YouVersion Logo
Search Icon

ਅੱਯੂਬ 22

22
ਅਲੀਫ਼ਜ਼ ਅੱਯੂਬ ਨੂੰ ਦੋਸ਼ੀ ਠਹਰਾਉਂਦਾ ਹੈ
1ਫੇਰ ਅਲੀਫ਼ਜ਼ ਤੇਮਾਨੀ ਨੇ ਉੱਤਰ ਦੇ ਕੇ ਆਖਿਆ,
2ਭਲਾ, ਕੋਈ ਆਦਮੀ ਪਰਮੇਸ਼ੁਰ ਲਈ ਲਾਭਦਾਇਕ
ਹੋ ਸੱਕਦਾ ਹੈ?
ਸੱਚ ਮੁੱਚ ਸਿਆਣਾ ਆਦਮੀ ਆਪਣੇ ਜੋਗਾ ਹੀ ਹੈ।
3ਤੇਰੇ ਧਰਮੀ ਹੋਣ ਨਾ ਸਰਬ ਸ਼ਕਤੀਮਾਨ ਨੂੰ ਕੀ
ਖੁਸ਼ੀ ਹੈ?
ਯਾ ਤੇਰੀਆਂ ਪੂਰਨ ਚਾਲਾਂ ਨਾਲ ਉਹ ਨੂੰ ਕੀ ਲਾਭ
ਹੈ?
4ਭਲਾ, ਤੇਰੇ ਡਰਨ ਦੇ ਕਾਰਨ ਉਹ ਤੈਨੂੰ ਝਿੜਕਦਾ ਹੈ,
ਅਤੇ ਤੇਰੇ ਨਾਲ ਮੁਕੱਦਮਾ ਲੜਦਾ ਹੈ?
5ਕੀ ਤੇਰੀ ਬੁਰਿਆਈ ਵੱਡੀ ਨਹੀਂ,
ਅਤੇ ਤੇਰੀਆਂ ਬਦੀਆਂ ਦੀ ਕੋਈ ਹੱਦ ਵੀ ਹੈ?
6ਕਿਉਂਕਿ ਤੈਂ ਆਪਣੇ ਭਰਾਉ ਦੀਆਂ ਵਸਤਾਂ ਧਿਗਾਣੇ
ਗਹਿਣੇ ਰੱਖ ਲਈਆਂ ਹਨ,
ਅਤੇ ਨੰਗਿਆਂ ਦੇ ਭੀ ਕੱਪੜੇ ਲਾਹ ਲਏ ਹਨ।
7ਤੈਂ ਥੱਕੇ ਨੂੰ ਪਾਣੀ ਨਹੀਂ ਪਿਲਾਇਆ,
ਅਤੇ ਭੁੱਖੇ ਥੋਂ ਰੋਟੀ ਰੋਕ ਰੱਖੀ।
8ਬਲਵੰਤ ਮਨੁੱਖ ਨੂੰ ਆਪਣਾ ਦੇਸ ਮਿਲ ਗਿਆ,
ਅਤੇ ਜਿਹੜਾ ਮੰਨਿਆ ਦੰਨਿਆ ਸੀ ਉਹ ਉਸ ਵਿੱਚ
ਵੱਸ ਗਿਆ।
9ਤੈਂ ਵਿਧਵਾ ਨੂੰ ਖਾਲੀ ਮੋੜ ਘੱਲਿਆ,
ਅਤੇ ਯਤੀਮਾਂ ਦੀਆਂ ਬਾਂਹਾਂ ਭੰਨੀਆਂ ਗਈਆਂ।
10ਏਸ ਲਈ ਫੰਦੇ ਤੇਰੇ ਆਲੇ ਦੁਆਲੇ ਹਨ,
ਅਤੇ ਅਚਾਣਚੱਕ ਭੈ ਤੈਨੂੰ ਘਬਰਾਉਂਦਾ ਹੈ!
11ਯਾ ਤੂੰ ਅਨ੍ਹੇਰੇ ਨੂੰ ਨਹੀਂ ਵੇਖਦਾ,
ਅਤੇ ਪਾਣੀ ਦੇ ਹੜ੍ਹ ਨੂੰ ਜਿਹੜਾ ਤੈਨੂੰ ਢੱਕ ਲੈਂਦਾ
ਹੈ?
12ਕੀ ਪਰਮੇਸ਼ੁਰ ਅਕਾਸ਼ ਦੀ ਉਚਿਆਈ ਵਿੱਚ ਨਹੀਂ?
ਤਾਰਿਆਂ ਦੀ ਮਹਾਨਤਾ ਵੇਖ ਕਿ ਉਹ ਕੇਡੇ ਉੱਚੇ
ਹਨ!
13ਅਤੇ ਤੂੰ ਆਖਦਾ ਹੈ, ਪਰਮੇਸ਼ੁਰ ਕੀ ਜਾਣਦਾ ਹੈ?
ਕੀ ਉਹ ਘੁੱਪ ਅਨ੍ਹੇਰੇ ਵਿੱਚੋਂ ਨਿਆਉਂ ਕਰ ਸੱਕਦਾ
ਹੈ?
14ਬੱਦਲਾਂ ਦੀਆਂ ਘਟਾਂ ਉਹ ਦਾ ਪੜਦਾ ਹਨ,
ਭਈ ਉਹ ਵੇਖ ਨਾ ਸੱਕੇ,
ਅਤੇ ਉਹ ਅਕਾਸ਼ ਮੰਡਲ ਉੱਤੇ ਚੱਲਦਾ ਫਿਰਦਾ ਹੈ।
15ਭਲਾ, ਤੂੰ ਉਸੇ ਪੁਰਾਣੇ ਰਾਹ ਨੂੰ ਫੜ ਛੱਡੇਂਗਾ,
ਜਿਹ ਦੇ ਵਿੱਚ ਬੁਰੇ ਆਦਮੀ ਚੱਲਦੇ ਸਨ?
16ਜਿਹੜੇ ਆਪਣੇ ਵੇਲੇ ਥੋਂ ਪਹਿਲਾਂ ਚੁੱਕੇ ਗਏ,
ਜਿਨ੍ਹਾਂ ਦੀ ਨੀਉਂ ਦਰਿਆ ਨਾਲ ਰੁੜ੍ਹ ਗਈ,
17ਜਿਹੜੇ ਪਰਮੇਸ਼ੁਰ ਨੂੰ ਕਹਿੰਦੇ ਸਨ, ਸਾਥੋਂ ਦੂਰ ਹੋ!
ਅਤੇ ਸਰਬ ਸ਼ਕਤੀਮਾਨ ਸਾਡਾ ਕੀ ਕਰੂ?
18ਤਾਂ ਭੀ ਓਸ ਉਨ੍ਹਾਂ ਦੇ ਘਰਾਂ ਨੂੰ ਪਦਾਰਥਾਂ ਨਾਲ
ਭਰ ਦਿੱਤਾ,
ਪਰ ਦੁਸ਼ਟਾਂ ਦੀ ਸਲਾਹ ਮੈਥੋਂ ਦੂਰ ਹੋਵੇ!
19ਧਰਮੀ ਵੇਖ ਕੇ ਖੁਸ਼ ਹੁੰਦੇ,
ਅਤੇ ਨਿਰਦੋਸ਼ ਉਹ ਦੀ ਹਾਸੀ ਉਡਾਉਂਦੇ ਹਨ, -
20ਸੱਚ ਮੁੱਚ ਸਾਡੇ ਵਿਰੋਧੀ ਮਿੱਟ ਗਏ,
ਅਤੇ ਅੱਗ ਨੇ ਉਨ੍ਹਾਂ ਦੀ ਰਹਿੰਦ ਖੂੰਧ ਨੂੰ ਭੱਖ
ਲੀਤਾ!।।
21ਉਹ ਦੇ ਨਾਲ ਮਿਲਿਆ ਰਹੁ ਅਤੇ ਸੁਖੀ ਰਹੁ,
ਨੇਕੀ ਤੇਰੇ ਉੱਤੇ ਆਏਗੀ।
22ਹੁਣ ਉਹ ਦੇ ਮੂੰਹ ਦੀ ਸਿੱਖਿਆ ਸੁਣ,
ਅਤੇ ਉਹ ਦਿਆਂ ਬਚਨਾਂ ਨੂੰ ਆਪਣੇ ਦਿਲ ਵਿੱਚ
ਰੱਖ।
23ਜੇ ਤੂੰ ਸਰਬ ਸ਼ਕਤੀਮਾਨ ਵੱਲ ਮੁੜੇਂ ਤਾਂ ਤੂੰ
ਬਣਿਆ ਰਹੇਂਗਾ,
ਜੇ ਤੂੰ ਬਦੀ ਆਪਣੇ ਤੰਬੂਆਂ ਥੋਂ ਦੂਰ ਕਰੇਂ, -
24ਜੇ ਤੂੰ ਸੋਨਾ ਖੇਹ ਵਿੱਚ,
ਸਗੋਂ ਓਫ਼ੀਰ ਦਾ ਸੋਨਾ ਨਦੀਆਂ ਦੇ ਪੱਥਰਾਂ ਵਿੱਚ ਪਾ
ਦੇਵੇਂ, -
25ਜੇ ਸਰਬ ਸ਼ਕਤੀਮਾਨ ਤੇਰਾ ਸੋਨਾ
ਅਤੇ ਤੇਰੀ ਅਣਮੁੱਲ ਚਾਂਦੀ ਹੋਵੇ,
26ਤਦ ਤਾਂ ਤੂੰ ਸਰਬ ਸ਼ਕਤੀਮਾਨ ਨਾਲ ਨਿਹਾਲ ਹੋਵੇਂਗਾ,
ਅਤੇ ਆਪਣਾ ਮੂੰਹ ਪਰਮੇਸ਼ੁਰ ਵੱਲ ਚੁੱਕੇਂਗਾ।
27ਤੂੰ ਉਹ ਦੇ ਅੱਗੇ ਬੇਨਤੀ ਕਰੇਂਗਾ ਅਤੇ ਉਹ ਤੇਰੀ
ਸੁਣੂਗਾ,
ਅਤੇ ਤੂੰ ਆਪਣੀਆਂ ਸੁੱਖਣਾਂ ਪੂਰੀਆਂ ਕਰੇਂਗਾ।
28ਜਿਸ ਗੱਲ ਲਈ ਤੇਰਾ ਮਨਸ਼ਾ ਹੋਏਗਾ,
ਉਹ ਤੇਰੇ ਲਈ ਠਹਿਰਾਈ ਜਾਏਗੀ,
ਅਤੇ ਚਾਨਣ ਤੇਰਿਆਂ ਰਾਹਾਂ ਉੱਤੇ ਚਮਕੇਗਾ।
29ਜਦ ਓਹ ਤੈਨੂੰ ਨੀਚਾ ਕਰਨ ਤਾਂ ਤੂੰ ਆਖੇਂਗਾ ਭਈ
ਏਹ ਤਾਂ ਉੱਚਾ ਹੋਣਾ ਹੈ!
ਅਤੇ ਉਹ ਨੀਵੀਆਂ ਅੱਖਾਂ ਵਾਲੇ ਨੂੰ ਬਚਾਵੇਗਾ।
30ਜੋ ਬੇਦੋਸ਼ਾ ਨਹੀਂ ਉਹ ਉਸ ਨੂੰ ਭੀ ਬਚਾਵੇਗਾ,
ਹਾਂ, ਆਪਣੇ ਹੱਥਾਂ ਦੀ ਸਫਾਈ ਨਾਲ ਤੂੰ#22:30 ਇਬਰ. ਉਹ ।
ਬਚਾਇਆ ਜਾਵੇਂਗਾ।।

Currently Selected:

ਅੱਯੂਬ 22: PUNOVBSI

Highlight

Share

Copy

None

Want to have your highlights saved across all your devices? Sign up or sign in

Videos for ਅੱਯੂਬ 22