ਅਸਤਰ 9
9
ਯਹੂਦੀਆਂ ਦੇ ਵੈਰੀਆਂ ਦਾ ਨਾਸ ਅਤੇ ਪੂਰੀਮ ਦਾ ਪਰਬ
1ਹੁਣ ਬਾਰਵੇਂ ਮਹੀਨੇ ਅਰਥਾਤ ਅਦਾਰ ਮਹੀਨੇ ਦੀ ਤੇਰ੍ਹਵੀਂ ਤਾਰੀਖ ਨੂੰ ਜਦ ਪਾਤਸ਼ਾਹ ਦੀ ਗੱਲ ਅਤੇ ਹੁਕਮ ਉੱਤੇ ਕੰਮ ਕਰਨ ਦਾ ਵੇਲਾ ਨੇੜੇ ਆਇਆ ਤਾਂ ਯਹੂਦੀਆਂ ਦੇ ਵੈਰੀਆਂ ਨੂੰ ਆਸ਼ਾ ਸੀ ਭਈ ਓਹ ਓਹਨਾਂ ਉੱਤੇ ਜ਼ੋਰ ਪਾ ਲੈਣਗੇ ਪਰ ਹੋਇਆ ਇਸ ਦੇ ਉਲਟ ਭਈ ਯਹੂਦੀਆਂ ਨੇ ਆਪਣੇ ਤੋਂ ਘਿਣ ਕਰਨ ਵਾਲਿਆਂ ਉੱਤੇ ਜ਼ੋਰ ਪਾ ਲਿਆ! 2ਤਾਂ ਅਹਸ਼ਵੇਰੋਸ਼ ਪਾਤਸ਼ਾਹ ਦੇ ਸਾਰੇ ਸੂਬਿਆਂ ਦੇ ਯਹੂਦੀ ਆਪੋ ਆਪਣਿਆਂ ਸ਼ਹਿਰਾਂ ਵਿੱਚ ਇੱਕਠੇ ਹੋਏ ਤਾਂ ਜੋ ਉਨ੍ਹਾਂ ਉੱਥੇ ਜਿਹੜੇ ਓਹਨਾਂ ਦੀ ਬੁਰਿਆਈ ਭਾਲਿਆ ਕਰਦੇ ਸਨ ਹੱਥ ਚਲਾਉਣ ਅਤੇ ਕੋਈ ਮਨੁੱਖ ਉਹਨਾਂ ਦੇ ਅੱਗੇ ਖਲੋ ਨਾ ਸੱਕਿਆ ਕਿਉਂਕਿ ਉਹਨਾਂ ਦਾ ਭੈ ਸਾਰੀਆਂ ਉੱਮਤਾਂ ਉੱਤੇ ਛਾ ਗਿਆ ਸੀ 3ਅਤੇ ਸੂਬਿਆਂ ਦੇ ਸਾਰੇ ਸਰਦਾਰਾਂ ਅਰ ਮਨਸਬਦਾਰਾਂ ਅਰ ਨੈਬ- ਮਨਸਬਦਾਰਾਂ ਅਤੇ ਪਾਤਸ਼ਾਹ ਦੇ ਕਰਿੰਦਿਆਂ ਨੇ ਯਹੂਦੀਆਂ ਦੀ ਸਹਾਇਤਾ ਕੀਤੀ ਕਿਉਂ ਜੋ ਮਾਰਦਕਈ ਦਾ ਭੈ ਉਨ੍ਹਾਂ ਉੱਤੇ ਛਾ ਗਿਆ ਸੀ 4ਮਾਰਦਕਈ ਸ਼ਾਹੀ ਮਹਿਲ ਵਿੱਚ ਵੱਡਾ ਸੀ ਅਤੇ ਉਹ ਸਾਰਿਆਂ ਸੂਬਿਆਂ ਵਿੱਚ ਉੱਘਾ ਹੋ ਗਿਆ ਸੀ ਅਤੇ ਇਹ ਮਨੁੱਖ ਮਾਰਦਕਈ ਤਾਂ ਵੱਧਦਾ ਹੀ ਚਲਿਆ ਗਿਆ 5ਅਤੇ ਯਹੂਦੀਆਂ ਨੇ ਆਪਣੇ ਸਾਰੇ ਵੈਰੀਆਂ ਨੂੰ ਤਲਵਾਰ ਦੀ ਹੁੱਜ ਨਾਲ ਘਾਇਲ ਕਰ ਕੇ ਵੱਢ ਸੁੱਟਿਆ ਅਰ ਮਿਟਾ ਦਿੱਤਾ ਅਤੇ ਆਪਣੇ ਤੋਂ ਘਿਣ ਕਰਨ ਵਾਲਿਆਂ ਨਾਲ ਉਹ ਕੁੱਝ ਕੀਤਾ ਜੋ ਓਹ ਕਰਨਾ ਚਾਹੁੰਦੇ ਸਨ 6ਸ਼ੂਸ਼ਨ ਦੇ ਮਹਿਲ ਵਿੱਚ ਯਹੂਦੀਆਂ ਨੇ ਪੰਜ ਸੌ ਮਨੁੱਖਾਂ ਨੂੰ ਵੱਢ ਕੇ ਮਿਟਾ ਦਿੱਤਾ 7ਅਰ ਪਰਸ਼ਨਦਾਥਾ, ਦਿਲਫੋਨ, ਅਸਪਾਥਾ, 8ਪੋਰਾਥਾ, ਅਦਲਯਾ, ਅਰੀਦਾਥਾ, 9ਪਰਮਸ਼ਤਾ, ਅਰੀਸਈ, ਅਰੀਦਈ, ਅਤੇ ਵੀਜ਼ਾਥਾ 10ਅਰਥਾਤ ਹਮਦਾਥਾ ਦੇ ਪੁੱਤ੍ਰ ਹਾਮਾਨ ਦੇ ਇਹ ਦਸੇ ਪੁੱਤ੍ਰ ਜਿਹੜੇ ਯਹੂਦੀਆਂ ਦੇ ਦੂਤੀ ਦੁਸ਼ਮਣ ਸਨ ਵੱਢ ਦਿੱਤੇ ਪਰ ਲੁੱਟ ਦੇ ਮਾਲ ਨੂੰ ਓਹਨਾਂ ਨੇ ਹੱਥ ਨਾ ਪਾਇਆ 11ਉਸ ਦਿਨ ਜਿਹੜੇ ਸ਼ੂਸ਼ਨ ਦੇ ਮਹਿਲ ਵਿੱਚ ਵੱਢੇ ਗਏ ਉਨ੍ਹਾਂ ਦੀ ਗਿਣਤੀ ਪਾਤਸ਼ਾਹ ਦੇ ਸਨਮੁਖ ਲਿਆਂਦੀ ਗਈ 12ਤਾਂ ਪਾਤਸ਼ਾਹ ਨੇ ਅਸਤਰ ਮਲਕਾ ਨੂੰ ਆਖਿਆ ਕਿ ਸ਼ੂਸ਼ਨ ਦੇ ਮਹਿਲ ਵਿੱਚ ਯਹੂਦੀਆਂ ਨੇ ਪੰਜ ਸੌ ਮਨੁੱਖ ਵੱਢਕੇ ਮਿਟਾ ਦਿੱਤੇ ਹਨ ਅਰ ਹਾਮਾਨ ਦੇ ਦਸੇ ਪੁੱਤ੍ਰ ਵੀ ਤਾਂ ਪਾਤਸ਼ਾਹ ਦੇ ਬਾਕੀ ਸੂਬਿਆਂ ਵਿੱਚ ਕੀ ਕੁਝ ਨਾ ਕੀਤਾ ਹੋਵੇਗਾ! ਤੇਰੀ ਕੀ ਅਰਜ਼ ਹੈ? ਉਹ ਤੈਨੂੰ ਦਿੱਤੀ ਜਾਏਗੀ ਅਤੇ ਤੇਰੀ ਕੀ ਭਾਉਣੀ ਹੈ? ਉਹ ਪੂਰੀ ਕੀਤੀ ਜਾਵੇਗੀ 13ਤਦ ਅਸਤਰ ਨੇ ਆਖਿਆ, ਜੇ ਕਰ ਪਾਤਸ਼ਾਹ ਨੂੰ ਚੰਗਾ ਲੱਗੇ ਤਾਂ ਯਹੂਦੀਆਂ ਨੂੰ ਜਿਹੜੇ ਸ਼ੂਸ਼ਨ ਵਿੱਚ ਹਨ ਅੱਜ ਦੇ ਹੁਕਮ ਵਾਂਙੁ ਓਹਨਾਂ ਦੇ ਕਰਨ ਲਈ ਕਲ ਦਾ ਦਿਨ ਵੀ ਦਿੱਤਾ ਜਾਵੇ ਅਰ ਹਾਮਾਨ ਦੇ ਦਸੇ ਪੁੱਤ੍ਰ ਸੂਲੀ ਉੱਤੇ ਟੰਗੇ ਦਿੱਤੇ ਜਾਣ! 14ਤਾਂ ਪਾਤਸ਼ਾਹ ਨੇ ਹੁਕਮ ਦਿੱਤਾ ਕਿ ਇੱਦਾਂ ਹੀ ਕੀਤਾ ਜਾਵੇ ਅਰ ਇਹ ਹੁਕਮ ਸ਼ੂਸ਼ਨ ਵਿੱਚ ਦਿੱਤਾ ਗਿਆ ਅਰ ਹਾਮਾਨ ਦੇ ਦਸੇ ਪੁੱਤ੍ਰ ਸੂਲੀ ਉੱਤੇ ਟੰਗ ਦਿੱਤੇ ਗਏ 15ਅਤੇ ਓਹ ਯਹੂਦੀ ਜਿਹੜੇ ਸ਼ੂਸ਼ਨ ਵਿੱਚ ਸਨ ਅਦਾਰ ਮਹੀਨੇ ਦੀ ਚੌਧਵੀਂ ਤਾਰੀਖ ਨੂੰ ਇਕੱਠੇ ਹੋਏ ਅਤੇ ਓਹਨਾਂ ਨੇ ਸ਼ੂਸ਼ਨ ਵਿੱਚ ਤਿੰਨ ਸੌ ਮਨੁੱਖ ਵੱਢ ਸੁੱਟੇ ਪਰ ਲੁੱਟ ਦੇ ਮਾਲ ਨੂੰ ਹੱਥ ਨਾ ਪਾਇਆ 16ਅਤੇ ਬਾਕੀ ਯਹੂਦੀ ਜਿਹੜੇ ਪਾਤਸ਼ਾਹ ਦੇ ਸੂਬਿਆਂ ਵਿੱਚ ਸਨ ਜਾਨਾਂ ਬਚਾਉਣ ਲਈ ਇਕੱਠੇ ਹੋ ਕੇ ਅੜ ਗਏ ਅਤੇ ਆਪਣੇ ਵੈਰੀਆਂ ਤੋਂ ਅਰਾਮ ਪਾਇਆ ਅਤੇ ਆਪਣੇ ਘਿਣ ਕਰਨ ਵਾਲਿਆਂ ਵਿੱਚੋਂ ਪੰਝੱਤਰ ਹਜ਼ਾਰ ਨੂੰ ਵੱਢ ਸੁੱਟਿਆ ਪਰ ਲੁੱਟ ਦੇ ਮਾਲ ਨੂੰ ਹੱਥ ਨਾ ਪਾਇਆ।।
17ਅਦਾਰ ਮਹੀਨੇ ਦੀ ਤੇਰ੍ਹਵੀਂ ਅਰ ਚੌਧਵੀਂ ਤਾਰੀਖ ਨੂੰ ਓਹਨਾਂ ਨੇ ਅਰਾਮ ਕੀਤਾ ਅਤੇ ਉਸੇ ਦਿਨ ਨੂੰ ਓਹਨਾਂ ਨੇ ਦਾਉਤ ਅਤੇ ਅਨੰਦ ਕਰਨ ਦਾ ਦਿਨ ਠਹਿਰਾਇਆ 18ਪਰ ਓਹ ਯਹੂਦੀ ਜਿਹੜੇ ਸ਼ੂਸ਼ਨ ਵਿੱਚ ਸਨ ਉਸ ਦੀ ਤੇਰ੍ਹਵੀਂ ਅਤੇ ਚੌਧਵੀਂ ਤਾਰੀਖ ਨੂੰ ਇਕੱਠੇ ਹੋਏ ਅਤੇ ਉਸ ਦੀ ਪੰਦਰਵੀਂ ਤਾਰੀਖ ਨੂੰ ਅਰਾਮ ਕੀਤਾ ਅਤੇ ਉਸ ਦਿਨ ਨੂੰ ਦਾਉਤ ਅਤੇ ਅਨੰਦ ਦਾ ਦਿਨ ਠਹਿਰਾਇਆ 19ਇਸ ਲਈ ਪਿੰਡਾਂ ਦਿਆਂ ਯਹੂਦੀਆਂ ਨੇ ਜਿਹੜੇ ਬਿਨ ਸਫੀਲੇ ਪਿੰਡਾਂ ਵਿੱਚ ਰਹਿੰਦੇ ਸਨ ਅਤੇ ਅਦਾਰ ਮਹੀਨੇ ਦੀ ਚੌਧਵੀਂ ਤਾਰੀਖ ਨੂੰ ਅਨੰਦ ਅਰ ਦਾਉਤ ਦਾ ਦਿਨ ਨਾਲੇ ਇੱਕ ਸ਼ੁਭ ਦਿਨ ਇੱਕ ਦੂਜੇ ਨੂੰ ਛਾਂਦਾ ਘੱਲਣ ਲਈ ਮਨਾਇਆ 20ਮਾਰਦਕਈ ਨੇ ਇਨ੍ਹਾਂ ਗੱਲਾਂ ਨੂੰ ਲਿਖਿਆ ਅਤੇ ਸਾਰੇ ਯਹੂਦੀਆਂ ਨੂੰ ਜਿਹੜੇ ਅਹਸ਼ਵੇਰੋਸ਼ ਪਾਤਸ਼ਾਹ ਦੇ ਸਾਰੇ ਸੂਬਿਆਂ ਵਿੱਚ ਸਨ ਕੀ ਨੇੜੇ ਦੇ ਕੀ ਦੂਰ ਦੇ ਪੱਤਰ ਘੱਲੇ 21ਤਾਂ ਜੋ ਓਹਨਾਂ ਵਿੱਚ ਏਹ ਕਾਇਮ ਕਰੇ ਕਿ ਉਹ ਅਦਾਰ ਮਹੀਨੇ ਦੀ ਚੌਧਵੀਂ ਅਰ ਪੰਦਰਵੀਂ ਤਾਰੀਖ ਨੂੰ ਵਰ੍ਹੇ ਦੇ ਵਰ੍ਹੇ ਮਨਾਉਣ 22ਕਿਉਂ ਜੋ ਏਹ ਓਹ ਦਿਨ ਸਨ ਜਿਨ੍ਹਾਂ ਵਿੱਚ ਯਹੂਦੀਆਂ ਨੂੰ ਆਪਣਿਆਂ ਵੈਰੀਆਂ ਤੋਂ ਅਰਾਮ ਮਿਲਿਆ ਅਰ ਇਹ ਮਹੀਨਾ ਓਹਨਾਂ ਲਈ ਗਮ ਤੋਂ ਖੁਸ਼ੀ ਵਿੱਚ ਅਰ ਰੋਣ ਪਿੱਟਨ ਤੋਂ ਇੱਕ ਸ਼ੁਭ ਦਿਨ ਵਿੱਚ ਬਦਲ ਗਿਆ ਤਾਂ ਜੋ ਉਹ ਏਸ ਨੂੰ ਦਾਉਤ ਦਾ ਦਿਨ ਅਰ ਅਨੰਦ ਦਾ ਦਿਨ ਅਤੇ ਇੱਕ ਦੂਜੇ ਨੂੰ ਛਾਂਦਾ ਘੱਲਣ ਦਾ ਦਿਨ ਅਤੇ ਗਰੀਬਾਂ ਨੂੰ ਇਨਾਮ ਦੇਣ ਦਾ ਦਿਨ ਬਣਾਉਣ 23ਅਤੇ ਯਹੂਦੀਆਂ ਨੇ ਜਿਵੇਂ ਸ਼ੁਰੂ ਕੀਤਾ ਸੀ ਅਤੇ ਮਾਰਦਕਈ ਨੇ ਜਿਵੇਂ ਓਹਨਾਂ ਨੂੰ ਲਿਖਿਆ ਸੀ ਤਿਵੇਂ ਹੀ ਓਹਨਾਂ ਨੇ ਕਬੂਲ ਕਰ ਲਿਆ 24ਕਿਉਂਕਿ ਅਗਾਗੀ ਹਮਦਾਥਾ ਦੇ ਪੁੱਤ੍ਰ ਹਾਮਾਨ ਸਾਰੇ ਯਹੂਦੀਆਂ ਦੇ ਦੂਤੀ ਦੁਸ਼ਮਣ ਨੇ ਯਹੂਦੀਆਂ ਦੇ ਵਿਰੁੱਧ ਓਹਨਾਂ ਨੂੰ ਨਾਸ਼ ਕਰਨ ਦੀ ਗੋਸ਼ਟ ਕੀਤੀ ਸੀ ਅਰ ਉਸ ਦੇ ਲਈ ਪੁਰ ਅਰਥਾਤ ਗੁਣੇ ਸੁੱਟੇ ਸਨ ਤਾਂ ਜੋ ਉਹਨਾਂ ਨੂੰ ਦੁਖ ਦੇਵੇ ਅਤੇ ਓਹਨਾਂ ਨੂੰ ਮਿਟਾ ਦੇਵੇ 25ਜਦ ਇਹ ਮਾਮਲਾ ਪਾਤਸ਼ਾਹ ਦੇ ਸਾਹਮਣੇ ਆਇਆ ਤਾਂ ਉਸ ਨੇ ਪੱਤਰਾਂ ਦੇ ਰਾਹੀਂ ਹੁਕਮ ਦਿੱਤਾ ਕਿ ਉਸ ਬੁਰੇ ਮਤੇ ਨੂੰ ਜਿਹੜਾ ਉਸ ਯਹੂਦੀਆਂ ਦੇ ਵਿੱਰੁਧ ਕੀਤਾ ਉਲਟਾ ਉਸ ਦੇ ਹੀ ਸਿਰ ਉੱਤੇ ਪਵੇ ਅਤੇ ਉਹ ਅਰ ਉਸ ਦੇ ਪੁੱਤ੍ਰ ਸੂਲੀ ਉੱਤੇ ਟੰਗੇ ਜਾਣ।।
26ਇਸੇ ਕਰਕੇ ਓਹਨਾਂ ਨੇ ਪੂਰਾ ਦੇ ਨਾਉਂ ਦੇ ਪਿੱਛੋਂ ਇਨ੍ਹਾਂ ਦਿਨਾਂ ਨੂੰ ਪੂਰੀਮ ਆਖਿਆ। ਏਸ ਪੱਤਰ ਦੇ ਸਾਰੇ ਬਚਨਾਂ ਦੇ ਕਾਰਨ ਅਰ ਓਹ ਸੱਭੋ ਕੁੱਝ ਜੋ ਏਸ ਗੱਲ ਦੇ ਬਾਰੇ ਵਿੱਚ ਓਹਨਾਂ ਡਿੱਠਾ ਅਰ ਜੋ ਕੁੱਝ ਓਹਨਾਂ ਨਾਲ ਬੀਤਿਆ 27ਯਹੂਦੀਆਂ ਨੇ ਆਪਣੇ ਉੱਤੇ ਅਤੇ ਆਪਣੀ ਨਸਲ ਉੱਤੇ ਅਰ ਉਨ੍ਹਾਂ ਸਾਰਿਆਂ ਉੱਤੇ ਜਿਹੜੇ ਓਹਨਾਂ ਦੇ ਨਾਲ ਮਿਲ ਗਏ ਕਾਇਮ ਕਰ ਕੇ ਕਬੂਲ ਕਰ ਲਿਆ ਭਈ ਇਹ ਅਟਲ ਹੋ ਜਾਵੇ ਕਿ ਓਹ ਏਹਨਾਂ ਦੋਹਾਂ ਦਿਨਾਂ ਨੂੰ ਆਪਣੀ ਲਿਖਤ ਦੇ ਅਨੁਸਾਰ ਮੁਕੱਕਰ ਕੀਤੇ ਹੋਏ ਸਮੇਂ ਉੱਤੇ ਵਰ੍ਹੇ ਦੇ ਵਰ੍ਹੇ ਮਨਾਉਣਗੇ 28ਅਤੇ ਇਹ ਦਿਨ ਪੀੜ੍ਹੀਓਂ ਪੀੜ੍ਹੀ ਹਰ ਟੱਬਰ, ਹਰ ਸੂਬਾ ਅਰ ਹਰ ਨਗਰ ਵਿੱਚ ਯਾਦ ਰੱਖ ਕੇ ਮਨਾਏ ਜਾਣ ਅਰ ਪੂਰੀਮ ਦੇ ਏਹ ਦਿਨ ਯਹੂਦੀਆਂ ਵਿੱਚੋਂ ਕਦੀ ਵੀ ਨਾ ਮੁਕਣ ਅਤੇ ਨਾ ਹੀ ਉਨ੍ਹਾਂ ਦੀ ਯਾਦ ਓਹਨਾਂ ਦੀ ਨਸਲ ਵਿੱਚੋਂ ਜਾਂਦੀ ਰਹੇ।।
29ਤਾਂ ਅਬੀਹਯਿਲ ਦੀ ਧੀ ਅਸਤਰ ਮਲਕਾ ਅਤੇ ਮਾਰਦਕਈ ਯਹੂਦੀ ਨੇ ਸਾਰੇ ਇਖ਼ਤਿਆਰ ਨਾਲ ਪੂਰੀਮ ਦੇ ਏਸ ਦੂਜੇ ਪੱਤਰ ਨੂੰ ਪੱਕਿਆਂ ਕਰਨ ਲਈ ਲਿਖਿਆ 30ਅਰ ਉਸ ਨੇ ਸਾਰੇ ਯਹੂਦੀਆਂ ਨੂੰ ਜਿਹੜੇ ਅਹਸ਼ਵੇਰੋਸ਼ ਦੀ ਪਾਤਸ਼ਾਹੀ ਦੇ ਇੱਕ ਸੌ ਸਤਾਈ ਸੂਬਿਆਂ ਵਿੱਚ ਸਨ ਪੱਤਰ ਲਿਖ ਘੱਲੇ ਜਿਨ੍ਹਾਂ ਵਿੱਚ ਸ਼ਾਂਤੀ ਅਰ ਸਚਿਆਈ ਦੀਆਂ ਗੱਲਾਂ ਸਨ 31ਤਾਂ ਜੋ ਪੂਰੀਮ ਦੇ ਏਹਨਾਂ ਦਿਨਾਂ ਨੂੰ ਏਨ੍ਹਾਂ ਦੇ ਠਹਿਰਾਏ ਹੋਏ ਸਮਿਆਂ ਅਨੁਸਾਰ ਜਿਨ੍ਹਾਂ ਦਾ ਮਾਰਦਕਈ ਯਹੂਦੀ ਅਰ ਅਸਤਰ ਮਲਕਾ ਨੇ ਹੁਕਮ ਦਿੱਤਾ ਸੀ ਅਤੇ ਜਿਵੇਂ ਓਹਨਾਂ ਨੇ ਆਪਣੇ ਲਈ ਤੇ ਆਪਣੀ ਨਸਲ ਲਈ ਵਰਤ ਰੱਖਣ ਅਤੇ ਦੁਹਾਈ ਦੇਣ ਨੂੰ ਠਹਿਰਾਇਆ ਹੋਇਆ ਸੀ ਪੱਕਾ ਕਰ ਕੇ ਕਾਇਮ ਕਰਨ 32ਅਸਤਰ ਦੇ ਹੁਕਮ ਨਾਲ ਪੂਰੀਮ ਦੀਆਂ ਏਹ ਗੱਲਾਂ ਪੱਕੀਆਂ ਕੀਤੀਆਂ ਗਈਆਂ ਅਤੇ ਪੋਥੀ ਵਿੱਚ ਲਿਖੀਆਂ ਹੋਈਆਂ।।
Currently Selected:
ਅਸਤਰ 9: PUNOVBSI
Highlight
Copy
Compare
Share
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.