ਬਿਵਸਥਾਸਾਰ 8
8
ਇਤਹਾਸਕ ਗੱਲਾਂ ਤੋਂ ਸਿੱਖਿਆ
1ਏਹ ਸਾਰਾ ਹੁਕਮਨਾਮਾ ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਉਸ ਨੂੰ ਪੂਰਾ ਕਰਨ ਦੀ ਪਾਲਨਾ ਕਰੋ ਤਾਂ ਜੋ ਤੁਸੀਂ ਜੀਉਂਦੇ ਰਹੋ ਅਤੇ ਵਧੋ ਅਤੇ ਤੁਸੀਂ ਜਾ ਕੇ ਉਸ ਧਰਤੀ ਉੱਤੇ ਕਬਜ਼ਾ ਕਰੋ ਜਿਹ ਦੀ ਸੌਂਹ ਯਹੋਵਾਹ ਨੇ ਤੁਹਾਡੇ ਪਿਉ ਦਾਦਿਆਂ ਨਾਲ ਖਾਧੀ ਸੀ 2ਤੁਸੀਂ ਉਸ ਸਾਰੇ ਰਸਤੇ ਨੂੰ ਯਾਦ ਰੱਖੋ ਜਿਹ ਦੇ ਵਿੱਚ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਚਾਲੀ ਵਰਹੇ ਉਜਾੜ ਦੇ ਵਿੱਚ ਲਈ ਫਿਰਦਾ ਰਿਹਾ ਤਾਂ ਜੋ ਉਹ ਤੁਹਾਨੂੰ ਅਧੀਨ ਕਰੇ ਅਤੇ ਪਰਖੇ ਅਤੇ ਜਾਣੋ ਭਈ ਤੁਹਾਡੇ ਮਨ ਵਿੱਚ ਕੀ ਹੈ ਅਰਥਾਤ ਕੀ ਤੁਸੀਂ ਉਸ ਦੇ ਹੁਕਮਾ ਉੱਤੇ ਚੱਲੋਗੇ ਵੀ ਕਿ ਨਹੀਂ? 3ਉਸ ਨੇ ਤੁਹਾਨੂੰ ਅਧੀਨ ਕੀਤਾ ਅਤੇ ਤੁਹਾਨੂੰ ਭੁੱਖੇ ਹੋਣ ਦਿੱਤਾ ਅਤੇ ਉਹ ਮੰਨ ਜਿਸ ਨੂੰ ਨਾ ਤੁਸੀਂ ਨਾ ਤੁਹਾਡੇ ਪਿਉ ਦਾਦੇ ਜਾਣਦੇ ਸਨ ਤੁਹਾਨੂੰ ਖਿਲਾਇਆ ਤਾਂ ਜੋ ਤੁਹਾਨੂੰ ਸਿਖਾਵੇ ਭਈ ਆਦਮੀ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰ ਇੱਕ ਵਾਕ ਨਾਲ ਜਿਹੜਾ ਯਹੋਵਾਹ ਦੇ ਮੂੰਹੋ ਨਿਕਲਦਾ ਹੈ ਆਦਮੀ ਜੀਉਂਦਾ ਰਹੇਗਾ 4ਇਨ੍ਹਾਂ ਚਾਲੀਆਂ ਵਰਿਹਾਂ ਵਿੱਚ ਨਾ ਤੁਹਾਡੇ ਉਪਰਲੇ ਬਸਤ੍ਰ ਹੰਢੇ, ਨਾ ਤੁਹਾਡੇ ਪੈਰ ਸੁੱਜੇ 5ਤੁਸੀਂ ਆਪਣੇ ਮਨ ਵਿੱਚ ਵਿਚਾਰ ਕਰੋ ਕਿ ਜਿਵੇਂ ਮਨੁੱਖ ਆਪਣੇ ਪੁੱਤ੍ਰ ਨੂੰ ਤਾੜਦਾ ਹੈ ਤਿਵੇਂ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਤਾੜਦਾ ਰਿਹਾ 6ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਨਾ ਕਰੋ ਤਾਂ ਜੋ ਉਸ ਦਿਆਂ ਰਾਹਾਂ ਉੱਤੇ ਚੱਲੋ ਅਤੇ ਉਸ ਤੋਂ ਡਰਦੇ ਰਹੋ 7ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਇੱਕ ਚੰਗੀ ਧਰਤੀ ਵਿੱਚ ਲਿਆ ਰਿਹਾ ਹੈ, ਇੱਕ ਧਰਤੀ ਜਿੱਥੇ ਪਾਣੀ ਦੇ ਨਾਲੇ, ਚਸ਼ਮੇ, ਅਤੇ ਡੂੰਘੇ ਸੋਤੇ ਹਨ ਜਿਹੜੇ ਦੂਣਾ ਅਤੇ ਪਹਾੜਾਂ ਵਿੱਚ ਵਗਦੇ ਹਨ, 8ਇੱਕ ਧਰਤੀ ਜਿੱਥੇ ਕਣਕ, ਜੌ,ਅੰਗੂਰ, ਹਜੀਰ, ਅਤੇ ਅਨਾਰ ਹੁੰਦੇ ਹਨ, ਇੱਕ ਧਰਤੀ ਜਿੱਥੇ ਜ਼ੈਤੂਨ ਦਾ ਤੇਲ ਅਤੇ ਸ਼ਹਿਦ ਹੁੰਦਾ ਹੈ, 9ਇੱਕ ਧਰਤੀ ਜਿਹ ਦੇ ਵਿੱਚ ਤੁਸੀਂ ਤੰਗੀ ਦੀ ਰੋਟੀ ਨਾ ਖਾਓਗੇ ਅਤੇ ਉੱਥੇ ਤੁਹਾਨੂੰ ਕਿਸੇ ਚੀਜ਼ ਦੀ ਥੁੜੋਂ ਨਾ ਹੋਵੇਗੀ, ਇੱਕ ਧਰਤੀ ਜਿਹ ਦੇ ਪੱਥਰ ਲੋਹੇ ਦੇ ਹਨ ਅਤੇ ਜਿਹ ਦੀ ਪਹਾੜੀਆਂ ਨੂੰ ਪੁੱਟ ਕੇ ਤੁਸੀਂ ਤਾਂਬਾ ਕੱਢੋਗੇ 10ਤੁਸੀਂ ਰੱਜ ਕੇ ਖਾਓਗੇ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਉਸ ਚੰਗੀ ਧਰਤੀ ਦੇ ਕਾਰਨ ਜਿਹੜੀ ਉਸ ਤੁਹਾਨੂੰ ਦਿੱਤੀ ਮੁਬਾਰਕ ਆਖੋਗੇ 11ਚੌਕਸ ਰਹੋ ਮਤੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਵਿੱਸਰ ਜਾਓ ਅਤੇ ਉਸ ਦੇ ਹੁਕਮਾਂ, ਕਨੂਨਾਂ ਅਤੇ ਬਿਧੀਆਂ ਨੂੰ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਨਾ ਮੰਨੋ 12ਅਜੇਹਾ ਨਾ ਹੋਵੇ ਕਿ ਜਦ ਤੁਸੀਂ ਰੱਜ ਕੇ ਖਾਓ ਅਤੇ ਚੰਗੇ ਘਰ ਬਣਾ ਕੇ ਉਨ੍ਹਾਂ ਵਿੱਚ ਵੱਸ ਜਾਓ 13ਜਦ ਤੁਹਾਡੇ ਚੌਣੇ ਅਤੇ ਤੁਹਾਡੇ ਇੱਜੜ ਵਧ ਜਾਣ ਅਤੇ ਤੁਹਾਡੀ ਚਾਂਦੀ ਸੋਨਾ ਵਧ ਜਾਵੇ ਸਗੋਂ ਤੁਹਾਡਾ ਸਭ ਕੁਝ ਹੀ ਵਧ ਜਾਵੇ 14ਤਦ ਤੁਹਾਡੇ ਮਨ ਵਿੱਚ ਹੰਕਾਰ ਆ ਜਾਵੇ ਅਤੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਭੁੱਲ ਜਾਓ ਜਿਹ ਨੇ ਤੁਹਾਨੂੰ ਮਿਸਰ ਦੇਸ ਤੋਂ ਗੁਲਾਮੀ ਦੇ ਘਰ ਤੋਂ ਕੱਢਿਆ 15ਅਤੇ ਜਿਹ ਨੇ ਤੁਹਾਨੂੰ ਵੱਡੀ ਅਤੇ ਭਿਆਣਕ ਉਜਾੜ ਦੇ ਵਿੱਚ ਦੀ ਲਿਆਂਦਾ ਜਿੱਥੇ ਅੱਗਨੀ ਸੱਪ ਅਤੇ ਬਿੱਛੂ ਸਨ ਅਤੇ ਸੁੱਕੀ ਜ਼ਮੀਨ ਜਿੱਥੇ ਪਾਣੀ ਨਹੀਂ ਸੀ, ਜਿਹ ਨੇ ਤੁਹਾਡੇ ਲਈ ਪਥਰੈਲੀ ਢਿੱਗ ਤੋਂ ਪਾਣੀ ਕੱਢਿਆ, 16ਜਿਹ ਨੇ ਤੁਹਾਨੂੰ ਉਜਾੜ ਵਿੱਚ ਮੰਨ ਖਿਲਾਇਆ ਜਿਹ ਨੂੰ ਤੁਹਾਡੇ ਪਿਉ ਦਾਦਿਆਂ ਨੇ ਨਾ ਜਾਤਾ ਤਾਂ ਜੋ ਉਹ ਤੁਹਾਨੂੰ ਅਧੀਨ ਕਰੇ ਅਤੇ ਤੁਹਾਨੂੰ ਪਰਖੇ ਅਤੇ ਅੰਤ ਵਿੱਚ ਤੁਹਾਡਾ ਭਲਾ ਕਰੇ 17ਮਤੇ ਤੁਸੀਂ ਆਪਣੇ ਮਨ ਵਿੱਚ ਆਖੋ ਕਿ ਸਾਡੇ ਬਲ ਅਤੇ ਸਾਡੇ ਹੱਥਾਂ ਦੀ ਸ਼ਕਤੀ ਨੇ ਏਹ ਧਨ ਕਮਾਇਆ ਹੈ 18ਪਰ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਯਾਦ ਰੱਖੋ ਕਿਉਂ ਜੋ ਉਹੀ ਤੁਹਾਨੂੰ ਬਲ ਦਿੰਦਾ ਹੈ ਕਿ ਤੁਸੀਂ ਧਨ ਕਮਾਓ ਤਾਂ ਜੋ ਉਹ ਆਪਣਾ ਨੇਮ ਕਾਇਮ ਰੱਖੇ ਜਿਹ ਦੀ ਸੌਂਹ ਤੁਹਾਡੇ ਪਿਉ ਦਾਦਿਆਂ ਨਾਲ ਖਾਧੀ ਸੀ ਜਿਵੇਂ ਅੱਜ ਦੇ ਦਿਨ ਹੈ।।
19ਤਾਂ ਐਉਂ ਹੋਵਗਾ ਭਈ ਜੇ ਤੁਸੀਂ ਸੱਚ ਮੁੱਚ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਵਿੱਸਰ ਜਾਓ ਅਤੇ ਦੂਜੇ ਦੇਵਤਿਆਂ ਦੇ ਮਗਰ ਚੱਲੋ, ਓਹਨਾਂ ਦੀ ਪੂਜਾ ਕਰੋ ਅਤੇ ਓਹਨਾਂ ਅੱਗੇ ਮੱਥਾ ਟੇਕੋ ਤਾਂ ਮੈਂ ਤੁਹਾਡੇ ਵਿਰੁੱਧ ਅੱਜ ਸਾਖੀ ਦਿੰਦਾ ਹਾਂ ਭਈ ਤੁਸੀਂ ਜ਼ਰੂਰ ਨਾਸ ਹੋ ਜਾਓਗੇ 20ਉਨ੍ਹਾਂ ਕੌਮਾਂ ਵਾਂਙੁ ਜਿਹੜੀਆਂ ਯਹੋਵਾਹ ਤੁਹਾਡੇ ਅੱਗੋਂ ਨਾਸ ਕਰਦਾ ਹੈ ਤਿਵੇਂ ਹੀ ਤੁਸੀਂ ਨਾਸ ਹੋ ਜਾਓਗੇ ਕਿਉਂ ਜੋ ਤੁਸਾਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਾ ਸੁਣੀ।।
Currently Selected:
ਬਿਵਸਥਾਸਾਰ 8: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.