YouVersion Logo
Search Icon

ਯਿਰਮਿਯਾਹ 46

46
ਮਿਸਰ ਵਿਖੇ ਅਗੰਮ ਵਾਕ
1ਯਹੋਵਾਹ ਦਾ ਬਚਨ ਜਿਹੜਾ ਕੌਮਾਂ ਦੇ ਵੇਖੇ ਯਿਰਮਿਯਾਹ ਨਬੀ ਨੂੰ ਆਇਆ।। 2ਮਿਸਰ ਲਈ। ਮਿਸਰ ਦੇ ਰਾਜੇ ਫ਼ਿਰਊਨ ਨਕੋ ਦੀ ਫੌਜ ਦੇ ਵਿਖੇ ਜਿਹੜੀ ਕਰਕਮਿਸ਼ ਵਿੱਚ ਦਰਿਆ ਫਰਾਤ ਉੱਤੇ ਸੀ ਜਿਹ ਨੂੰ ਬਾਬਲ ਦੇ ਪਾਤਸ਼ਾਹ ਨਬੂਕਦਰੱਸਰ ਨੇ ਯਹੂਦਾਹ ਦੇ ਪਾਤਸ਼ਾਹ ਯੋਸ਼ੀਯਾਹ ਦੇ ਪੁੱਤ੍ਰ ਯਹੋਯਾਕੀਮ ਦੇ ਚੌਥੇ ਵਰ੍ਹੇ ਵਿੱਚ ਫ਼ਤਹ ਕਰ ਲਿਆ ਸੀ, -
3ਸਿਪਰ ਅਤੇ ਢਾਲ ਤਿਆਰ ਕਰੋ,
ਲੜਾਈ ਲਈ ਨੇੜੇ ਆਓ!
4ਘੋੜਿਆਂ ਨੂੰ ਜੋਵੋ,
ਹੇ ਅਸਵਾਰੋ, ਸਵਾਰ ਹੋਵੋ!
ਟੋਪਾਂ ਨਾਲ ਖੜੇ ਹੋ ਜਾਓ,
ਆਪਣਿਆਂ ਨੇਜ਼ਿਆਂ ਨੂੰ ਲਸ਼ਕਾਓ,
ਸੰਜੋ ਨੂੰ ਪਹਿਨੋਂ!
5ਮੈ ਏਹ ਕਿਉਂ ਵੇਖਿਆ?
ਓਹ ਘਾਬਰੇ ਹੋਏ ਹਨ।
ਅਤੇ ਪਿਛਾਹਾਂ ਨੂੰ ਮੁੜੇ ਹਨ।
ਓਹਨਾਂ ਦੇ ਸੂਰਮੇ ਮਾਰੇ ਗਏ ਹਨ,
ਓਹ ਛੇਤੀ ਨਾਲ ਨੱਠ ਗਏ,
ਓਹ ਪਿੱਛੇ ਨਹੀਂ ਵੇਖਦੇ, -
ਆਲੇ ਦੁਆਲੇ ਭੈ ਹੈ!
ਯਹੋਵਾਹ ਦਾ ਵਾਕ ਹੈ।
6ਛੋਹਲਾ ਨਾ ਨੱਠੇ,
ਨਾ ਸੂਰਮਾ ਬਚੇ, -
ਉੱਤਰ ਵੱਲ ਦਰਿਆ ਫਰਾਤ ਦੇ ਕੰਢੇ ਉੱਤੇ
ਓਹਨਾਂ ਨੇ ਠੋਕਰ ਖਾਧੀ ਅਤੇ ਡਿੱਗ ਪਏ।।
7ਉਹ ਕੌਣ ਹੈ ਜਿਹੜਾ ਨੀਲ ਨਦੀ ਵਾਂਙੁ ਉੱਛਲਦਾ ਹੈ,
ਨਦੀਆਂ ਵਾਂਙੁ ਜਿੰਨ੍ਹਾਂ ਦੇ ਪਾਣੀ ਠਾਠਾਂ ਮਾਰਦੇ ਹਨ?
8ਮਿਸਰ ਨੀਲ ਨਦੀ ਵਾਂਙੁ ਉੱਛਲਦਾ ਹੈ,
ਨਦੀਆਂ ਵਾਂਙੁ ਉਹ ਦੇ ਪਾਣੀ ਉੱਛਲਦੇ ਹਨ।
ਉਸ ਆਖਿਆ, ਮੈਂ ਉੱਛਲਾਗਾਂ, ਮੈਂ ਧਰਤੀ ਨੂੰ
ਢਕ ਲਵਾਂਗਾ,
ਮੈਂ ਸ਼ਹਿਰਾਂ ਨੂੰ, ਓਹਨਾਂ ਦੇ ਵਾਸੀਆਂ ਨੂੰ ਨਾਸ
ਕਰਾਂਗਾ!
9ਹੇ ਘੋੜਿਓ, ਉਤਾਹਾਂ ਜਾਓ,
ਹੇ ਰਥੋ, ਢਿਲਕਦੇ ਫਿਰੋ!
ਸੂਰਮੇ ਬਾਹਰ ਨਿੱਕਲਣ,
ਕੂਸ਼ੀ ਅਤੇ ਫੂਟੀ ਜਿਨ੍ਹਾਂ ਢਾਲਾਂ ਫੜੀਆਂ ਹੋਈਆਂ
ਹਨ,
ਲੂਦੀ ਜਿਹੜੇ ਧਣੁਖ ਨੂੰ ਫੜ ਕੇ ਝੁਕਾ ਲੈਂਦੇ ਹਨ।
10ਉਹ ਸੈਨਾਂ ਦੇ ਪ੍ਰਭੁ ਯਹੋਵਾਹ ਦਾ ਦਿਨ ਹੈ,
ਇੱਕ ਬਦਲਾ ਲੈਣ ਦਾ ਦਿਨ,
ਭਈ ਉਹ ਆਪਣੇ ਵਿਰੋਧੀਆਂ ਤੋਂ ਬਦਲਾ ਲਵੇ।
ਤਲਵਾਰ ਖਾ ਕੇ ਰੱਜੇਗੀ,
ਅਰ ਓਹਨਾਂ ਦੇ ਲਹੂ ਨਾਲ ਮਸਤ ਹੋਵੇਗੀ,
ਕਿਉਂ ਜੋ ਸੈਨਾਂ ਦੇ ਪ੍ਰਭੁ ਯਹੋਵਾਹ ਲਈ ਇੱਕ ਬਲੀ
ਹੈ,
ਉੱਤਰ ਦੇਸ ਵਿੱਚ ਫਰਾਤ ਦਰਿਆ ਕੋਲ।
11ਗਿਲਆਦ ਨੂੰ ਚੜ੍ਹ ਜਾਹ ਅਤੇ ਬਲਸਾਨ ਲੈ
ਹੇ ਮਿਸਰ ਦੀਏ ਕੁਆਰੀਏ ਧੀਏ!
ਤੂੰ ਏਵੇਂ ਬਹੁਤੀਆਂ ਦਵਾਈਆਂ ਵਰਤਦੀ ਹੈਂ,
ਤੂੰ ਚੰਗੀ ਨਾ ਹੋਵੇਂਗੀ।
12ਕੌਮਾਂ ਨੇ ਤੇਰੀ ਸ਼ਰਮ ਨੂੰ ਸੁਣਿਆ,
ਧਰਤੀ ਤੇਰੀ ਦੁਹਾਈ ਨਾਲ ਭਰ ਗਈ।
ਸੂਰਮੇ ਨੇ ਸੂਰਮੇ ਨਾਲ ਠੋਕਰ ਖਾਧੀ,
ਓਹ ਦੋਵੇਂ ਇਕੱਠੇ ਡਿੱਗ ਪਏ।।
13ਉਹ ਬਚਨ ਜਿਹੜਾ ਯਹੋਵਾਹ ਯਿਰਮਿਯਾਹ ਨਬੀ ਨੂੰ ਬਾਬਲ ਦੇ ਪਾਤਸ਼ਾਹ ਨਬੂਕਦਰੱਸਰ ਦੇ ਵਿਖੇ ਬੋਲਿਆ ਕਿ ਉਹ ਆ ਕੇ ਮਿਸਰ ਦੇਸ ਨੂੰ ਮਾਰੇਗਾ, -
14ਮਿਸਰ ਵਿੱਚ ਦੱਸੋ, ਮਿਗਦੋਲ ਵਿੱਚ ਸੁਣਾਓ,
ਨੋਫ਼ ਵਿੱਚ ਅਤੇ ਤਹਪਨਹੇਸ ਵਿੱਚ ਵੀ ਸੁਣਾਓ,
ਆਖੋ, ਖਲੋ ਜਾਓ ਅਤੇ ਤਿਆਰ ਰਹੋ,
ਕਿਉਂ ਜੋ ਤਲਵਾਰ ਤੇਰੇ ਆਲਿਓਂ ਦੁਆਲਿਓਂ ਖਾ
ਲਵੇਗੀ!
15ਤੇਰੇ ਜਰਵਾਣੇ ਕਿਉਂ ਹੂੰਝੇ ਗਏ?
ਓਹ ਖੜੇ ਨਾ ਰਹੇ,
ਯਹੋਵਾਹ ਨੇ ਓਹਨਾਂ ਨੂੰ ਦਫਾ ਜੋ ਕਰ ਦਿੱਤਾ।
16ਉਸ ਨੇ ਬਹੁਤਿਆਂ ਨੂੰ ਠੋਕਰ ਖੁਆਈ,
ਹਰ ਮਨੁੱਖ ਆਪਣੇ ਸਾਥੀ ਉੱਤੇ ਡਿੱਗਿਆ,
ਉਨ੍ਹਾਂ ਨੇ ਆਖਿਆ, ਉੱਠੀਏ, ਅਸੀਂ ਆਪਣੇ ਲੋਕਾਂ
ਕੋਲ
ਅਤੇ ਆਪਣੀ ਜਨਮ ਭੂਮੀ ਨੂੰ
ਸਤਾਉਣ ਵਾਲੀ ਤਲਵਾਰ ਦੇ ਕਾਰਨ ਮੁੜ ਚੱਲੀਏ।
17ਓਹਨਾਂ ਨੇ ਉੱਥੇ ਪੁਕਾਰਿਆ ਕਿ ਮਿਸਰ ਦਾ ਰਾਜਾ
ਫ਼ਿਰਊਨ ਸ਼ੋਰ ਹੀ ਹੈ!
ਉਸ ਨੇ ਮਿਥੇ ਹੋਏ ਵੇਲੇ ਨੂੰ ਲੰਘਣ ਦਿੱਤਾ।
18ਮੈਨੂੰ ਆਪਣੀ ਹਯਾਤੀ ਦੀ ਸੌਂਹ, ਪਾਤਸ਼ਾਹ ਦਾ
ਵਾਕ ਹੈ,
ਉਸ ਦਾ ਨਾਮ ਸੈਨਾਂ ਦਾ ਯਹੋਵਾਹ ਹੈ,
ਨਿਸੰਗ ਜਿਵੇਂ ਪਹਾੜਾਂ ਵਿੱਚ ਤਾਬੋਰ,
ਅਤੇ ਜਿਵੇਂ ਸਮੁੰਦਰ ਕੋਲ ਕਰਮਲ, ਓਵੇਂ ਉਹ
ਆਵੇਗਾ।
19ਅਸੀਰੀ ਲਈ ਆਪਣਾ ਲਕਾ ਤੁਕਾ ਤਿਆਰ ਕਰ,
ਹੇ ਮਿਸਰ ਦੀਏ ਵਸਨੀਕ ਧੀਏ!
ਕਿਉਂ ਜੋ ਨੋਫ਼ ਵਿਰਾਨ ਹੋਵੇਗਾ,
ਉਹ ਭਸਮ ਕੀਤਾ ਜਾਵੇਗਾ, ਜਿਹ ਦੇ ਵਿੱਚ ਕੋਈ ਨਾ
ਵੱਸੇਗਾ।।
20ਮਿਸਰ ਇੱਕ ਬਹੁਤ ਸੁੰਦਰ ਵੱਛੀ ਹੈ,
ਪਰ ਉੱਤਰ ਵੱਲੋਂ ਮੱਖ ਉਸ ਉੱਤੇ ਲਗਾ ਆਉਂਦਾ
ਹੈ।
21ਉਹ ਨੇ ਭਾੜੇ ਦੇ ਸਿਪਾਹੀ ਵੀ ਉਹ ਦੇ ਵਿਚਕਾਰ
ਪਲੇ ਹੋਏ ਵਹਿੜਿਆਂ ਵਾਂਙੁ ਹਨ।
ਹਾਂ, ਓਹ ਮੁੜ ਕੇ ਇਕੱਠੇ ਨੱਠ ਗਏ,
ਓਹ ਖਲੋ ਨਾ ਸੱਕੇ,
ਕਿਉਂ ਜੋ ਓਹਨਾਂ ਦੀ ਬਿਪਤਾ ਦਾ ਦਿਨ ਓਹਨਾਂ
ਉੱਤੇ ਆਇਆ ਹੈ,
ਓਹਨਾਂ ਦੀ ਸਜ਼ਾ ਦਾ ਸਮਾਂ।।
22ਉਹ ਦੀ ਅਵਾਜ਼ ਸੱਪ ਵਾਂਙੁ ਉੱਠੇਗੀ,
ਓਹ ਫੌਜ ਨਾਲ ਆਉਣਗੇ,
ਓਹ ਉਹ ਦੇ ਉੱਤੇ ਲੱਕੜ ਹਾਰਿਆਂ ਵਾਂਙੁ ਕੁਹਾੜਿਆਂ
ਨਾਲ ਆਉਣਗੇ!
23ਓਹ ਉਹ ਦਾ ਜੰਗਲ ਵੱਢ ਸੁੱਟਣਗੇ,
ਯਹੋਵਾਹ ਦਾ ਵਾਕ ਹੈ,
ਭਾਵੇਂ ਉਹ ਦੀ ਮਿਣਤੀ ਨਾ ਹੋ ਸੱਕੇ,
ਕਿਉਂ ਜੋ ਓਹ ਸਲਾ ਨਾਲੋਂ ਬਹੁਤ ਵਧੀਕ ਹਨ,
ਓਹਨਾਂ ਨੂੰ ਕੋਈ ਗਿਣ ਨਹੀਂ ਸੱਕਦਾ।
24ਮਿਸਰ ਦੀ ਧੀ ਲੱਜਿਆਵਾਨ ਹੋਵੇਗੀ,
ਉਹ ਉੱਤਰ ਵੱਲ ਦੇ ਲੋਕਾਂ ਦੇ ਹੱਥ ਵਿੱਚ ਦਿੱਤੀ
ਜਾਵੇਗੀ।।
25ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, ਵੇਖੋ, ਮੈਂ ਨੋ ਦੇ ਆਮੋਨ ਦੀ, ਫ਼ਿਰਊਨ ਦੀ, ਮਿਸਰ ਦੀ, ਉਹ ਦੇ ਦਿਓਤਿਆਂ ਦੀ ਉਹ ਦੇ ਪਾਤਸ਼ਾਹਾਂ ਦੀ, ਫਿਰਊਨ ਦੀ ਅਤੇ ਓਹਨਾਂ ਦੀ ਜਿਹੜੇ ਉਹ ਦਾ ਭਰੋਸਾ ਕਰਦੇ ਹਨ ਖ਼ਬਰ ਲੈਂਦਾ ਹਾਂ 26ਮੈਂ ਓਹਨਾਂ ਦੀ ਜਾਨ ਦੇ ਗਾਹਕਾਂ ਦੇ ਹੱਥ ਵਿੱਚ, ਅਰਥਾਤ ਬਾਬਲ ਦੇ ਪਾਤਸ਼ਾਹ ਨਬੂਕਦਰੱਸਰ ਅਤੇ ਉਹ ਦੇ ਟਹਿਲੂਆਂ ਦੇ ਹੱਥ ਵਿੱਚ ਦਿਆਂਗਾ। ਏਸ ਦੇ ਪਿੱਛੇ ਉਹ ਅਜੇਹੀ ਆਬਾਦ ਹੋਵੇਗੀ ਜਿਵੇਂ ਪਹਿਲਿਆਂ ਦਿਨਾਂ ਵਿੱਚ ਸੀ, ਯਹੋਵਾਹ ਦਾ ਵਾਕ ਹੈ।।
27ਪਰ ਤੂੰ, ਹੇ ਯਾਕੂਬ ਮੇਰੇ ਦਾਸ, ਨਾ ਡਰ,
ਹੇ ਇਸਰਾਏਲ, ਨਾ ਘਾਬਰ,
ਕਿਉਂ ਜੋ ਵੇਖ, ਮੈਂ ਤੈਨੂੰ ਦੂਰ ਤੋਂ,
ਅਤੇ ਤੇਰੀ ਨਸਲ ਨੂੰ ਅਸੀਰੀ ਦੇ ਦੇਸ ਤੋਂ
ਬਚਾਵਾਂਗਾ।
ਯਾਕੂਬ ਮੁੜੇਗਾ ਅਤੇ ਅਰਮਾਨ ਅਰ ਚੈਨ ਕਰੇਗਾ,
ਉਹ ਨੂੰ ਕੋਈ ਨਾ ਡਰਾਵੇਗਾ।
28ਹੇ ਯਾਕੂਬ ਮੇਰੇ ਦਾਸ, ਨਾ ਡਰ,
ਯਹੋਵਾਹ ਦਾ ਵਾਕ ਹੈ,
ਮੈਂ ਤੇਰੇ ਨਾਲ ਜੋ ਹਾਂ,
ਮੈਂ ਸਾਰੀਆਂ ਕੌਮਾਂ ਦਾ ਅੰਤ ਕਰ ਦਿਆਂਗਾ,
ਜਿਨ੍ਹਾਂ ਵਿੱਚ ਮੈਂ ਤੈਨੂੰ ਹੱਕ ਦਿੱਤਾ,
ਪਰ ਮੈਂ ਤੇਰਾ ਅੰਤ ਨਾ ਕਰਾਂਗਾ,
ਮੈਂ ਨਰਮਾਈ ਨਾਲ ਤੇਰਾ ਸੁਧਾਰ ਕਰਾਂਗਾ,
ਪਰ ਤੈਨੂੰ ਸਜ਼ਾ ਦਿੱਤੇ ਬਿਨਾ ਨਾ ਛੱਡਾਂਗਾ।।

Highlight

Copy

Compare

Share

None

Want to have your highlights saved across all your devices? Sign up or sign in

Video for ਯਿਰਮਿਯਾਹ 46