ਬਿਵਸਥਾ 24
24
1ਜੇ ਕੋਈ ਆਦਮੀ ਕਿਸੇ ਔਰਤ ਨਾਲ ਵਿਆਹ ਕਰ ਲਵੇ ਅਤੇ ਬਾਅਦ ਵਿੱਚ ਉਹ ਉਸ ਤੋਂ ਪ੍ਰਸੰਨ ਨਾ ਹੋਵੇ ਕਿਉਂਕਿ ਉਸ ਨੇ ਉਸ ਵਿੱਚ ਕੋਈ ਬੇਸ਼ਰਮੀ ਦੀ ਗੱਲ ਵੇਖੀ ਹੈ ਤਾਂ ਉਹ ਉਸਨੂੰ ਤਲਾਕ-ਨਾਮਾ ਲਿਖ ਕੇ ਦੇਵੇ ਅਤੇ ਆਪਣੇ ਘਰੋਂ ਭੇਜ ਦੇਵੇ, 2ਅਤੇ ਜੇ ਬਾਅਦ ਵਿੱਚ ਉਹ ਆਪਣਾ ਘਰ ਛੱਡ ਕੇ ਕਿਸੇ ਹੋਰ ਆਦਮੀ ਦੀ ਪਤਨੀ ਬਣ ਜਾਂਦੀ ਹੈ, 3ਅਤੇ ਜੇਕਰ ਉਸ ਦਾ ਦੂਜਾ ਪਤੀ ਵੀ ਉਸ ਨੂੰ ਨਾਪਸੰਦ ਕਰਦਾ ਹੋਵੇ ਅਤੇ ਉਹ ਉਸਨੂੰ ਤਲਾਕ-ਨਾਮਾ ਲਿਖ ਕੇ ਦੇ ਦੇਵੇ, ਅਤੇ ਉਸ ਨੂੰ ਘਰੋਂ ਭੇਜ ਦਿੰਦਾ ਹੈ, ਜਾਂ ਉਹ ਪੁਰਖ ਮਰ ਜਾਂਵੇ ਜਿਸ ਨੇ ਉਸ ਨਾਲ ਪਹਿਲਾ ਵਿਆਹ ਕੀਤਾ ਹੈ। 4ਤਦ ਉਸ ਦੇ ਪਹਿਲੇ ਪਤੀ ਨੇ, ਜਿਸ ਨੇ ਉਸ ਨੂੰ ਤਲਾਕ ਦੇ ਦਿੱਤਾ ਸੀ, ਅਸ਼ੁੱਧ ਹੋਣ ਤੋਂ ਬਾਅਦ ਉਸ ਨਾਲ ਦੁਬਾਰਾ ਵਿਆਹ ਕਰਨ ਦੀ ਇਜਾਜ਼ਤ ਨਹੀਂ ਹੈ। ਇਹ ਯਾਹਵੇਹ ਦੀਆਂ ਨਜ਼ਰਾਂ ਵਿੱਚ ਘਿਣਾਉਣਾ ਹੋਵੇਗਾ। ਉਸ ਧਰਤੀ ਉੱਤੇ ਪਾਪ ਨਾ ਲਿਆਓ ਜੋ ਤੁਹਾਡਾ ਪਰਮੇਸ਼ਵਰ ਤੁਹਾਨੂੰ ਵਿਰਾਸਤ ਵਜੋਂ ਦੇ ਰਿਹਾ ਹੈ।
5ਜੇ ਕਿਸੇ ਮਨੁੱਖ ਨੇ ਹਾਲ ਹੀ ਵਿੱਚ ਵਿਆਹ ਕੀਤਾ ਹੋਵੇ, ਤਾਂ ਉਸ ਨੂੰ ਯੁੱਧ ਵਿੱਚ ਨਾ ਭੇਜਿਆ ਜਾਵੇ ਅਤੇ ਨਾ ਹੀ ਉਸ ਉੱਤੇ ਕੋਈ ਹੋਰ ਜ਼ਿੰਮੇਵਾਰੀ ਰੱਖੀ ਜਾਵੇ। ਇੱਕ ਸਾਲ ਉਹ ਆਪਣੇ ਘਰ ਵਿੱਚ ਹੀ ਰਹੇ ਅਤੇ ਆਪਣੀ ਵਿਆਹੀ ਪਤਨੀ ਨੂੰ ਖੁਸ਼ ਕਰੇ।
6ਕੋਈ ਮਨੁੱਖ ਕਿਸੇ ਦੀ ਚੱਕੀ ਜਾਂ ਉਸ ਦੇ ਪੁੜ ਗਿਰਵੀ ਨਾ ਰੱਖੇ, ਕਿਉਂ ਜੋ ਜਾਣੋ ਉਹ ਉਸ ਦੀ ਜਾਨ ਨੂੰ ਗਿਰਵੀ ਰੱਖਦਾ ਹੈ।
7ਜੇਕਰ ਕੋਈ ਵਿਅਕਤੀ ਆਪਣੇ ਸਾਥੀ ਇਸਰਾਏਲੀ ਨੂੰ ਅਗਵਾ ਕਰਦਾ ਹੋਇਆ ਫੜਿਆ ਜਾਂਦਾ ਹੈ ਅਤੇ ਉਹਨਾਂ ਨੂੰ ਗੁਲਾਮ ਸਮਝਦਾ ਹੈ ਜਾਂ ਵੇਚਦਾ ਹੈ, ਤਾਂ ਉਹ ਅਗਵਾ ਵਾਲੇ ਨੂੰ ਮਾਰਿਆ ਜਾਵੇ। ਤੁਹਾਨੂੰ ਆਪਣੇ ਵਿੱਚੋਂ ਬਦੀ ਨੂੰ ਦੂਰ ਕਰਨਾ ਚਾਹੀਦਾ ਹੈ।
8ਕੋੜ੍ਹ ਦੀ ਬਿਮਾਰੀ#24:8 ਕੋੜ੍ਹ ਅਰਥਾਤ: ਚਮੜੀ ਦਾ ਰੋਗ ਵਿੱਚ ਚੌਕਸ ਰਹੋ ਅਤੇ ਲੇਵੀ ਜਾਜਕਾਂ ਦੇ ਹੁਕਮ ਅਨੁਸਾਰ ਉਸੇ ਤਰ੍ਹਾਂ ਕਰਨ ਲਈ ਜਾਓ ਜੋ ਉਹ ਤੁਹਾਨੂੰ ਕਹਿਣ, ਜਿਵੇਂ ਮੈਂ ਉਹਨਾਂ ਨੂੰ ਹੁਕਮ ਦਿੱਤਾ ਸੀ, ਤੁਸੀਂ ਉਸੇ ਤਰ੍ਹਾਂ ਪੂਰਾ ਕਰਨ ਦੀ ਚੌਕਸੀ ਕਰਿਓ। 9ਯਾਦ ਰੱਖੋ ਕਿ ਮਿਸਰ ਵਿੱਚੋਂ ਬਾਹਰ ਨਿੱਕਲਣ ਤੋਂ ਬਾਅਦ ਤੁਹਾਡੇ ਯਾਹਵੇਹ ਪਰਮੇਸ਼ਵਰ ਨੇ ਮਰਿਯਮ ਨਾਲ ਕੀ ਕੀਤਾ ਸੀ।
10ਜਦੋਂ ਤੁਸੀਂ ਆਪਣੇ ਗੁਆਂਢੀ ਨੂੰ ਕਿਸੇ ਕਿਸਮ ਦਾ ਕਰਜ਼ਾ ਦਿੰਦੇ ਹੋ, ਤਾਂ ਉਸਦੇ ਘਰ ਵਿੱਚ ਗਿਰਵੀ ਰੱਖਣ ਦੀ ਚੀਜ਼ ਲੈਣ ਲਈ ਨਾ ਵੜੋ। 11ਬਾਹਰ ਰਹੋ ਅਤੇ ਜਿਸ ਗੁਆਂਢੀ ਨੂੰ ਤੁਸੀਂ ਕਰਜ਼ਾ ਦਿੰਦੇ ਹੋ, ਉਹ ਆਪਣੀ ਗਿਰਵੀ ਰੱਖਣ ਵਾਲੀ ਚੀਜ਼ ਤੇਰੇ ਕੋਲ ਬਾਹਰ ਲੈ ਆਵੇ। 12ਜੇਕਰ ਉਹ ਗਰੀਬ ਹੈ, ਤਾਂ ਆਪਣੇ ਕੋਲ ਉਸਦੇ ਗਹਿਣੇ ਰੱਖ ਕੇ ਸੌਂ ਨਾ ਜਾਵੀਂ। 13ਸੂਰਜ ਡੁੱਬਣ ਤੇ, ਤੁਹਾਨੂੰ ਲਾਜ਼ਮੀ ਤੌਰ ਤੇ ਉਸ ਨੂੰ ਬੰਧਕ ਵਾਪਸ ਕਰਨਾ ਚਾਹੀਦਾ ਹੈ, ਤਾਂ ਜੋ ਉਹ ਉਸ ਕੱਪੜੇ ਨੂੰ ਪਹਿਨ ਕੇ ਸੌਂ ਸਕੇ ਅਤੇ ਉਸ ਦੇ ਦਿਲ ਵਿੱਚੋਂ ਤੁਹਾਡੇ ਵੱਲ ਆਸ਼ੀਰਵਾਦ ਨਿਕਲੇ। ਯਾਹਵੇਹ, ਤੁਹਾਡੇ ਪਰਮੇਸ਼ਵਰ, ਦੀ ਨਿਗਾਹ ਵਿੱਚ, ਇਹ ਤੁਹਾਡੇ ਲਈ ਧਰਮ ਮੰਨਿਆ ਜਾਵੇਗਾ।
14ਕਿਸੇ ਮਜ਼ਦੂਰ ਗਰੀਬ ਅਤੇ ਲੋੜਵੰਦ ਤੇ ਅੱਤਿਆਚਾਰ ਨਾ ਕਰਨਾ, ਭਾਵੇਂ ਉਹ ਕੰਮ ਕਰਨ ਵਾਲਾ ਕੋਈ ਇਸਰਾਏਲੀ ਹੋਵੇ ਜਾਂ ਤੁਹਾਡੇ ਕਿਸੇ ਨਗਰ ਵਿੱਚ ਰਹਿੰਦਾ ਪਰਦੇਸੀ ਹੋਵੇ। 15ਹਰ ਰੋਜ਼ ਸੂਰਜ ਡੁੱਬਣ ਤੋਂ ਪਹਿਲਾਂ ਉਹਨਾਂ ਨੂੰ ਉਹਨਾਂ ਦੀ ਮਜ਼ਦੂਰੀ ਦੇ ਦਿਓ ਕਿਉਂ ਜੋ ਉਹ ਗਰੀਬ ਹਨ ਅਤੇ ਉਸ ਦੀ ਜ਼ਰੂਰਤ ਹੋਵੇਗੀ। ਨਹੀਂ ਤਾਂ ਉਹ ਤੇਰੇ ਵਿਰੁੱਧ ਯਾਹਵੇਹ ਦੇ ਅੱਗੇ ਦੁਹਾਈ ਦੇਵੇ, ਅਤੇ ਤੁਸੀਂ ਪਾਪ ਦੇ ਦੋਸ਼ੀ ਹੋਵੋਗੇ।
16ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦੀ ਥਾਂ ਮੌਤ ਦੀ ਸਜ਼ਾ ਨਾ ਦਿੱਤੀ ਜਾਵੇ, ਨਾ ਹੀ ਬੱਚੇ ਆਪਣੇ ਮਾਤਾ-ਪਿਤਾ ਦੇ ਕਾਰਨ ਮਾਰੇ ਜਾਣ। ਹਰ ਇੱਕ ਆਪਣੇ ਹੀ ਪਾਪ ਦੇ ਕਾਰਨ ਮਾਰਿਆ ਜਾਵੇ।
17ਪਰਦੇਸੀ ਜਾਂ ਯਤੀਮ ਨੂੰ ਨਿਆਂ ਤੋਂ ਵਾਂਝਾ ਨਾ ਰੱਖੋ, ਨਾ ਵਿਧਵਾ ਦੀ ਚਾਦਰ ਨੂੰ ਗਿਰਵੀ ਰੱਖੋ। 18ਯਾਦ ਰੱਖੋ ਕਿ ਤੁਸੀਂ ਮਿਸਰ ਵਿੱਚ ਗੁਲਾਮ ਸੀ ਅਤੇ ਯਾਹਵੇਹ ਤੁਹਾਡੇ ਪਰਮੇਸ਼ਵਰ ਨੇ ਤੁਹਾਨੂੰ ਉੱਥੋਂ ਛੁਡਾਇਆ ਸੀ। ਇਸ ਲਈ ਮੈਂ ਤੁਹਾਨੂੰ ਅਜਿਹਾ ਕਰਨ ਦਾ ਹੁਕਮ ਦਿੰਦਾ ਹਾਂ।
19ਜਦੋਂ ਤੁਸੀਂ ਆਪਣੇ ਖੇਤ ਵਿੱਚ ਵਾਢੀ ਕਰ ਰਹੇ ਹੋਵੋ ਅਤੇ ਇੱਕ ਪੂਲੀ ਉੱਥੇ ਹੀ ਭੁੱਲ ਜਾਓ, ਤਾਂ ਉਸ ਨੂੰ ਲੈਣ ਲਈ ਵਾਪਸ ਨਾ ਜਾਓ। ਇਸ ਨੂੰ ਪਰਦੇਸੀਆਂ, ਯਤੀਮਾਂ ਅਤੇ ਵਿਧਵਾਵਾਂ ਲਈ ਛੱਡ ਦਿਓ, ਤਾਂ ਜੋ ਯਾਹਵੇਹ ਤੁਹਾਡਾ ਪਰਮੇਸ਼ਵਰ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਵਿੱਚ ਤੁਹਾਨੂੰ ਬਰਕਤ ਦੇਵੇ। 20ਜਦੋਂ ਤੂੰ ਆਪਣੇ ਰੁੱਖਾਂ ਤੋਂ ਜ਼ੈਤੂਨ ਨੂੰ ਝਾੜੇਂ, ਤਾਂ ਦੂਜੀ ਵਾਰ ਟਾਹਣੀਆਂ ਨੂੰ ਨਾ ਝਾੜੀਂ। ਪਰਦੇਸੀਆਂ, ਯਤੀਮਾਂ ਅਤੇ ਵਿਧਵਾਵਾਂ ਲਈ ਜੋ ਬਚਿਆ ਹੈ ਛੱਡ ਦਿਓ। 21ਜਦੋਂ ਤੁਸੀਂ ਆਪਣੇ ਅੰਗੂਰਾਂ ਦੇ ਬਾਗ ਵਿੱਚ ਅੰਗੂਰ ਇਕੱਠੇ ਕਰਦੇ ਹੋ, ਤਾਂ ਅੰਗੂਰਾਂ ਦੇ ਸਾਰੇ ਗੁੱਛੇ ਨਾ ਤੋੜੋ। ਪਰਦੇਸੀਆਂ, ਯਤੀਮਾਂ ਅਤੇ ਵਿਧਵਾਵਾਂ ਲਈ ਜੋ ਬਚਿਆ ਹੈ ਛੱਡ ਦਿਓ। 22ਯਾਦ ਰੱਖੋ ਕਿ ਤੁਸੀਂ ਮਿਸਰ ਵਿੱਚ ਗੁਲਾਮ ਸੀ। ਇਸ ਲਈ ਮੈਂ ਤੁਹਾਨੂੰ ਅਜਿਹਾ ਕਰਨ ਦਾ ਹੁਕਮ ਦਿੰਦਾ ਹਾਂ।
தற்சமயம் தேர்ந்தெடுக்கப்பட்டது:
ਬਿਵਸਥਾ 24: PCB
சிறப்புக்கூறு
நகல்
ஒப்பீடு
பகிர்
உங்கள் எல்லா சாதனங்களிலும் உங்கள் சிறப்பம்சங்கள் சேமிக்கப்பட வேண்டுமா? பதிவு செய்யவும் அல்லது உள்நுழையவும்
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.