ਗਿਣਤੀ 27
27
ਸਲਾਫ਼ਹਾਦ ਦੀਆਂ ਧੀਆਂ
1ਯੋਸੇਫ਼ ਦੇ ਪੁੱਤਰ ਮਨੱਸ਼ੇਹ ਦੇ ਘਰਾਣੇ ਵਿੱਚੋਂ, ਸਲਾਫ਼ਹਾਦ ਦੀਆਂ ਧੀਆਂ ਜੋ ਹੇਫਰ ਦਾ ਪੁੱਤਰ, ਗਿਲਆਦ ਦਾ ਪੁੱਤਰ, ਮਾਕੀਰ ਦਾ ਪੁੱਤਰ, ਜਿਨ੍ਹਾਂ ਦੇ ਨਾਮ ਮਹਲਾਹ, ਨੋਹ, ਹੋਗਲਾਹ, ਮਿਲਕਾਹ ਅਤੇ ਤਿਰਜ਼ਾਹ ਸਨ ਜੋ ਅੱਗੇ ਆਏ। 2ਉਹਨਾਂ ਨੇ ਮੋਸ਼ੇਹ, ਅਲਆਜ਼ਾਰ ਜਾਜਕ, ਆਗੂਆਂ ਅਤੇ ਸਾਰੀ ਸਭਾ ਦੇ ਅੱਗੇ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਉੱਤੇ ਖਲੋਕੇ ਆਖਿਆ, 3“ਸਾਡਾ ਪਿਤਾ ਉਜਾੜ ਵਿੱਚ ਮਰ ਗਿਆ। ਉਹ ਕੋਰਾਹ ਦੀ ਟੋਲੀ ਵਿੱਚੋਂ ਨਹੀਂ ਸੀ, ਜੋ ਯਾਹਵੇਹ ਦੇ ਵਿਰੁੱਧ ਇਕੱਠੇ ਹੋਏ ਸਨ, ਪਰ ਉਹ ਆਪਣੇ ਪਾਪ ਲਈ ਮਰਿਆ ਅਤੇ ਉਸ ਦਾ ਕੋਈ ਪੁੱਤਰ ਵੀ ਨਹੀਂ ਸੀ। 4ਸਾਡੇ ਪਿਤਾ ਦਾ ਨਾਮ ਉਸ ਦੇ ਗੋਤ ਵਿੱਚੋਂ ਕਿਉਂ ਨਾ ਮਿਟ ਜਾਵੇ ਕਿਉਂਕਿ ਉਸ ਦਾ ਕੋਈ ਪੁੱਤਰ ਨਹੀਂ ਸੀ? ਸਾਨੂੰ ਸਾਡੇ ਪਿਤਾ ਦੇ ਭਰਾਵਾਂ ਦੇ ਨਾਲ ਜਾਇਦਾਦ ਦੇ ਦਿਓ।”
5ਤਾਂ ਮੋਸ਼ੇਹ ਨੇ ਉਹਨਾਂ ਦਾ ਮੁਕੱਦਮਾ ਯਾਹਵੇਹ ਦੇ ਅੱਗੇ ਪੇਸ਼ ਕੀਤਾ, 6ਅਤੇ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ, 7“ਸਲਾਫ਼ਹਾਦ ਦੀਆਂ ਧੀਆਂ ਜੋ ਕਹਿ ਰਹੀਆਂ ਹਨ ਉਹ ਸਹੀ ਹੈ। ਤੁਹਾਨੂੰ ਜ਼ਰੂਰ ਉਹਨਾਂ ਨੂੰ ਉਹਨਾਂ ਦੇ ਪਿਤਾ ਦੇ ਭਰਾਵਾਂ ਦੇ ਨਾਲ ਵਿਰਾਸਤ ਵਜੋਂ ਜਾਇਦਾਦ ਦੇਣਾ ਚਾਹੀਦਾ ਹੈ ਅਤੇ ਉਹਨਾਂ ਦੇ ਪਿਤਾ ਦੀ ਵਿਰਾਸਤ ਉਹਨਾਂ ਨੂੰ ਦਿਓ।
8“ਇਸਰਾਏਲ ਦੇ ਲੋਕਾਂ ਨੂੰ ਆਖ, ‘ਜੇ ਕੋਈ ਮਨੁੱਖ ਮਰਦਾ ਹੈ ਅਤੇ ਉਸਦੇ ਕੋਈ ਪੁੱਤਰ ਨਹੀਂ ਹੁੰਦਾ, ਤਾਂ ਉਸਦੀ ਵਿਰਾਸਤ ਉਸਦੀ ਧੀ ਨੂੰ ਦਿਓ। 9ਜੇਕਰ ਉਸ ਦੀ ਕੋਈ ਧੀ ਨਹੀਂ ਹੈ ਤਾਂ ਉਸ ਦੀ ਵਿਰਾਸਤ ਉਸ ਦੇ ਭਰਾਵਾਂ ਨੂੰ ਦੇ ਦਿਓ। 10ਜੇਕਰ ਉਸ ਦੇ ਕੋਈ ਭਰਾ ਨਹੀਂ ਹਨ ਤਾਂ ਉਹ ਦੀ ਵਿਰਾਸਤ ਉਸ ਦੇ ਪਿਤਾ ਦੇ ਭਰਾਵਾਂ ਨੂੰ ਦੇ ਦਿਓ। 11ਜੇਕਰ ਉਹ ਦੇ ਪਿਤਾ ਦਾ ਕੋਈ ਭਰਾ ਨਾ ਹੋਵੇ ਤਾਂ ਉਹ ਦੀ ਮਿਰਾਸ ਉਸ ਦੇ ਗੋਤ ਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਦਿਓ ਤਾਂ ਜੋ ਉਹ ਉਸ ਉੱਤੇ ਕਬਜ਼ਾ ਕਰ ਲਵੇ। ਇਹ ਇਸਰਾਏਲੀਆਂ ਲਈ ਨਿਆਂ ਦੀ ਬਿਧੀ ਹੋਵੇ, ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।’ ”
ਯਹੋਸ਼ੂਆ ਮੋਸ਼ੇਹ ਦਾ ਉੱਤਰਾਧਿਕਾਰੀ
12ਇਸ ਤੋਂ ਬਾਅਦ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ, “ਤੂੰ ਇਸ ਅਬਾਰੀਮ ਪਰਬਤ ਉੱਤੇ ਜਾ ਅਤੇ ਉਸ ਧਰਤੀ ਨੂੰ ਵੇਖ ਜਿਹੜੀ ਮੈਂ ਇਸਰਾਏਲ ਦੇ ਘਰਾਣੇ ਨੂੰ ਦਿੱਤੀ ਹੈ। 13ਉਸ ਨੂੰ ਵੇਖਣ ਤੋਂ ਬਾਅਦ, ਤੁਸੀਂ ਵੀ ਆਪਣੇ ਲੋਕਾਂ ਵਿੱਚ ਇਕੱਠੇ ਹੋ ਜਾਵੋਂਗੇ ਜਿਵੇਂ ਤੁਹਾਡਾ ਭਰਾ ਹਾਰੋਨ ਸੀ। 14ਕਿਉਂਕਿ ਜਦੋਂ ਲੋਕਾਂ ਨੇ ਜ਼ੀਨ ਦੇ ਮਾਰੂਥਲ ਵਿੱਚ ਪਾਣੀ ਲਈ ਬਗਾਵਤ ਕੀਤੀ, ਤਾਂ ਤੁਸੀਂ ਦੋਵਾਂ ਨੇ ਮੇਰੇ ਹੁਕਮ ਦੀ ਉਲੰਘਣਾ ਕੀਤੀ ਸੀ ਕਿ ਤੁਸੀਂ ਉਹਨਾਂ ਦੀਆਂ ਅੱਖਾਂ ਦੇ ਸਾਮ੍ਹਣੇ ਮੈਨੂੰ ਪਵਿੱਤਰ ਮੰਨੋ।” (ਇਹ ਸੀਨ ਦੇ ਮਾਰੂਥਲ ਵਿੱਚ ਮਰੀਬਾਹ ਕਾਦੇਸ਼ ਦੇ ਪਾਣੀ ਸਨ।)
15ਮੋਸ਼ੇਹ ਨੇ ਯਾਹਵੇਹ ਨੂੰ ਕਿਹਾ, 16“ਯਾਹਵੇਹ, ਸਾਹ ਦੇਣ ਵਾਲਾ ਪਰਮੇਸ਼ਵਰ ਹੈ ਜੋ ਸਾਰੀਆਂ ਜੀਵਾਂ ਨੂੰ ਸਾਹ ਦਿੰਦਾ ਹੈ, ਇਸ ਲਈ ਇਹਨਾਂ ਲੋਕਾਂ ਲਈ ਇੱਕ ਆਗੂ ਨਿਯੁਕਤ ਕਰੋ। 17ਉਹ ਉਹਨਾਂ ਦਾ ਆਗੂ ਹੋ ਕੇ ਇਸ ਦੇਸ਼ ਵਿੱਚ ਵੜਨ ਲਈ ਉਹਨਾਂ ਦੀ ਅਗਵਾਈ ਕਰੇਗਾ, ਤਾਂ ਜੋ ਯਾਹਵੇਹ ਦੇ ਲੋਕਾਂ ਦੀ ਹਾਲਤ ਉਹਨਾਂ ਭੇਡਾਂ ਵਰਗੀ ਨਾ ਹੋ ਜਾਵੇ ਜਿਨ੍ਹਾਂ ਦਾ ਕੋਈ ਅਯਾਲੀ ਨਾ ਹੋਵੇ।”
18ਤਾਂ ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਨੂਨ ਦੇ ਪੁੱਤਰ ਯਹੋਸ਼ੂਆ ਨੂੰ ਲੈ ਜਾ, ਕਿਉਂਕਿ ਇਸ ਵਿੱਚ ਅਗਵਾਈ ਕਰਨ ਦਾ ਆਤਮਾ ਹੈ, ਅਤੇ ਆਪਣਾ ਹੱਥ ਉਸ ਉੱਤੇ ਰੱਖ। 19ਉਹ ਨੂੰ ਅਲਆਜ਼ਾਰ ਜਾਜਕ ਅਤੇ ਸਾਰੀ ਸਭਾ ਦੇ ਸਾਮ੍ਹਣੇ ਖੜਾ ਕਰ ਅਤੇ ਉਹਨਾਂ ਦੀ ਹਾਜ਼ਰੀ ਵਿੱਚ ਉਸ ਨੂੰ ਹੁਕਮ ਦੇ। 20ਉਸ ਨੂੰ ਆਪਣਾ ਕੁਝ ਅਧਿਕਾਰ ਦੇ ਤਾਂ ਜੋ ਇਸਰਾਏਲ ਦੀ ਸਾਰੀ ਕੌਮ ਉਸ ਦਾ ਕਹਿਣਾ ਮੰਨੇ। 21ਉਹ ਅਲਆਜ਼ਾਰ ਜਾਜਕ ਦੇ ਅੱਗੇ ਖੜ੍ਹਾ ਹੋਵੇ, ਜੋ ਯਾਹਵੇਹ ਦੇ ਸਾਮ੍ਹਣੇ ਊਰੀਮ ਬਾਰੇ ਪੁੱਛ-ਗਿੱਛ ਕਰਕੇ ਉਸ ਦੇ ਲਈ ਫ਼ੈਸਲੇ ਲਵੇਗਾ। ਉਸ ਦੇ ਹੁਕਮ ਉੱਤੇ ਉਹ ਅਤੇ ਇਸਰਾਏਲੀਆਂ ਦੀ ਸਾਰੀ ਕੌਮ ਬਾਹਰ ਜਾਵੇਗੀ ਅਤੇ ਉਸ ਦੇ ਹੁਕਮ ਉੱਤੇ ਉਹ ਅੰਦਰ ਆਉਣਗੇ।”
22ਮੋਸ਼ੇਹ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ। ਉਸਨੇ ਯਹੋਸ਼ੂਆ ਨੂੰ ਲਿਆ ਅਤੇ ਉਸਨੂੰ ਅਲਆਜ਼ਾਰ ਜਾਜਕ ਅਤੇ ਸਾਰੀ ਸਭਾ ਦੇ ਸਾਮ੍ਹਣੇ ਖੜ੍ਹਾ ਕੀਤਾ। 23ਤਦ ਉਸ ਨੇ ਆਪਣੇ ਹੱਥ ਉਸ ਉੱਤੇ ਰੱਖੇ ਅਤੇ ਉਸ ਨੂੰ ਹੁਕਮ ਦਿੱਤਾ ਜਿਵੇਂ ਯਾਹਵੇਹ ਨੇ ਮੋਸ਼ੇਹ ਦੇ ਰਾਹੀਂ ਹੁਕਮ ਦਿੱਤਾ ਸੀ।
தற்சமயம் தேர்ந்தெடுக்கப்பட்டது:
ਗਿਣਤੀ 27: PCB
சிறப்புக்கூறு
நகல்
ஒப்பீடு
பகிர்
உங்கள் எல்லா சாதனங்களிலும் உங்கள் சிறப்பம்சங்கள் சேமிக்கப்பட வேண்டுமா? பதிவு செய்யவும் அல்லது உள்நுழையவும்
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.