YouVersion Logo
Search Icon

ਯਿਰਮਿਯਾਹ 42

42
ਲੋਕ ਯਹੋਵਾਹ ਤੋਂ ਪੁੱਛਦੇ ਹਨ ਪਰ ਮੰਨਦੇ ਨਹੀਂ
1ਤਦ ਫੌਜਾਂ ਦੇ ਸਾਰੇ ਸਰਦਾਰ ਕਾਰੇਅਹ ਦਾ ਪੁੱਤ੍ਰ ਯੋਹਾਨਾਨ ਹੋਸ਼ਆਯਾਹ ਦਾ ਪੁੱਤ੍ਰ ਯਜ਼ਨਯਾਹ ਅਤੇ ਸਭ ਲੋਕ ਛੋਟੇ ਤੋਂ ਵੱਡੇ ਤੀਕ ਨੇੜੇ ਆਏ 2ਅਤੇ ਯਿਰਮਿਯਾਹ ਨਬੀ ਨੂੰ ਆਖਿਆ ਕਿ ਸਾਡੀ ਅਰਦਾਸ ਤੇਰੇ ਸਨਮੁਖ ਅੱਪੜੇ। ਸਾਡੇ ਲਈ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਪ੍ਰਾਰਥਨਾ ਕਰ ਅਤੇ ਏਹਨਾਂ ਸਾਰਿਆਂ ਬਚਿਆਂ ਹੋਇਆਂ ਲਈ ਵੀ, ਕਿਉਂ ਜੋ ਅਸੀਂ ਬਹੁਤਿਆਂ ਵਿੱਚੋਂ ਥੋੜੇ ਜੇਹੇ ਬਚੇ ਹਾਂ ਜਿਵੇਂ ਤੇਰੀਆਂ ਅੱਖਾਂ ਸਾਨੂੰ ਵੇਖਦੀਆਂ ਹਨ 3ਕਿ ਯਹੋਵਾਹ ਤੇਰਾ ਪਰਮੇਸ਼ੁਰ ਸਾਨੂੰ ਉਹ ਰਾਹ ਜਿਹ ਦੇ ਵਿੱਚ ਅਸੀਂ ਚੱਲੀਏ ਅਤੇ ਉਹ ਕੰਮ ਜਿਹੜਾ ਅਸੀਂ ਕਰੀਏ ਦੱਸੇ 4ਤਾਂ ਯਿਰਮਿਯਾਹ ਨਬੀ ਨੇ ਓਹਨਾਂ ਨੂੰ ਆਖਿਆ, ਮੈਂ ਸੁਣ ਲਿਆ ਹੈ। ਵੇਖੋ, ਮੈਂ ਯਹੋਵਾਹ ਤੁਹਾਡੇ ਪਰਮੇਸ਼ੁਰ ਕੋਲ ਤੁਹਾਡੀਆਂ ਗੱਲਾਂ ਅਨੁਸਾਰ ਪ੍ਰਾਰਥਨਾ ਕਰਾਂਗਾ ਅਤੇ ਐਉਂ ਹੋਵੇਗਾ ਕਿ ਉਹ ਸਾਰੀ ਗੱਲ ਜਿਹ ਦਾ ਯਹੋਵਾਹ ਤੁਹਾਨੂੰ ਉੱਤਰ ਦੇਵੇਗਾ ਮੈਂ ਤੁਹਾਨੂੰ ਦੱਸਾਂਗਾ ਅਤੇ ਕੋਈ ਗੱਲ ਤੁਹਾਥੋਂ ਨਾ ਲੁਕਾਵਾਂਗਾ 5ਓਹਨਾਂ ਨੇ ਯਿਰਮਿਯਾਹ ਨੂੰ ਆਖਿਆ, ਯਹੋਵਾਹ ਸਾਡੇ ਵਿੱਚ ਸੱਚਾ ਅਤੇ ਵਫ਼ਾਦਰ ਗਵਾਹ ਹੋਵੇ, ਜੇ ਅਸੀਂ ਓਹ ਸਾਰੀਆਂ ਗੱਲਾਂ ਉਵੇਂ ਹੀ ਨਾ ਕਰੀਏ ਜਿਨ੍ਹਾਂ ਨਾਲ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਸਾਡੇ ਕੋਲ ਘੱਲੇਗਾ 6ਭਾਵੇਂ ਚੰਗਾ ਹੋਵੇ ਭਾਵੇਂ ਬੁਰਾ, ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਸੁਣਾਂਗੇ ਜਿਹ ਦੇ ਕੋਲ ਅਸੀਂ ਤੈਨੂੰ ਘੱਲਦੇ ਹਾਂ ਏਸ ਲਈ ਭਈ ਜਦ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਸੁਣੀਏ ਤਾਂ ਸਾਡੀ ਭਲਿਆਈ ਹੋਵੇ।।
7ਦਸਾਂ ਦਿਨਾਂ ਦੇ ਅੰਤ ਵਿੱਚ ਐਉਂ ਹੋਇਆ ਕਿ ਯਹੋਵਾਹ ਦਾ ਬਚਨ ਯਿਰਮਿਯਾਹ ਕੋਲ ਆਇਆ 8ਤਾਂ ਉਸ ਨੇ ਕਾਰੇਅਹ ਦੇ ਪੁੱਤ੍ਰ ਯੋਹਾਨਾਨ ਨੂੰ ਅਤੇ ਫੌਜਾਂ ਦੇ ਸਾਰੇ ਸਰਦਾਰਾਂ ਨੂੰ ਜਿਹੜੇ ਉਹ ਦੇ ਨਾਲ ਸਨ ਅਤੇ ਸਾਰੇ ਲੋਕਾਂ ਨੂੰ ਛੋਟੇ ਤੋਂ ਵੱਡੇ ਤੀਕ ਸੱਦਿਆ 9ਅਤੇ ਓਹਨਾਂ ਨੂੰ ਆਖਿਆ, ਯਹੋਵਾਹ ਇਸਰਾਏਲ ਦਾ ਪਰਮੇਸ਼ੁਰ, ਜਿਹ ਦੇ ਕੋਲ ਤੁਸੀਂ ਮੈਨੂੰ ਘੱਲਿਆ ਕਿ ਤੁਹਾਡੀ ਅਰਦਾਸ ਉਹ ਦੇ ਅੱਗੇ ਕਰਾਂ, ਐਉਂ ਫ਼ਰਮਾਉਂਦਾ ਹੈ, - 10ਜੇ ਤੁਸੀਂ ਮੁੜ ਏਸ ਦੇਸ ਵਿੱਚ ਵੱਸੋਂ ਤਾਂ ਮੈਂ ਤੁਹਾਨੂੰ ਬਣਾਵਾਂਗਾ ਅਤੇ ਨਾ ਡੇਗਾਂਗਾ, ਤੁਹਾਨੂੰ ਲਾਵਾਂਗਾ ਅਤੇ ਪੁਟਾਂਗਾ ਨਹੀਂ ਕਿਉਂ ਜੋ ਮੈਨੂੰ ਉਸ ਬੁਰਿਆਈ ਤੋਂ ਰੰਜ ਹੋਇਆ ਹੈ ਜੋ ਮੈਂ ਤੁਹਾਡੇ ਨਾਲ ਕੀਤੀ 11ਬਾਬਲ ਦੇ ਪਾਤਸ਼ਾਹ ਤੋਂ ਨਾ ਡਰੋ ਜਿਸ ਤੋਂ ਤੁਸੀਂ ਡਰਦੇ ਹੋ। ਉਸ ਤੋਂ ਨਾ ਡਰੋ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਤੁਹਾਡੇ ਬਚਾਉਣ ਲਈ ਮੈਂ ਤੁਹਾਡੇ ਨਾਲ ਹਾਂ ਅਤੇ ਤੁਹਾਨੂੰ ਉਹ ਦੇ ਹੱਥੋਂ ਛੁਡਾਉਣ ਲਈ ਵੀ 12ਮੈਂ ਤੁਹਾਡੇ ਉੱਤੇ ਰਹਮ ਕਰਾਂਗਾ ਭਈ ਉਹ ਤੁਹਾਡੇ ਉੱਤੇ ਰਹਮ ਕਰੇ ਅਤੇ ਤੁਹਾਨੂੰ ਤੁਹਾਡੀ ਆਪਣੀ ਭੂਮੀ ਵਿੱਚ ਫੇਰ ਮੋੜੇ 13ਪਰ ਜੇ ਤੁਸੀਂ ਆਖੋ ਕਿ ਅਸੀਂ ਏਸ ਦੇਸ ਵਿੱਚ ਨਾ ਵੱਸਾਂਗੇ ਅਤੇ ਸੋ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨੂੰ ਨਾ ਸੁਣੋਗੇ 14ਅਤੇ ਆਖੋ, ਨਹੀਂ ਅਸੀਂ ਤਾਂ ਮਿਸਰ ਦੇ ਦੇਸ ਵਿੱਚ ਜਾਵਾਂਗੇ ਜਿੱਥੇ ਨਾ ਲੜਾਈ ਵੇਖਾਂਗੇ, ਨਾ ਤੁਰ੍ਹੀ ਦੀ ਅਵਾਜ਼ ਸੁਣਾਂਗੇ, ਨਾ ਰੋਟੀ ਦਾ ਕਾਲ ਹੋਵੇਗਾ, ਉੱਥੇ ਅਸੀਂ ਵੱਸਾਂਗੇ 15ਹੁਣ ਹੇ ਯਹੂਦਾਹ ਦੇ ਬਕੀਏ, ਯਹੋਵਾਹ ਦਾ ਬਚਨ ਸੁਣੋ! ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਫ਼ਰਮਾਉਂਦਾ ਹੈ, - ਜੇ ਤੁਸੀਂ ਜ਼ਰੂਰ ਮਿਸਰ ਵਿੱਚ ਜਾਣ ਲਈ ਆਪਣਾ ਰੁਕ ਕਰਦੇ ਹੋ ਅਤੇ ਟਿਕਣ ਲਈ ਉੱਥੇ ਜਾਂਦੇ ਹੋ 16ਤਾਂ ਤਲਵਾਰ ਜਿਸ ਤੋਂ ਤੁਸੀਂ ਡਰਦੇ ਹੋ ਉੱਥੇ ਮਿਸਰ ਦੇਸ ਵਿੱਚ ਤੁਹਾਨੂੰ ਜਾ ਫੜੇਗੀ ਅਤੇ ਕਾਲ ਜਿਸ ਤੋਂ ਤੁਸੀਂ ਤਹਿਕਦੇ ਹੋ ਉਹ ਉੱਥੇ ਤੁਹਾਡੇ ਪਿੱਛੇ ਮਿਸਰ ਵਿੱਚ ਜਾ ਲਵੇਗਾ। ਉੱਥੇ ਤੁਸੀਂ ਮਰ ਜਾਓਗੇ 17ਓਹ ਸਾਰੇ ਮਨੁੱਖ ਜਿਹੜੇ ਮਿਸਰ ਜਾਣ ਦਾ ਰੁਕ ਕਰਦੇ ਹਨ ਭਈ ਉੱਥੇ ਟਿਕਣ, ਤਲਵਾਰ, ਕਾਲ ਅਤੇ ਬਵਾ ਨਾਲ ਮਰਨਗੇ। ਓਹ ਉਸ ਬੁਰਿਆਈ ਤੋਂ ਜਿਹੜੀ ਮੈਂ ਓਹਨਾਂ ਉੱਤੇ ਲਿਆਵਾਂਗਾ ਨਾ ਨੱਠ ਸੱਕਣਗੇ, ਨਾ ਉਸ ਤੋਂ ਛੁੱਟ ਸੱਕਣਗੇ 18ਕਿਉਂ ਜੋ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਫ਼ਰਮਾਉਂਦਾ ਹੈ, - ਜਿਵੇਂ ਮੇਰਾ ਕ੍ਰੋਧ ਅਤੇ ਗੁੱਸਾ ਯਰੂਸ਼ਲਮ ਦੇ ਵਾਸੀਆਂ ਉੱਤੇ ਵਰ੍ਹਾਇਆ ਗਿਆ, - ਤਿਵੇਂ ਮੇਰਾ ਗੁੱਸਾ ਤੁਹਾਡੇ ਉੱਤੇ ਜਦ ਤੁਸੀਂ ਮਿਸਰ ਵਿੱਚ ਜਾਓਗੇ ਵਰ੍ਹਾਇਆ ਜਾਵੇਗਾ ਅਤੇ ਤੁਸੀਂ ਆਨ, ਹੈਰਾਨੀ, ਸਰਾਪ ਅਰ ਉਲਾਹਮੇ ਦਾ ਕਾਰਨ ਹੋਵੋਗੇ ਅਤੇ ਏਸ ਅਸਥਾਨ ਨੂੰ ਫੇਰ ਨਾ ਵੇਖੋਗੇ 19ਹੇ ਯਹੂਦਾਹ ਦੇ ਬਕੀਏ, ਯਹੋਵਾਹ ਦਾ ਬਚਨ ਤੁਹਾਡੇ ਲਈ ਏਹ ਹੈ ਭਈ ਤੁਸੀਂ ਮਿਸਰ ਨੂੰ ਨਾ ਜਾਓ, ਤੁਸੀਂ ਸੱਚ ਮੁੱਚ ਜਾਣ ਲਓ ਕਿ ਮੈਂ ਅਜ ਤੁਹਾਡੇ ਲਈ ਗਵਾਹੀ ਦਿੱਤੀ ਹੈ 20ਕਿਉਂ ਜੋ ਤੁਸਾਂ ਆਪਣੀਆਂ ਜਾਨਾਂ ਨਾਲ ਧੋਖਾ ਕਮਾਇਆ ਹੈ ਜਦੋਂ ਤੁਸਾਂ ਮੈਨੂੰ ਯਹੋਵਾਹ ਆਪਣੇ ਪਰਮੇਸ਼ੁਰ ਕੋਲ ਘੱਲਿਆ ਕਿ “ਸਾਡੇ ਲਈ ਯਹੋਵਾਹ ਸਾਡੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰ ਅਤੇ ਸਭ ਕੁਝ ਜੋ ਯਹੋਵਾਹ ਸਾਡਾ ਪਰਮੇਸ਼ੁਰ ਆਖੇਗਾ ਤਿਵੇਂ ਸਾਨੂੰ ਦੱਸ ਤੇ ਅਸੀਂ ਕਰਾਂਗੇ” 21ਸੋ ਅੱਜ ਦੇ ਦਿਨ ਮੈਂ ਤੁਹਾਨੂੰ ਦੱਸਿਆ ਹੈ ਪਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨੂੰ ਨਹੀਂ ਸੁਣਿਆ, ਨਾ ਕਿਸੇ ਹੋਰ ਗੱਲ ਦੀ ਜਿਹ ਦੇ ਲਈ ਉਹ ਨੇ ਮੈਨੂੰ ਤੁਹਾਡੇ ਕੋਲ ਘੱਲਿਆ 22ਹੁਣ ਸੱਚ ਮੁੱਚ ਜਾਣ ਲਓ ਕਿ ਉਸ ਅਸਥਾਨ ਵਿੱਚ ਜਿੱਥੇ ਤੁਸੀਂ ਜਾਣ ਲਈ ਅਤੇ ਟਿਕਣ ਲਈ ਲੋਚਦੇ ਹੋ ਤੁਸੀਂ ਤਲਵਾਰ, ਕਾਲ ਅਤੇ ਬਵਾ ਨਾਲ ਮਰੋਗੇ!।।

Highlight

Copy

Compare

Share

None

Want to have your highlights saved across all your devices? Sign up or sign in

Video for ਯਿਰਮਿਯਾਹ 42