ਨਿਆਂਈਆਂ 4
4
ਦਬੋਰਾਹ
1ਏਹੂਦ ਦੇ ਮਰਨ ਤੋਂ ਬਾਅਦ, ਇਸਰਾਏਲੀਆਂ ਨੇ ਫਿਰ ਯਾਹਵੇਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ। 2ਇਸ ਲਈ ਯਾਹਵੇਹ ਨੇ ਉਨ੍ਹਾਂ ਨੂੰ ਕਨਾਨ ਦੇ ਰਾਜੇ ਯਾਬੀਨ ਦੇ ਹੱਥਾਂ ਵਿੱਚ ਵੇਚ ਦਿੱਤਾ, ਜੋ ਹਾਜ਼ੋਰ ਵਿੱਚ ਰਾਜ ਕਰਦਾ ਸੀ ਅਤੇ ਉਸ ਦੇ ਸੈਨਾਪਤੀ ਦਾ ਨਾਮ ਸੀਸਰਾ ਸੀ ਜੋ ਪਰਾਈਆਂ ਕੌਮਾਂ ਦੇ ਹਰੋਸ਼ੇਥ ਹਗੋਇਮ ਨਗਰ ਦਾ ਵਾਸੀ ਸੀ। 3ਕਿਉਂਕਿ ਉਸ ਕੋਲ ਲੋਹੇ ਦੇ ਨੌਂ ਸੌ ਰੱਥ ਸਨ ਅਤੇ ਉਨ੍ਹਾਂ ਨੇ ਵੀਹ ਸਾਲਾਂ ਤੱਕ ਇਸਰਾਏਲੀਆਂ ਉੱਤੇ ਬੇਰਹਿਮੀ ਨਾਲ ਜ਼ੁਲਮ ਕੀਤਾ ਸੀ, ਇਸ ਲਈ ਉਨ੍ਹਾਂ ਨੇ ਯਾਹਵੇਹ ਅੱਗੇ ਮਦਦ ਲਈ ਦੁਹਾਈ ਦਿੱਤੀ।
4ਉਸ ਸਮੇਂ ਲੱਪੀਦੋਥ ਦੀ ਪਤਨੀ, ਦਬੋਰਾਹ, ਜੋ ਇੱਕ ਨਬੀ ਸੀ ਜਿਹੜੀ ਇਸਰਾਏਲ ਦੀ ਅਗਵਾਈ ਕਰਦੀ ਸੀ। 5ਉਹ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਰਾਮਾਹ ਅਤੇ ਬੈਤਏਲ ਦੇ ਵਿਚਕਾਰ ਦਬੋਰਾਹ ਖਜ਼ੂਰ ਦੇ ਰੁੱਖ ਹੇਠ ਬਹਿੰਦੀ ਸੀ ਅਤੇ ਇਸਰਾਏਲ ਉਸ ਦੇ ਕੋਲ ਨਿਆਂ ਕਰਾਉਣ ਦੇ ਲਈ ਆਉਂਦੇ ਸਨ। 6ਤਦ ਉਸ ਨੇ ਕਾਦੇਸ਼ ਨਫ਼ਤਾਲੀ ਤੋਂ ਅਬੀਨੋਆਮ ਦੇ ਪੁੱਤਰ ਬਾਰਾਕ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ, “ਕੀ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਨੇ ਆਗਿਆ ਨਹੀਂ ਦਿੱਤੀ ਕਿ ‘ਜਾ, ਤਾਬੋਰ ਦੇ ਪਰਬਤ ਵੱਲ ਲੋਕਾਂ ਨੂੰ ਉਤਸ਼ਾਹਿਤ ਕਰ ਅਤੇ ਨਫ਼ਤਾਲੀਆਂ ਤੇ ਜ਼ਬੂਲੁਨੀਆਂ ਵਿੱਚੋਂ ਦਸ ਹਜ਼ਾਰ ਜੁਆਨ ਆਪਣੇ ਨਾਲ ਲੈ ਜਾ? 7ਮੈਂ ਯਾਬੀਨ ਦੇ ਸੈਨਾ ਅਧਿਕਾਰੀ ਸੀਸਰਾ ਨੂੰ ਉਸਦੇ ਰਥਾਂ ਅਤੇ ਉਸਦੀ ਸੈਨਾ ਨੂੰ ਕੀਸ਼ੋਨ ਨਦੀ ਵੱਲ ਖਿੱਚ ਲਿਆਵਾਂਗਾ ਅਤੇ ਉਸਨੂੰ ਤੁਹਾਡੇ ਹੱਥਾਂ ਵਿੱਚ ਕਰ ਦਿਆਂਗਾ।’ ”
8ਬਾਰਾਕ ਨੇ ਉਸ ਨੂੰ ਕਿਹਾ, “ਜੇ ਤੂੰ ਮੇਰੇ ਨਾਲ ਜਾਵੇਗੀ ਤਾਂ ਮੈਂ ਜਾਵਾਂਗਾ, ਪਰ ਜੇ ਤੂੰ ਮੇਰੇ ਨਾਲ ਨਾ ਜਾਵੇਗੀ ਤਾਂ ਮੈਂ ਵੀ ਨਹੀਂ ਜਾਵਾਂਗਾ।”
9ਦਬੋਰਾਹ ਨੇ ਕਿਹਾ, “ਯਕੀਨਨ ਮੈਂ ਤੁਹਾਡੇ ਨਾਲ ਜਾਵਾਂਗੀ। ਪਰ ਇਸ ਸਫ਼ਰ ਵਿੱਚ ਜੋ ਕੁਝ ਤੂੰ ਕਰੇਗਾ ਉਸ ਤੇਰੀ ਕੋਈ ਇੱਜ਼ਤ ਨਾ ਹੋਵੇਗੀ, ਕਿਉਂਕਿ ਯਾਹਵੇਹ ਸੀਸਰਾ ਨੂੰ ਇੱਕ ਔਰਤ ਦੇ ਹੱਥਾਂ ਵਿੱਚ ਸੌਂਪ ਦੇਵੇਗਾ।” ਇਸ ਲਈ ਦਬੋਰਾਹ ਬਾਰਾਕ ਦੇ ਨਾਲ ਕਾਦੇਸ਼ ਨੂੰ ਚਲੀ ਗਈ 10ਉੱਥੇ ਬਾਰਾਕ ਨੇ ਜ਼ਬੂਲੁਨ ਅਤੇ ਨਫ਼ਤਾਲੀ ਦੇ ਲੋਕਾਂ ਨੂੰ ਕਾਦੇਸ਼ ਵਿੱਚ ਬੁਲਾਇਆ ਅਤੇ ਉਹ ਆਪਣੇ ਨਾਲ ਦਸ ਹਜ਼ਾਰ ਆਦਮੀ ਲੈ ਕੇ ਚੜ੍ਹਿਆ। ਦਬੋਰਾਹ ਵੀ ਉਸ ਦੇ ਨਾਲ ਚੜ੍ਹ ਗਈ।
11ਇਸ ਸਮੇਂ ਕੇਨੀ ਹੇਬਰ ਕੇਨੀਜ਼ ਤੋਂ ਵੱਖ ਹੋ ਗਿਆ ਸੀ। ਉਹ ਮੋਸ਼ੇਹ ਦੇ ਸਹੁਰੇ ਹੋਬਾਬ ਦੀ ਸੰਤਾਨ ਸਨ। ਹੇਬਰ ਨੇ ਸਨੀਮ ਦੇ ਬਲੂਤ ਦੇ ਰੁੱਖ ਦੇ ਕੋਲ ਆਪਣਾ ਡੇਰਾ ਲਾਇਆ। ਇਹ ਸਥਾਨ ਕਾਦੇਸ਼ ਦੇ ਨੇੜੇ ਹੈ।
12ਜਦੋਂ ਉਨ੍ਹਾਂ ਨੇ ਸੀਸਰਾ ਨੂੰ ਦੱਸਿਆ ਕਿ ਅਬੀਨੋਆਮ ਦਾ ਪੁੱਤਰ ਬਾਰਾਕ ਤਾਬੋਰ ਪਰਬਤ ਉੱਤੇ ਚੜ੍ਹ ਗਿਆ ਹੈ, 13ਤਾਂ ਸੀਸਰਾ ਨੇ ਹਰੋਸ਼ੇਥ ਹਗੋਇਮ ਤੋਂ ਕੀਸ਼ੋਨ ਨਦੀ ਤੱਕ ਆਪਣੇ ਸਾਰੇ ਆਦਮੀਆਂ ਅਤੇ ਲੋਹੇ ਦੇ ਨੌਂ ਸੌ ਰੱਥਾਂ ਨੂੰ ਬੁਲਾਇਆ।
14ਤਦ ਦਬੋਰਾਹ ਨੇ ਬਾਰਾਕ ਨੂੰ ਆਖਿਆ, “ਉੱਠ! ਇਹ ਉਹ ਦਿਨ ਹੈ ਜਦੋਂ ਯਾਹਵੇਹ ਨੇ ਸੀਸਰਾ ਨੂੰ ਤੁਹਾਡੇ ਹੱਥਾਂ ਵਿੱਚ ਸੌਂਪ ਦਿੱਤਾ ਹੈ। ਕੀ ਯਾਹਵੇਹ ਤੇਰੇ ਅੱਗੇ ਨਹੀਂ ਨਿੱਕਲਿਆ?” ਇਸ ਲਈ ਬਾਰਾਕ ਤਾਬੋਰ ਪਰਬਤ ਤੋਂ ਹੇਠਾਂ ਉਤਰਿਆ ਅਤੇ ਦਸ ਹਜ਼ਾਰ ਆਦਮੀ ਉਸਦੇ ਪਿੱਛੇ ਗਏ। 15ਬਾਰਾਕ ਦੇ ਅੱਗੇ ਵਧਣ ਤੇ, ਯਾਹਵੇਹ ਨੇ ਸੀਸਰਾ ਅਤੇ ਉਸਦੇ ਸਾਰੇ ਰਥਾਂ ਅਤੇ ਸੈਨਾ ਨੂੰ ਤਲਵਾਰ ਨਾਲ ਹਰਾਇਆ ਅਤੇ ਸੀਸਰਾ ਆਪਣੇ ਰੱਥ ਤੋਂ ਹੇਠਾਂ ਉਤਰਿਆ ਅਤੇ ਪੈਦਲ ਭੱਜ ਗਿਆ।
16ਬਾਰਾਕ ਨੇ ਰੱਥਾਂ ਅਤੇ ਫ਼ੌਜਾਂ ਦਾ ਹਰੋਸ਼ੇਥ ਹਗੋਇਮ ਤੱਕ ਪਿੱਛਾ ਕੀਤਾ ਅਤੇ ਸੀਸਰਾ ਦੀ ਸਾਰੀ ਫ਼ੌਜ ਤਲਵਾਰ ਨਾਲ ਇਸ ਤਰ੍ਹਾਂ ਮਾਰੀ ਗਈ ਕਿ ਇੱਕ ਆਦਮੀ ਵੀ ਨਹੀਂ ਬਚਿਆ ਸੀ। 17ਪਰ ਸੀਸਰਾ, ਹੇਬਰ ਕੇਨੀ ਦੀ ਪਤਨੀ ਯਾਏਲ ਦੇ ਤੰਬੂ ਵੱਲ ਪੈਦਲ ਭੱਜ ਗਿਆ, ਕਿਉਂਕਿ ਹਾਜ਼ੋਰ ਦੇ ਰਾਜੇ ਯਾਬੀਨ ਅਤੇ ਹੇਬਰ ਕੇਨੀ ਦੇ ਪਰਿਵਾਰ ਦੇ ਵਿਚਕਾਰ ਮੇਲ-ਜੋਲ ਸੀ।
18ਯਾਏਲ ਸੀਸਰਾ ਨੂੰ ਮਿਲਣ ਲਈ ਬਾਹਰ ਗਈ ਅਤੇ ਉਸਨੂੰ ਕਿਹਾ, “ਆਓ, ਮੇਰੇ ਮਹਾਰਾਜ, ਅੰਦਰ ਆਓ, ਡਰੋ ਨਾ।” ਇਸ ਲਈ ਉਹ ਉਸਦੇ ਤੰਬੂ ਵਿੱਚ ਗਿਆ, ਅਤੇ ਉਸਨੇ ਉਸਨੂੰ ਇੱਕ ਕੰਬਲ ਨਾਲ ਢੱਕ ਦਿੱਤਾ।
19ਉਸਨੇ ਕਿਹਾ, “ਮੈਂ ਪਿਆਸਾ ਹਾਂ, ਕਿਰਪਾ ਕਰਕੇ ਮੈਨੂੰ ਥੋੜ੍ਹਾ ਪਾਣੀ ਦਿਓ।” ਤਦ ਉਸਨੇ ਦੁੱਧ ਦੀ ਇੱਕ ਕਾੜ੍ਹਨੀ ਖੋਲ੍ਹ ਕੇ ਸੀਸਰਾ ਨੂੰ ਪਿਲਾਇਆ ਅਤੇ ਉਸ ਨੂੰ ਫਿਰ ਢੱਕ ਦਿੱਤਾ।
20ਫਿਰ ਸੀਸਰਾ ਨੇ ਕਿਹਾ “ਤੰਬੂ ਦੇ ਦਰਵਾਜ਼ੇ ਉੱਤੇ ਖੜ੍ਹੀ ਹੋ ਜਾ ਅਤੇ ਜੇਕਰ ਕੋਈ ਆਵੇ ਅਤੇ ਤੈਨੂੰ ਪੁੱਛੇ ਕਿ ਇੱਥੇ ਕੋਈ ਪੁਰਖ ਹੈ? ਤਾਂ ਤੂੰ ਉਸਨੂੰ ਆਖੀ ਨਹੀਂ।”
21ਪਰ ਹੇਬਰ ਦੀ ਪਤਨੀ ਯਾਏਲ ਨੇ ਇੱਕ ਤੰਬੂ ਦੀ ਕਿੱਲੀ ਅਤੇ ਇੱਕ ਹਥੌੜਾ ਚੁੱਕਿਆ ਅਤੇ ਚੁੱਪ-ਚਾਪ ਉਸ ਕੋਲ ਜਾ ਕੇ ਖਲੋ ਗਈ ਜਦੋਂ ਉਹ ਥੱਕਿਆ ਹੋਇਆ ਸੌਂ ਰਿਹਾ ਸੀ ਤਾਂ ਉਸਨੇ ਕਿੱਲੀ ਉਸਦੀ ਪੁੜਪੁੜੀ ਵਿੱਚ ਅਜਿਹੀ ਵਾੜ ਦਿੱਤੀ ਕਿ ਉਸ ਦੇ ਸਿਰ ਵਿੱਚੋਂ ਪਾਰ ਹੁੰਦੀ ਹੋਈ ਧਰਤੀ ਵਿੱਚ ਖੁੱਭ ਗਈ ਅਤੇ ਉਹ ਮਰ ਗਿਆ।
22ਉਸੇ ਵੇਲੇ ਬਾਰਾਕ ਸੀਸਰਾ ਦਾ ਪਿੱਛਾ ਕਰਦਾ ਹੋਇਆ ਆਇਆ ਤਾਂ ਯਾਏਲ ਉਸ ਨੂੰ ਮਿਲਣ ਲਈ ਬਾਹਰ ਗਈ ਅਤੇ ਉਸਨੇ ਕਿਹਾ, “ਆਓ, ਮੈਂ ਤੈਨੂੰ ਉਹ ਆਦਮੀ ਦਿਖਾਵਾਂਗੀ ਜਿਸ ਨੂੰ ਤੂੰ ਲੱਭ ਰਿਹਾ ਸੀ।” ਇਸ ਲਈ ਬਾਰਾਕ ਯਾਏਲ ਦੇ ਨਾਲ ਤੰਬੂ ਵਿੱਚ ਦਾਖਲ ਹੋ ਗਿਆ ਤੇ ਉੱਥੇ ਬਾਰਾਕ ਨੇ ਸੀਸਰਾ ਨੂੰ ਧਰਤੀ ਉੱਤੇ ਮਰਿਆ ਪਿਆ ਦੇਖਿਆ, ਜਿਸ ਦੇ ਸਿਰ ਦੇ ਪਾਸੇ ਤੰਬੂ ਵਾਲੀ ਕਿੱਲੀ ਧੱਸੀ ਹੋਈ ਸੀ।
23ਉਸ ਦਿਨ ਪਰਮੇਸ਼ਵਰ ਨੇ ਕਨਾਨ ਦੇ ਰਾਜੇ ਯਾਬੀਨ ਨੂੰ ਇਸਰਾਏਲੀਆਂ ਦੇ ਅੱਗੇ ਅਧੀਨ ਕਰ ਦਿੱਤਾ। 24ਅਤੇ ਇਸਰਾਏਲੀਆਂ ਦਾ ਹੱਥ ਕਨਾਨ ਦੇ ਰਾਜਾ ਯਾਬੀਨ ਉੱਤੇ ਬਹੁਤ ਤਕੜਾ ਹੋਇਆ, ਇੱਥੋ ਤੱਕ ਕਿ ਉਨ੍ਹਾਂ ਨੇ ਕਨਾਨ ਦੇ ਰਾਜਾ ਯਾਬੀਨ ਨੂੰ ਨਾਸ਼ ਕਰ ਦਿੱਤਾ।
தற்சமயம் தேர்ந்தெடுக்கப்பட்டது:
ਨਿਆਂਈਆਂ 4: PCB
சிறப்புக்கூறு
நகல்
ஒப்பீடு
பகிர்
உங்கள் எல்லா சாதனங்களிலும் உங்கள் சிறப்பம்சங்கள் சேமிக்கப்பட வேண்டுமா? பதிவு செய்யவும் அல்லது உள்நுழையவும்
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.