YouVersion Logo
Search Icon

ਉਤਪਤ 48

48
ਮਨੱਸ਼ੇਹ ਅਤੇ ਇਫ਼ਰਾਈਮ
1ਕੁਝ ਸਮੇਂ ਬਾਅਦ ਯੋਸੇਫ਼ ਨੂੰ ਦੱਸਿਆ ਗਿਆ ਕਿ ਤੇਰਾ ਪਿਤਾ ਬਿਮਾਰ ਹੈ। ਇਸ ਲਈ ਉਹ ਆਪਣੇ ਦੋ ਪੁੱਤਰਾਂ ਮਨੱਸ਼ੇਹ ਅਤੇ ਇਫ਼ਰਾਈਮ ਨੂੰ ਆਪਣੇ ਨਾਲ ਲੈ ਗਿਆ। 2ਜਦੋਂ ਯਾਕੋਬ ਨੂੰ ਕਿਹਾ ਗਿਆ ਕਿ ਤੇਰਾ ਪੁੱਤਰ ਯੋਸੇਫ਼ ਤੇਰੇ ਕੋਲ ਆਇਆ ਹੈ। ਤਦ ਇਸਰਾਏਲ ਆਪਣੇ ਆਪ ਨੂੰ ਤਕੜਾ ਕਰਕੇ ਮੰਜੇ ਉੱਤੇ ਬੈਠ ਗਿਆ।
3ਯਾਕੋਬ ਨੇ ਯੋਸੇਫ਼ ਨੂੰ ਆਖਿਆ, “ਸਰਵਸ਼ਕਤੀਮਾਨ ਪਰਮੇਸ਼ਵਰ ਨੇ ਕਨਾਨ ਦੇਸ਼ ਵਿੱਚ ਲੂਜ਼ ਕੋਲ ਮੈਨੂੰ ਦਰਸ਼ਨ ਦਿੱਤਾ ਅਤੇ ਉੱਥੇ ਉਸ ਨੇ ਮੈਨੂੰ ਬਰਕਤ ਦਿੱਤੀ ਹੈ। 4ਅਤੇ ਮੈਨੂੰ ਆਖਿਆ, ‘ਮੈਂ ਤੈਨੂੰ ਫਲਦਾਰ ਬਣਾਵਾਂਗਾ ਅਤੇ ਤੇਰੀ ਗਿਣਤੀ ਵਧਾਵਾਂਗਾ। ਮੈਂ ਤੁਹਾਨੂੰ ਲੋਕਾਂ ਦਾ ਇੱਕ ਸਮੂਹ ਬਣਾ ਦਿਆਂਗਾ, ਅਤੇ ਮੈਂ ਇਹ ਧਰਤੀ ਤੇਰੇ ਤੋਂ ਬਾਅਦ ਤੇਰੇ ਉੱਤਰਾਧਿਕਾਰੀਆਂ ਨੂੰ ਸਦੀਪਕ ਅਧਿਕਾਰ ਵਜੋਂ ਦਿਆਂਗਾ।’
5“ਹੁਣ, ਤੇਰੇ ਦੋ ਪੁੱਤਰ ਜਿਹੜੇ ਮਿਸਰ ਵਿੱਚ ਮੇਰੇ ਆਉਣ ਤੋਂ ਪਹਿਲਾ ਪੈਦਾ ਹੋਏ ਹਨ। ਉਹ ਮੇਰੇ ਹੀ ਹਨ। ਰਊਬੇਨ ਅਤੇ ਸ਼ਿਮਓਨ ਵਾਂਗੂੰ ਇਫ਼ਰਾਈਮ ਅਤੇ ਮਨੱਸ਼ੇਹ ਮੇਰੇ ਹੀ ਪੁੱਤਰ ਹਨ। 6ਹੁਣ ਉਨ੍ਹਾਂ ਤੋਂ ਬਾਅਦ ਜੋ ਵੀ ਬੱਚੇ ਪੈਦਾ ਹੋਣਗੇ ਉਹ ਤੇਰੇ ਹੀ ਹੋਣਗੇ। ਉਹਨਾਂ ਨੂੰ ਵਿਰਾਸਤ ਵਿੱਚ ਮਿਲੇ ਇਲਾਕੇ ਵਿੱਚ ਉਹਨਾਂ ਦੇ ਭਰਾਵਾਂ ਦੇ ਨਾਂ ਨਾਲ ਗਿਣਿਆ ਜਾਵੇਗਾ। 7ਜਦੋਂ ਮੈਂ ਪਦਨ ਤੋਂ ਆ ਰਿਹਾ ਸੀ ਅਤੇ ਅਫ਼ਰਾਥ ਨੂੰ ਪਹੁੰਚਣ ਵਾਲਾ ਸੀ, ਤਾਂ ਰਾਖ਼ੇਲ ਦੀ ਮੌਤ ਦਾ ਸੋਗ ਮੇਰੇ ਉੱਤੇ ਆ ਪਿਆ। ਮੈਂ ਉਸਨੂੰ ਇਫ਼ਰਾਥ ਦੇ ਰਸਤੇ ਵਿੱਚ ਬੈਤਲਹਮ ਵਿੱਚ ਦਫ਼ਨਾਇਆ।”
8ਜਦੋਂ ਇਸਰਾਏਲ ਨੇ ਯੋਸੇਫ਼ ਦੇ ਪੁੱਤਰਾਂ ਨੂੰ ਵੇਖਿਆ ਤਾਂ ਉਸ ਨੇ ਪੁੱਛਿਆ, “ਇਹ ਕੌਣ ਹਨ?”
9ਯੋਸੇਫ਼ ਨੇ ਆਪਣੇ ਪਿਤਾ ਨੂੰ ਕਿਹਾ, “ਇਹ ਉਹ ਪੁੱਤਰ ਹਨ ਜੋ ਪਰਮੇਸ਼ਵਰ ਨੇ ਮੈਨੂੰ ਇੱਥੇ ਦਿੱਤੇ ਹਨ।”
ਤਦ ਇਸਰਾਏਲ ਨੇ ਆਖਿਆ, “ਉਹਨਾਂ ਨੂੰ ਮੇਰੇ ਕੋਲ ਲਿਆ ਤਾਂ ਜੋ ਮੈਂ ਉਹਨਾਂ ਨੂੰ ਬਰਕਤ ਦੇਵਾਂ।”
10ਹੁਣ ਇਸਰਾਏਲ ਦੀਆਂ ਅੱਖਾਂ ਬੁੱਢੇ ਹੋਣ ਦੇ ਕਾਰਨ ਕਮਜ਼ੋਰ ਹੋ ਗਈਆਂ ਸਨ ਅਤੇ ਉਹ ਮੁਸ਼ਕਿਲ ਨਾਲ ਵੇਖ ਸਕਦਾ ਸੀ। ਇਸ ਲਈ ਯੋਸੇਫ਼ ਆਪਣੇ ਪੁੱਤਰਾਂ ਨੂੰ ਉਸਦੇ ਨੇੜੇ ਲਿਆਇਆ ਅਤੇ ਉਸਦੇ ਪਿਤਾ ਨੇ ਉਹਨਾਂ ਨੂੰ ਚੁੰਮਿਆ ਅਤੇ ਉਹਨਾਂ ਨੂੰ ਗਲੇ ਲਗਾਇਆ।
11ਇਸਰਾਏਲ ਨੇ ਯੋਸੇਫ਼ ਨੂੰ ਆਖਿਆ, ਮੈਂ ਕਦੇ ਵੀ ਤੇਰਾ ਮੂੰਹ ਫੇਰ ਵੇਖਣ ਦੀ ਉਮੀਦ ਨਹੀਂ ਕੀਤੀ ਅਤੇ ਹੁਣ ਪਰਮੇਸ਼ਵਰ ਨੇ ਮੈਨੂੰ ਤੇਰੇ ਬੱਚਿਆਂ ਨੂੰ ਵੀ ਵੇਖਣ ਦੀ ਇਜਾਜ਼ਤ ਦਿੱਤੀ ਹੈ।
12ਤਦ ਯੋਸੇਫ਼ ਨੇ ਉਹਨਾਂ ਨੂੰ ਇਸਰਾਏਲ ਦੇ ਗੋਡਿਆਂ ਤੋਂ ਲਾਹ ਦਿੱਤਾ ਅਤੇ ਆਪਣਾ ਮੂੰਹ ਜ਼ਮੀਨ ਤੱਕ ਝੁਕਾਇਆ। 13ਅਤੇ ਯੋਸੇਫ਼ ਨੇ ਉਹਨਾਂ ਦੋਹਾਂ ਨੂੰ ਅਰਥਾਤ ਇਫ਼ਰਾਈਮ ਨੂੰ ਆਪਣੇ ਸੱਜੇ ਪਾਸੇ ਇਸਰਾਏਲ ਦੇ ਖੱਬੇ ਹੱਥ ਵੱਲ ਅਤੇ ਮਨੱਸ਼ੇਹ ਨੂੰ ਆਪਣੇ ਖੱਬੇ ਪਾਸੇ ਇਸਰਾਏਲ ਦੇ ਸੱਜੇ ਹੱਥ ਵੱਲ ਲਿਆ ਅਤੇ ਉਹਨਾਂ ਨੂੰ ਉਸਦੇ ਨੇੜੇ ਕੀਤਾ। 14ਪਰ ਇਸਰਾਏਲ ਨੇ ਆਪਣਾ ਸੱਜਾ ਹੱਥ ਵਧਾ ਕੇ ਇਫ਼ਰਾਈਮ ਦੇ ਸਿਰ ਉੱਤੇ ਰੱਖਿਆ ਭਾਵੇਂ ਉਹ ਛੋਟਾ ਸੀ ਅਤੇ ਆਪਣਾ ਖੱਬਾ ਹੱਥ ਮਨੱਸ਼ੇਹ ਦੇ ਸਿਰ ਉੱਤੇ ਰੱਖਿਆ। ਉਸਨੇ ਜਾਣ ਬੁੱਝ ਕੇ ਆਪਣੇ ਹੱਥ ਇਸ ਤਰ੍ਹਾਂ ਰੱਖੇ ਕਿਉਂ ਜੋ ਉਹ ਪਹਿਲੌਠਾ ਸੀ।
15ਤਦ ਉਸ ਨੇ ਯੋਸੇਫ਼ ਨੂੰ ਅਸੀਸ ਦਿੱਤੀ ਅਤੇ ਆਖਿਆ,
ਉਹ ਪਰਮੇਸ਼ਵਰ ਜਿਸ ਦੇ ਅੱਗੇ ਮੇਰੇ ਪਿਉ-ਦਾਦਿਆਂ
ਅਬਰਾਹਾਮ ਅਤੇ ਇਸਹਾਕ ਵਫ਼ਾਦਾਰੀ ਨਾਲ ਚੱਲੇ,
ਉਹ ਪਰਮੇਸ਼ਵਰ ਜੋ ਅੱਜ ਤੱਕ ਮੇਰੀ ਸਾਰੀ ਉਮਰ ਮੇਰਾ ਚਰਵਾਹਾ ਰਿਹਾ ਹੈ। 16ਉਹ ਦੂਤ ਜਿਸ ਨੇ ਮੈਨੂੰ ਸਾਰੇ ਦੁੱਖਾਂ ਤੋਂ ਬਚਾਇਆ ਹੈ
ਉਹ ਇਨ੍ਹਾਂ ਮੁੰਡਿਆਂ ਨੂੰ ਅਸੀਸ ਦੇਵੇ।
ਉਹ ਮੇਰੇ ਨਾਮ
ਅਤੇ ਮੇਰੇ ਪੁਰਖਿਆਂ ਅਬਰਾਹਾਮ ਅਤੇ ਇਸਹਾਕ ਦੇ ਨਾਵਾਂ ਨਾਲ ਬੁਲਾਏ ਜਾਣ,
ਅਤੇ ਧਰਤੀ ਉੱਤੇ ਉਹ ਬਹੁਤ ਵੱਧਣ।
17ਜਦੋਂ ਯੋਸੇਫ਼ ਨੇ ਆਪਣੇ ਪਿਤਾ ਨੂੰ ਇਫ਼ਰਾਈਮ ਦੇ ਸਿਰ ਉੱਤੇ ਸੱਜਾ ਹੱਥ ਰੱਖਦਿਆਂ ਵੇਖਿਆ ਤਾਂ ਉਸਦੀ ਨਜ਼ਰ ਵਿੱਚ ਇਹ ਗੱਲ ਬੁਰੀ ਲੱਗੀ। ਇਸ ਲਈ ਉਸਨੇ ਆਪਣੇ ਪਿਤਾ ਦਾ ਹੱਥ ਫੜ੍ਹ ਲਿਆ ਤਾਂ ਜੋ ਇਫ਼ਰਾਈਮ ਦੇ ਸਿਰ ਤੋਂ ਹੱਥ ਹਟਾ ਕੇ ਮਨੱਸ਼ੇਹ ਦੇ ਸਿਰ ਉੱਤੇ ਰੱਖ ਦੇਵੇ। 18ਯੋਸੇਫ਼ ਨੇ ਉਹ ਨੂੰ ਆਖਿਆ, “ਨਹੀਂ ਮੇਰੇ ਪਿਤਾ ਜੀ ਇਹ ਜੇਠਾ ਹੈ। ਆਪਣਾ ਸੱਜਾ ਹੱਥ ਉਸ ਦੇ ਸਿਰ ਉੱਤੇ ਰੱਖ।”
19ਪਰ ਉਸ ਦੇ ਪਿਤਾ ਨੇ ਇਨਕਾਰ ਕਰ ਦਿੱਤਾ ਅਤੇ ਕਿਹਾ, “ਮੇਰੇ ਪੁੱਤਰ, ਮੈਂ ਜਾਣਦਾ ਹਾਂ। ਇਸ ਤੋਂ ਇੱਕ ਕੌਮ ਹੋਵੇਗੀ, ਅਤੇ ਉਹ ਵੀ ਮਹਾਨ ਬਣ ਜਾਵੇਗਾ। ਫਿਰ ਵੀ, ਇਸਦਾ ਛੋਟਾ ਭਰਾ ਇਸ ਨਾਲੋਂ ਵੱਡਾ ਹੋਵੇਗਾ, ਅਤੇ ਉਸਦੀ ਸੰਤਾਨ ਤੋਂ ਬਹੁਤ ਸਾਰੀਆਂ ਕੌਮਾਂ ਹੋਣਗੀਆਂ।” 20ਉਸ ਦਿਨ ਉਸ ਨੇ ਉਹਨਾਂ ਨੂੰ ਬਰਕਤ ਦਿੱਤੀ ਅਤੇ ਆਖਿਆ,
“ਇਸਰਾਏਲ ਤੇਰਾ ਨਾਮ ਲੈ ਕੇ ਅਤੇ ਇਹ ਆਖ ਕੇ ਬਰਕਤ ਦਿਆ ਕਰੇਗਾ:
‘ਪਰਮੇਸ਼ਵਰ ਤੁਹਾਨੂੰ ਇਫ਼ਰਾਈਮ ਅਤੇ ਮਨੱਸ਼ੇਹ ਵਰਗਾ ਬਣਾਵੇ।’ ”
ਇਸ ਲਈ ਉਸ ਨੇ ਇਫ਼ਰਾਈਮ ਨੂੰ ਮਨੱਸ਼ੇਹ ਤੋਂ ਅੱਗੇ ਰੱਖਿਆ।
21ਤਦ ਇਸਰਾਏਲ ਨੇ ਯੋਸੇਫ਼ ਨੂੰ ਆਖਿਆ, “ਮੈਂ ਮਰਨ ਵਾਲਾ ਹਾਂ ਪਰ ਪਰਮੇਸ਼ਵਰ ਤੁਹਾਡੇ ਅੰਗ-ਸੰਗ ਹੋਵੇਗਾ ਅਤੇ ਤੁਹਾਨੂੰ ਤੁਹਾਡੇ ਪਿਉ ਦਾਦਿਆਂ ਦੇ ਦੇਸ਼ ਵਿੱਚ ਵਾਪਸ ਲੈ ਆਵੇਗਾ। 22ਅਤੇ ਮੈਂ ਤੈਨੂੰ ਤੇਰੇ ਭਰਾਵਾਂ ਨਾਲੋਂ ਇੱਕ ਜ਼ਮੀਨ ਦਾ ਇੱਕ ਵੱਧ ਉਪਜਾਊ ਹਿੱਸਾ ਦਿੱਤਾ ਹੈ, ਜੋ ਮੈਂ ਯੁੱਧ ਵਿੱਚ ਆਪਣੀ ਤਲਵਾਰ ਅਤੇ ਧਨੁੱਖ ਨਾਲ ਅਮੋਰੀਆਂ ਦੇ ਹੱਥੋਂ ਲੈ ਲਿਆ ਸੀ।”

Currently Selected:

ਉਤਪਤ 48: OPCV

Highlight

Share

Copy

None

Want to have your highlights saved across all your devices? Sign up or sign in