ਮੱਤੀ 16
16
ਪਤਰਸ ਦਾ ਇਕਰਾਰ - "ਤੂੰ ਮਸੀਹ ਪਰਮੇਸ਼ੁਰ ਦਾ ਪੁੱਤ੍ਰ ਹੈਂ"
1ਫ਼ਰੀਸੀਆਂ ਅਤੇ ਸਦੂਕੀਆਂ ਨੇ ਕੋਲ ਆਣ ਕੇ ਪਰਤਾਉਣ ਲਈ ਉਸ ਅੱਗੇ ਅਰਦਾਸ ਕੀਤੀ ਜੋ ਸਾਨੂੰ ਅਕਾਸ਼ ਵੱਲੋਂ ਕੋਈ ਨਿਸ਼ਾਨ ਵਿਖਾ ਦਿਹ 2ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਭਈ ਸੰਝ ਦੇ ਵੇਲੇ ਤੁਸੀਂ ਕਹਿੰਦੇ ਹੋ ਜੋ ਭਲਕੇ ਨਿੰਬਲ ਹੋਊ ਕਿਉਂਕਿ ਅਕਾਸ਼ ਲਾਲ ਹੈ 3ਅਤੇ ਸਵੇਰ ਨੂੰ ਆਖਦੇ ਹੋ, ਅੱਜ ਅਨ੍ਹੇਰੀ ਵਗੇਗੀ ਕਿਉਂਕਿ ਅਕਾਸ਼ ਲਾਲ ਅਤੇ ਗਹਿਰਾ ਹੈ। ਅਕਾਸ਼ ਦੇ ਤੌਰ ਭੌਰ ਦੀ ਜਾਚ ਕਰਨੀ ਤੁਹਾਨੂੰ ਆਉਂਦੀ ਹੈ ਪਰ ਸਮਿਆਂ ਦੇ ਨਿਸ਼ਾਨ ਮਲੂਮ ਨਹੀਂ ਕਰ ਸੱਕਦੇ 4ਇਸ ਪੀਹੜੀ ਦੇ ਬੁਰੇ ਅਤੇ ਹਰਾਮਕਾਰ ਲੋਕ ਨਿਸ਼ਾਨ ਚਾਹੁੰਦੇ ਹਨ ਪਰ ਯੂਨਾਹ ਦੇ ਨਿਸ਼ਾਨ ਬਿਨਾ ਉਨ੍ਹਾਂ ਨੂੰ ਕੋਈ ਹੋਰ ਨਿਸ਼ਾਨ ਦਿੱਤਾ ਨਾ ਜਾਵੇਗਾ ਅਤੇ ਉਹ ਉਨ੍ਹਾਂ ਨੂੰ ਛੱਡ ਕੇ ਚੱਲਿਆ ਗਿਆ।।
5ਚੇਲੇ ਪਾਰ ਪਹੁੰਚੇ ਪਰ ਰੋਟੀ ਲੈਣੀ ਭੁੱਲ ਗਏ ਸਨ 6ਤਦ ਯਿਸੂ ਨੇ ਉਨ੍ਹਾਂ ਨੂੰ ਆਖਿਆ, ਖ਼ਬਰਦਾਰ, ਫ਼ਰੀਸੀਆਂ ਅਤੇ ਸਦੂਕੀਆਂ ਦੇ ਖ਼ਮੀਰ ਤੋਂ ਹੁਸ਼ਿਆਰ ਰਹੋ 7ਅਤੇ ਓਹ ਆਪੋ ਵਿੱਚ ਵਿਚਾਰ ਕਰ ਕੇ ਕਹਿਣ ਲੱਗੇ ਭਈ ਅਸੀਂ ਰੋਟੀ ਜੋ ਨਹੀਂ ਲਿਆਏ 8ਪਰ ਯਿਸੂ ਨੇ ਇਹ ਜਾਣ ਕੇ ਕਿਹਾ, ਹੇ ਥੋੜ੍ਹੀ ਪਰਤੀਤ ਵਾਲਿਓ ਤੁਸੀਂ ਆਪੇ ਵਿੱਚ ਕਿਉਂ ਵਿਚਾਰ ਕਰਦੇ ਹੋ ਜੋ ਸਾਡੇ ਕੋਲ ਰੋਟੀਆਂ ਨਹੀਂ ਹਨ? 9ਭਲਾ ਤੁਸੀਂ ਅਜੇ ਨਹੀਂ ਸਮਝਦੇ ਹੋ ਅਤੇ ਉਨ੍ਹਾਂ ਪੰਜਾਂ ਹਜ਼ਾਰਾਂ ਦੀਆਂ ਪੰਜ ਰੋਟੀਆਂ ਨੂੰ ਚੇਤੇ ਨਹੀਂ ਰੱਖਦੇ ਅਰ ਤੁਸਾਂ ਕਿੰਨੀਆਂ ਟੋਕਰੀਆਂ ਚੁੱਕ ਲਈਆ? 10ਅਤੇ ਨਾ ਉਨ੍ਹਾਂ ਚੋਹੁੰ ਹਜ਼ਾਰਾ ਦੀਆਂ ਸੱਤ ਰੋਟੀਆਂ ਨੂੰ ਅਰ ਤੁਸਾਂ ਕਿੰਨੇ ਟੋਕਰੇ ਚੁੱਕ ਲਏ ਸਨ? 11ਤੁਸੀਂ ਕਿਉਂ ਨਹੀਂ ਸਮਝਦੇ ਜੋ ਮੈਂ ਤੁਹਾਨੂੰ ਰੋਟੀਆਂ ਦੀ ਗੱਲ ਨਹੀਂ ਆਖੀ ਪਰ ਫ਼ਰੀਸੀਆਂ ਅਤੇ ਸਦੂਕੀਆਂ ਦੇ ਖ਼ਮੀਰ ਤੋਂ ਹੁਸ਼ਿਆਰ ਰਹੋ? 12ਤਦ ਓਹ ਸਮਝੇ ਭਈ ਉਸ ਨੇ ਰੋਟੀ ਦੇ ਖ਼ਮੀਰ ਤੋਂ ਨਹੀਂ ਸਗੋਂ ਫ਼ਰੀਸੀਆਂ ਅਤੇ ਸਦੂਕੀਆਂ ਦੀ ਸਿੱਖਿਆ ਤੋਂ ਹੁਸ਼ਿਆਰ ਰਹਿਣ ਨੂੰ ਆਖਿਆ ਸੀ।।
13ਯਿਸੂ ਨੇ ਕੈਸਰੀਆ ਫ਼ਿਲਿੱਪੀ ਦੇ ਇਲਾਕੇ ਵਿੱਚ ਆਣ ਕੇ ਆਪਣੇ ਚੇਲਿਆਂ ਨੂੰ ਇਹ ਕਹਿ ਕੇ ਪੁੱਛਿਆ ਜੋ ਲੋਕ ਮਨੁੱਖ ਦੇ ਪੁੱਤ੍ਰ ਨੂੰ ਕੀ ਆਖਦੇ ਹਨ? 14ਉਹ ਬੋਲੇ, ਕਈ ਤਾਂ ਯੂਹੰਨਾ ਬਪਤਿਸਮਾ ਦੇਣ ਵਾਲਾ ਕਹਿੰਦੇ ਹਨ ਅਤੇ ਕਈ ਏਲੀਯਾਹ ਤੇ ਕਈ ਯਿਰਮਿਯਾਹ ਯਾ ਨਬੀਆਂ ਵਿੱਚੋਂ ਕੋਈ 15ਉਸ ਨੇ ਉਨ੍ਹਾਂ ਨੂੰ ਕਿਹਾ, ਪਰ ਤੁਸੀਂ ਮੈਨੂੰ ਕੀ ਕਹਿੰਦੇ ਹੋ ਜੋ ਮੈਂ ਕੌਣ ਹਾਂ? 16ਸ਼ਮਊਨ ਪਤਰਸ ਨੇ ਉੱਤਰ ਦਿੱਤਾ, ਤੂੰ ਮਸੀਹ ਜੀਉਂਦੇ ਪਰਮੇਸ਼ੁਰ ਦਾ ਪੁੱਤ੍ਰ ਹੈਂ 17ਯਿਸੂ ਨੇ ਉਹ ਨੂੰ ਉੱਤਰ ਦਿੱਤਾ, ਧੰਨ ਹੈਂ ਤੂੰ ਸ਼ਮਊਨ ਬਰ-ਯੋਨਾਹ ਕਿਉਂ ਜੋ ਸਰੀਰ ਅਤੇ ਲਹੂ ਨੇ ਨਹੀਂ ਸਗੋਂ ਮੇਰੇ ਪਿਤਾ ਨੇ ਜਿਹੜਾ ਸੁਰਗ ਵਿੱਚ ਹੈ ਇਹ ਗੱਲ ਤੇਰੇ ਉੱਤੇ ਪਰਗਟ ਕੀਤੀ 18ਅਤੇ ਮੈਂ ਵੀ ਤੈਨੂੰ ਆਖਦਾ ਹਾਂ ਜੋ ਤੂੰ ਪਤਰਸ ਹੈਂ ਅਤੇ ਮੈਂ ਇਸ ਪੱਥਰ ਉੱਤੇ ਆਪਣੀ ਕਲੀਸਿਯਾ ਬਣਾਵਾਂਗਾ ਅਤੇ ਪਤਾਲ ਦੇ ਫਾਟਕਾਂ ਦਾ ਉਹ ਦੇ ਉੱਤੇ ਕੁਝ ਵੱਸ ਨਾ ਚੱਲੇਗਾ 19ਮੈਂ ਸੁਰਗ ਦੇ ਰਾਜ ਦੀਆਂ ਕੁੰਜੀਆਂ ਤੈਨੂੰ ਦਿਆਂਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਬੰਨ੍ਹੇਂਗਾ ਸੁਰਗ ਵਿੱਚ ਬੰਨ੍ਹਿਆ ਜਾਵੇਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਖੋਲ੍ਹੇਂਗਾ ਸੁਰਗ ਵਿੱਚ ਖੋਲ੍ਹਿਆ ਜਾਵੇਗਾ 20ਤਦ ਉਹ ਨੇ ਚੇਲਿਆਂ ਨੂੰ ਤਗੀਦ ਕੀਤੀ ਭਈ ਕਿਸੇ ਨੂੰ ਨਾ ਦੱਸੋ ਜੋ ਮੈਂ ਮਸੀਹ ਹਾਂ।।
21ਉਸ ਸਮੇ ਤੋਂ ਯਿਸੂ ਆਪਣੇ ਚੇਲਿਆਂ ਨੂੰ ਦੱਸਣ ਲੱਗਾ ਭਈ ਮੈਨੂੰ ਜਰੂਰ ਹੈ ਜੋ ਯਰੂਸ਼ਲਮ ਨੂੰ ਜਾਵਾਂ ਅਤੇ ਬਜੁਰਗਾਂ ਅਤੇ ਪਰਧਾਨ ਜਾਜਕਾਂ ਅਤੇ ਗ੍ਰੰਥੀਆਂ ਦੇ ਹੱਥੋਂ ਬਹੁਤ ਦੁਖ ਝੱਲਾਂ ਅਤੇ ਮਾਰ ਦਿੱਤਾ ਜਾਵਾਂ ਅਤੇ ਤੀਏ ਦਿਨ ਜੀ ਉੱਠਾਂ 22ਤਦ ਪਤਰਸ ਉਹ ਨੂੰ ਇੱਕ ਪਾਸੇ ਕਰ ਕੇ ਝਿੜਕਣ ਲੱਗਾ ਅਤੇ ਉਹ ਨੂੰ ਕਿਹਾ, ਪ੍ਰਭੁ ਜੀ ਪਰਮੇਸ਼ੁਰ ਏਹ ਨਾ ਕਰੇ! ਤੇਰੇ ਲਈ ਇਹ ਕਦੇ ਨਾ ਹੋਵੇਗਾ! 23ਪਰ ਉਹ ਨੇ ਮੁੜ ਕੇ ਪਤਰਸ ਨੂੰ ਆਖਿਆ, ਹੇ ਸ਼ਤਾਨ ਮੈਥੋਂ ਪਿੱਛੇ ਹਟ! ਤੂੰ ਮੇਰੇ ਲਈ ਠੋਕਰ ਹੈਂ ਕਿਉਂ ਜੋ ਤੂੰ ਪਰਮੇਸ਼ੁਰ ਦੀਆਂ ਨਹੀਂ ਪਰ ਮਨੁੱਖਾਂ ਦੀਆਂ ਗੱਲਾਂ ਦਾ ਧਿਆਨ ਰੱਖਦਾ ਹੈਂ 24ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ 25ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣੀ ਚਾਹੇ ਉਹ ਉਸ ਨੂੰ ਗੁਆ ਦੇਵੇਗਾ ਪਰ ਜਿਹੜਾ ਮੇਰੇ ਲਈ ਆਪਣੀ ਜਾਨ ਗੁਆਏ ਉਹ ਉਸ ਨੂੰ ਲੱਭ ਲਵੇਗਾ 26ਕਿਉਂਕਿ ਮਨੁੱਖ ਨੂੰ ਕੀ ਲਾਭ ਜੇ ਸਾਰੇ ਜਗਤ ਨੂੰ ਕੁਮਾਵੇ ਪਰ ਆਪਣੀ ਜਾਨ ਦਾ ਨੁਕਸਾਨ ਕਰੇ? ਅਥਵਾ ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ? 27ਕਿਉਂ ਜੋ ਮਨੁੱਖ ਦਾ ਪੁੱਤ੍ਰ ਆਪਣੇ ਦੂਤਾਂ ਸਣੇ ਆਪਣੇ ਪਿਤਾ ਤੇ ਤੇਜ ਨਾਲ ਆਵੇਗਾ ਅਤੇ ਉਸ ਸਮੇ ਉਹ ਹਰੇਕ ਨੂੰ ਉਹ ਦੀ ਕਰਨੀ ਮੂਜਬ ਫਲ ਦੇਵੇਗਾ 28ਮੈਂ ਤੁਹਾਨੂੰ ਸਤ ਆਖਦਾ ਹਾਂ ਜੋ ਕੋਈ ਏਹਨਾਂ ਵਿੱਚੋਂ ਜਿਹੜੇ ਐਥੇ ਖੜ੍ਹੇ ਹਨ ਮੌਤ ਦਾ ਸੁਆਦ ਨਾ ਚੱਖਣਗੇ ਜਦ ਤੋੜੀ ਮਨੁੱਖ ਦੇ ਪੁੱਤ੍ਰ ਨੂੰ ਆਪਣੇ ਰਾਜ ਵਿੱਚ ਆਉਂਦਾ ਨਾ ਵੇਖਣ।।
اکنون انتخاب شده:
ਮੱਤੀ 16: PUNOVBSI
هایلایت
کپی
مقایسه
به اشتراک گذاشتن
می خواهید نکات برجسته خود را در همه دستگاه های خود ذخیره کنید؟ برای ورودثبت نام کنید یا اگر ثبت نام کرده اید وارد شوید
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.