ਹਿਜ਼ਕੀਏਲ 40
40
ਮੰਦਰ ਖੇਤਰ ਨੂੰ ਬਹਾਲ ਕੀਤਾ ਗਿਆ ਹੈ
1ਸਾਡੀ ਗ਼ੁਲਾਮੀ ਦੇ ਪੱਚੀਵੇਂ ਸਾਲ ਵਿੱਚ, ਸਾਲ ਦੇ ਸ਼ੁਰੂ ਵਿੱਚ, ਮਹੀਨੇ ਦੀ ਦਸਵੀਂ ਤਾਰੀਖ਼ ਨੂੰ, ਸ਼ਹਿਰ ਦੇ ਡਿੱਗਣ ਤੋਂ ਬਾਅਦ ਚੌਦ੍ਹਵੇਂ ਸਾਲ ਸੀ। ਉਸ ਦਿਨ ਯਾਹਵੇਹ ਦਾ ਹੱਥ ਮੇਰੇ ਉੱਤੇ ਸੀ ਅਤੇ ਉਹ ਮੈਨੂੰ ਉੱਥੇ ਲੈ ਗਿਆ। 2ਪਰਮੇਸ਼ਵਰ ਦੇ ਦਰਸ਼ਨਾਂ ਵਿੱਚ ਉਹ ਮੈਨੂੰ ਇਸਰਾਏਲ ਦੀ ਧਰਤੀ ਉੱਤੇ ਲੈ ਗਿਆ ਅਤੇ ਮੈਨੂੰ ਇੱਕ ਬਹੁਤ ਉੱਚੇ ਪਹਾੜ ਉੱਤੇ ਬਿਠਾਇਆ, ਜਿਸ ਦੇ ਦੱਖਣ ਵਾਲੇ ਪਾਸੇ ਕੁਝ ਇਮਾਰਤਾਂ ਸਨ ਜੋ ਇੱਕ ਸ਼ਹਿਰ ਵਰਗੀਆਂ ਲੱਗਦੀਆਂ ਸਨ। 3ਉਹ ਮੈਨੂੰ ਉੱਥੇ ਲੈ ਗਿਆ, ਅਤੇ ਮੈਂ ਇੱਕ ਆਦਮੀ ਨੂੰ ਦੇਖਿਆ ਜਿਸਦਾ ਰੂਪ ਪਿੱਤਲ ਵਰਗਾ ਸੀ; ਉਹ ਦਰਵਾਜ਼ੇ ਵਿੱਚ ਇੱਕ ਲਿਨਨ ਦੀ ਰੱਸੀ ਅਤੇ ਹੱਥ ਵਿੱਚ ਇੱਕ ਮਾਪਣ ਵਾਲੀ ਡੰਡਾ ਲੈ ਕੇ ਖੜ੍ਹਾ ਸੀ। 4ਉਸ ਆਦਮੀ ਨੇ ਮੈਨੂੰ ਕਿਹਾ, “ਹੇ ਮਨੁੱਖ ਦੇ ਪੁੱਤਰ, ਧਿਆਨ ਨਾਲ ਦੇਖ ਅਤੇ ਧਿਆਨ ਨਾਲ ਸੁਣ ਅਤੇ ਜੋ ਕੁਝ ਮੈਂ ਤੈਨੂੰ ਦਿਖਾਉਣ ਜਾ ਰਿਹਾ ਹਾਂ ਉਸ ਵੱਲ ਧਿਆਨ ਦੇ, ਇਸੇ ਲਈ ਤੈਨੂੰ ਇੱਥੇ ਲਿਆਂਦਾ ਗਿਆ ਹੈ। ਇਸਰਾਏਲ ਦੇ ਲੋਕਾਂ ਨੂੰ ਉਹ ਸਭ ਕੁਝ ਦੱਸੇ ਜੋ ਤੂੰ ਦੇਖਦਾ ਹੈ।”
ਬਾਹਰੀ ਦਰਬਾਰ ਦਾ ਪੂਰਬੀ ਦਵਾਰ
5ਮੈਂ ਭਵਨ ਦੇ ਵਿਹੜੇ ਦੇ ਚਾਰ ਚੁਫੇਰੇ ਇੱਕ ਕੰਧ ਵੇਖੀ। ਉਸ ਆਦਮੀ ਦੇ ਹੱਥ ਵਿੱਚ ਮਾਪਣ ਵਾਲਾ ਇੱਕ ਡੰਡਾ ਸੀ ਜਿਹੜਾ ਛੇ ਹੱਥ#40:5 ਛੇ ਹੱਥ ਅਰਥਾਤ 11 ਫੁੱਟ ਲੰਮਾ ਅਤੇ ਹਰੇਕ ਹੱਥ ਪੂਰੇ ਹੱਥ ਤੋਂ ਚਾਰ ਉਂਗਲਾਂ ਵੱਡਾ ਸੀ, ਉਸਨੇ ਕੰਧ ਨੂੰ ਮਾਪਿਆ; ਉਹ ਇੱਕ ਡੰਡਾ ਹੋਈ ਅਤੇ ਉਚਾਈ ਵੀ ਇੱਕ ਡੰਡਾ ਸੀ।
6ਤਦ ਉਹ ਪੂਰਬੀ ਦਰਵਾਜ਼ੇ ਤੇ ਆਇਆ ਅਤੇ ਉਹ ਦੀ ਪੌੜੀ ਤੇ ਚੜ੍ਹਿਆ। ਉਸ ਦਰਵਾਜ਼ੇ ਦੀ ਸਰਦਲ ਨੂੰ ਮਿਣਿਆ ਜੋ ਇੱਕ ਡੰਡਾ ਚੌੜੀ ਸੀ ਅਤੇ ਦੂਜੇ ਦਰਵਾਜ਼ੇ ਦੀ ਸਰਦਲ ਦੀ ਚੌੜਾਈ ਵੀ ਇੱਕ ਡੰਡਾ ਸੀ। 7ਪਹਿਰੇਦਾਰਾਂ ਲਈ ਕੋਠੜੀ ਇੱਕ ਡੰਡਾ ਲੰਬੀ ਅਤੇ ਇੱਕ ਡੰਡਾ ਚੌੜੀ ਸੀ ਅਤੇ ਕੋਠੜੀ ਦੇ ਵਿਚਕਾਰ ਦੀਆਂ ਕੰਧਾਂ ਲਗਭਗ ਪੰਜ-ਪੰਜ ਹੱਥ ਦਾ ਫਾਸਲਾ ਸੀ।#40:7 ਇਹ ਲਗਭਗ 2.7 ਮੀਟਰ ਭਵਨ ਦੇ ਸਾਮ੍ਹਣੇ ਵਾਲੇ ਦਰਵਾਜ਼ੇ ਦੇ ਨਾਲ ਵਾਲੇ ਦਰਵਾਜ਼ੇ ਦੀ ਥੜ੍ਹੀ ਇੱਕ ਡੰਡੇ ਦੀ ਡੂੰਘੀ ਸੀ।
8ਫਿਰ ਉਸਨੇ ਦਰਵਾਜ਼ੇ ਦੇ ਥੜ੍ਹੇ ਨੂੰ ਮਾਪਿਆ; 9ਤਦ ਉਹ ਨੇ ਦਰਵਾਜ਼ੇ ਦੀ ਡਿਉੜ੍ਹੀ ਅੱਠ ਹੱਥ#40:9 ਅੱਠ ਹੱਥ ਅਰਥਾਤ 14 ਫੁੱਟ ਮਿਣੀ, ਉਹ ਦੇ ਥੰਮ੍ਹ ਦੋ ਹੱਥ#40:9 ਦੋ ਹੱਥ ਅਰਥਾਤ ਮੀਟਰ ਸਨ ਅਤੇ ਦਰਵਾਜ਼ੇ ਦੀ ਡਿਉੜ੍ਹੀ ਘਰ ਵੱਲ ਸੀ।
10ਪੂਰਬੀ ਦਰਵਾਜ਼ੇ ਦੇ ਅੰਦਰ ਹਰ ਪਾਸੇ ਤਿੰਨ ਕੋਠੜੀਆਂ ਸਨ; ਤਿੰਨਾਂ ਦੇ ਇੱਕੋ ਜਿਹੇ ਮਾਪ ਦੀਆ ਸਨ ਅਤੇ ਹਰ ਪਾਸੇ ਦੀਆਂ ਕੰਧਾਂ ਦੇ ਮੁੱਖ ਇੱਕੋ ਮਾਪ ਦੇ ਸਨ। 11ਉਹ ਨੇ ਫਾਟਕ ਦੇ ਦਰਵਾਜ਼ੇ ਦੀ ਚੌੜਾਈ ਦਸ ਹੱਥ ਤੇ ਫਾਟਕ ਦੀ ਲੰਬਾਈ ਤੇਰ੍ਹਾਂ ਹੱਥ ਮਿਣੀ।#40:11 ਇਹ ਲਗਭਗ 18 ਫੁੱਟ ਚੌੜਾ ਅਤੇ 23 ਫੁੱਟ ਲੰਮਾ 12ਕੋਠੜੀਆਂ ਦੇ ਅੱਗੇ ਦਾ ਥਾਂ ਇੱਕ ਹੱਥ ਇੱਧਰ ਅਤੇ ਇੱਕ ਹੱਥ ਉੱਧਰ ਸੀ ਅਤੇ ਕੋਠੜੀਆਂ ਛੇ ਹੱਥ ਇੱਧਰ ਤੇ ਛੇ ਹੱਥ ਉੱਧਰ ਸਨ। 13ਫਿਰ ਉਸ ਨੇ ਦਰਵਾਜ਼ੇ ਨੂੰ ਇੱਕ ਕੋਠੜੀ ਦੀ ਛੱਤ ਤੋਂ ਦੂਸਰੀ ਦੀ ਛੱਤ ਤੱਕ ਪੱਚੀ ਹੱਥ ਚੌੜਾ#40:13 ਹੱਥ ਚੌੜਾ ਅਰਥਾਤ 44 ਫੁੱਟ ਮਿਣਿਆ, ਦਰਵਾਜ਼ੇ ਦੇ ਸਾਹਮਣੇ ਦਰਵਾਜ਼ਾ। 14ਉਹ ਨੇ ਥੰਮ੍ਹ ਸੱਠ ਹੱਥ#40:14 ਸੱਠ ਹੱਥ ਅਰਥਾਤ 105 ਫੁੱਟ ਮਿਣੇ ਅਤੇ ਵੇਹੜੇ ਦੇ ਥੰਮ੍ਹ ਫਾਟਕ ਦੇ ਚਾਰ ਚੁਫ਼ੇਰੇ ਸਨ। 15ਦਰਵਾਜ਼ੇ ਦੇ ਪ੍ਰਵੇਸ਼ ਦੁਆਰ ਤੋਂ ਲੈ ਕੇ ਅੰਦਰਲੇ ਫਾਟਕ ਦੀ ਡਿਉੜ੍ਹੀ ਤੱਕ ਪੰਜਾਹ ਹੱਥ#40:15 ਪੰਜਾਹ ਹੱਥ ਅਰਥਾਤ 88 ਫੁੱਟ ਦਾ ਫਾਸਲਾ ਸੀ। 16ਕੋਠੜੀਆਂ ਵਿੱਚ ਅਤੇ ਉਹਨਾਂ ਦੇ ਥੰਮ੍ਹਾਂ ਵਿੱਚ ਫਾਟਕ ਦੇ ਅੰਦਰ ਚੁਫ਼ੇਰੇ ਝਰੋਖੇ ਸਨ, ਉਸੇ ਤਰ੍ਹਾਂ ਹੀ ਡਿਉੜ੍ਹੀ ਦੇ ਅੰਦਰ ਵੀ ਚੁਫ਼ੇਰੇ ਝਰੋਖੇ ਸਨ ਅਤੇ ਥੰਮ੍ਹਾਂ ਤੇ ਖਜ਼ੂਰ ਦੀਆਂ ਮੂਰਤਾਂ ਸਨ।
ਬਾਹਰੀ ਵੇਹੜਾ
17ਫਿਰ ਉਹ ਮੈਨੂੰ ਬਾਹਰਲੇ ਵਿਹੜੇ ਵਿੱਚ ਲੈ ਆਇਆ। ਉੱਥੇ ਮੈਂ ਕੁਝ ਕਮਰੇ ਅਤੇ ਇੱਕ ਫਰਸ਼ ਦੇਖਿਆ ਜੋ ਅਦਾਲਤ ਦੇ ਚਾਰੇ ਪਾਸੇ ਬਣਾਇਆ ਗਿਆ ਸੀ; ਫਰਸ਼ ਦੇ ਨਾਲ ਤੀਹ ਕਮਰੇ ਸਨ। 18ਉਹ ਫਰਸ਼ ਅਥਵਾ ਥੱਲੇ ਦਾ ਫਰਸ਼ ਫਾਟਕਾਂ ਦੇ ਨਾਲ-ਨਾਲ ਬਰਾਬਰ ਲੱਗਾ ਹੋਇਆ ਸੀ। 19ਫਿਰ ਉਸਨੇ ਹੇਠਲੇ ਦਰਵਾਜ਼ੇ ਦੇ ਅੰਦਰ ਤੋਂ ਅੰਦਰਲੇ ਵੇਹੜੇ ਦੇ ਬਾਹਰ ਤੱਕ ਦੂਰੀ ਨੂੰ ਮਾਪਿਆ; ਇਹ ਪੂਰਬ ਅਤੇ ਉੱਤਰ ਵੱਲ ਸੌ ਹੱਥ#40:19 ਸੌ ਹੱਥ ਅਰਥਾਤ 175 ਫੁੱਟ ਸੀ।
ਉੱਤਰੀ ਫਾਟਕ
20ਫਿਰ ਉਸਨੇ ਉੱਤਰੀ ਫ਼ਾਟਕ ਦੀ ਲੰਬਾਈ ਅਤੇ ਚੌੜਾਈ ਨੂੰ ਨਾਪਿਆ, ਬਾਹਰਲੇ ਵਿਹੜੇ ਵਿੱਚ ਜਾਣ ਲਈ। 21ਇਸ ਦੀਆਂ ਖੱਡਾਂ ਹਰ ਪਾਸੇ ਤਿੰਨ ਇਸ ਦੀਆਂ ਕੰਧਾਂ ਅਤੇ ਦਰਵਾਜ਼ੇ ਦਾ ਮਾਪ ਪਹਿਲੇ ਦਰਵਾਜ਼ੇ ਦੇ ਸਮਾਨ ਸੀ। ਇਹ ਪੰਜਾਹ ਹੱਥ ਲੰਬਾ ਅਤੇ ਪੱਚੀ ਹੱਥ ਚੌੜਾ ਸੀ। 22ਉਹ ਦੀਆਂ ਖਿੜਕੀਆਂ, ਡਿਉੜ੍ਹੀ ਅਤੇ ਖਜ਼ੂਰ ਦੇ ਰੁੱਖ ਪੂਰਬ ਵੱਲ ਮੂੰਹ ਵਾਲੇ ਫਾਟਕ ਦੇ ਨਾਪ ਦੇ ਅਨੁਸਾਰ ਸਨ ਅਤੇ ਉੱਪਰ ਜਾਣ ਲਈ ਸੱਤ ਪੌੜੀਆਂ ਸਨ, ਉਹ ਦੀ ਡਿਉੜ੍ਹੀ ਉਹਨਾਂ ਦੇ ਅੱਗੇ ਸੀ। 23ਅੰਦਰਲੇ ਵੇਹੜੇ ਦਾ ਇੱਕ ਫਾਟਕ ਉੱਤਰੀ ਦਰਵਾਜ਼ੇ ਵੱਲ ਸੀ, ਜਿਵੇਂ ਪੂਰਬ ਵੱਲ ਸੀ। ਉਸਨੇ ਇੱਕ ਦਰਵਾਜ਼ੇ ਤੋਂ ਦੂਜੇ ਦਰਵਾਜ਼ੇ ਤੱਕ ਮਾਪਿਆ; ਇਹ ਸੌ ਹੱਥ ਸੀ।
ਦੱਖਣੀ ਫਾਟਕ
24ਫਿਰ ਉਹ ਮੈਨੂੰ ਦੱਖਣ ਵਾਲੇ ਪਾਸੇ ਲੈ ਗਿਆ ਅਤੇ ਮੈਂ ਦੱਖਣੀ ਫ਼ਾਟਕ ਦੇਖਿਆ। ਉਸ ਨੇ ਇਸ ਦੇ ਜਾਮ ਅਤੇ ਇਸ ਦੇ ਦਰਵਾਜ਼ੇ ਨੂੰ ਮਾਪਿਆ, ਅਤੇ ਉਹਨਾਂ ਦਾ ਮਾਪ ਬਾਕੀਆਂ ਵਾਂਗ ਹੀ ਸੀ। 25ਉਹ ਦੇ ਵਿੱਚ ਅਤੇ ਉਹ ਦੀ ਡਿਉੜ੍ਹੀ ਵਿੱਚ ਚਾਰ ਚੁਫ਼ੇਰੇ ਉਹਨਾਂ ਖਿੜਕੀਆਂ ਵਾਂਗੂੰ ਖਿੜਕੀਆਂ ਸਨ। ਲੰਬਾਈ ਪੰਜਾਹ ਹੱਥ ਅਤੇ ਚੌੜਾਈ ਪੱਚੀ ਹੱਥ ਸੀ। 26ਉਹ ਦੇ ਉੱਤੇ ਚੜ੍ਹਨ ਲਈ ਸੱਤ ਪੌੜੀਆਂ ਸਨ ਅਤੇ ਉਹ ਦੀ ਡਿਉੜ੍ਹੀ ਉਹਨਾਂ ਦੇ ਅੱਗੇ ਸੀ। ਉਹ ਦੇ ਥੰਮ੍ਹਾਂ ਤੇ ਖਜ਼ੂਰ ਦੇ ਰੁੱਖ ਦੀਆਂ ਮੂਰਤਾਂ ਸਨ, ਇੱਕ ਇਸ ਪਾਸੇ ਅਤੇ ਇੱਕ ਓਸ ਪਾਸੇ। 27ਅੰਦਰਲੇ ਵੇਹੜੇ ਦਾ ਇੱਕ ਫਾਟਕ ਵੀ ਦੱਖਣ ਵੱਲ ਸੀ ਅਤੇ ਉਸ ਨੇ ਇਸ ਫਾਟਕ ਤੋਂ ਬਾਹਰਲੇ ਦਰਵਾਜ਼ੇ ਤੱਕ ਦੱਖਣ ਵੱਲ ਨੂੰ ਮਿਣਿਆ; ਇਹ ਸੌ ਹੱਥ ਸੀ।
ਅੰਦਰੂਨੀ ਅਦਾਲਤ ਦੇ ਫਾਟਕ
28ਫਿਰ ਉਹ ਮੈਨੂੰ ਦੱਖਣ ਦੇ ਦਰਵਾਜ਼ੇ ਰਾਹੀਂ ਅੰਦਰਲੇ ਵਿਹੜੇ ਵਿੱਚ ਲੈ ਗਿਆ ਅਤੇ ਉਸਨੇ ਦੱਖਣੀ ਫ਼ਾਟਕ ਨੂੰ ਮਿਣਿਆ। ਇਸ ਦੇ ਹੋਰਾਂ ਦੇ ਸਮਾਨ ਮਾਪ ਸਨ। 29ਉਹ ਦੀਆਂ ਕੋਠੜੀਆਂ, ਉਹ ਦੇ ਥੰਮ੍ਹਾਂ ਅਤੇ ਉਹ ਦੀ ਡਿਉੜ੍ਹੀ ਨੂੰ ਇਹਨਾਂ ਹੀ ਮੇਚਿਆਂ ਦੇ ਅਨੁਸਾਰ ਵੇਖਿਆ ਅਤੇ ਉਸ ਵਿੱਚ ਅਤੇ ਉਸ ਦੀ ਡਿਉੜ੍ਹੀ ਵਿੱਚ ਚੁਫ਼ੇਰੇ ਖਿੜਕੀਆਂ ਸਨ। ਲੰਬਾਈ ਪੰਜਾਹ ਹੱਥ ਅਤੇ ਚੌੜਾਈ ਪੱਚੀ ਹੱਥ ਸੀ। 30(ਡਿਉੜ੍ਹੀ ਚਾਰ ਚੁਫ਼ੇਰਿਓਂ ਪੱਚੀ ਹੱਥ ਲੰਮੀ ਅਤੇ ਪੱਚੀ ਹੱਥ ਚੌੜੀ ਸੀ।) 31ਇਸ ਦੀ ਡਿਉੜ੍ਹੀ ਬਾਹਰਲੇ ਵਿਹੜੇ ਵੱਲ ਸੀ; ਅਤੇ ਉਹ ਦੇ ਥੰਮ੍ਹਾਂ ਉੱਤੇ ਖਜ਼ੂਰ ਦੇ ਰੁੱਖਾਂ ਦੀਆਂ ਮੂਰਤਾਂ ਸਨ ਅਤੇ ਉੱਤੇ ਚੜ੍ਹਨ ਲਈ ਅੱਠ ਪੌੜੀਆਂ ਸਨ।
32ਫਿਰ ਉਹ ਮੈਨੂੰ ਪੂਰਬ ਵਾਲੇ ਪਾਸੇ ਦੇ ਅੰਦਰਲੇ ਵੇਹੜੇ ਵਿੱਚ ਲੈ ਗਿਆ ਅਤੇ ਉਸਨੇ ਦਰਵਾਜ਼ੇ ਨੂੰ ਮਿਣਿਆ। ਇਸ ਦੇ ਹੋਰਾਂ ਦੇ ਸਮਾਨ ਮਾਪ ਸਨ। 33ਉਹ ਦੀਆਂ ਕੋਠੜੀਆਂ, ਥੰਮ੍ਹਾਂ ਅਤੇ ਡਿਉੜ੍ਹੀ ਨੂੰ ਇਹਨਾਂ ਹੀ ਮੇਚਿਆਂ ਦੇ ਅਨੁਸਾਰ ਵੇਖਿਆ ਅਤੇ ਉਹ ਦੇ ਵਿੱਚ ਅਤੇ ਉਸ ਦੀ ਡਿਉੜ੍ਹੀ ਵਿੱਚ ਚੁਫ਼ੇਰੇ ਖਿੜਕੀਆਂ ਸਨ। ਲੰਬਾਈ ਪੰਜਾਹ ਹੱਥ ਅਤੇ ਚੌੜਾਈ ਪੱਚੀ ਹੱਥ ਸੀ। 34ਇਸ ਦੀ ਡਿਉੜ੍ਹੀ ਬਾਹਰਲੇ ਵਿਹੜੇ ਵੱਲ ਸੀ; ਅਤੇ ਉਹ ਦੇ ਥੰਮ੍ਹਾਂ ਉੱਤੇ ਇੱਧਰ ਉੱਧਰ ਖਜ਼ੂਰ ਦੇ ਰੁੱਖਾਂ ਦੀਆਂ ਮੂਰਤਾਂ ਸਨ ਅਤੇ ਉੱਤੇ ਜਾਣ ਲਈ ਅੱਠ ਪੌੜੀਆਂ ਸਨ।
35ਫਿਰ ਉਹ ਮੈਨੂੰ ਉੱਤਰੀ ਦਰਵਾਜ਼ੇ ਕੋਲ ਲਿਆਇਆ ਅਤੇ ਉਸਨੂੰ ਮਾਪਿਆ। ਇਸ ਦੇ ਮਾਪ ਹੋਰਾਂ ਦੇ ਸਮਾਨ ਸਨ, 36ਜਿਵੇਂ ਕਿ ਇਸ ਦੀਆਂ ਕੋਠੜੀਆਂ, ਉਹ ਦੇ ਥੰਮ੍ਹਾਂ ਅਤੇ ਉਹ ਦੀ ਡਿਉੜ੍ਹੀ ਜਿਹਨਾਂ ਵਿੱਚ ਚੁਫ਼ੇਰੇ ਖਿੜਕੀਆਂ ਸਨ, ਦੀ ਲੰਬਾਈ ਪੰਜਾਹ ਹੱਥ ਤੇ ਚੌੜਾਈ ਪੱਚੀ ਹੱਥ ਸੀ। 37ਉਸ ਦੇ ਥੰਮ੍ਹ ਬਾਹਰਲੇ ਵੇਹੜੇ ਵੱਲ ਸਨ ਅਤੇ ਉਹ ਦੇ ਥੰਮ੍ਹਾਂ ਤੇ ਇੱਧਰ ਉੱਧਰ ਖਜ਼ੂਰਾਂ ਦੇ ਰੁੱਖ ਦੀਆਂ ਮੂਰਤਾਂ ਸਨ ਅਤੇ ਉੱਤੇ ਚੜ੍ਹਨ ਲਈ ਅੱਠ ਪੌੜੀਆਂ ਸਨ।
ਕੁਰਬਾਨੀਆਂ ਦੀ ਤਿਆਰੀ ਲਈ ਕਮਰੇ
38ਫਾਟਕਾਂ ਦੇ ਥੰਮ੍ਹਾਂ ਦੇ ਕੋਲ ਦਰਵਾਜ਼ੇ ਵਾਲੀ ਕੋਠੜੀ ਸੀ, ਜਿੱਥੇ ਹੋਮ ਦੀ ਬਲੀ ਧੋਂਦੇ ਸਨ। 39ਦਰਵਾਜ਼ੇ ਦੀ ਡਿਉੜ੍ਹੀ ਵਿੱਚ ਹਰ ਪਾਸੇ ਦੋ ਮੇਜ਼ ਸਨ, ਜਿਨ੍ਹਾਂ ਉੱਤੇ ਹੋਮ ਦੀਆਂ ਭੇਟਾਂ, ਪਾਪ ਦੀਆਂ ਭੇਟਾਂ#40:39 ਪਾਪ ਦੀਆਂ ਭੇਟਾਂ ਅਰਥਾਤ ਸ਼ੁੱਧੀਕਰਨ ਦੀ ਭੇਟਾਂ ਅਤੇ ਦੋਸ਼ ਦੀਆਂ ਭੇਟਾਂ ਨੂੰ ਵੱਢਿਆ ਜਾਂਦਾ ਸੀ। 40ਫਾਟਕ ਦੇ ਦਰਵਾਜ਼ੇ ਦੀ ਬਾਹਰਲੀ ਕੰਧ ਦੇ ਕੋਲ, ਉੱਤਰੀ ਫਾਟਕ ਦੇ ਪ੍ਰਵੇਸ਼ ਦੁਆਰ ਦੀਆਂ ਪੌੜੀਆਂ ਦੇ ਕੋਲ ਦੋ ਮੇਜ਼ ਸਨ, ਅਤੇ ਪੌੜੀਆਂ ਦੇ ਦੂਜੇ ਪਾਸੇ ਦੋ ਮੇਜ਼ ਸਨ। 41ਇਸ ਲਈ ਫਾਟਕ ਦੇ ਨੇੜੇ ਚਾਰ ਮੇਜ਼ਾਂ ਇਸ ਪਾਸੇ ਅਤੇ ਚਾਰ ਉਸ ਪਾਸੇ ਸਨ, ਅਰਥਾਤ ਅੱਠ ਮੇਜ਼ਾਂ ਕੱਟਣ ਲਈ ਸਨ। 42ਹੋਮ ਦੀਆਂ ਭੇਟਾਂ ਲਈ ਪੱਥਰ ਦੀਆਂ ਚਾਰ ਮੇਜ਼ਾਂ ਵੀ ਸਨ, ਹਰ ਇੱਕ ਡੇਢ ਹੱਥ ਲੰਮਾ, ਡੇਢ ਹੱਥ ਚੌੜਾ ਅਤੇ ਇੱਕ ਹੱਥ ਉੱਚਾ। ਉਹਨਾਂ ਉੱਤੇ ਹੋਮ ਦੀਆਂ ਭੇਟਾਂ ਅਤੇ ਹੋਰ ਬਲੀਆਂ ਨੂੰ ਕੱਟਣ ਲਈ ਭਾਂਡੇ ਰੱਖੇ ਗਏ ਸਨ। 43ਅਤੇ ਦੋ-ਪੱਖੀ ਹੁੱਕ, ਹਰ ਇੱਕ ਹੱਥ ਚੌੜਾਈ ਲੰਬੇ, ਚਾਰੇ ਪਾਸੇ ਕੰਧ ਨਾਲ ਜੁੜੇ ਹੋਏ ਸਨ। ਮੇਜ਼ਾਂ ਭੇਟਾਂ ਦੇ ਮਾਸ ਲਈ ਸਨ।
ਪੁਜਾਰੀਆਂ ਲਈ ਕਮਰੇ
44ਅੰਦਰਲੇ ਫਾਟਕ ਤੋਂ ਬਾਹਰ ਅੰਦਰਲੇ ਵੇਹੜੇ ਵਿੱਚ ਜੋ ਉੱਤਰੀ ਫਾਟਕ ਵੱਲ ਸੀ, ਗਾਉਣ ਵਾਲਿਆਂ ਦੀਆਂ ਕੋਠੜੀਆਂ ਸਨ ਅਤੇ ਉਹਨਾਂ ਦਾ ਮੂੰਹ ਦੱਖਣ ਵੱਲ ਸੀ। ਇੱਕ ਕੋਠੜੀ ਪੂਰਬੀ ਫਾਟਕ ਵੱਲ ਸੀ, ਜਿਸ ਦਾ ਮੂੰਹ ਉਤਰ ਵੱਲ ਸੀ। 45ਉਹ ਨੇ ਮੈਨੂੰ ਆਖਿਆ, “ਕਿ ਇਹ ਕੋਠੜੀ ਜਿਸ ਦਾ ਮੂੰਹ ਦੱਖਣ ਵੱਲ ਹੈ ਉਹਨਾਂ ਜਾਜਕਾਂ ਦੇ ਲਈ ਹੈ, ਜਿਹੜੇ ਡੇਰੇ ਦੀ ਰਾਖੀ ਕਰਦੇ ਹਨ, 46ਅਤੇ ਉੱਤਰ ਵੱਲ ਮੂੰਹ ਕਰਨ ਵਾਲਾ ਕਮਰਾ ਉਹਨਾਂ ਜਾਜਕਾਂ ਲਈ ਹੈ ਜੋ ਜਗਵੇਦੀ ਦੀ ਰਾਖੀ ਕਰਦੇ ਹਨ। ਇਹ ਸਾਦੋਕ ਦੇ ਪੁੱਤਰ ਹਨ, ਜੋ ਸਿਰਫ ਉਹੀ ਲੇਵੀ ਹਨ ਜੋ ਉਸ ਦੇ ਅੱਗੇ ਸੇਵਾ ਕਰਨ ਲਈ ਯਾਹਵੇਹ ਦੇ ਨੇੜੇ ਆ ਸਕਦੇ ਹਨ।”
47ਫਿਰ ਉਸਨੇ ਵਿਹੜੇ ਨੂੰ ਮਾਪਿਆ: ਇਹ ਚੌਰਸ ਸੀ ਸੌ ਹੱਥ ਲੰਬਾ ਅਤੇ ਸੌ ਹੱਥ ਚੌੜਾ ਸੀ ਅਤੇ ਜਗਵੇਦੀ ਭਵਨ ਦੇ ਸਾਮ੍ਹਣੇ ਸੀ।
ਨਵਾਂ ਮੰਦਰ
48ਫਿਰ ਉਹ ਮੈਨੂੰ ਭਵਨ ਦੀ ਡਿਉੜ੍ਹੀ ਵਿੱਚ ਲੈ ਆਇਆ ਅਤੇ ਡਿਉੜ੍ਹੀ ਨੂੰ ਮਿਣਿਆ, ਪੰਜ ਹੱਥ ਇੱਧਰ ਅਤੇ ਪੰਜ ਹੱਥ ਉੱਧਰ ਅਤੇ ਫਾਟਕ ਦੀ ਚੌੜਾਈ ਤਿੰਨ ਹੱਥ ਇਸ ਪਾਸੇ ਸੀ ਅਤੇ ਤਿੰਨ ਹੱਥ ਉਸ ਪਾਸੇ। 49ਡਿਉੜ੍ਹੀ ਦੀ ਲੰਬਾਈ ਵੀਹ ਹੱਥ#40:49 ਵੀਹ ਹੱਥ ਅਰਥਾਤ 35 ਫੁੱਟ ਅਤੇ ਚੌੜਾਈ ਬਾਰਾਂ ਹੱਥ#40:49 ਬਾਰਾਂ ਹੱਥ ਅਰਥਾਤ 21 ਫੁੱਟ ਸੀ। ਉਸ ਪੌੜੀ ਦੇ ਡੰਡੇ ਕੋਲ ਜਿਹਨਾਂ ਤੋਂ ਉਸ ਉੱਤੇ ਚੜ੍ਹਦੇ ਸਨ ਅਤੇ ਥੰਮ੍ਹਾਂ ਦੇ ਨਾਲ ਪੀਲ ਪਾਏ ਸਨ, ਇੱਕ ਇਸ ਪਾਸੇ ਅਤੇ ਇੱਕ ਉਸ ਪਾਸੇ।
ที่ได้เลือกล่าสุด:
ਹਿਜ਼ਕੀਏਲ 40: PCB
เน้นข้อความ
แบ่งปัน
เปรียบเทียบ
คัดลอก
ต้องการเน้นข้อความที่บันทึกไว้ตลอดทั้งอุปกรณ์ของคุณหรือไม่? ลงทะเบียน หรือลงชื่อเข้าใช้
ਪਵਿੱਤਰ ਬਾਈਬਲ ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.