YouVersion Logo
Search Icon

੧ ਸਮੂਏਲ 27

27
ਫਲਿਸਤੀਆਂ ਦੇ ਵਿੱਚ ਦਾਊਦ ਦਾ ਵਾਸ
1ਦਾਊਦ ਨੇ ਆਪਣੇ ਮਨ ਵਿੱਚ ਆਖਿਆ ਭਈ ਹੁਣ ਮੈਂ ਕਿਸੇ ਦਿਨ ਸ਼ਾਊਲ ਦੇ ਹੱਥ ਨਾਲ ਨਸ਼ਟ ਹੋ ਜਾਵਾਂਗਾ। ਫੇਰ ਮੇਰੇ ਲਈ ਇਹ ਦੇ ਨਾਲੋਂ ਹੋਰ ਕੋਈ ਚੰਗੀ ਸਲਾਹ ਨਹੀਂ ਜੋ ਮੈਂ ਕਾਹਲੀ ਨਾਲ ਭੱਜ ਕੇ ਫਲਿਸਤੀਆਂ ਦੇ ਦੇਸ ਵਿੱਚ ਜਾ ਵੱਸਾਂ ਅਤੇ ਸ਼ਾਊਲ ਇਸਰਾਏਲ ਦੇ ਬੰਨਿਆਂ ਵਿੱਚੋਂ ਮੇਰੇ ਲੱਭਣ ਤੋਂ ਨਿਰਾਸ ਹੋ ਜਾਵੇਗਾ ਤਾਂ ਉਹ ਦੇ ਹੱਥੋਂ ਮੈਂ ਛੁੱਟ ਜਾਵਾਂਗਾ 2ਤਦ ਦਾਊਦ ਉੱਠਿਆ ਅਤੇ ਆਪਣੇ ਨਾਲ ਦੇ ਛੇ ਸੌ ਜੁਆਨਾਂ ਨੂੰ ਲੈ ਕੇ ਗਥ ਦੇ ਰਾਜਾ ਮਾਓਕ ਦੇ ਪੁੱਤ੍ਰ ਆਕੀਸ਼ ਵੱਲ ਲੰਘ ਗਿਆ 3ਆਕੀਸ਼ ਦੇ ਨਾਲ ਦਾਊਦ ਗਥ ਵਿੱਚ ਰਿਹਾ ਅਰਥਾਤ ਉਹ ਅਤੇ ਉਹ ਦੇ ਲੋਕ ਜਿਨ੍ਹਾਂ ਵਿੱਚੋਂ ਸਭ ਕੋਈ ਆਪੋ ਆਪਣੇ ਟੱਬਰ ਸਣੇ ਸੀ ਅਤੇ ਦਾਊਦ ਆਪਣੀਆਂ ਦੋਹਾਂ ਪਤਨੀਆਂ ਦੇ ਨਾਲ ਅਰਥਾਤ ਅਹੀਨੋਅਮ ਯਿਜ਼ਰਾਏਲਣ ਅਤੇ ਕਰਮੇਲਣੀ ਅਬੀਗੈਲ ਜੋ ਨਾਬਾਲ ਦੀ ਤੀਵੀਂ ਸੀ 4ਅਤੇ ਸ਼ਾਊਲ ਨੂੰ ਖਬਰ ਹੋਈ ਜੋ ਦਾਊਦ ਗਥ ਨੂੰ ਭੱਜ ਗਿਆ ਸੋ ਉਹ ਉਸ ਦੇ ਲੱਭਣ ਲਈ ਫੇਰ ਨਾ ਨਿੱਕਲਿਆ।।
5ਦਾਊਦ ਨੇ ਆਕੀਸ਼ ਨੂੰ ਆਖਿਆ, ਜੇ ਤੇਰੀ ਨਿਗਾਹ ਵਿੱਚ ਮੈਂ ਦਯਾ ਜੋਗ ਹਾਂ ਤਾਂ ਓਹ ਮੈਨੂੰ ਦੇਸ ਦੇ ਕਿਸੇ ਸ਼ਹਿਰ ਵਿੱਚ ਵੱਸਣ ਜੋਗਾ ਥਾਂ ਦੇ ਦੇਣ ਕਿਉਂ ਜੋ ਤੇਰਾ ਟਹਿਲੂਆ ਰਾਜਧਾਨੀ ਵਿੱਚ ਤੇਰੇ ਕੋਲ ਕਾਹਨੂੰ ਰਹੇ? 6ਤਦ ਆਕੀਸ਼ ਨੇ ਉਸ ਦਿਨ ਉਹ ਨੂੰ ਸਿਕਲਗ ਸ਼ਹਿਰ ਦੇ ਦਿੱਤਾ ਸੋ ਸਿਕਲਗ ਅੱਜ ਤੋੜੀ ਯਹੂਦਾਹ ਦੇ ਪਾਤਸ਼ਾਹਾਂ ਦਾ ਹੈ 7ਜਿੰਨਾ ਚਿਰ ਦਾਊਦ ਫਲਿਸਤੀਆਂ ਦੇ ਦੇਸ ਵਿੱਚ ਰਿਹਾ ਸੋ ਪੂਰਾ ਇੱਕ ਵਰਹਾ ਅਤੇ ਚਾਰ ਮਹੀਨੇ ਸਨ।।
8ਦਾਊਦ ਅਰ ਉਹ ਦੇ ਮਨੁੱਖਾਂ ਨੇ ਚੜ੍ਹ ਕੇ ਗਸ਼ੂਰੀਆਂ ਅਤੇ ਗਜ਼ਰੀਆਂ ਅਤੇ ਅਮਾਲੇਕੀਆਂ ਦੇ ਉੱਤੇ ਹੱਲਾ ਕੀਤਾ ਅਤੇ ਓਹ ਸ਼ੂਰ ਦੇ ਰਾਹੋਂ ਲੈ ਕੇ ਮਿਸਰ ਦੇ ਬੰਨੇ ਤੋੜੀ ਉਸ ਦੇਸ ਵਿੱਚ ਪਹਿਲੇ ਸਮੇਂ ਤੋਂ ਵੱਸਦੇ ਸਨ 9ਅਤੇ ਦਾਊਦ ਨੇ ਉਸ ਦੇਸ ਨੂੰ ਜਿੱਤ ਲਿਆ ਅਤੇ ਤ੍ਰੀਮਤ ਪੁਰਸ਼ ਕਿਸੇ ਨੂੰ ਜੀਉਂਦਾ ਨਾ ਛੱਡਿਆ ਅਤੇ ਉਨ੍ਹਾਂ ਦੇ ਇੱਜੜ, ਵੱਗ, ਖੋਤੇ, ਊਠ ਅਤੇ ਲੀੜੇ ਲੁੱਟ ਲਏ ਅਤੇ ਆਕੀਸ਼ ਕੋਲ ਮੁੜ ਆਇਆ 10ਤਾਂ ਆਕੀਸ਼ ਨੇ ਪੁੱਛਿਆ, ਅੱਜ ਤੁਹਾਡਾ ਰਾਹ ਕਿੱਧਰ ਸੀ? ਦਾਊਦ ਨੇ ਆਖਿਆ, ਯਹੂਦਾਹ ਦੇ ਦੱਖਣ ਵੱਲ ਅਤੇ ਯਰਾਹਮਿਏਲੀਆਂ ਦੇ ਦੱਖਣ ਵੱਲ ਅਤੇ ਕੇਨੀਆਂ ਦੇ ਦੱਖਣ ਵੱਲ 11ਅਤੇ ਦਾਊਦ ਕਿਸੇ ਇੱਕ ਪੁਰਸ਼ ਯਾ ਤ੍ਰੀਮਤ ਨੂੰ ਵੀ ਗਥ ਵਿੱਚ ਨਾ ਲਿਆਇਆ ਜੋ ਕਿਤੇ ਇਹ ਸਾਡੇ ਵਿਰੁੱਧ ਨਾ ਖਬਰ ਜਾ ਦੇਣ ਭਈ ਦਾਊਦ ਨੇ ਅਜਿਹਾ ਕੰਮ ਕੀਤਾ ਹੈ। ਜਦ ਤੋੜੀ ਉਹ ਫਲਿਸਤੀਆਂ ਦੇ ਦੇਸ ਵਿੱਚ ਰਿਹਾ ਉਸ ਦੀ ਇਹੋ ਮਰਜਾਦਾ ਰਹੀ 12ਆਕੀਸ਼ ਨੇ ਦਾਊਦ ਦੀ ਗੱਲ ਉੱਤੇ ਪਰਤੀਤ ਕੀਤੀ ਅਤੇ ਆਖਿਆ, ਭਈ ਉਸ ਨੇ ਆਪਣੇ ਲੋਕ ਇਸਰਾਏਲ ਨਾਲ ਅਜਿਹਾ ਕੰਮ ਕੀਤਾ ਹੈ ਜੋ ਓਹ ਉਸ ਤੋਂ ਬਹੁਤ ਨਫ਼ਰਤ ਕਰਦੇ ਹੋਣਗੇ ਏਸ ਲਈ ਉਹ ਸਦਾ ਮੇਰਾ ਟਹਿਲੂਆ ਰਹੇਗਾ।।

Highlight

Copy

Compare

Share

None

Want to have your highlights saved across all your devices? Sign up or sign in