YouVersion Logo
Search Icon

ਹਿਜ਼ਕੀਏਲ 18

18
ਜਿਹੜੀ ਜਾਨ ਪਾਪ ਕਰਦੀ ਹੈ ਉਹੀ ਮਰੇਗੀ
1ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ 2ਤੁਸੀਂ ਇਸਰਾਏਲ ਦੀ ਭੂਮੀ ਦੇ ਵਿਰੁੱਧ ਕਿਉਂ ਇਹ ਅਖੌਤ ਆਖਦੇ ਹੋ ਕਿ ਪੇਵਾਂ ਨੇ ਖੱਟੇ ਅੰਗੂਰ ਖਾਧੇ ਅਤੇ ਬੱਚਿਆਂ ਦੇ ਦੰਦ ਦੁਖਣ ਲੱਗ ਪਏ? 3ਪ੍ਰਭੁ ਯਹੋਵਾਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸੌਂਹ, ਤੁਸੀਂ ਫੇਰ ਇਸਰਾਏਲ ਵਿੱਚ ਇਹ ਅਖੌਤ ਨਹੀਂ ਆਖੋਗੇ 4ਵੇਖੋ, ਸਾਰੀਆਂ ਜਾਨਾਂ ਮੇਰੀਆਂ ਹਨ। ਜੇਹੀ ਪਿਉ ਦੀ ਜਾਨ, ਵੈਸੀ ਹੀ ਪੁੱਤ੍ਰ ਦੀ ਜਾਨ ਵੀ ਮੇਰੀ ਹੈ। ਜਿਹੜੀ ਜਾਨ ਪਾਪ ਕਰਦੀ ਹੈ ਉਹੀ ਮਰੇਗੀ।।
5ਪਰ ਜਿਹੜਾ ਮਨੁੱਖ ਧਰਮੀ ਹੈ ਉਹ ਦੇ ਕੰਮ ਨਿਆਉਂ ਅਤੇ ਧਰਮ ਦੇ ਹਨ 6ਜਿਨ੍ਹੇ ਪਰਬਤਾਂ ਉੱਤੇ ਨਹੀਂ ਖਾਧਾ, ਨਾ ਇਸਰਾਏਲ ਦੇ ਘਰਾਣੇ ਦੀਆਂ ਮੂਰਤੀਆਂ ਵੱਲ ਅੱਖ ਚੁੱਕੀ, ਨਾ ਆਪਣੇ ਗੁਆਂਢੀ ਦੀ ਤੀਵੀਂ ਨੂੰ ਭ੍ਰਿਸ਼ਟ ਕੀਤਾ, ਨਾ ਰਿਤਵੰਤੀ ਤੀਵੀਂ ਦੇ ਨੇੜੇ ਗਿਆ, 7ਨਾ ਕਿਸੇ ਨੂੰ ਦੁਖੀ ਕੀਤਾ ਅਤੇ ਕਰਜਾਈ ਦੀ ਗਿਰਵੀ ਰੱਖੀ ਹੋਈ ਚੀਜ਼ ਮੋੜ ਦਿੱਤੀ ਅਤੇ ਜਬਰ ਕਰ ਕੇ ਕੁਝ ਖੋਹ ਨਹੀਂ ਲਿਆ ਪਰ ਭੁੱਖਿਆਂ ਨੂੰ ਆਪਣੀ ਰੋਟੀ ਖੁਆਈ ਅਤੇ ਨੰਗਿਆਂ ਨੂੰ ਲੀੜੇ ਪਵਾਏ 8ਵਿਆਜ਼ ਉੱਤੇ ਲੈਣ ਦੇਣ ਨਹੀਂ ਕੀਤਾ, ਨਾ ਵਿਆਜ਼ ਲਿਆ, ਅਤੇ ਆਪਣਾ ਹੱਥ ਬਦੀ ਤੋਂ ਮੋੜਿਆ ਅਤੇ ਆਦਮੀ ਤੇ ਆਦਮੀ ਵਿੱਚ ਸੱਚਾ ਨਿਆਉਂ ਕੀਤਾ 9ਮੇਰੀਆਂ ਬਿਧੀਆਂ ਤੇ ਤੁਰਿਆ ਅਤੇ ਮੇਰੇ ਹੁਕਮਾਂ ਦੀ ਪਾਲਨਾ ਕੀਤੀ ਤਾਂ ਜੋ ਸਚਾਈ ਨਾਲ ਕੰਮ ਚਲਾਵੇ, ਉਹ ਧਰਮੀ ਹੈ, ਪ੍ਰਭੁ ਯਹੋਵਾਹ ਦਾ ਵਾਕ ਹੈ, ਉਹ ਨਿਸਚੇ ਜੀਉਂਦਾ ਰਹੇਗਾ 10ਪਰ ਜੇ ਕਰ ਉਸ ਦੇ ਘਰ ਪੁੱਤ੍ਰ ਜੰਮੇ ਜਿਹੜਾ ਲੁਟੇਰਾ ਹੋਵੇ, ਖੂਨ ਕਰੇ ਅਤੇ ਇਨ੍ਹਾਂ ਕੰਮਾਂ ਵਿੱਚੋਂ ਕੋਈ ਇੱਕ ਕੰਮ ਕਰੇ 11ਅਤੇ ਇਨ੍ਹਾਂ ਕੰਮਾਂ ਨੂੰ ਪੂਰਾ ਨਾ ਕਰੇ ਸਗੋਂ ਪਰਬਤਾਂ ਉੱਤੇ ਖਾਵੇ ਅਤੇ ਆਪਣੇ ਗੁਆਂਢੀ ਦੀ ਤੀਵੀਂ ਨੂੰ ਭ੍ਰਿਸ਼ਟ ਕਰੇ, 12ਮਿਸਕੀਨ ਤੇ ਕੰਗਾਲ ਉੱਤੇ ਜਬਰ ਕਰੇ, ਜ਼ੁਲਮ ਕਰ ਕੇ ਖੋਹ ਲਵੇ, ਗਿਰਵੀ ਗਹਿਣੇ ਪਾਈ ਹੋਈ ਚੀਜ਼ ਮੋੜ ਕੇ ਨਾ ਦੇਵੇ, ਮੂਰਤੀਆਂ ਵੱਲ ਆਪਣੀਆਂ ਅੱਖਾਂ ਚੁੱਕੇ ਅਤੇ ਘਿਣਾਉਣਾ ਕੰਮ ਕਰੇ 13ਵਿਆਜ ਉੱਤੇ ਲੈਣ ਦੇਣ ਕਰੇ ਅਤੇ ਵਿਆਜ ਲਵੇ, ਤਾਂ ਕੀ ਉਹ ਜੀਉਂਦਾ ਰਹੇਗਾ? ਉਹ ਕਦੀ ਜੀਉਂਦਾ ਨਹੀਂ ਰਹੇਗਾ, ਉਸ ਨੇ ਇਹ ਸਾਰੇ ਘਿਣਾਉਣੇ ਕੰਮ ਕੀਤੇ, ਉਹ ਨਿਸਚੇ ਮਰੇਗਾ, ਉਹ ਦਾ ਖੂਨ ਉਹ ਦੇ ਉੱਤੇ ਹੋਵੇਗਾ 14ਵੇਖੋ, ਜੇ ਕਰ ਉਸ ਦੇ ਘਰ ਅਜੇਹਾ ਪੁੱਤ੍ਰ ਜੰਮੇ ਜਿਹੜਾ ਆਪਣੇ ਪਿਉ ਦੇ ਸਾਰੇ ਪਾਪ ਵੇਖੇ ਜਿਹੜੇ ਉਸ ਕੀਤੇ ਅਤੇ ਭੈ ਖਾ ਕੇ ਓਹ ਜਿਹੇ ਕੰਮ ਨਾ ਕਰੇ 15ਅਤੇ ਪਰਬਤਾਂ ਉੱਤੇ ਨਾ ਖਾਵੇ ਅਤੇ ਇਸਰਾਏਲ ਦੇ ਘਰਾਣੇ ਦੀਆਂ ਮੂਰਤੀਆਂ ਵੱਲ ਆਪਣੀਆਂ ਅੱਖਾਂ ਨਾ ਚੁੱਕੇ, ਅਤੇ ਆਪਣੇ ਗੁਆਂਢੀ ਦੀ ਤੀਵੀਂ ਨੂੰ ਭ੍ਰਿਸ਼ਟ ਨਾ ਕਰੇ 16ਅਤੇ ਕਿਸੇ ਉੱਤੇ ਜ਼ੁਲਮ ਨਾ ਕਰੇ, ਗਿਰਵੀ ਨਾ ਰੱਖੇ, ਜਬਰ ਕਰ ਕੇ ਕੁਝ ਖੋਹ ਨਾ ਲਵੇ, ਪਰ ਭੁੱਖੇ ਨੂੰ ਆਪਣੀ ਰੋਟੀ ਖੁਵਾਵੇ ਅਤੇ ਨੰਗੇ ਨੂੰ ਕੱਪੜੇ ਪਵਾਵੇ 17ਕੰਗਾਲ ਵੱਲੋਂ ਆਪਣਾ ਹੱਥ ਮੋੜ ਲਵੇ, ਵਿਆਜ ਤੇ ਵਾਧਾ ਨਾ ਲਵੇ, ਪਰ ਮੇਰੇ ਹੁਕਮਾਂ ਨੂੰ ਪੂਰਾ ਕਰੇ ਅਤੇ ਮੇਰੀਆਂ ਬਿਧੀਆਂ ਵਿੱਚ ਤੁਰੇ, ਉਹ ਆਪਣੇ ਪਿਉ ਦੀ ਬਦੀ ਲਈ ਨਹੀਂ ਮਰੇਗਾ, ਉਹ ਨਿਸਚੇ ਜੀਉਂਦਾ ਰਹੇਗਾ 18ਪਰੰਤੂ ਉਸ ਦਾ ਪਿਉ ਕਿਉਂ ਜੋ ਉਸ ਨੇ ਬੇਤਰਸੀ ਨਾਲ ਜ਼ੁਲਮ ਕੀਤੇ, ਆਪਣੇ ਭਰਾਵਾਂ ਨੂੰ ਜ਼ਲੁਮ ਨਾਲ ਲੁੱਟਿਆ ਅਤੇ ਆਪਣੇ ਲੋਕਾਂ ਦੇ ਵਿਚਕਾਰ ਕੁਕਰਮ ਕੀਤੇ, ਇਸ ਲਈ ਉਹ ਆਪਣੀ ਬਦੀ ਦੇ ਕਾਰਨ ਮਰੇਗਾ 19ਤਾਂ ਵੀ ਤੁਸੀਂ ਆਖਦੇ ਹੋ ਕਿ ਪੁੱਤ੍ਰ ਪਿਉ ਦੀ ਬਦੀ ਕਿਉਂ ਨਹੀਂ ਚੁੱਕਦਾ? ਜਦੋਂ ਪੁੱਤ੍ਰ ਨੇ ਨਿਆਉਂ ਤੇ ਧਰਮ ਕੀਤਾ ਅਤੇ ਮੇਰੀਆਂ ਸਾਰੀਆਂ ਬਿਧੀਆਂ ਦੀ ਪਾਲਨਾ ਕੀਤੀ ਅਤੇ ਉਨ੍ਹਾਂ ਤੇ ਅਮਲ ਕੀਤਾ ਤਾਂ ਉਹ ਨਿਸਚੇ ਜੀਉਂਦਾ ਰਹੇਗਾ 20ਜਿਹੜੀ ਜਾਨ ਪਾਪ ਕਰਦੀ ਹੈ, ਉਹੀ ਮਰੇਗੀ। ਪੁੱਤ੍ਰ ਪਿਉ ਦੀ ਬਦੀ ਨਾ ਚੁੱਕੇਗਾ, ਨਾ ਪਿਉ ਪੁੱਤ੍ਰ ਦੀ ਬਦੀ ਚੁੱਕੇਗਾ। ਧਰਮੀ ਦਾ ਧਰਮ ਉਹ ਦੇ ਲਈ ਹੋਵੇਗਾ ਅਤੇ ਦੁਸ਼ਟੀ ਦਾ ਦੁਸ਼ਟ ਉਹ ਦੇ ਉੱਤੇ।।
21ਪਰੰਤੂ ਜੇ ਕਰ ਦੁਸ਼ਟ ਆਪਣੇ ਸਾਰੇ ਪਾਪਾਂ ਤੋਂ ਜੋ ਉਸ ਕੀਤੇ ਹਨ ਮੁੜੇ ਅਤੇ ਮੇਰੀਆਂ ਸਾਰੀਆਂ ਬਿਧੀਆਂ ਦੀ ਪਾਲਨਾ ਕਰੇ ਅਤੇ ਨਿਆਉਂ ਅਰ ਧਰਮ ਤੇ ਅਮਲ ਕਰੇ ਤਾਂ ਉਹ ਨਿਸਚੇ ਜੀਉਂਦਾ ਰਹੇਗਾ, ਉਹ ਨਾ ਮਰੇਗਾ 22ਓਹ ਸਾਰੇ ਅਪਰਾਧ ਜੋ ਉਸ ਨੇ ਕੀਤੇ ਹਨ ਉਹ ਦੇ ਲਈ ਚੇਤੇ ਨਾ ਕੀਤੇ ਜਾਣਗੇ। ਉਹ ਆਪਣੇ ਧਰਮ ਵਿੱਚ ਜਿਹੜਾ ਉਸ ਕੀਤਾ ਜੀਂਉਂਦਾ ਰਹੇਗਾ 23ਪ੍ਰਭੁ ਯਹੋਵਾਹ ਦਾ ਵਾਕ ਹੈ, ਕੀ ਮੈਨੂੰ ਦੁਸ਼ਟ ਦੀ ਮੌਤ ਵਿੱਚ ਕੋਈ ਖੁਸ਼ੀ ਹੈ, ਅਤੇ ਏਸ ਵਿੱਚ ਨਹੀਂ ਕਿ ਉਹ ਆਪਣੇ ਮਾਰਗ ਤੋਂ ਮੁੜੇ ਅਤੇ ਜੀਉਂਦਾ ਰਹੇ?।।
24ਪਰ ਜਦੋਂ ਧਰਮੀ ਆਪਣੇ ਧਰਮ ਤੋਂ ਮੁੜੇ ਅਤੇ ਬਦੀ ਕਰੇ ਅਤੇ ਉਹ ਸਾਰੇ ਘਿਣਾਉਣੇ ਕੰਮ ਕਰੇ ਜੋ ਦੁਸ਼ਟ ਕਰਦਾ ਹੈ, ਤਾਂ ਕੀ ਉਹ ਜੀਉਂਦਾ ਰਹੇਗਾ? ਉਸ ਦਾ ਸਾਰਾ ਧਰਮ ਜੋ ਉਸ ਕੀਤਾ ਚੇਤੇ ਨਾ ਕੀਤਾ ਜਾਵੇਗਾ। ਉਹ ਆਪਣੀ ਬੇਈਮਾਨੀ ਵਿੱਚ ਜੋ ਉਸ ਬੇਈਮਾਨੀ ਨਾਲ ਕੀਤੀ ਅਤੇ ਆਪਣੇ ਪਾਪ ਵਿੱਚ ਜੋ ਉਸ ਪਾਪ ਨਾਲ ਕੀਤਾ, ਉਹ ਦੇ ਵਿੱਚ ਉਹ ਮਰੇਗਾ।। 25ਤਾਂ ਵੀ ਤੁਸੀਂ ਆਖਦੇ ਹੋ ਕਿ ਪ੍ਰਭੁ ਯਹੋਵਾਹ ਦਾ ਮਾਰਗ ਠੀਕ ਨਹੀਂ ਹੈ। ਹੇ ਇਸਰਾਏਲ ਦੇ ਘਰਾਣੇ, ਸੁਣੋ! ਕੀ ਮੇਰਾ ਮਾਰਗ ਠੀਕ ਨਹੀਂ ਹੈ? ਕੀ ਏਹ ਨਹੀਂ ਕਿ ਤੁਹਾਡੇ ਮਾਰਗ ਠੀਕ ਨਹੀਂ ਹਨ? 26ਜਦੋਂ ਧਰਮੀ ਆਪਣੇ ਧਰਮ ਤੋਂ ਮੁੜੇ ਅਤੇ ਬਦੀ ਕਰੇ ਅਤੇ ਉਸ ਵਿੱਚ ਮਰੇ ਤਾਂ ਉਹ ਆਪਣੀ ਬਦੀ ਵਿੱਚ ਜੋ ਉਸ ਕੀਤੀ ਮਰੇਗਾ 27ਅਤੇ ਜੇ ਕਰ ਦੁਸ਼ਟ ਆਪਣੀ ਦੁਸ਼ਟਤਾਈ ਤੋਂ ਜਿਹੜੀ ਉਸ ਕੀਤੀ ਹੈ ਮੁੜੇ ਅਤੇ ਉਹ ਕੰਮ ਕਰੇ ਜੋ ਨਿਆਉਂ ਤੇ ਧਰਮ ਦਾ ਹੈ ਤਾਂ ਉਹ ਆਪਣੀ ਜਾਨ ਜੀਉਂਦੀ ਰੱਖੇਗਾ 28ਏਸ ਲਈ ਕਿ ਉਸ ਨੇ ਸੋਚਿਆ ਅਤੇ ਆਪਣਿਆਂ ਸਾਰਿਆਂ ਅਪਰਾਧਾਂ ਤੋਂ ਜੋ ਉਹ ਕਰਦਾ ਸੀ ਮੁੜਿਆ, ਉਹ ਨਿਸਚੇ ਜੀਉਂਦਾ ਰਹੇਗਾ, ਉਹ ਨਾ ਮਰੇਗਾ 29ਤਾਂ ਵੀ ਇਸਰਾਏਲ ਦਾ ਘਰਾਣਾ ਆਖਦਾ ਹੈ, ਪ੍ਰਭੁ ਦਾ ਮਾਰਗ ਠੀਕ ਨਹੀਂ। ਹੇ ਇਸਰਾਏਲ ਦੇ ਘਰਾਣੇ, ਕੀ ਮੇਰਾ ਮਾਰਗ ਠੀਕ ਨਹੀਂ ਹਨ? ਕੀ ਏਹ ਨਹੀਂ ਕੀ ਤੁਹਾਡੇ ਮਾਰਗ ਠੀਕ ਨਹੀਂ ਹਨ 30ਸੋ ਪ੍ਰਭੁ ਯਹੋਵਾਹ ਦਾ ਵਾਕ ਹੈ, ਹੇ ਇਸਰਾਏਲ ਦੇ ਘਰਾਣੇ, ਮੈਂ ਹਰ ਇੱਕ ਮਨੁੱਖ ਦਾ ਉਸ ਦੇ ਮਾਰਗ ਦੇ ਅਨੁਸਾਰ ਤੁਹਾਡਾ ਨਿਆਉਂ ਕਰਾਂਗਾ। ਤੁਸੀਂ ਮੁੜੋ ਅਤੇ ਆਪਣੇ ਸਾਰੇ ਅਪਰਾਧਾਂ ਵੱਲੋਂ ਮੁੜ ਆਓ ਤਾਂ ਜੋ ਤੁਹਾਡੀ ਬਦੀ ਤੁਹਾਡੀ ਠੋਕਰ ਦਾ ਕਾਰਨ ਨਾ ਹੋਵੇ 31ਉਨ੍ਹਾਂ ਸਾਰੇ ਅਪਰਾਧਾਂ ਨੂੰ ਜਿਨ੍ਹਾਂ ਵਿੱਚ ਤੁਸੀਂ ਅਪਰਾਧੀ ਬਣੇ ਆਪਣੇ ਤੋਂ ਦੂਰ ਕਰੋ, ਅਤੇ ਆਪਣੇ ਲਈ ਨਵਾਂ ਦਿਲ ਤੇ ਨਵੀਂ ਆਤਮਾ ਬਣਾਓ। ਹੇ ਇਸਰਾਏਲ ਦੇ ਘਰਾਣੇ, ਤੁਸੀਂ ਕਿਉਂ ਮਰੋਗੇ? 32ਕਿਉਂ ਜੋ ਪ੍ਰਭੁ ਯਹੋਵਾਹ ਦਾ ਵਾਕ ਹੈ, ਮੈਨੂੰ ਮਰਨ ਵਾਲੇ ਦੀ ਮੌਤ ਦੋਂ ਖ਼ੁਸ਼ੀ ਨਹੀਂ, ਇਸ ਲਈ ਮੁੜੋ ਤੇ ਜੀਉਂਦੇ ਰਹੋ।।

Highlight

Copy

Compare

Share

None

Want to have your highlights saved across all your devices? Sign up or sign in