YouVersion Logo
Search Icon

ਬਿਵਸਥਾਸਾਰ 9

9
ਬੁੱਤ ਪੂਜਾ ਉੱਤੇ ਯਹੋਵਾਹ ਦਾ ਕ੍ਰੋਧ
1ਹੇ ਇਸਰਾਏਲ, ਸੁਣੋ, ਤੁਸਾਂ ਅੱਜ ਯਰਦਨ ਤੋਂ ਪਾਰ ਲੰਘਣਾ ਹੈ ਤਾਂ ਤੁਸੀਂ ਅੰਦਰ ਜਾ ਕੇ ਉਨ੍ਹਾਂ ਕੌਮਾਂ ਉੱਤੇ ਕਬਜ਼ਾ ਕਰੋ ਜਿਹੜੀਆਂ ਤੁਹਾਥੋਂ ਵੱਡੀਆਂ ਅਤੇ ਬਲਵੰਤ ਹਨ ਅਤੇ ਸ਼ਹਿਰ ਜਿਹੜੇ ਵੱਡੇ ਅਤੇ ਉਨ੍ਹਾਂ ਦੀਆਂ ਕੰਧਾਂ ਅਕਾਸ਼ ਤੀਕ ਹਨ 2ਉਹ ਉੱਮਤ ਵੱਡੀ ਅਤੇ ਉਚੇਰੀ ਹੈ, ਅਨਾਕੀ ਜਿੰਨ੍ਹਾਂ ਨੂੰ ਤੁਸੀਂ ਜਾਣਦੇ ਹੋ ਅਤੇ ਜਿੰਨ੍ਹਾਂ ਵਿਖੇ ਤੁਸੀਂ ਸੁਣਿਆ ਹੈ ਕਿ ਅਨਾਕੀਆਂ ਅੱਗੇ ਕੌਣ ਖੜੋ ਸੱਕਦਾ ਹੈ? 3ਤੁਸੀਂ ਅੱਜ ਜਾਣ ਲਓ ਭਈ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਅੱਗੇ ਅੱਗੇ ਭਸਮ ਵਾਲੀ ਅੱਗ ਵਾਂਙੁ ਲੰਘਣ ਵਾਲਾ ਹੈ। ਉਹ ਓਹਨਾਂ ਦਾ ਨਾਸ ਕਰੇਗਾ ਅਤੇ ਓਹਨਾਂ ਨੂੰ ਤੁਹਾਡੇ ਅੱਗੇ ਨੀਵਾਂ ਕਰੇਗਾ ਅਤੇ ਤੁਸੀਂ ਓਹਨਾਂ ਨੂੰ ਕੱਢ ਦਿਓਗੇ ਅਤੇ ਝੱਟ ਪੱਟ ਓਹਨਾਂ ਦਾ ਨਾਸ ਕਰ ਦਿਓਗੇ ਜਿਵੇਂ ਯਹੋਵਾਹ ਤੁਹਾਨੂੰ ਬੋਲਿਆ ਸੀ 4ਤੁਸੀਂ ਆਪਣੇ ਮਨ ਵਿੱਚ ਨਾ ਆਖੋ ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਓਹਨਾਂ ਨੂੰ ਤੁਹਾਡੇ ਅੱਗੋਂ ਕੱਢ ਦੇਵੇ ਕਿ ਸਾਡੇ ਧਰਮ ਦੇ ਕਾਰਨ ਯਹੋਵਾਹ ਸਾਨੂੰ ਏਸ ਧਰਤੀ ਉੱਤੇ ਕਬਜ਼ਾ ਕਰਨ ਲਈ ਅੰਦਰ ਲਿਆਇਆ ਹੈ। ਨਹੀਂ, ਸਗੋਂ ਓਹਨਾਂ ਕੌਮਾਂ ਦੀ ਬੁਰਿਆਈ ਦੇ ਕਾਰਨ ਯਹੋਵਾਹ ਓਹਨਾਂ ਨੂੰ ਤੁਹਾਡੇ ਅੱਗੋਂ ਕੱਢ ਰਿਹਾ ਹੈ 5ਨਾ ਤਾਂ ਤੁਸੀਂ ਆਪਣੇ ਧਰਮ ਦੇ ਕਾਰਨ, ਨਾ ਹੀ ਆਪਣੇ ਮਨ ਦੀ ਸਿਧਿਆਈ ਦੇ ਕਾਰਨ ਇਨ੍ਹਾਂ ਦੀ ਧਰਤੀ ਉੱਤੇ ਕਬਜ਼ਾ ਕਰਨ ਲਈ ਅੰਦਰ ਜਾਂਦੇ ਹੋ ਸਗੋਂ ਇਨ੍ਹਾਂ ਕੌਮਾਂ ਦੀ ਬੁਰਿਆਈ ਦੇ ਕਾਰਨ ਯਹੋਵਾਹ ਤੁਹਾਡਾ ਪਰਮੇਸ਼ੁਰ ਇਨ੍ਹਾਂ ਨੂੰ ਤੁਹਾਡੇ ਅੱਗੋਂ ਕੱਢਦਾ ਹੈ ਅਤੇ ਏਸ ਲਈ ਵੀ ਕਿ ਉਹ ਉਸ ਬਚਨ ਨੂੰ ਕਾਇਮ ਰੱਖੇ ਜਿਹੜਾ ਯਹੋਵਾਹ ਨੇ ਤੁਹਾਡੇ ਪਿਉ ਦਾਦਿਆਂ ਅਬਰਾਹਮ, ਇਸਹਾਕ ਅਤੇ ਯਾਕੂਬ ਨਾਲ ਸੌਂਹ ਖਾ ਕੇ ਕੀਤਾ ਸੀ 6ਤੁਸੀਂ ਜਾਣ ਲਓ ਭਈ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਧਰਮ ਦੇ ਕਾਰਨ ਏਹ ਚੰਗੀ ਧਰਤੀ ਤੁਹਾਨੂੰ ਕਬਜ਼ਾ ਕਰਨ ਲਈ ਨਹੀਂ ਦਿੰਦਾ ਕਿਉਂ ਜੋ ਤੁਸੀਂ ਹਾਠੇ ਲੋਕ ਹੋ।।
7ਚੇਤੇ ਰੱਖੋ ਅਤੇ ਵਿੱਸਰ ਨਾ ਜਾਓ ਕਿ ਤੁਸਾਂ ਕਿਵੇਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਉਜਾੜ ਵਿੱਚ ਗੁੱਸੇ ਕੀਤਾ। ਜਿਸ ਦਿਨ ਤੋਂ ਤੁਸੀਂ ਮਿਸਰ ਦੇਸ ਤੋਂ ਨਿੱਕਲੇ ਉਸ ਦਿਨ ਤੀਕ ਕਿ ਤੁਸੀਂ ਏਸ ਅਸਥਾਨ ਤੀਕ ਆਏ ਤੁਸੀਂ ਯਹੋਵਾਹ ਦੇ ਵਿਰੁੱਧ ਆਕੀ ਰਹੋ 8ਅਤੇ ਹੋਰੇਬ ਵਿੱਚ ਵੀ ਤੁਸਾਂ ਯਹੋਵਾਹ ਨੂੰ ਗੁੱਸੇ ਕੀਤਾ ਅਤੇ ਯਹੋਵਾਹ ਤੁਹਾਡਾ ਨਾਸ ਕਰਨ ਲਈ ਕ੍ਰੋਧਵਾਨ ਹੋਇਆ 9ਜਦ ਮੈਂ ਪਹਾੜ ਉੱਤੇ ਪੱਥਰ ਦੀਆਂ ਪੱਟੀਆਂ ਲੈਣ ਨੂੰ ਚੜ੍ਹਿਆ ਅਰਥਾਤ ਉਸ ਨੇਮ ਦੀਆਂ ਪੱਟੀਆਂ ਜਿਹੜਾ ਯਹੋਵਾਹ ਨੇ ਤੁਹਾਡੇ ਨਾਲ ਬੰਨ੍ਹਿਆ ਸੀ ਤਦ ਮੈਂ ਪਹਾੜ ਉੱਤੇ ਚਾਲੀ ਦਿਨ ਅਤੇ ਚਾਲੀ ਰਾਤਾਂ ਰਿਹਾ। ਮੈਂ ਨਾ ਰੋਟੀ ਖਾਧੀ ਨਾ ਪਾਣੀ ਪੀਤਾ 10ਤਾਂ ਯਹੋਵਾਹ ਨੇ ਮੈਨੂੰ ਦੋਨੋਂ ਪੱਥਰ ਦੀਆਂ ਪੱਟੀਆਂ ਦਿੱਤੀਆਂ ਜਿਹੜੀਆਂ ਪਰਮੇਸ਼ੁਰ ਦੇ ਹੱਥੀਂ ਲਿਖੀਆਂ ਹੋਈਆਂ ਸਨ ਅਤੇ ਓਹਨਾਂ ਉੱਤੇ ਸਾਰੀਆਂ ਬਾਣੀਆਂ ਅਨੁਸਾਰ ਲਿਖਿਆ ਹੋਇਆ ਸੀ ਜਿਹੜੀਆਂ ਯਹੋਵਾਹ ਨੇ ਤੁਹਾਡੇ ਨਾਲ ਪਹਾੜ ਉੱਤੇ ਅੱਗ ਦੇ ਵਿੱਚ ਦੀ ਸਭਾ ਦੇ ਦਿਨ ਕੀਤੀਆਂ 11ਤਾਂ ਐਉਂ ਹੋਇਆ ਕਿ ਚਾਲੀਆਂ ਦਿਨਾਂ ਅਤੇ ਚਾਲੀਆਂ ਰਾਤਾਂ ਦੇ ਅੰਤ ਵਿੱਚ ਯਹੋਵਾਹ ਨੇ ਓਹ ਦੋਵੇਂ ਪੱਥਰ ਦੀਆਂ ਪੱਟੀਆਂ ਅਰਥਾਤ ਨੇਮ ਦੀਆਂ ਪੱਟੀਆਂ ਮੈਨੂੰ ਦਿੱਤੀਆਂ 12ਤਾਂ ਯਹੋਵਾਹ ਨੇ ਮੈਨੂੰ ਆਖਿਆ, ਉੱਠ ਅਤੇ ਛੇਤੀ ਨਾਲ ਏਥੋਂ ਉਤਰ ਜਾਹ ਕਿਉਂ ਜੋ ਤੇਰੇ ਲੋਕ ਜਿੰਨ੍ਹਾਂ ਨੂੰ ਮਿਸਰ ਤੋਂ ਕੱਢ ਲਿਆਇਆ ਹੈਂ ਆਪਣੇ ਆਪ ਨੂੰ ਭ੍ਰਿਸ਼ਟ ਕਰ ਬੈਠੇ ਹਨ। ਓਹ ਛੇਤੀ ਨਾਲ ਉਸ ਰਾਹ ਤੋਂ ਮੁੜ ਗਏ ਹਨ ਜਿਹ ਦਾ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਸੀ। ਉਨ੍ਹਾਂ ਨੇ ਇੱਕ ਢਾਲੀ ਹੋਈ ਮੂਰਤ ਆਪਣੇ ਲਈ ਬਣਾ ਲਈ ਹੈ 13ਨਾਲੇ ਯਹੋਵਾਹ ਨੇ ਮੈਨੂੰ ਆਖਿਆ ਕਿ ਮੈਂ ਏਸ ਪਰਜਾ ਨੂੰ ਡਿੱਠਾ ਅਤੇ ਵੇਖ, ਉਹ ਇੱਕ ਹਾਠੀ ਪਰਜਾ ਹੈ 14ਮੈਨੂੰ ਛੱਡ ਕਿ ਮੈਂ ਉਨ੍ਹਾਂ ਦਾ ਨਾਸ ਕਰਾਂ ਅਤੇ ਉਨ੍ਹਾਂ ਦਾ ਨਾਉਂ ਅਕਾਸ਼ ਦੇ ਹੇਠੋਂ ਮਿਟਾ ਦਿਆਂ ਅਤੇ ਮੈਂ ਤੈਥੋਂ ਇੱਕ ਕੌਮ ਉਨ੍ਹਾਂ ਤੋਂ ਬਲਵੰਤ ਅਤੇ ਵੱਡੀ ਬਣਾਵਾਂਗਾ।।
15ਤਾਂ ਮੈਂ ਪਹਾੜ ਤੋਂ ਹੇਠਾਂ ਨੂੰ ਮੁੜ ਆਇਆ ਅਤੇ ਉਹ ਪਹਾੜ ਅੱਗ ਨਾਲ ਬਲ ਰਿਹਾ ਸੀ ਅਤੇ ਨੇਮ ਦੀਆਂ ਦੋਨੋਂ ਪੱਟੀਆਂ ਮੇਰੇ ਦੋਹਾਂ ਹੱਥਾਂ ਵਿੱਚ ਸਨ 16ਤਾਂ ਮੈਂ ਡਿੱਠਾ ਅਤੇ ਵੇਖੋ, ਤੁਸਾਂ ਯਹੋਵਾਹ ਆਪਣੇ ਪਰਮੇਸ਼ੁਰ ਅੱਗੇ ਪਾਪ ਕੀਤਾ ਜੋ ਤੁਸਾਂ ਆਪਣੇ ਲਈ ਇੱਕ ਵੱਛਾ ਢਾਲ ਕੇ ਬਣਾ ਲਿਆ। ਤੁਸੀਂ ਛੇਤੀ ਨਾਲ ਉਸ ਮਾਰਗ ਤੋਂ ਮੁੜ ਪਏ ਜਿਹ ਦਾ ਯਹੋਵਾਹ ਨੇ ਹੁਕਮ ਦਿੱਤਾ ਸੀ 17ਮੈਂ ਓਹ ਦੋਨੋਂ ਪੱਟੀਆਂ ਫੜ ਕੇ ਆਪਣੇ ਦੋਹਾਂ ਹੱਥਾਂ ਤੋਂ ਸੁੱਟ ਦਿੱਤੀਆਂ ਅਤੇ ਮੈਂ ਤੁਹਾਡੇ ਵੇਖਦਿਆਂ ਤੇ ਓਹਨਾਂ ਨੂੰ ਭੰਨ ਸੁੱਟਿਆ 18ਤਾਂ ਮੈਂ ਅੱਗੇ ਵਾਂਙੁ ਯਹੋਵਾਹ ਦੇ ਅੱਗੇ ਚਾਲੀ ਦਿਨ ਅਤੇ ਚਾਲੀ ਰਾਤਾਂ ਪਿਆ ਰਿਹਾ। ਨਾ ਮੈਂ ਰੋਟੀ ਖਾਧੀ ਨਾ ਮੈਂ ਪਾਣੀ ਪੀਤਾ ਤੁਹਾਡੇ ਸਾਰੇ ਪਾਪਾਂ ਦੇ ਕਾਰਨ ਜਿਹੜੇ ਤੁਸਾਂ ਕੀਤੇ ਜਦ ਤੁਸਾਂ ਯਹੋਵਾਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ ਅਤੇ ਸੋ ਉਸ ਨੂੰ ਗੁੱਸਾ ਚੜ੍ਹਾਇਆ 19ਮੈਂ ਤਾਂ ਉਸ ਦੇ ਗੁੱਸੇ ਅਤੇ ਗਰਮ ਹੋਣ ਦੇ ਕਾਰਨ ਡਰਿਆ ਕਿਉਂ ਜੋ ਯਹੋਵਾਹ ਤੁਹਾਡੇ ਵਿਰੁੱਧ ਅਜੇਹਾ ਗੁੱਸਾ ਹੋਇਆ ਕਿ ਉਹ ਤੁਹਾਡਾ ਨਾਸ਼ ਕਰਨ ਵਾਲਾ ਹੀ ਸੀ। ਤਾਂ ਯਹੋਵਾਹ ਨੇ ਉਸ ਵੇਲੇ ਵੀ ਮੇਰੀ ਸੁਣ ਲਈ ਸੀ 20ਫੇਰ ਯਹੋਵਾਹ ਹਾਰੂਨ ਉੱਤੇ ਬਹੁਤ ਗੁੱਸੇ ਹੋਇਆ ਭਈ ਉਹ ਨੂੰ ਨਾਸ ਕਰ ਦੇਵੇਂ ਤਾਂ ਮੈਂ ਉਸ ਵੇਲੇ ਹਾਰੂਨ ਲਈ ਵੀ ਬੇਨਤੀ ਕੀਤੀ 21ਮੈਂ ਤੁਹਾਡੇ ਪਾਪ ਨੂੰ ਅਰਥਾਤਉਸ ਵੱਛੇ ਨੂੰ ਜਿਹੜਾ ਤੁਸਾਂ ਬਣਾਇਆ ਸੀ ਲੈ ਕੇ ਅੱਗ ਵਿੱਚ ਸਾੜ ਸੁੱਟਿਆ ਅਤੇ ਮੈਂ ਉਸ ਨੂੰ ਕੁੱਟ ਕੇ ਅਤੇ ਪੀਹ ਕੇ ਐੱਨਾ ਮਹੀਨ ਕਰ ਦਿੱਤਾ ਕਿ ਉਹ ਗਰਦ ਜਿਹਾ ਹੋ ਗਿਆ ਤਾਂ ਮੈਂ ਉਸ ਗਰਦ ਨੂੰ ਚੁੱਕ ਕੇ ਉਸ ਨਾਲੇ ਵਿੱਚ ਸੁੱਟ ਦਿੱਤਾ ਜਿਹੜਾ ਪਹਾੜ ਤੋਂ ਹੇਠਾਂ ਨੂੰ ਆਉਂਦਾ ਸੀ 22ਤਬਏਰਾਹ ਮੱਸਾਹ ਅਤੇ ਕਿਬਰੋਥ-ਹੱਤਆਵਾਹ ਵਿੱਚ ਤੁਸਾਂ ਯਹੋਵਾਹ ਨੂੰ ਗੁੱਸਾ ਚੜ੍ਹਾਇਆ 23ਜਦ ਯਹੋਵਾਹ ਨੇ ਤੁਹਾਨੂੰ ਕਾਦੇਸ਼-ਬਰਨੇਆ ਤੋਂ ਘੱਲਿਆ ਅਤੇ ਆਖਿਆ, ਚੜ੍ਹ ਕੇ ਉਸ ਧਰਤੀ ਉੱਤੇ ਕਬਜ਼ਾ ਕਰ ਲਾਓ ਜਿਹੜੀ ਮੈਂ ਤੁਹਾਨੂੰ ਦਿੱਤੀ ਹੈ ਤਾਂ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮ ਤੋਂ ਆਕੀ ਹੋ ਗਏ ਅਤੇ ਉਸ ਉੱਤੇ ਪਰਤੀਤ ਨਾ ਕੀਤੀ ਨਾ ਉਸ ਦੀ ਅਵਾਜ਼ ਨੂੰ ਸੁਣਿਆ 24ਜਿਸ ਦਿਨ ਤੋਂ ਮੈਂ ਤੁਹਾਨੂੰ ਜਾਤਾ ਤੁਸੀਂ ਯਹੋਵਾਹ ਦੇ ਵਿੱਰੁਧ ਆਕੀ ਰਹੇ ਹੋ।। 25ਤਾਂ ਮੈਂ ਚਾਲੀ ਦਿਨ ਅਤੇ ਚਾਲੀ ਰਾਤਾਂ ਯਹੋਵਾਹ ਦੇ ਅੱਗੇ ਮੂੰਹ ਪਰਨੇ ਡਿੱਗ ਕੇ ਪਿਆ ਰਿਹਾ ਜਿਵੇਂ ਅੱਗੇ ਪਿਆ ਰਿਹਾ ਸਾਂ ਕਿਉਂ ਜੋ ਯਹੋਵਾਹ ਨੇ ਤੁਹਾਨੂੰ ਨਾਸ ਕਰਨ ਲਈ ਆਖਿਆ ਸੀ 26ਤਾਂ ਮੈਂ ਯਹੋਵਾਹ ਕੋਲ ਬੇਨਤੀ ਕੀਤੀ ਕਿ ਹੇ ਪ੍ਰਭੁ ਯਹੋਵਾਹ, ਆਪਣੀ ਪਰਜਾ ਨੂੰ ਆਪਣੀ ਮਿਲਖ ਨੂੰ ਨਾਸ ਨਾ ਕਰ ਜਿਹ ਦਾ ਤੈਂ ਆਪਣੀ ਮਹਾਨਤਾ ਨਾਲ ਨਿਸਤਾਰਾ ਕੀਤਾ ਹੈ ਅਤੇ ਜਿਸ ਨੂੰ ਤੂੰ ਬਲਵੰਤ ਹੱਥ ਨਾਲ ਮਿਸਰ ਤੋਂ ਬਾਹਰ ਲੈ ਕਿ ਆਇਆ ਹੈਂ 27ਆਪਣੇ ਦਾਸਾਂ ਨੂੰ ਯਾਦ ਕਰ ਅਰਥਾਤ ਅਬਰਾਹਾਮ, ਇਸਹਾਕ ਅਤੇ ਯਾਕੂਬ ਨੂੰ ਅਤੇ ਏਸ ਪਰਜਾ ਦੀ ਘੇਸ ਅਤੇ ਦੁਸ਼ਟਪੁਣੇ ਅਤੇ ਪਾਪ ਨੂੰ ਨਾ ਵੇਖ 28ਮਤੇ ਉਸ ਧਰਤੀ ਦੇ ਲੋਕ ਜਿੱਥੋਂ ਤੂੰ ਸਾਨੂੰ ਕੱਢ ਲਿਆਇਆਂ ਹੈ ਆਖਣ ਕਿ ਯਹੋਵਾਹ ਓਹਨਾਂ ਨੂੰ ਉਸ ਧਰਤੀ ਵਿੱਚ ਨਾ ਲਿਆ ਸਕਿਆ ਜਿਹ ਦਾ ਓਹਨਾਂ ਨਾਲ ਬਚਨ ਕੀਤਾ ਸੀ ਕਿਉਂ ਜੋ ਉਹ ਓਹਨਾਂ ਨਾਲ ਲਾਗ ਰੱਖਦਾ ਹੈ ਏਸ ਲਈ ਓਹਨਾਂ ਨੂੰ ਕੱਡ ਲਿਆਇਆ ਕਿ ਉਜਾੜ ਵਿੱਚ ਓਹਨਾਂ ਦਾ ਨਾਸ ਕਰੇ 29ਓਹ ਤੇਰੀ ਪਰਜਾ ਅਤੇ ਤੇਰੀ ਮਿਲਖ ਹਨ ਜਿਨ੍ਹਾਂ ਨੂੰ ਵੱਡੀ ਸ਼ਕਤੀ ਅਤੇ ਲੰਮੀ ਬਾਂਹ ਨਾਲ ਕੱਢ ਲਿਆਇਆ।।

Highlight

Share

Copy

None

Want to have your highlights saved across all your devices? Sign up or sign in

YouVersion uses cookies to personalize your experience. By using our website, you accept our use of cookies as described in our Privacy Policy