YouVersion Logo
Search Icon

੧ ਸਮੂਏਲ 26

26
ਦਾਊਦ ਸ਼ਾਊਲ ਨੂੰ ਫੇਰ ਬਚਾਉਂਦਾ ਹੈ
1ਜ਼ੀੱਫੀ ਲੋਕ ਗਿਬਆਹ ਨੂੰ ਸ਼ਾਊਲ ਕੋਲ ਆਣ ਕੇ ਬੋਲੇ, ਭਲਾ, ਦਾਊਦ ਹਕੀਲਾਹ ਦੇ ਪਹਾੜ ਵਿੱਚ ਜੋ ਯਸ਼ੀਮੋਨ ਦੇ ਸਾਹਮਣੇ ਹੈ ਲੁਕਿਆ ਨਹੀਂ ਰਹਿੰਦਾ? 2ਸੋ ਸ਼ਾਊਲ ਉੱਠਿਆ ਅਤੇ ਤਿੰਨ ਹਜ਼ਾਰ ਚੁਣਵੇਂ ਇਸਰਾਏਲੀ ਜੁਆਨ ਆਪਣੇ ਨਾਲ ਲੈ ਕੇ ਜ਼ੀਫ ਦੀ ਉਜਾੜ ਵਿੱਚ ਦਾਊਦ ਨੂੰ ਭਾਲਣ ਉਤਰਿਆ 3ਅਤੇ ਸ਼ਾਊਲ ਨੇ ਹਕੀਲਾਹ ਦੇ ਪਹਾੜ ਵਿੱਚ ਜੋ ਯਸ਼ੀਮੋਨ ਦੇ ਸਾਹਮਣੇ ਹੈ ਰਾਹ ਉੱਤੇ ਡੇਰੇ ਲਾਏ ਪਰ ਦਾਊਦ ਉਜਾੜ ਦੇ ਵਿੱਚ ਠਹਿਰਿਆ ਸੋ ਉਸ ਨੇ ਡਿੱਠਾ ਜੋ ਸ਼ਾਊਲ ਮੇਰੇ ਮਗਰੇ ਮਗਰ ਉਜਾੜ ਵਿੱਚ ਤੁਰਿਆ ਆਉਂਦਾ ਹੈ 4ਤਾਂ ਦਾਊਦ ਨੇ ਸੇਲੂਆਂ ਨੂੰ ਘੱਲਿਆ ਅਤੇ ਜਾਤਾ ਜੋ ਸ਼ਾਊਲ ਸੱਚ ਮੁੱਚ ਆਇਆ ਹੈ।।
5ਤਦ ਦਾਊਦ ਉੱਠ ਕੇ ਸ਼ਾਊਲ ਦੇ ਡੇਰਿਆਂ ਕੋਲ ਆਇਆ ਅਤੇ ਦਾਊਦ ਨੇ ਉਸ ਥਾਂ ਨੂੰ ਜਿੱਥੇ ਸ਼ਾਊਲ ਲੰਮਾ ਪਿਆ ਹੋਇਆ ਸੀ ਅਤੇ ਨੇਰ ਦਾ ਪੁੱਤ੍ਰ ਅਬਨੇਰ ਵੀ ਜੋ ਉਹ ਦਾ ਸੈਨਾਪਤੀ ਸੀ ਡਿੱਠਾ ਅਤੇ ਸ਼ਾਊਲ ਗੱਡੀਆਂ ਦੇ ਥਾਂ ਵਿੱਚ ਸੁੱਤਾ ਪਿਆ ਸੀ ਅਤੇ ਲੋਕਾਂ ਨੇ ਉਹ ਦੇ ਆਲੇ ਦੁਆਲੇ ਡੇਰੇ ਲਾਏ ਹੋਏ ਸਨ 6ਤਦ ਦਾਊਦ ਨੇ ਹਿੱਤੀ ਅਹੀਮਲਕ ਅਤੇ ਸਰੂਯਾਹ ਦੇ ਪੁੱਤ੍ਰ ਅਬੀਸ਼ਈ ਨੂੰ ਜੋ ਯੋਆਬ ਦਾ ਭਰਾ ਸੀ ਉੱਤਰ ਦੇ ਕੇ ਆਖਿਆ, ਸ਼ਾਊਲ ਦੇ ਡੇਰਿਆਂ ਵੱਲ ਮੇਰੇ ਨਾਲ ਕੌਣ ਉਤਰੇਗਾ ਅਬੀਸ਼ਾਈ ਬੋਲਿਆ, ਤੁਹਾਡੇ ਨਾਲ ਮੈਂ ਉਤਰਾਂਗਾ 7ਸੋ ਦਾਊਦ ਅਤੇ ਅਬੀਸ਼ਈ ਰਾਤ ਨੂੰ ਉਨ੍ਹਾਂ ਲੋਕਾਂ ਵਿੱਚ ਜਾ ਪਏ ਅਤੇ ਵੇਖੋ, ਉਸ ਵੇਲੇ ਸ਼ਾਊਲ ਗੱਡੀਆਂ ਦੇ ਥਾਂ ਵਿੱਚ ਸੁੱਤਾ ਪਿਆ ਸੀ ਅਤੇ ਉਹ ਦੀ ਬਰਛੀ ਉਹ ਦੇ ਸਿਰਹਾਂ ਦੀ ਧਰਤੀ ਵਿੱਚ ਗੱਡੀ ਹੋਈ ਸੀ ਅਤੇ ਅਬੀਨੇਰ ਅਤੇ ਸਿਪਾਹੀ ਉਹ ਦੇ ਉਦਾਲੇ ਪਏ ਹੋਏ ਸਨ 8ਤਦ ਅਬੀਸ਼ਈ ਨੇ ਦਾਊਦ ਨੂੰ ਆਖਿਆ, ਪਰਮੇਸ਼ੁਰ ਨੇ ਅੱਜ ਤੁਹਾਡੇ ਵੈਰੀ ਨੂੰ ਤੁਹਾਡੇ ਹੱਥ ਕਰ ਦਿੱਤਾ । ਜੋ ਹੁਣ ਆਗਿਆ ਕਰੋ ਤਾਂ ਮੈਂ ਉਹ ਨੂੰ ਬਰਛੀ ਦਾ ਇੱਕੋ ਵਾਰ ਮਾਰ ਕੇ ਧਰਤੀ ਨਾਲ ਵਿੰਨ੍ਹਾਂ ਅਤੇ ਮੈਂ ਉਹ ਨੂੰ ਦੂਜੀ ਵਾਰ ਨਾ ਮਾਰਾਂਗਾ! 9ਪਰ ਦਾਊਦ ਨੇ ਅਬੀਸ਼ਈ ਨੂੰ ਆਖਿਆ, ਉਹ ਨੂੰ ਨਾ ਮਾਰ ਕਿਉਂ ਜੋ ਯਹੋਵਾਹ ਦੇ ਮਸਹ ਹੋਏ ਉੱਤੇ ਕਿਹੜਾ ਹੈ ਜੋ ਹੱਥ ਚੁੱਕੇ ਅਤੇ ਬੇਦੋਸ਼ਾ ਠਹਿਰੇ? 10ਦਾਊਦ ਨੇ ਇਹ ਵੀ ਆਖਿਆ, ਜੀਉਂਦੇ ਪਰਮੇਸ਼ੁਰ ਦੀ ਸੌਂਹ, ਜਾਂ ਤਾਂ ਉਹ ਨੂੰ ਯਹੋਵਾਹ ਆਪ ਮਾਰੇਗਾ ਯਾ ਉਹ ਦੇ ਮਰਨ ਦਾ ਦਿਨ ਆਵੇਗਾ ਜਾਂ ਉਹ ਲੜਾਈ ਵਿੱਚ ਜਾ ਕੇ ਮਾਰਿਆ ਜਾਵੇਗਾ 11ਪਰ ਯਹੋਵਾਹ ਨਾ ਕਰੇ ਜੋ ਮੈਂ ਯਹੋਵਾਹ ਦੇ ਮਸਹ ਹੋਏ ਉੱਤੇ ਹੱਥ ਚਲਾਵਾਂ ਪਰ ਤੂੰ ਉਹ ਦੀ ਸਿਰਹਾਂਦੀਓ ਇਹ ਬਰਛੀ ਅਤੇ ਪਾਣੀ ਦੀ ਗੜਵੀ ਨੂੰ ਚੁੱਕ ਲੈ ਅਤੇ ਅਸੀਂ ਤੁਰ ਪਈਏ 12ਸੋ ਦਾਊਦ ਨੇ ਬਰਛੀ ਅਤੇ ਪਾਣੀ ਦੀ ਗੜਵੀ ਨੂੰ ਸ਼ਾਊਲ ਦੀ ਸਿਰਹਾਂਦਿਓ ਲੈ ਲਿਆ ਅਤੇ ਓਹ ਤੁਰ ਗਏ ਅਤੇ ਕਿਸੇ ਮਨੁੱਖ ਨੇ ਵੀ ਇਹ ਨਾ ਡਿੱਠਾ ਅਤੇ ਨਾ ਹੀ ਜਾਤਾ ਅਤੇ ਕੋਈ ਨਾ ਜਾਗਿਆ ਕਿਉਂ ਜੋ ਓਹ ਸਭ ਸੁੱਤੇ ਪਏ ਸਨ ਏਸ ਕਰਕੇ ਜੋ ਯਹੋਵਾਹ ਵੱਲੋਂ ਉਨ੍ਹਾਂ ਉੱਤੇ ਘੂਕ ਨੀਂਦ੍ਰ ਆਈ ਹੋਈ ਸੀ 13ਫੇਰ ਦਾਊਦ ਪਰਲੇ ਪਾਸੇ ਲੰਘ ਕੇ ਦੂਰ ਇੱਕ ਪਹਾੜ ਦੀ ਟੀਸੀ ਉੱਤੇ ਜਾ ਖਲੋਤਾ ਅਤੇ ਉਨ੍ਹਾਂ ਦੇ ਵਿੱਚਕਾਰ ਵੱਡੀ ਵਿੱਥ ਸੀ 14ਦਾਊਦ ਨੇ ਲੋਕਾਂ ਵੱਲ ਅਤੇ ਨੇਰ ਦੇ ਪੁੱਤ੍ਰ ਅਬੀਨੇਰ ਵੱਲ ਹਾਕਾਂ ਮਾਰ ਕੇ ਆਖਿਆ, ਹੇ ਅਬੀਨੇਰ ਉੱਤਰ ਨਹੀਂ ਦਿੰਦਾ? ਤਦ ਅਬੀਨੇਰ ਨੇ ਉੱਤਰ ਦੇ ਕੇ ਆਖਿਆ, ਤੂੰ ਕੌਣ ਹੈਂ ਜੋ ਪਾਤਸ਼ਾਹ ਨੂੰ ਹਾਕਾਂ ਮਾਰਦਾ ਹੈਂ? 15ਤਦ ਦਾਊਦ ਨੇ ਅਬੀਨੇਰ ਨੂੰ ਆਖਿਆ, ਭਲਾ, ਤੂੰ ਵੱਡਾ ਸੂਰਮਾ ਨਹੀਂ ਅਤੇ ਇਸਰਾਏਲ ਵਿੱਚ ਤੇਰੇ ਸਮਾਨ ਕੌਣ ਹੈ? ਫੇਰ ਕੀ ਹੋਇਆ ਜੋ ਤੂੰ ਆਪਣੇ ਸੁਆਮੀ ਪਾਤਸ਼ਾਹ ਦੀ ਰਾਖੀ ਨਹੀਂ ਕੀਤੀ। ਕਿਉਂ ਜੋ ਇਨ੍ਹਾਂ ਲੋਕਾਂ ਵਿੱਚੋਂ ਇੱਕ ਜਣਾ ਤੇਰੇ ਮਾਲਕ ਪਾਤਸ਼ਾਹ ਦੇ ਵੱਢਣ ਨੂੰ ਵੜ ਗਿਆ ਸੀ 16ਸੋ ਇਹ ਕੰਮ ਤਾਂ ਤੈਂ ਕੁਝ ਚੰਗਾ ਨਹੀਂ ਕੀਤਾ। ਜੀਉਂਦੇ ਯਹੋਵਾਹ ਦੀ ਸੌਂਹ, ਤੁਸੀਂ ਵੱਢਣ ਜੋਗੇ ਹੋ ਕਿਉਂ ਜੋ ਤੁਸਾਂ ਆਪਣੇ ਮਾਲਕ ਦੀ ਜੋ ਯਹੋਵਾਹ ਦਾ ਮਸਹ ਹੋਇਆ ਹੈ ਰਾਖੀ ਨਹੀਂ ਕੀਤੀ ਅਤੇ ਹੁਣ ਵੇਖੋ, ਪਾਤਸ਼ਾਹ ਦੀ ਬਰਛੀ ਅਤੇ ਪਾਣੀ ਦੀ ਗੜਵੀ ਜੋ ਉਹ ਦੇ ਸਿਰਹਾਣੇ ਕੋਲ ਸੀ ਕਿੱਥੇ ਹੈ? 17ਤਦ ਸ਼ਾਊਲ ਨੇ ਦਾਊਦ ਦੀ ਅਵਾਜ਼ ਸਿਆਣ ਕੇ ਆਖਿਆ, ਹੇ ਮੇਰੇ ਪੁੱਤ੍ਰ ਦਾਊਦ, ਇਹ ਤੇਰੀ ਅਵਾਜ਼ ਹੈ? ਦਾਊਦ ਬੋਲਿਆ, ਜੀ, ਮੇਰੇ ਮਹਾਰਾਜ ਅਤੇ ਪਾਤਸ਼ਾਹ, ਇਹ ਮੇਰੀ ਹੀ ਅਵਾਜ਼ ਹੈ 18ਤਾਂ ਉਸ ਨੇ ਆਖਿਆ, ਮੇਰਾ ਮਹਾਰਾਜ ਆਪਣੇ ਟਹਿਲੂਏ ਦੇ ਮਗਰ ਇਸ ਤਰਾਂ ਕਾਹਨੂੰ ਲੱਗਾ ਹੋਇਆ ਹੈ? ਮੈਂ ਕੀ ਕੀਤਾ ਹੈ ਅਤੇ ਮੇਰੇ ਹੱਥ ਵਿੱਚ ਕੀ ਖੋਟ ਹੈ? 19ਸੋ ਹੁਣ ਹੇ ਮਹਾਰਾਜ ਪਾਤਸ਼ਾਹ, ਆਪਣੇ ਟਹਿਲੂਏ ਦੀਆਂ ਸੁਣੋ। ਜੇ ਕਦੀ ਯਹੋਵਾਹ ਨੇ ਮੇਰੇ ਵਿਰੁੱਧ ਤੈਨੂੰ ਉਕਸਾਇਆ ਹੋਵੇ ਤਾਂ ਉਹ ਭੇਟ ਮੰਨ ਲਵੇ ਅਤੇ ਜੇ ਕਦੀ ਆਦਮ ਜਾਇਆ ਨੇ ਅਜਿਹਾ ਕੀਤਾ ਹੋਵੇ ਤਾਂ ਯਹੋਵਾਹ ਦੇ ਅੱਗੋਂ ਉਨ੍ਹਾਂ ਉੱਤੇ ਸਰਾਪ ਹੋਵੇ ਕਿਉਂ ਜੋ ਅੱਜ ਨੇ ਯਹੋਵਾਹ ਦੀ ਦਿੱਤੀ ਹੋਈ ਮਿਲਖ ਵਿੱਚ ਰਹਿਣ ਤੋਂ ਮੈਨੂੰ ਧੱਕ ਦਿੱਤਾ ਅਤੇ ਮੈਨੂੰ ਆਖਦੇ ਹਨ, ਜਾਹ, ਹੋਰਨਾਂ ਦੇਵਤਿਆਂ ਦੀ ਪੂਜਾ ਕਰ 20ਸੋ ਹੁਣ ਯਹੋਵਾਹ ਦੇ ਸਾਹਮਣੇ ਮੇਰਾ ਲਹੂ ਧਰਤੀ ਉੱਤੇ ਨਾ ਵਹੇ ਕਿਉਂ ਜੋ ਇਸਰਾਏਲ ਦਾ ਪਤਾਸ਼ਾਹ ਇੱਕ ਪਿੱਸੂ ਲੱਭਣ ਨੂੰ ਨਿੱਕਲਿਆ ਹੈ ਜਿਵੇ ਕੋਈ ਪਹਾੜਾਂ ਉੱਤੇ ਤਿੱਤਰ ਦਾ ਸ਼ਿਕਾਰ ਖੇਡਦਾ ਹੈ।।
21ਤਦ ਸ਼ਾਊਲ ਨੇ ਆਖਿਆ, ਮੈਂ ਪਾਪ ਕੀਤਾ, ਹੇ ਮੇਰੇ ਪੁੱਤ੍ਰ ਦਾਊਦ ਮੁੜ ਆ ਕਿਉਂ ਜੋ ਮੈਂ ਤੈਨੂੰ ਫੇਰ ਨਾ ਦੁਖਾਵਾਂਗਾ, ਅੱਜ ਜੋ ਮੇਰੀ ਜਿੰਦ ਤੇਰੀ ਨਿਗਾਹ ਵਿੱਚ ਦੁਰਲੱਭ ਹੋਈ। ਵੇਖ, ਮੈਂ ਮੂਰਖ ਬਣਿਆ ਅਤੇ ਡਾਢੀ ਭੁੱਲ ਕੀਤੀ! 22ਦਾਊਦ ਨੇ ਉੱਤਰ ਦੇ ਕੇ ਆਖਿਆ, ਵੇਖ, ਪਾਤਸ਼ਾਹ ਦੀ ਬਰਛੀ ਹੈ ਸੋ ਜੁਆਨਾਂ ਵਿੱਚੋਂ ਕੋਈ ਆਣ ਕੇ ਉਹ ਨੂੰ ਲੈ ਜਾਵੇ 23ਅਤੇ ਯਹੋਵਾਹ ਸਭਨਾਂ ਮਨੁੱਖਾਂ ਨੂੰ ਆਪੋ ਆਪਣੀ ਨੀਤ ਅਤੇ ਭਲਮਾਣਸੀ ਦੇ ਅਨੁਸਾਰ ਫਲ ਦੇਵੇ ਕਿਉਂ ਜੋ ਯਹੋਵਾਹ ਨੇ ਤੈਨੂੰ ਅੱਜ ਮੇਰੇ ਹੱਥ ਵਿੱਚ ਸੌਂਪ ਦਿੱਤਾ ਪਰ ਮੈਂ ਨਹੀਂ ਚਾਹਿਆ ਜੋ ਯਹੋਵਾਹ ਦੇ ਮਸਹ ਹੋਏ ਉੱਤੇ ਹੱਥ ਚਲਾਵਾਂ 24ਵੇਖ, ਜਿਵੇਂ ਤੇਰੀ ਜਿੰਦ ਮੇਰੀਆਂ ਅੱਖੀਆਂ ਵਿੱਚ ਅੱਜ ਦੁਰਲੱਭ ਦਿੱਸੀ ਹੈ ਤੇਹੀ ਹੀ ਮੇਰੀ ਜਿੰਦ ਯਹੋਵਾਹ ਦੀ ਨਿਗਾਹ ਵਿੱਚ ਦੁਰਲੱਭ ਹੋਵੇ ਅਤੇ ਉਹ ਮੈਨੂੰ ਸਾਰਿਆਂ ਦੁਖਾਂ ਵਿੱਚੋਂ ਛੁਟਕਾਰਾ ਦੇਵੇ 25ਤਦ ਸ਼ਾਊਲ ਨੇ ਦਾਊਦ ਨੂੰ ਆਖਿਆ, ਮੁਬਾਰਕ ਹੈਂ ਤੂੰ, ਹੇ ਮੇਰੇ ਪੁੱਤ੍ਰ ਦਾਊਦ। ਤੂੰ ਵੱਡ ਵੱਡੇ ਕੰਮ ਕਰੇਂਗਾ ਅਤੇ ਤੂੰ ਭਾਗਵਾਨ ਵੀ ਹੋਵੇਂਗਾ। ਸੋ ਦਾਊਦ ਆਪਣੇ ਹੀ ਰਾਹ ਤੁਰ ਗਿਆ ਅਤੇ ਸ਼ਾਊਲ ਆਪਣੇ ਥਾਂ ਨੂੰ ਮੁੜ ਪਿਆ।।

Highlight

Copy

Compare

Share

None

Want to have your highlights saved across all your devices? Sign up or sign in