ਮੱਤੀ 5
5
ਪਾਹਾੜੀ ਉਪਦੇਸ਼
1ਭੀੜ ਨੂੰ ਵੇਖ ਕੇ ਉਹ ਪਹਾੜ ਉੱਤੇ ਚੜ੍ਹ ਗਿਆ ਅਰ ਜਦ ਬੈਠਾ ਤਦ ਉਹ ਦੇ ਚੇਲੇ ਉਹ ਦੇ ਕੋਲ ਆਏ 2ਅਤੇ ਉਸ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਉਨ੍ਹਾਂ ਨੂੰ ਇਹ ਉਪਦੇਸ਼ ਦੇਣ ਲੱਗਾ -
3ਧੰਨ ਓਹ ਜਿਹੜੇ ਦਿਲ ਦੇ ਗਰੀਬ ਹਨ ਕਿਉਂ
ਜੋ ਸੁਰਗ ਦਾ ਰਾਜ ਉਨ੍ਹਾਂ ਦਾ ਹੈ।
4ਧੰਨ ਓਹ ਜਿਹੜੇ ਸੋਗ ਕਰਦੇ ਹਨ ਕਿਉਂ ਜੋ ਓਹ
ਸ਼ਾਂਤ ਕੀਤੇ ਜਾਣਗੇ।
5ਧੰਨ ਓਹ ਜਿਹੜੇ ਹਲੀਮ ਹਨ ਕਿਉਂ ਜੋ ਓਹ
ਧਰਤੀ ਦੇ ਵਾਰਸ ਹੋਣਗੇ।
6ਧੰਨ ਓਹ ਜਿਹੜੇ ਧਰਮ ਦੇ ਭੁੱਖੇ ਤੇ ਤਿਹਾਏ ਹਨ
ਕਿਉਂ ਜੋ ਓਹ ਰਜਾਏ ਜਾਣਗੇ।
7ਧੰਨ ਓਹ ਜਿਹੜੇ ਦਯਾਵਾਨ ਹਨ ਕਿਉਂ ਜੋ ਉਨ੍ਹਾਂ
ਉੱਤੇ ਦਯਾ ਕੀਤੀ ਜਾਵੇਗੀ।
8ਧੰਨ ਓਹ ਜਿਹੜੇ ਸ਼ੁੱਧਮਨ ਹਨ ਕਿਉਂ ਜੋ ਓਹ
ਪਰਮੇਸ਼ੁਰ ਨੂੰ ਵੇਖਣਗੇ।
9ਧੰਨ ਓਹ ਜਿਹੜੇ ਮੇਲ ਕਰਾਉਣ ਵਾਲੇ ਹਨ ਕਿਉਂ
ਜੋ ਓਹ ਪਰਮੇਸ਼ੁਰ ਦੇ ਪੁੱਤ੍ਰ ਕਹਾਉਣਗੇ।
10ਧੰਨ ਓਹ ਜਿਹੜੇ ਧਰਮ ਦੇ ਕਾਰਨ ਸਤਾਏ ਗਏ ਹਨ
ਕਿਉਂ ਜੋ ਸੁਰਗ ਦਾ ਰਾਜ ਉਨ੍ਹਾਂ ਦਾ ਹੈ।
11ਧੰਨ ਹੋ ਤੁਸੀਂ ਜਾਂ ਮਨੁੱਖ ਮੇਰੇ ਕਾਰਨ ਤੁਹਾਨੂੰ
ਬੋਲੀਆਂ ਮਾਰਨਗੇ ਅਤੇ ਸਤਾਉਣਗੇ ਅਤੇ
ਹਰੇਕ ਬੁਰੀ ਗੱਲ ਤੁਹਾਡੇ ਉੱਤੇ ਝੂਠ ਮੂਠ
ਲਾਉਣਗੇ
12ਅਨੰਦ ਹੋਵੋ ਅਤੇ ਖੁਸ਼ੀ ਕਰੋ ਕਿਉਂ ਜੋ ਤੁਹਾਡਾ ਫਲ ਸੁਰਗ ਵਿੱਚ ਬਹੁਤ ਹੈ
ਇਸ ਲਈ ਜੋ ਉਨ੍ਹਾਂ ਨੇ ਤੁਹਾਥੋਂ ਅਗਲਿਆਂ
ਨਬੀਆਂ ਨੂੰ ਇਸੇ ਤਰਾਂ ਸਤਾਇਆ ਸੀ।।
13ਤੁਸੀਂ ਧਰਤੀ ਦੇ ਲੂਣ ਹੋ ਪਰ ਜੇ ਲੂਣ ਬੇਸੁਆਦ ਹੋ ਜਾਵੇ ਤਾਂ ਕਿਸ ਬਿਧ ਸਲੂਣਾ ਕੀਤਾ ਜਾਵੇਗਾ? ਉਹ ਫੇਰ ਕਿਸੇ ਕੰਮ ਦਾ ਨਹੀਂ ਪਰ ਇਹ ਕਿ ਬਾਹਰ ਸੁੱਟਿਆ ਅਤੇ ਮਨੁੱਖਾਂ ਦੇ ਪੈਰਾਂ ਹੇਠ ਮਿੱਧਿਆ ਜਾਵੇ 14ਤੁਸੀਂ ਜਗਤ ਦੇ ਚਾਨਣ ਹੋ। ਜਿਹੜਾ ਨਗਰ ਪਹਾੜ ਉੱਤੇ ਵੱਸਦਾ ਹੈ ਉਹ ਗੁੱਝਾ ਨਹੀਂ ਰਹਿ ਸੱਕਦਾ 15ਅਤੇ ਦੀਵਾ ਬਾਲ ਕੇ ਟੋਪੇ ਦੇ ਹੇਠ ਨਹੀਂ ਸਗੋਂ ਦੀਵਟ ਉੱਤੇ ਰੱਖਦੇ ਹਨ ਤਾਂ ਉਹ ਸੱਭਨਾਂ ਨੂੰ ਜਿਹੜੇ ਘਰ ਵਿੱਚ ਹਨ ਚਾਨਣ ਦਿੰਦਾ ਹੈ 16ਇਸੇ ਤਰ੍ਹਾਂ ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ ਤਾਂ ਜੋ ਓਹ ਤੁਹਾਡੇ ਸ਼ੁਭ ਕਰਮ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਵਡਿਆਈ ਕਰਨ।।
17ਇਹ ਨਾ ਸਮਝੋ ਭਈ ਮੈਂ ਤੁਰੇਤ ਯਾ ਨਬੀਆਂ ਨੂੰ ਖੰਡਣ ਆਇਆ ਹਾਂ। ਮੈਂ ਖੰਡਣ ਨਹੀਂ ਸਗੋਂ ਪੂਰਿਆਂ ਕਰਨ ਨੂੰ ਆਇਆ ਹਾਂ 18ਕਿਉਂ ਜੋ ਮੈਂ ਤੁਹਾਨੂੰ ਸਤ ਆਖਦਾ ਹਾਂ ਕਿ ਜਿੰਨਾ ਚਿਰ ਅਕਾਸ਼ ਅਤੇ ਧਰਤੀ ਟਲ ਨਾ ਜਾਣ ਇੱਕ ਅੱਖਰ ਯਾ ਇੱਕ ਬਿੰਦੀ ਵੀ ਤੁਰੇਤ ਦੀ ਨਾ ਟਲੇਗੀ ਜਦ ਤੀਕ ਸਭ ਕੁਝ ਪੂਰਾ ਨਾ ਹੋਵੇ 19ਸੋ ਜੋ ਕੋਈ ਇੰਨ੍ਹਾਂ ਸਭਨਾਂ ਤੋਂ ਛੋਟਿਆਂ ਹੁਕਮਾਂ ਵਿੱਚੋਂ ਇੱਕ ਨੂੰ ਵੀ ਟਾਲ ਦੇਵੇ ਅਤੇ ਇਸੇ ਤਰਾਂ ਮਨੁੱਖਾਂ ਨੂੰ ਸਿਖਲਾਵੇ ਸੋ ਸੁਰਗ ਦੇ ਰਾਜ ਵਿੱਚ ਸਭਨਾਂ ਨਾਲੋਂ ਛੋਟਾ ਕਹਾਵੇਗਾ ਪਰ ਜਿਹੜਾ ਉਨ੍ਹਾਂ ਦੀ ਪਾਲਨਾ ਕਰੇ ਅਤੇ ਸਿਖਲਾਵੇ ਉਹ ਸੁਰਗ ਦੇ ਰਾਜ ਵਿੱਚ ਵੱਡਾ ਕਹਾਵੇਗਾ 20ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਭਈ ਜੇ ਤੁਹਾਡਾ ਧਰਮ ਗ੍ਰੰਥੀਆਂ ਅਤੇ ਫਰੀਸੀਆਂ ਦੇ ਧਰਮ ਨਾਲੋਂ ਵੱਧ ਨਾ ਹੋਵੇ ਤਾਂ ਤੁਸੀਂ ਸੁਰਗ ਦੇ ਰਾਜ ਵਿੱਚ ਕਿਸੇ ਬਿਧ ਨਾ ਵੜੋਗੇ।। 21ਤੁਸਾਂ ਸੁਣਿਆਂ ਹੈ ਜੋ ਅਗਲਿਆਂ ਨੂੰ ਇਹ ਕਿਹਾ ਗਿਆ ਸੀ, ਤੂੰ ਖੂਨ ਨਾ ਕਰ ਅਤੇ ਜੋ ਕੋਈ ਖੂਨ ਕਰੇ ਸੋ ਅਦਾਲਤ ਵਿੱਚ ਸਜ਼ਾ ਦੇ ਲਾਇਕ ਹੋਵੇਗਾ 22ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਹਰੇਕ ਜੋ ਆਪਣੇ ਭਰਾ ਉੱਤੇ ਕ੍ਰੋਧ ਕਰੇ ਉਹ ਅਦਾਲਤ ਵਿੱਚ ਸਜ਼ਾ ਦੇ ਲਾਇਕ ਹੋਵੇਗਾ ਅਤੇ ਜਿਹੜਾ ਆਪਣੇ ਭਰਾ ਨੂੰ ਗਾਲ ਦੇਵੇ ਉਹ ਸਭਾ ਵਿੱਚ ਸਜ਼ਾ ਦੇ ਲਾਇਕ ਹੋਵੇਗਾ ਪਰ ਜਿਹੜਾ ਕਹੇ "ਮੂਰਖਾ" ਉਹ ਅਗਨ ਦੇ ਨਰਕ ਦੀ ਸਜ਼ਾ ਦੇ ਲਾਇਕ ਹੋਵੇਗਾ 23ਸੋ ਜੇ ਤੂੰ ਜਗਵੇਦੀ ਉੱਤੇ ਆਪਣੀ ਭੇਟ ਚੜ੍ਹਾਉਣ ਲੱਗੇਂ ਅਰ ਉੱਥੇ ਤੈਨੂੰ ਚੇਤੇ ਆਵੇ ਜੋ ਮੈਂ ਆਪਣੇ ਭਰਾ ਨਾਲ ਖੋਟ ਕਮਾਇਆ ਹੈ 24ਤਾਂ ਉੱਥੇ ਆਪਣੀ ਭੇਟ ਜਗਵੇਦੀ ਦੇ ਸਾਹਮਣੇ ਛੱਡ ਕੇ ਚੱਲਿਆ ਜਾਹ ਅਤੇ ਪਹਿਲਾਂ ਆਪਣੇ ਭਰਾ ਨਾਲ ਮੇਲ ਕਰ। ਪਿੱਛੋਂ ਆਣ ਕੇ ਆਪਣੀ ਭੇਟ ਚੜ੍ਹਾਂ 25ਜਿੰਨਾ ਚਿਰ ਤੂੰ ਆਪਣੇ ਮੁਦਈ ਨਾਲ ਰਸਤੇ ਵਿੱਚ ਹੈਂ ਛੇਤੀ ਉਹ ਦੇ ਨਾਲ ਮਿਲਾਪ ਕਰ ਮਤੇ ਮੁਦਈ ਤੈਨੂੰ ਹਾਕਮ ਦੇ ਹਵਾਲੇ ਕਰੇ ਅਤੇ ਹਾਕਮ ਤੈਨੂੰ ਸਿਪਾਹੀ ਦੇ ਹਵਾਲੇ ਕਰੇ ਅਤੇ ਤੂੰ ਕੈਦ ਵਿੱਚ ਪੈ ਜਾਵੇਂ 26ਮੈਂ ਤੈਨੂੰ ਸਤ ਆਖਦਾ ਹਾਂ ਭਈ ਜਿੰਨ੍ਹਾਂ ਚਿਰ ਤੂੰ ਕੌਡੀ ਕੌਡੀ ਨਾ ਭਰ ਦੇਵੇਂ ਉੱਥੋਂ ਕਿਸੇ ਬਿਧ ਨਾ ਛੁੱਟੇਂਗਾ।।
27ਤੁਸਾਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ ਭਈ ਤੂੰ ਜ਼ਨਾਹ ਨਾ ਕਰ 28ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਕੋਈ ਤੀਵੀਂ ਨੂੰ ਬੁਰੀ ਇੱਛਿਆ ਕਰ ਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹ ਦੇ ਨਾਲ ਜ਼ਨਾਹ ਕਰ ਚੁੱਕਿਆ 29ਅਰ ਜੇ ਤੇਰੀ ਸੱਜੀ ਅੱਖ ਤੈਨੂੰ ਠੋਕਰ ਖੁਆਵੇ ਤਾਂ ਉਹ ਨੂੰ ਕੱਢ ਕੇ ਆਪਣੇ ਕੋਲੋਂ ਸੁੱਟ ਦਿਹ ਕਿਉਂ ਜੋ ਤੇਰੇ ਲਈ ਇਹੋ ਭਲਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ ਹੋਵੇ ਪਰ ਤੇਰਾ ਸਾਰਾ ਸਰੀਰ ਨਰਕ ਵਿੱਚ ਸੁੱਟਿਆ ਨਾ ਜਾਵੇ 30ਅਤੇ ਜੇ ਤੇਰਾ ਸੱਜਾ ਹੱਥ ਤੈਨੂੰ ਠੋਕਰ ਖੁਆਵੇ ਤਾਂ ਉਹ ਨੂੰ ਵੱਢ ਕੇ ਆਪਣੇ ਕੋਲੋਂ ਸੁੱਟ ਦਿਹ ਕਿਉਂ ਜੋ ਤੇਰੇ ਲਈ ਇਹੋ ਭਲਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ ਹੋਵੇ ਪਰ ਤੇਰਾ ਸਾਰਾ ਸਰੀਰ ਨਰਕ ਵਿੱਚ ਨਾ ਜਾਵੇ 31ਅਤੇ ਇਹ ਵੀ ਕਿਹਾ ਗਿਆ ਸੀ ਭਈ ਜਿਹੜਾ ਆਪਣੀ ਤੀਵੀਂ ਨੂੰ ਤਿਆਗੇ ਉਹ ਉਸ ਨੂੰ ਤਿਆਗ ਪੱਤਰੀ ਲਿਖ ਦੇਵੇ 32ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਜਿਹੜਾ ਆਪਣੀ ਤੀਵੀਂ ਨੂੰ ਹਰਾਮਕਾਰੀ ਤੋਂ ਛੁੱਟ ਕਿਸੇ ਹੋਰ ਸਬੱਬ ਨਾਲ ਤਿਆਗੇ ਉਹ ਉਸ ਕੋਲੋਂ ਜ਼ਨਾਹ ਕਰਾਉਂਦਾ ਹੈ ਅਤੇ ਜੋ ਕੋਈ ਉਸ ਤਿਆਗੀ ਹੋਈ ਨਾਲ ਵਿਆਹ ਕਰੇ ਸੋ ਜ਼ਨਾਹ ਕਰਦਾ ਹੈ।। 33ਫੇਰ ਤੁਸਾਂ ਸੁਣਿਆ ਹੈ ਜੋ ਅਗਲਿਆਂ ਨੂੰ ਇਹ ਕਿਹਾ ਗਿਆ ਸੀ ਭਈ ਤੂੰ ਝੂਠੀ ਸੌਂਹ ਨਾ ਖਾਹ ਪਰ ਪ੍ਰਭੁ ਦੇ ਲਈ ਆਪਣੀਆਂ ਸੌਂਹਾਂ ਪੂਰੀਆਂ ਕਰ 34ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਕਦੀ ਵੀ ਸੌਂਹ ਨਾ ਖਾਣੀ, ਨਾ ਅਕਾਸ਼ ਦੀ ਇਸ ਲਈ ਜੋ ਉਹ ਪਰਮੇਸ਼ੁਰ ਦਾ ਸਿੰਘਾਸਣ ਹੈ 35ਅਤੇ ਨਾ ਧਰਤੀ ਦੀ ਇਸ ਲਈ ਜੋ ਉਹ ਉਸ ਦੇ ਚਰਨਾਂ ਦੀ ਚੌਂਕੀ ਹੈ ਅਤੇ ਨਾ ਯਰੂਸ਼ਲਮ ਦੀ ਇਸ ਲਈ ਜੋ ਉਹ ਮਹਾਰਾਜ ਦਾ ਸ਼ਹਿਰ ਹੈ 36ਅਤੇ ਨਾ ਆਪਣੇ ਸਿਰ ਦੀ ਸੌਂਹ ਖਾਹ ਕਿਉਂ ਜੋ ਤੂੰ ਇੱਕ ਵਾਲ ਨੂੰ ਧੌਲਾ ਯਾ ਕਾਲਾ ਨਹੀਂ ਕਰ ਸੱਕਦਾ ਹੈ 37ਪਰ ਤੁਹਾਡੇ ਬੋਲਣ ਵਿੱਚ ਹਾਂ ਦੀ ਹਾਂ ਅਤੇ ਨਾ ਦੀ ਨਾ ਹੋਵੇ ਅਰ ਜੋ ਇੰਨ੍ਹਾਂ ਤੋਂ ਵੱਧ ਹੈ ਸੋ ਬਦੀ ਤੋਂ ਹੁੰਦਾ ਹੈ।।
38ਤੁਸਾਂ ਸੁਣਿਆ ਹੈ ਜੋ ਕਿਹਾ ਗਿਆ ਸੀ ਕਿ ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ 39ਪਰ ਮੈਂ ਤੁਹਾਨੂੰ ਆਖਦਾ ਹਾਂ ਜੋ ਦੁਸ਼ਟ ਦਾ ਸਾਹਮਣਾ ਨਾ ਕਰਨਾ ਸਗੋਂ ਜੋ ਕੋਈ ਤੇਰੀ ਸੱਜੀ ਗੱਲ੍ਹ ਉੱਤੇ ਚਪੇੜ ਮਾਰੇ ਤੂੰ ਦੂਈ ਵੀ ਉਹ ਦੀ ਵੱਲ ਭੁਆ ਦਿਹ 40ਅਤੇ ਜਿਹੜਾ ਤੇਰੇ ਉੱਤੇ ਨਾਲਸ਼ ਕਰਕੇ ਤੇਰਾ ਕੁੜਤਾ ਲੈਣਾ ਚਾਹੇ ਤਾਂ ਉਹ ਨੂੰ ਚਾਦਰ ਵੀ ਲੈਣ ਦਿਹ 41ਅਤੇ ਜੋ ਕੋਈ ਤੈਨੂੰ ਇੱਕ ਕੋਹ ਵਿਗਾਰੇ ਲੈ ਜਾਵੇ ਤਾਂ ਉਹ ਦੇ ਨਾਲ ਦੋ ਕੋਹ ਚੱਲਿਆ ਜਾਹ 42ਜਿਹੜਾ ਤੈਥੋਂ ਮੰਗੇ ਉਹ ਨੂੰ ਦਿਹ ਅਤੇ ਜੋ ਤੇਰੇ ਕੋਲੋਂ ਉਧਾਰ ਮੰਗੇ ਉਸ ਤੋਂ ਮੂੰਹ ਨਾ ਮੋੜ।।
43ਤੁਸਾਂ ਸੁਣਿਆਂ ਹੈ ਜੋ ਇਹ ਕਿਹਾ ਗਿਆ ਸੀ ਕਿ ਤੂੰ ਆਪਣੇ ਗੁਆਂਢੀ ਨਾਲ ਪਿਆਰ ਕਰ ਅਤੇ ਆਪਣੇ ਵੈਰੀ ਨਾਲ ਵੈਰ ਰੱਖ 44ਪਰ ਮੈਂ ਤੁਹਾਨੂੰ ਆਖਦਾ ਹਾਂ ਭਈ ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਜੋ ਤੁਹਾਨੂੰ ਸਤਾਉਣ ਉਨ੍ਹਾਂ ਲਈ ਪ੍ਰਾਰਥਨਾ ਕਰੋ 45ਤਾਂ ਜੋ ਤੁਸੀਂ ਆਪਣੇ ਪਿਤਾ ਦੇ ਜਿਹੜਾ ਸੁਰਗ ਵਿੱਚ ਹੈ ਪੁੱਤ੍ਰ ਹੋਵੇ ਕਿਉਂ ਜੋ ਉਹ ਆਪਣਾ ਸੂਰਜ ਬੁਰਿਆਂ ਅਤੇ ਭਲਿਆਂ ਉੱਤੇ ਚਾੜਦਾ ਹੈ ਅਤੇ ਧਰਮੀਆਂ ਅਤੇ ਕੁਧਰਮੀਆਂ ਉੱਤੇ ਮੀਂਹ ਵਰਸਾਉਂਦਾ ਹੈ 46ਜੇ ਤੁਸੀਂ ਉਨ੍ਹਾਂ ਨਾਲ ਹੀ ਪਿਆਰ ਕਰੋ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਹਨ ਤਾਂ ਤੁਹਾਡਾ ਕੀ ਫਲ ਹੈ? ਭਲਾ, ਮਸੂਲੀਏ ਭੀ ਇਹੋ ਨਹੀਂ ਕਰਦੇ? 47ਅਤੇ ਜੇਕਰ ਤੁਸੀਂ ਨਿਰਾ ਆਪਣੇ ਭਾਈਆਂ ਨੂੰ ਪਰਨਾਮ ਕਰੋ ਤਾਂ ਤੁਸੀਂ ਕੀ ਵੱਧ ਕਰਦੇ ਹੋ ? ਭਲਾ ਪਰਾਈ ਕੌਮਾਂ ਦੇ ਲੋਕ ਭੀ ਇਹੋ ਨਹੀਂ ਕਰਦੇ? 48ਸੋ ਜਿਵੇਂ ਤੁਹਾਡਾ ਸੁਰਗੀ ਪਿਤਾ ਸੰਪੂਰਣ ਹੈ ਤਿਵੇਂ ਤੁਸੀਂ ਵੀ ਸੰਪੂਰਣ ਹੋਵੋ।।
اکنون انتخاب شده:
ਮੱਤੀ 5: PUNOVBSI
هایلایت
کپی
مقایسه
به اشتراک گذاشتن
می خواهید نکات برجسته خود را در همه دستگاه های خود ذخیره کنید؟ برای ورودثبت نام کنید یا اگر ثبت نام کرده اید وارد شوید
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.