ਯਹੋਸ਼ੂਆ 17
17
1ਮਨੱਸ਼ੇਹ ਦੇ ਗੋਤ ਦਾ ਹਿੱਸਾ ਇਹ ਸੀ, ਇਸ ਲਈ ਜੋ ਉਹ ਯੋਸੇਫ਼ ਦਾ ਪਹਿਲੌਠਾ ਸੀ। ਮਾਕੀਰ ਨੂੰ ਜਿਹੜਾ ਮਨੱਸ਼ੇਹ ਦਾ ਪਹਿਲੌਠਾ ਅਤੇ ਗਿਲਾਦ ਦਾ ਪਿਤਾ ਸੀ ਯੋਧਾ ਹੋਣ ਕਰਕੇ ਗਿਲਆਦ ਬਾਸ਼ਾਨ ਮਿਲੇ। 2ਇਸ ਲਈ ਇਹ ਮਨੱਸ਼ੇਹ ਦੇ ਬਾਕੀ ਲੋਕਾਂ ਲਈ ਸੀ, ਅਬੀਅਜ਼ਰ ਦੀ ਅੰਸ, ਹੇਲੇਕ, ਅਸਰੀਏਲ, ਸ਼ੇਕੇਮ, ਹੇਫਰ ਅਤੇ ਸ਼ਮੀਦਾ ਦੇ ਗੋਤਾਂ ਲਈ। ਇਹ ਯੋਸੇਫ਼ ਦੇ ਪੁੱਤਰ ਮਨੱਸ਼ੇਹ ਦੇ ਪਰਿਵਾਰਾ ਦੇ ਸਮੂਹ ਅਨੁਸਾਰ ਸਨ।
3ਹੁਣ ਹੇਫਰ ਦਾ ਪੁੱਤਰ ਸਲਾਫ਼ਹਾਦ, ਗਿਲਆਦ ਦਾ ਪੁੱਤਰ, ਮਾਕੀਰ ਦਾ ਪੁੱਤਰ, ਮਨੱਸ਼ੇਹ ਦਾ ਪੁੱਤਰ, ਉਸ ਦੇ ਕੋਈ ਪੁੱਤਰ ਨਹੀਂ ਸਨ ਪਰ ਸਿਰਫ ਧੀਆਂ ਸਨ, ਜਿਨ੍ਹਾਂ ਦੇ ਨਾਮ ਮਹਲਾਹ, ਨੋਹ, ਹੋਗਲਾਹ, ਮਿਲਕਾਹ ਅਤੇ ਤਿਰਜ਼ਾਹ ਸਨ। 4ਉਹ ਅਲਆਜ਼ਾਰ ਜਾਜਕ, ਨੂਨ ਦੇ ਪੁੱਤਰ ਯਹੋਸ਼ੂਆ ਅਤੇ ਆਗੂਆਂ ਕੋਲ ਗਏ ਅਤੇ ਕਿਹਾ, “ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ ਕਿ ਉਹ ਸਾਨੂੰ ਸਾਡੇ ਰਿਸ਼ਤੇਦਾਰਾਂ ਵਿੱਚੋਂ ਇੱਕ ਮਿਰਾਸ ਦੇਵੇ।” ਇਸ ਲਈ ਯਹੋਸ਼ੂਆ ਨੇ ਯਾਹਵੇਹ ਦੇ ਹੁਕਮ ਅਨੁਸਾਰ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਦੇ ਭਰਾਵਾਂ ਸਮੇਤ ਇੱਕ ਵਿਰਾਸਤ ਦਿੱਤੀ। 5ਮਨੱਸ਼ੇਹ ਦੇ ਹਿੱਸੇ ਵਿੱਚ ਯਰਦਨ ਦੇ ਪੂਰਬ ਵੱਲ ਗਿਲਆਦ ਅਤੇ ਬਾਸ਼ਾਨ ਤੋਂ ਇਲਾਵਾ ਦਸ ਹਿੱਸੇ ਜ਼ਮੀਨ ਸਨ, 6ਕਿਉਂਕਿ ਮਨੱਸ਼ੇਹ ਦੇ ਪਰਿਵਾਰ-ਸਮੂਹ ਦੀਆਂ ਧੀਆਂ ਨੂੰ ਪੁੱਤਰਾਂ ਵਿਚਕਾਰ ਵਿਰਾਸਤ ਮਿਲੀ ਸੀ। ਗਿਲਆਦ ਦੀ ਧਰਤੀ ਮਨੱਸ਼ੇਹ ਦੇ ਬਾਕੀ ਉੱਤਰਾਧਿਕਾਰੀਆਂ ਦੀ ਸੀ।
7ਮਨੱਸ਼ੇਹ ਦਾ ਇਲਾਕਾ ਸ਼ੇਕੇਮ ਦੇ ਪੂਰਬ ਵਿੱਚ ਆਸ਼ੇਰ ਤੋਂ ਮਿਕਮਥਾਥ ਤੱਕ ਫੈਲਿਆ ਹੋਇਆ ਸੀ। ਏਨ ਤਪੂਆਹ ਵਿੱਚ ਰਹਿਣ ਵਾਲੇ ਲੋਕਾਂ ਨੂੰ ਸ਼ਾਮਲ ਕਰਨ ਲਈ ਉੱਥੋਂ ਦੀ ਸੀਮਾ ਦੱਖਣ ਵੱਲ ਚਲੀ ਗਈ। 8(ਮਨੱਸ਼ੇਹ ਕੋਲ ਤਪੂਆਹ ਦੀ ਧਰਤੀ ਸੀ, ਪਰ ਤਪੂਆਹ ਮਨੱਸ਼ੇਹ ਦੀ ਹੱਦ ਉੱਤੇ, ਇਫ਼ਰਾਈਮੀਆਂ ਦਾ ਸੀ।) 9ਫਿਰ ਇਹ ਸੀਮਾ ਦੱਖਣ ਵੱਲ ਕਾਨਾਹ ਦੀ ਖੱਡ ਤੱਕ ਚਲੀ ਗਈ। ਮਨੱਸ਼ੇਹ ਦੇ ਕਸਬਿਆਂ ਦੇ ਵਿਚਕਾਰ ਇਫ਼ਰਾਈਮ ਦੇ ਕਸਬੇ ਸਨ, ਪਰ ਮਨੱਸ਼ੇਹ ਦੀ ਹੱਦ ਘਾਟੀ ਦੇ ਉੱਤਰੀ ਪਾਸੇ ਸੀ ਅਤੇ ਮਹਾ ਸਾਗਰ ਵਿੱਚ ਖਤਮ ਹੁੰਦੀ ਸੀ। 10ਦੱਖਣ ਵੱਲ ਜ਼ਮੀਨ ਇਫ਼ਰਾਈਮ ਦੀ ਸੀ, ਉੱਤਰ ਵੱਲ ਮਨੱਸ਼ੇਹ ਦੀ ਅਤੇ ਮਨੱਸ਼ੇਹ ਦਾ ਇਲਾਕਾ ਸਾਗਰ ਤੱਕ ਪਹੁੰਚਿਆ ਅਤੇ ਉੱਤਰ ਵੱਲ ਆਸ਼ੇਰ ਅਤੇ ਪੂਰਬ ਵੱਲ ਯਿੱਸਾਕਾਰ ਦੀ ਸਰਹੱਦ ਨਾਲ ਲੱਗਦੀ ਸੀ।
11ਮਨੱਸ਼ੇਹ ਲਈ ਯਿੱਸਾਕਾਰ ਵਿੱਚ ਆਸ਼ੇਰ ਵਿੱਚ ਇਹ ਸੀ, ਬੈਥ ਸ਼ਾਨ ਉਸ ਦੀਆਂ ਬਸਤੀਆਂ ਯਿਬਲਾਮ ਉਸ ਦੀਆਂ ਬਸਤੀਆਂ, ਦੋਰ ਦੇ ਵਾਸੀ ਅਤੇ ਉਸ ਦੀਆਂ ਬਸਤੀਆਂ ਏਨ-ਦੋਰ ਦੇ ਵਾਸੀ ਅਤੇ ਉਸ ਦੀਆਂ ਬਸਤੀਆਂ, ਤਾਨਾਖ ਦੇ ਵਾਸੀ ਅਤੇ ਉਸ ਦੀਆਂ ਬਸਤੀਆਂ ਅਰਥਾਤ ਤਿੰਨੇ ਉਚਿਆਈਆਂ।
12ਫਿਰ ਵੀ ਮਨੱਸ਼ੀ ਇਨ੍ਹਾਂ ਕਸਬਿਆਂ ਉੱਤੇ ਕਬਜ਼ਾ ਕਰਨ ਦੇ ਯੋਗ ਨਹੀਂ ਸਨ, ਕਿਉਂਕਿ ਕਨਾਨੀਆਂ ਨੇ ਉਸ ਖੇਤਰ ਵਿੱਚ ਰਹਿਣ ਦਾ ਪੱਕਾ ਇਰਾਦਾ ਕੀਤਾ ਸੀ। 13ਹਾਲਾਂਕਿ, ਜਦੋਂ ਇਸਰਾਏਲੀ ਤਾਕਤਵਰ ਹੋ ਗਏ, ਤਾਂ ਉਨ੍ਹਾਂ ਨੇ ਕਨਾਨੀਆਂ ਨੂੰ ਜ਼ਬਰਦਸਤੀ ਮਜ਼ਦੂਰੀ ਦੇ ਅਧੀਨ ਕੀਤਾ ਪਰ ਉਨ੍ਹਾਂ ਨੂੰ ਪੂਰੀ ਤਰ੍ਹਾਂ ਬਾਹਰ ਨਹੀਂ ਕੱਢਿਆ।
14ਯੋਸੇਫ਼ ਦੇ ਲੋਕਾਂ ਨੇ ਯਹੋਸ਼ੂਆ ਨੂੰ ਆਖਿਆ, “ਤੂੰ ਸਾਨੂੰ ਸਿਰਫ ਇੱਕ ਹਿੱਸਾ ਅਤੇ ਇੱਕ ਹਿੱਸਾ ਵਿਰਾਸਤ ਵਿੱਚ ਕਿਉਂ ਦਿੱਤਾ ਹੈ? ਅਸੀਂ ਬਹੁਤ ਸਾਰੇ ਲੋਕ ਹਾਂ ਅਤੇ ਯਾਹਵੇਹ ਨੇ ਸਾਨੂੰ ਭਰਪੂਰ ਅਸੀਸ ਦਿੱਤੀ ਹੈ।”
15ਯਹੋਸ਼ੂਆ ਨੇ ਜਵਾਬ ਦਿੱਤਾ, “ਜੇ ਤੁਸੀਂ ਇੰਨੇ ਜ਼ਿਆਦਾ ਹੋ, ਅਤੇ ਜੇ ਇਫ਼ਰਾਈਮ ਦਾ ਪਹਾੜੀ ਦੇਸ਼ ਤੁਹਾਡੇ ਲਈ ਬਹੁਤ ਛੋਟਾ ਹੈ, ਤਾਂ ਜੰਗਲ ਵਿੱਚ ਜਾਉ ਅਤੇ ਉੱਥੇ ਪਰਿੱਜ਼ੀਆਂ ਅਤੇ ਰਫ਼ਾਈ ਦੇ ਦੇਸ਼ ਵਿੱਚ ਆਪਣੇ ਲਈ ਜ਼ਮੀਨ ਸਾਫ਼ ਕਰੋ।”
16ਯੋਸੇਫ਼ ਦੇ ਪੁੱਤਰਾਂ ਨੇ ਜਵਾਬ ਦਿੱਤਾ, “ਕਿ ਉਹ ਪਰਬਤ ਸਾਡੇ ਵੱਸਣ ਯੋਗ ਨਹੀਂ ਅਤੇ ਸਾਰੇ ਕਨਾਨੀਆਂ ਕੋਲ ਜਿਹੜੇ ਨੀਵੇਂ ਥਾਵਾਂ ਵਿੱਚ ਵੱਸਦੇ ਹਨ ਲੋਹੇ ਦੇ ਰੱਥ ਹਨ, ਨਾਲੇ ਉਹਨਾਂ ਕੋਲ ਜਿਹੜੇ ਬੈਥ ਸ਼ਾਨ ਅਤੇ ਉਸ ਦੀਆਂ ਬਸਤੀਆਂ ਵਿੱਚ ਹਨ ਨਾਲੇ ਉਹਨਾਂ ਕੋਲ ਜਿਹੜੇ ਯਿਜ਼ਰਏਲ ਦੀ ਨੀਵੇਂ ਥਾਵਾਂ ਵਿੱਚ ਸਨ।”
17ਪਰ ਯਹੋਸ਼ੂਆ ਨੇ ਯੋਸੇਫ਼ ਦੇ ਗੋਤਾਂ ਨੂੰ ਅਰਥਾਤ ਇਫ਼ਰਾਈਮ ਅਤੇ ਮਨੱਸ਼ੇਹ ਨੂੰ ਕਿਹਾ, “ਤੁਸੀਂ ਬਹੁਤ ਸਾਰੇ ਅਤੇ ਬਹੁਤ ਸ਼ਕਤੀਸ਼ਾਲੀ ਹੋ। ਤੁਹਾਡੇ ਕੋਲ ਸਿਰਫ ਇੱਕ ਹਿੱਸਾ ਨਹੀਂ ਹੋਵੇਗੇ 18ਪਰ ਪਰਬਤ ਤੁਹਾਡਾ ਹੋਵੇਗਾ ਭਾਵੇਂ ਉਹ ਲੱਕੜੀ ਦਾ ਜੰਗਲ ਹੈ ਅਤੇ ਤੁਸੀਂ ਉਸਨੂੰ ਵੱਢੋਗੇ ਅਤੇ ਉਹ ਦਾ ਫੈਲਾਓ ਤੁਹਾਡਾ ਹੋਵੇਗਾ ਕਿਉ ਜੋ ਤੁਸੀਂ ਕਨਾਨੀਆਂ ਨੂੰ ਕੱਢ ਦਿਓਗੇ ਭਾਵੇਂ ਉਹਨਾਂ ਦੇ ਰੱਥ ਲੋਹੇ ਦੇ ਹਨ ਅਤੇ ਉਹ ਤਕੜੇ ਵੀ ਹਨ।”
தற்சமயம் தேர்ந்தெடுக்கப்பட்டது:
ਯਹੋਸ਼ੂਆ 17: PCB
சிறப்புக்கூறு
நகல்
ஒப்பீடு
பகிர்
உங்கள் எல்லா சாதனங்களிலும் உங்கள் சிறப்பம்சங்கள் சேமிக்கப்பட வேண்டுமா? பதிவு செய்யவும் அல்லது உள்நுழையவும்
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.