦਾ 35ਤਾਂ ਜਿਹੜਾ ਬਚਨ ਨਬੀ ਨੇ ਆਖਿਆ ਸੀ#ਜ਼. 78:2 ਉਹ ਪੂਰਾ ਹੋਵੇ ਕਿ
ਮੈਂ ਦ੍ਰਿਸ਼ਟਾਂਤਾਂ ਵਿੱਚ ਆਪਣਾ ਮੂੰਹ ਖੋਲ੍ਹਾਂਗਾ,
ਮੈਂ ਉਨ੍ਹਾਂ ਗੱਲਾਂ ਨੂੰ ਉਚਾਰਾਂਗਾ ਜਿਹੜੀਆਂ ਸੰਸਾਰ
ਦੇ ਮੁੱਢੋਂ ਗੁਪਤ ਰਹੀਆਂ ਹਨ।।
36ਤਦ ਉਹ ਭੀੜ ਨੂੰ ਛੱਡ ਕੇ ਘਰ ਵਿੱਚ ਆਇਆ ਅਤੇ ਉਹ ਦੇ ਚੇਲਿਆਂ ਨੇ ਉਸ ਕੋਲ ਆਣ ਕੇ ਕਿਹਾ ਜੋ ਖੇਤ ਦੀ ਜੰਗਲੀ ਬੂਟੀ ਦਾ ਦ੍ਰਿਸ਼ਟਾਂਤ ਖੋਲ੍ਹ ਕੇ ਸਾਨੂੰ ਦੱਸ 37ਤਾਂ ਉਸ ਨੇ ਉੱਤਰ ਦਿੱਤਾ ਜਿਹੜਾ ਚੰਗਾ ਬੀ ਬੀਜਦਾ ਹੈ ਉਹ ਮਨੁੱਖ ਦਾ ਪੁੱਤ੍ਰ ਹੈ 38ਖੇਤ ਜਗਤ ਹੈ ਅਤੇ ਚੰਗਾ ਬੀ ਰਾਜ ਦੇ ਪੁੱਤ੍ਰ ਅਤੇ ਜੰਗਲੀ ਬੂਟੀ ਦੁਸ਼ਟ ਦੇ ਪੁੱਤ੍ਰ ਹਨ 39ਅਤੇ ਜਿਸ ਵੈਰੀ ਨੇ ਉਹ ਨੂੰ ਬੀਜਿਆ ਉਹ ਸ਼ਤਾਨ ਹੈ। ਵਾਢੀ ਦਾ ਵੇਲਾ ਜੁਗ ਦਾ ਅੰਤ ਹੈ ਅਰ ਵੱਢਣ ਵਾਲੇ ਦੂਤ ਹਨ 40ਸੋ ਜਿਸ ਪਰਕਾਰ ਜੰਗਲੀ ਬੂਟੀ ਇਕੱਠੀ ਕੀਤੀ ਅਤੇ ਅੱਗ ਵਿੱਚ ਫੂਕੀ ਜਾਂਦੀ ਹੈ ਉਸੇ ਪਰਕਾਰ ਇਸ ਜੁਗ ਦੇ ਅੰਤ ਦੇ ਸਮੇ ਹੋਵੇਗਾ 41ਮਨੁੱਖ ਦਾ ਪੁੱਤ੍ਰ ਆਪਣਿਆਂ ਦੂਤਾਂ ਨੂੰ ਘੱਲੇਗਾ ਅਤੇ ਓਹ ਉਸ ਦੇ ਰਾਜ ਵਿੱਚੋਂ ਸਾਰੀਆਂ ਠੋਕਰ ਖੁਆਉਣ ਵਾਲੀਆਂ ਚੀਜ਼ਾਂ ਨੂੰ ਅਤੇ ਕੁਕਰਮੀਆਂ ਨੂੰ ਇੱਕਠਿਆ ਕਰਨਗੇ 42ਅਤੇ ਉਨ੍ਹਾਂ ਨੂੰ ਭਖਦੇ ਭੱਠੇ ਵਿੱਚ ਸੁੱਟ ਦੇਣਗੇ । ਉੱਥੇ ਰੋਣਾ ਅਰ ਕਚੀਚੀਆਂ ਵੱਟਣਾ ਹੋਵੇਗਾ 43ਤਦ ਧਰਮੀ ਲੋਕ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਙੁ ਚਮਕਣਗੇ। ਜਿਹ ਦੇ ਕੰਨ ਹੋਣ ਸੋ ਸੁਣੇ।।
44ਸੁਰਗ ਦਾ ਰਾਜ ਉਸ ਧਨ ਵਰਗਾ ਹੈ ਜਿਹੜਾ ਖੇਤ ਵਿੱਚ ਲੁਕਿਆ ਹੋਇਆ ਸੀ ਜਿਸ ਨੂੰ ਇੱਕ ਮਨੁੱਖ ਨੇ ਲੱਭ ਕੇ ਲੁਕਾ ਰੱਖਿਆ ਅਤੇ ਖ਼ੁਸ਼ੀ ਦੇ ਮਾਰੇ ਉਹ ਨੇ ਜਾ ਕੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਸ ਖੇਤ ਨੂੰ ਮੁੱਲ ਲੈ ਲਿਆ।।
45ਫੇਰ ਸੁਰਗ ਦਾ ਰਾਜ ਇੱਕ ਬੁਪਾਰੀ ਵਰਗਾ ਹੈ ਜਿਹੜਾ ਚੰਗੇ ਮੌਤੀਆਂ ਨੂੰ ਲੱਭਦਾ ਫਿਰਦਾ ਸੀ 46ਜਦ ਉਹ ਨੂੰ ਇੱਕ ਮੌਤੀ ਭਾਰੇ ਮੁੱਲ ਦਾ ਮਿਲਿਆ ਤਾਂ ਗਿਆ ਅਤੇ ਆਪਣਾ ਸਭ ਕੁਝ ਵੇਚ ਕੇ ਉਹ ਨੂੰ ਮੁੱਲ ਲਿਆ।।
47ਫੇਰ ਸੁਰਗ ਦਾ ਰਾਜ ਇੱਕ ਜਾਲ ਵਰਗਾ ਹੈ ਜਿਹੜਾ ਝੀਲ ਵਿੱਚ ਸੁੱਟਿਆ ਗਿਆ ਅਤੇ ਹਰ ਭਾਂਤ ਦੇ ਮੱਛ ਕੱਛ ਸਮੇਟ ਲਿਆਇਆ 48ਸੋ ਜਾਂ ਉਹ ਭਰ ਗਿਆ ਤਾਂ ਲੋਕ ਕੰਢੇ ਉੱਤੇ ਖਿੱਚ ਕੇ ਲੈ ਆਏ ਅਤੇ ਬੈਠ ਕੇ ਖਰੀਆਂ ਨੂੰ ਭਾਂਡਿਆਂ ਵਿੱਚ ਜਮਾ ਕੀਤਾ ਅਤੇ ਨਿਕੰਮੀਆਂ ਨੂੰ ਪਰੇ ਸੁੱਟ ਦਿੱਤਾ 49ਸੋ ਜੁਗ ਦੇ ਅੰਤ ਦੇ ਸਮੇ ਅਜਿਹਾ ਹੀ ਹੋਵੇਗਾ। ਦੂਤ ਨਿੱਕਲ ਆਉਣਗੇ ਅਤੇ ਧਰਮੀਆਂ ਵਿੱਚੋਂ ਦੁਸ਼ਟਾਂ ਨੂੰ ਅੱਡ ਕਰਨਗੇ 50ਅਰ ਇਨ੍ਹਾਂ ਨੂੰ ਭਖਦੇ ਭੱਠੇ ਵਿੱਚ ਸੁੱਟ ਦੇਣਗੇ। ਉੱਥੇ ਰੋਣਾ ਅਰ ਕਚੀਚੀਆਂ ਵੱਟਣਾ ਹੋਵੇਗਾ।। 51ਕੀ ਤੁਸਾਂ ਇਹ ਸੱਭੋ ਕੁਝ ਸਮਝਿਆ? ਉਨ੍ਹਾਂ ਨੂੰ ਆਖਿਆ, ਹਾਂ ਜੀ 52ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਇਸ ਲਈ ਹਰੇਕ ਗ੍ਰੰਥੀ ਜਿਹ ਨੇ ਸੁਰਗ ਦੇ ਰਾਜ ਦੀ ਸਿੱਖਿਆ ਪਾਈ ਹੈ ਉਸ ਘਰ ਦੇ ਮਾਲਕ ਵਰਗਾ ਹੈ ਜਿਹੜਾ ਆਪਣੇ ਖ਼ਜਾਨੇ ਵਿੱਚੋਂ ਨਵੀਆਂ ਅਤੇ ਪੁਰਾਣੀਆਂ ਚੀਜ਼ਾ ਕੱਢਦਾ ਹੈ।।
53ਅਤੇ ਐਉਂ ਹੋਇਆ ਕਿ ਜਾਂ ਯਿਸੂ ਨੇ ਏਹ ਦ੍ਰਿਸ਼ਟਾਂਤ ਪੂਰੇ ਕੀਤੇ ਤਾਂ ਉੱਥੋਂ ਤੁਰ ਪਿਆ 54ਅਰ ਆਪਣੇ ਦੇਸ ਵਿੱਚ ਆਣ ਕੇ ਉਨ੍ਹਾਂ ਦੇ ਸਮਾਜ ਵਿੱਚ ਉਨ੍ਹਾਂ ਨੂੰ ਅਜਿਹਾ ਉਪਦੇਸ਼ ਦਿੰਦਾ ਸੀ ਜੋ ਓਹ ਦੰਗ ਹੋਕੇ ਕਹਿਣ ਲੱਗੇ ਭਈ ਇਸ ਮਨੁੱਖ ਨੂੰ ਇਹ ਗਿਆਨ ਅਰੇ ਏਹ ਕਰਾਮਾਤਾਂ ਕਿੱਥੋਂ ਮਿਲੀਆਂ? 55ਭਲਾ, ਇਹ ਤਰਖਾਣ ਦਾ ਪੁੱਤ ਨਹੀਂ ਅਤੇ ਏਹ ਦੀ ਮਾਂ ਮਰਿਯਮ ਨਹੀਂ ਕਹਾਉਂਦੀ ਅਤੇ ਇਹ ਦੇ ਭਾਈ ਯਾਕੂਬ ਤੇ ਯੂਸੁਫ਼ ਅਰ ਸ਼ਮਊਨ ਅਰ ਯਹੂਦਾ ਨਹੀਂ ਹਨ? 56ਅਤੇ ਉਹਦੀਆਂ ਸੱਭੇ ਭੈਣਾਂ ਸਾਡੇ ਕੋਲ ਨਹੀਂ ਹਨ? ਫੇਰ ਉਹ ਨੂੰ ਇਹ ਸਭ ਕੁਝ ਕਿੱਥੋਂ ਮਿਲਿਆ? 57ਐਉਂ ਉਨ੍ਹਾਂ ਉਸ ਤੋਂ ਠੋਕਰ ਖਾਧੀ ਪਰ ਯਿਸੂ ਨੇ ਉਨ੍ਹਾਂ ਨੂੰ ਆਖਿਆ, ਨਬੀ ਦਾ ਆਪਣੇ ਦੇਸ ਅਤੇ ਆਪਣੇ ਘਰ ਤੋਂ ਬਿਨਾ ਹੋਰ ਕਿਤੇ ਨਿਆਦਰ ਨਹੀਂ ਹੁੰਦਾ 58ਅਤੇ ਉਸ ਨੇ ਉਨ੍ਹਾਂ ਦੀ ਬੇਪਰਤੀਤੀ ਦੇ ਕਾਰਨ ਉੱਥੇ ਬਹੁਤ ਕਰਾਮਾਤਾਂ ਨਾ ਕੀਤੀਆਂ।।

Currently Selected:

ਮੱਤੀ 13: PUNOVBSI

Highlight

Share

Copy

None

Want to have your highlights saved across all your devices? Sign up or sign in

YouVersion uses cookies to personalize your experience. By using our website, you accept our use of cookies as described in our Privacy Policy