YouVersion Logo
Search Icon

ਹੋਸ਼ੇਆ 13

13
"ਮੈਥੋਂ ਬਿਨਾ ਕੋਈ ਬਚਾਉਣ ਵਾਲਾ ਨਹੀਂ"
1ਜਦ ਅਫ਼ਰਾਈਮ ਬੋਲਦਾ ਸੀ, ਕਾਂਬਾ ਆ ਪੈਂਦਾ ਸੀ,
ਉਹ ਇਸਰਾਏਲ ਵਿੱਚ ਉੱਚਾ ਕੀਤਾ ਗਿਆ,
ਪਰ ਉਸ ਬਆਲ ਦੇ ਕਾਰਨ ਦੋਸ਼ ਕਮਾਇਆ ਅਤੇ
ਮਰ ਗਿਆ।
2ਹੁਣ ਓਹ ਪਾਪ ਉੱਤੇ ਪਾਪ ਕਰਦੇ ਹਨ,
ਅਤੇ ਆਪਣੇ ਲਈ ਢਾਲੀਆਂ ਹੋਈਆਂ ਮੂਰਤਾਂ
ਆਪਣੀ ਚਾਂਦੀ ਤੋਂ ਬਣਾਉਂਦੇ ਹਨ,
ਆਪਣੀ ਸਮਝ ਦੇ ਅਨੁਸਾਰ ਬੁੱਤ,
ਜਿਹੜੇ ਸਾਰੇ ਦੇ ਸਾਰੇ ਕਾਰੀਗਰਾਂ ਦਾ ਕੰਮ ਹਨ,
ਓਹ ਉਨ੍ਹਾਂ ਦੇ ਵਿਖੇ ਆਖਦੇ ਹਨ,
ਆਦਮੀ ਦੇ ਕੱਟਣ ਵਾਲੇ ਏਹਨਾਂ ਵੱਛਿਆਂ ਨੂੰ
ਚੁੰਮਣ!
3ਏਸ ਲਈ ਓਹ ਸਵੇਰ ਦੇ ਬੱਦਲ ਵਾਂਙੁ ਹੋਣਗੇ,
ਅਤੇ ਤ੍ਰੇਲ ਵਾਂਙੁ ਜਿਹੜੀ ਛੇਤੀ ਉੱਡ ਜਾਂਦੀ ਹੈ,
ਤੂੜੀ ਵਾਂਙੁ ਜਿਹ ਨੂੰ ਵਾਵਰੋਲਾ ਪਿੜ ਵਿੱਚੋਂ ਉਡਾ ਲੈ
ਜਾਂਦਾ ਹੈ,
ਧੂੰਏਂ ਵਾਂਙੁ ਜਿਹੜਾ ਮੋਘ ਵਿੱਚੋਂ ਨਿੱਕਲਦਾ ਹੈ।।
4ਮੈਂ ਮਿਸਰ ਤੋਂ ਯਹੋਵਾਹ ਤੇਰਾ ਪਰਮੇਸ਼ੁਰ ਰਿਹਾ ਹਾਂ,
ਤੂੰ ਮੈਥੋਂ ਛੁੱਟ ਕੋਈ ਪਰਮੇਸ਼ੁਰ ਨਾ ਜਾਣ,
ਅਤੇ ਮੈਥੋਂ ਬਿਨਾ ਕੋਈ ਬਚਾਉਣ ਵਾਲਾ ਨਹੀਂ।
5ਮੈਂ ਤੈਨੂੰ ਉਜਾੜ ਵਿੱਚ,
ਔੜ ਦੀ ਧਰਤੀ ਵਿੱਚ ਜਾਣਿਆ ਸੀ।
6ਓਹ ਆਪਣੀਆਂ ਚਰਾਂਦਾਂ ਦੇ ਵਿਤ ਅਨੁਸਾਰ
ਰੱਜ ਗਏ,
ਓਹ ਰੱਜ ਗਏ ਅਤੇ ਓਹਨਾਂ ਦਾ ਦਿਲ ਉੱਚਾ ਹੋ ਗਿਆ,
ਏਸ ਲਈ ਓਹ ਮੈਨੂੰ ਭੁੱਲ ਗਏ।
7ਸੋ ਮੈਂ ਓਹਨਾਂ ਲਈ ਬਬਰ ਸ਼ੇਰ ਵਰਗਾ ਹੋਵਾਂਗਾ,
ਮੈਂ ਚਿੱਤੇ ਵਾਂਙੁ ਰਾਹ ਉੱਤੇ ਘਾਤ ਵਿੱਚ ਬੈਠਾਂਗਾ,
8ਮੈਂ ਰਿੱਛਣੀ ਵਾਂਙੁ ਜਿਹ ਦੇ ਬੱਚੇ ਖੋਹ ਗਏ ਹੋਣ
ਓਹਨਾਂ ਦੇ ਦਿਲ ਦਾ ਪੜਦਾ ਪਾੜ ਸੁੱਟਾਂਗਾ,
ਮੈਂ ਸ਼ੇਰਨੀ ਵਾਂਙੁ ਉੱਥੇ ਓਹਨਾਂ ਨੂੰ ਖਾ ਜਾਵਾਂਗਾ,
ਰੜ ਦੇ ਦਰਿੰਦੇ ਓਹਨਾਂ ਨੂੰ ਨੋਚ ਲੈਣਗੇ।।
9ਹੇ ਇਸਰਾਏਲ, ਏਹ ਤੇਰੀ ਬਰਬਾਦੀ ਹੈ
ਕਿ ਤੂੰ ਮੇਰੇ ਵਿਰੁੱਧ ਹੋਇਆ, ਆਪਣੇ ਸਹਾਇਕ ਦੇ
ਵਿਰੁੱਧ।
10ਹੁਣ ਤੇਰਾ ਪਾਤਸ਼ਾਹ ਕਿੱਥੇ ਹੈ,
ਭਈ ਉਹ ਤੈਨੂੰ ਤੇਰੇ ਸਾਰੇ ਸ਼ਹਿਰਾਂ ਵਿੱਚ ਬਚਾਵੇ?
ਅਤੇ ਤੇਰੇ ਨਿਆਈ, ਜਿਨ੍ਹਾਂ ਦੇ ਵਿਖੇ ਤੈਂ ਆਖਿਆ,
ਮੈਨੂੰ ਪਾਤਸ਼ਾਹ ਅਤੇ ਸਰਦਾਰ ਦੇਹ?
11ਮੈਂ ਤੈਨੂੰ ਆਪਣੇ ਕ੍ਰੋਧ ਵਿੱਚ ਪਾਤਸ਼ਾਹ ਦਿੱਤਾ,
ਅਤੇ ਆਪਣੇ ਕਹਿਰ ਵਿੱਚ ਉਹ ਨੂੰ ਲੈ ਲਿਆ।
12ਅਫ਼ਰਾਈਮ ਦੀ ਬਦੀ ਬੰਨ੍ਹੀ ਹੋਈ ਹੈ,
ਉਹ ਦਾ ਪਾਪ ਰੱਖਿਆ ਹੋਇਆ ਹੈ।
13ਜਣਨ ਦੀਆਂ ਪੀੜਾਂ ਉਹ ਦੇ ਉੱਤੇ ਆ ਪਈਆਂ ਹਨ,
ਉਹ ਬੁੱਧਹੀਣ ਪੁੱਤ੍ਰ ਹੈ,
ਕਿਉਂ ਜੋ ਉਹ ਵੇਲੇ ਸਿਰ ਕੁੱਖ ਦੇ ਮੂੰਹ ਅੱਗੇ ਨਹੀਂ
ਆਉਂਦਾ।।
14ਕੀ ਮੈਂ ਪਤਾਲ ਦੇ ਕਾਬੂ ਤੋਂ ਓਹਨਾਂ ਦੇ ਛੁਟਕਾਰੇ ਦਾ
ਮੁੱਲ ਭਰਾਂਗਾ?
ਕੀ ਮੈਂ ਮੌਤ ਤੋਂ ਓਹਨਾਂ ਦਾ ਨਿਸਤਾਰਾ ਦਿਆਂਗਾ?
ਹੇ ਮੌਤ, ਤੇਰੀਆਂ ਬਵਾਂ ਕਿੱਥੇ ਹਨ?
ਹੇ ਪਤਾਲ, ਤੇਰੀ ਤਬਾਹੀ ਕਿੱਥੇ ਹੈ?
ਤਰਸ ਮੇਰੀਆਂ ਅੱਖਾਂ ਤੋਂ ਲੁਕਿਆ ਰਹੇਗਾ!।।
15ਭਾਵੇਂ ਉਹ ਆਪਣੇ ਭਰਾਵਾਂ ਵਿੱਚ ਫਲਦਾਰ ਹੋਵੇ,
ਤਾਂ ਵੀ ਪੂਰਬੀ ਹਵਾ,
ਹਾਂ, ਯਹੋਵਾਹ ਦੀ ਪੌਣ ਉਜਾੜ ਤੋਂ ਆਵੇਗੀ,
ਤਾਂ ਉਹ ਦਾ ਸੋਤਾ ਸੁੱਕ ਜਾਵੇਗਾ,
ਅਤੇ ਉਹ ਦਾ ਚਸ਼ਮਾ ਖੁਸ਼ਕ ਹੋ ਜਾਵੇਗਾ,
ਉਹ ਉਸ ਦੇ ਖ਼ਜਾਨੇ ਤੋਂ ਸਾਰੇ ਸੋਹਣੇ ਭਾਂਡੇ ਲੁੱਟ
ਲਵੇਗੀ।
16ਸਾਮਰਿਯਾ ਆਪਣੇ ਦੋਸ਼ ਚੁੱਕੇਗਾ,
ਕਿਉਂ ਜੋ ਉਹ ਆਪਣੇ ਪਰਮੇਸ਼ੁਰ ਤੋਂ ਆਕੀ ਹੋ
ਗਿਆ ਹੈ,
ਓਹ ਤਲਵਾਰ ਨਾਲ ਡਿੱਗਣਗੇ,
ਓਹਨਾਂ ਦੇ ਨਿਆਣੇ ਪਟਕਾ ਦਿੱਤੇ ਜਾਣਗੇ,
ਅਤੇ ਓਹਨਾਂ ਦੀਆਂ ਗਰਭਵੰਤੀਆਂ ਚੀਰੀਆਂ
ਜਾਣਗੀਆਂ!।।

Highlight

Copy

Compare

Share

None

Want to have your highlights saved across all your devices? Sign up or sign in

Videos for ਹੋਸ਼ੇਆ 13