YouVersion Logo
Search Icon

ਉਤਪਤ 47

47
1ਯੋਸੇਫ਼ ਨੇ ਜਾ ਕੇ ਫ਼ਿਰਾਊਨ ਨੂੰ ਕਿਹਾ, “ਮੇਰਾ ਪਿਤਾ ਅਤੇ ਭਰਾ ਆਪਣੇ ਇੱਜੜ ਅਤੇ ਵੱਗ ਸਭ ਕੁਝ ਦੇ ਸਮੇਤ, ਕਨਾਨ ਦੇਸ਼ ਤੋਂ ਆਏ ਹਨ ਅਤੇ ਹੁਣ ਗੋਸ਼ੇਨ ਵਿੱਚ ਹਨ।” 2ਉਸ ਨੇ ਆਪਣੇ ਪੰਜ ਭਰਾਵਾਂ ਨੂੰ ਚੁਣ ਕੇ ਫ਼ਿਰਾਊਨ ਦੇ ਅੱਗੇ ਪੇਸ਼ ਕੀਤਾ।
3ਫ਼ਿਰਾਊਨ ਨੇ ਭਰਾਵਾਂ ਨੂੰ ਪੁੱਛਿਆ, ਤੁਹਾਡਾ ਕੰਮ ਕੀ ਹੈ?
ਉਹਨਾਂ ਨੇ ਫ਼ਿਰਾਊਨ ਨੂੰ ਜਵਾਬ ਦਿੱਤਾ, “ਤੇਰੇ ਸੇਵਕ ਚਰਵਾਹੇ ਹਨ, ਜਿਵੇਂ ਸਾਡੇ ਪਿਉ-ਦਾਦੇ ਸਨ।” 4ਉਹਨਾਂ ਨੇ ਫ਼ਿਰਾਊਨ ਨੂੰ ਇਹ ਵੀ ਆਖਿਆ, “ਅਸੀਂ ਇੱਥੇ ਥੋੜ੍ਹੇ ਸਮੇਂ ਲਈ ਰਹਿਣ ਲਈ ਆਏ ਹਾਂ ਕਿਉਂ ਜੋ ਕਨਾਨ ਵਿੱਚ ਕਾਲ ਬਹੁਤ ਪਿਆ ਹੈ ਅਤੇ ਤੇਰੇ ਸੇਵਕਾਂ ਦੇ ਇੱਜੜਾਂ ਕੋਲ ਚਾਰਾ ਨਹੀਂ ਹੈ। ਇਸ ਲਈ ਹੁਣ ਕਿਰਪਾ ਕਰਕੇ ਆਪਣੇ ਸੇਵਕਾਂ ਨੂੰ ਗੋਸ਼ੇਨ ਵਿੱਚ ਰਹਿਣ ਦਿਓ।”
5ਫ਼ਿਰਾਊਨ ਨੇ ਯੋਸੇਫ਼ ਨੂੰ ਆਖਿਆ, “ਤੇਰਾ ਪਿਤਾ ਅਤੇ ਤੇਰੇ ਭਰਾ ਤੇਰੇ ਕੋਲ ਆਏ ਹਨ, 6ਅਤੇ ਮਿਸਰ ਦੀ ਧਰਤੀ ਤੇਰੇ ਅੱਗੇ ਹੈ। ਆਪਣੇ ਪਿਤਾ ਅਤੇ ਆਪਣੇ ਭਰਾਵਾਂ ਨੂੰ ਧਰਤੀ ਦੇ ਸਭ ਤੋਂ ਚੰਗੇ ਹਿੱਸੇ ਵਿੱਚ ਵਸਾ ਅਰਥਾਤ ਉਹਨਾਂ ਨੂੰ ਗੋਸ਼ੇਨ ਵਿੱਚ ਰਹਿਣ ਦਿਓ ਅਤੇ ਜੇਕਰ ਤੁਸੀਂ ਉਹਨਾਂ ਵਿੱਚੋਂ ਕਿਸੇ ਵਿਸ਼ੇਸ਼ ਯੋਗਤਾ ਵਾਲੇ ਨੂੰ ਜਾਣਦੇ ਹੋ, ਤਾਂ ਉਹਨਾਂ ਨੂੰ ਮੇਰੇ ਆਪਣੇ ਪਸ਼ੂਆਂ ਦਾ ਅਧਿਕਾਰੀ ਬਣਾ ਦਿਓ।”
7ਤਦ ਯੋਸੇਫ਼ ਆਪਣੇ ਪਿਤਾ ਯਾਕੋਬ ਨੂੰ ਅੰਦਰ ਲਿਆਇਆ ਅਤੇ ਉਸ ਨੂੰ ਫ਼ਿਰਾਊਨ ਦੇ ਅੱਗੇ ਪੇਸ਼ ਕੀਤਾ। ਯਾਕੋਬ ਨੇ ਫ਼ਿਰਾਊਨ ਨੂੰ ਅਸੀਸ ਦਿੱਤੀ, 8ਫ਼ਿਰਾਊਨ ਨੇ ਯਾਕੋਬ ਨੂੰ ਪੁੱਛਿਆ, “ਤੇਰੀ ਉਮਰ ਕਿੰਨੀ ਹੈ?”
9ਅਤੇ ਯਾਕੋਬ ਨੇ ਫ਼ਿਰਾਊਨ ਨੂੰ ਆਖਿਆ, “ਮੇਰੀ ਯਾਤਰਾ ਦੇ ਸਾਲ ਇੱਕ ਸੌ ਤੀਹ ਹਨ। ਮੇਰੇ ਸਾਲ ਥੋੜ੍ਹੇ ਅਤੇ ਔਖੇ ਸਨ, ਅਤੇ ਉਹ ਮੇਰੇ ਪਿਉ-ਦਾਦਿਆਂ ਦੀ ਯਾਤਰਾ ਦੇ ਸਾਲਾਂ ਦੇ ਬਰਾਬਰ ਨਹੀਂ ਹਨ।” 10ਤਦ ਯਾਕੋਬ ਨੇ ਫ਼ਿਰਾਊਨ ਨੂੰ ਅਸੀਸ ਦਿੱਤੀ ਅਤੇ ਉਹ ਦੇ ਹਜ਼ੂਰੋਂ ਨਿੱਕਲ ਗਿਆ।
11ਤਾਂ ਯੋਸੇਫ਼ ਨੇ ਆਪਣੇ ਪਿਤਾ ਅਤੇ ਆਪਣੇ ਭਰਾਵਾਂ ਨੂੰ ਮਿਸਰ ਵਿੱਚ ਵਸਾਇਆ ਅਤੇ ਉਹਨਾਂ ਨੂੰ ਜ਼ਮੀਨ ਦੇ ਉੱਤਮ ਹਿੱਸੇ ਵਿੱਚ ਅਰਥਾਤ ਰਾਮਸੇਸ ਦੀ ਧਰਤੀ ਵਿੱਚ, ਜਿਵੇਂ ਕਿ ਫ਼ਿਰਾਊਨ ਨੇ ਕਿਹਾ ਸੀ, ਵਿਰਾਸਤ ਵਿੱਚ ਦਿੱਤੀ। 12ਯੋਸੇਫ਼ ਨੇ ਆਪਣੇ ਪਿਤਾ ਅਤੇ ਆਪਣੇ ਭਰਾਵਾਂ ਅਤੇ ਆਪਣੇ ਪਿਤਾ ਦੇ ਸਾਰੇ ਘਰਾਣਿਆਂ ਨੂੰ ਉਹਨਾਂ ਦੇ ਬੱਚਿਆਂ ਦੀ ਗਿਣਤੀ ਦੇ ਅਨੁਸਾਰ ਭੋਜਨ ਦਿੱਤਾ।
ਯੋਸੇਫ਼ ਅਤੇ ਕਾਲ
13ਪਰ ਸਾਰੇ ਇਲਾਕੇ ਵਿੱਚ ਕੋਈ ਭੋਜਨ ਨਹੀਂ ਸੀ ਕਿਉਂਕਿ ਕਾਲ ਬਹੁਤ ਭਿਆਨਕ ਸੀ। ਕਾਲ ਦੇ ਕਾਰਨ ਮਿਸਰ ਅਤੇ ਕਨਾਨ ਦੋਵੇਂ ਬਰਬਾਦ ਹੋ ਗਏ। 14ਯੋਸੇਫ਼ ਨੇ ਉਹ ਸਾਰਾ ਧਨ ਜੋ ਮਿਸਰ ਅਤੇ ਕਨਾਨ ਵਿੱਚ ਉਹਨਾਂ ਦੇ ਖਰੀਦੇ ਹੋਏ ਅਨਾਜ ਦੇ ਬਦਲੇ ਮਿਲਣਾ ਸੀ ਇਕੱਠਾ ਕਰ ਲਿਆ ਅਤੇ ਉਹ ਫ਼ਿਰਾਊਨ ਦੇ ਮਹਿਲ ਵਿੱਚ ਲੈ ਆਇਆ। 15ਜਦੋਂ ਮਿਸਰ ਅਤੇ ਕਨਾਨ ਦੇ ਲੋਕਾਂ ਦਾ ਪੈਸਾ ਖਤਮ ਹੋ ਗਿਆ ਤਾਂ ਸਾਰਾ ਮਿਸਰ ਯੋਸੇਫ਼ ਕੋਲ ਆਇਆ ਅਤੇ ਆਖਿਆ, “ਸਾਨੂੰ ਭੋਜਨ ਦੇਹ। ਅਸੀਂ ਤੁਹਾਡੀਆਂ ਅੱਖਾਂ ਅੱਗੇ ਕਿਉਂ ਮਰੀਏ? ਸਾਡਾ ਸਾਰਾ ਪੈਸਾ ਖਤਮ ਹੋ ਗਿਆ ਹੈ।”
16ਯੋਸੇਫ਼ ਨੇ ਆਖਿਆ, “ਫਿਰ ਆਪਣੇ ਪਸ਼ੂ ਲਿਆਓ ਅਤੇ ਮੈਂ ਤੁਹਾਨੂੰ ਤੁਹਾਡੇ ਪਸ਼ੂਆਂ ਦੇ ਬਦਲੇ ਭੋਜਨ ਵੇਚ ਦਿਆਂਗਾ, ਕਿਉਂਕਿ ਤੁਹਾਡਾ ਪੈਸਾ ਖਤਮ ਹੋ ਗਿਆ ਹੈ।” 17ਸੋ ਉਹ ਆਪਣੇ ਪਸ਼ੂ ਯੋਸੇਫ਼ ਦੇ ਕੋਲ ਲਿਆਏ ਅਤੇ ਉਸ ਨੇ ਉਹਨਾਂ ਨੂੰ ਉਹਨਾਂ ਦੇ ਘੋੜਿਆਂ, ਉਹਨਾਂ ਦੀਆਂ ਭੇਡਾਂ ਅਤੇ ਬੱਕਰੀਆਂ, ਉਹਨਾਂ ਦੇ ਪਸ਼ੂਆਂ ਅਤੇ ਗਧਿਆਂ ਦੇ ਬਦਲੇ ਭੋਜਨ ਦਿੱਤਾ ਅਤੇ ਉਸ ਨੇ ਉਹਨਾਂ ਨੂੰ ਉਹਨਾਂ ਦੇ ਸਾਰੇ ਪਸ਼ੂਆਂ ਦੇ ਬਦਲੇ ਉਹਨਾਂ ਨੂੰ ਭੋਜਨ ਖਵਾਇਆ।
18ਜਦੋਂ ਉਹ ਸਾਲ ਬੀਤ ਗਿਆ ਤਾਂ ਅਗਲੇ ਸਾਲ ਉਹ ਉਸ ਦੇ ਕੋਲ ਆਏ ਅਤੇ ਕਿਹਾ, “ਅਸੀਂ ਆਪਣੇ ਮਾਲਕ ਤੋਂ ਇਹ ਗੱਲ ਨਹੀਂ ਛੁਪਾ ਸਕਦੇ ਕਿਉਂਕਿ ਸਾਡਾ ਧਨ ਖਤਮ ਹੋ ਗਿਆ ਹੈ ਅਤੇ ਸਾਡੇ ਪਸ਼ੂ ਤੁਹਾਡੇ ਹਨ, ਇਸ ਲਈ ਸਾਡੇ ਸੁਆਮੀ ਲਈ ਕੁਝ ਵੀ ਨਹੀਂ ਬਚਿਆ। ਸਾਡੇ ਸਰੀਰਾਂ ਅਤੇ ਸਾਡੀ ਧਰਤੀ ਨੂੰ ਛੱਡ ਕੇ। 19ਅਸੀਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਕਿਉਂ ਨਾਸ ਹੋਈਏ ਅਸੀਂ ਅਤੇ ਸਾਡੀ ਧਰਤੀ ਵੀ? ਸਾਨੂੰ ਅਤੇ ਸਾਡੀ ਧਰਤੀ ਨੂੰ ਭੋਜਨ ਦੇ ਬਦਲੇ ਮੁੱਲ ਲੈ ਲਓ, ਅਤੇ ਅਸੀਂ ਆਪਣੀ ਧਰਤੀ ਦੇ ਨਾਲ ਫ਼ਿਰਾਊਨ ਦੀ ਗ਼ੁਲਾਮੀ ਵਿੱਚ ਰਹਾਂਗੇ। ਸਾਨੂੰ ਬੀਜ ਦਿਓ ਤਾਂ ਜੋ ਅਸੀਂ ਜੀਉਂਦੇ ਰਹੀਏ ਅਤੇ ਨਾ ਮਰੀਏ ਅਤੇ ਧਰਤੀ ਵਿਰਾਨ ਨਾ ਹੋ ਜਾਵੇ।”
20ਇਸ ਲਈ ਯੋਸੇਫ਼ ਨੇ ਮਿਸਰ ਦੀ ਸਾਰੀ ਜ਼ਮੀਨ ਫ਼ਿਰਾਊਨ ਲਈ ਖ਼ਰੀਦ ਲਈ। ਮਿਸਰੀਆਂ ਨੇ ਆਪਣੇ ਖੇਤ ਵੇਚ ਦਿੱਤੇ ਕਿਉਂਕਿ ਕਾਲ ਉਹਨਾਂ ਲਈ ਬਹੁਤ ਭਿਆਨਕ ਸੀ। ਧਰਤੀ ਫ਼ਿਰਾਊਨ ਦੀ ਹੋ ਗਈ, 21ਅਤੇ ਯੋਸੇਫ਼ ਨੇ ਮਿਸਰ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਲੋਕਾਂ ਨੂੰ ਗੁਲਾਮ ਬਣਾ ਦਿੱਤਾ। 22ਪਰ ਉਸ ਨੇ ਜਾਜਕਾਂ ਦੀ ਜ਼ਮੀਨ ਨਾ ਖਰੀਦੀ ਕਿਉਂ ਜੋ ਜਾਜਕਾਂ ਨੂੰ ਫਿਰਊਨ ਵੱਲੋਂ ਸ਼ਾਹੀ ਭੋਜਨ ਦਾ ਪ੍ਰਬੰਧ ਸੀ ਅਤੇ ਫ਼ਿਰਾਊਨ ਵੱਲੋਂ ਉਹਨਾਂ ਨੂੰ ਜੋ ਵੰਡ ਦਿੱਤੀ ਜਾਂਦੀ ਸੀ ਉਸ ਵਿੱਚੋਂ ਉਹਨਾਂ ਕੋਲ ਕਾਫ਼ੀ ਭੋਜਨ ਹੁੰਦਾ ਸੀ। ਇਸ ਲਈ ਉਹਨਾਂ ਨੇ ਆਪਣੀ ਜ਼ਮੀਨ ਨਹੀਂ ਵੇਚੀ।
23ਯੋਸੇਫ਼ ਨੇ ਲੋਕਾਂ ਨੂੰ ਆਖਿਆ, “ਹੁਣ ਜਦੋਂ ਮੈਂ ਤੁਹਾਨੂੰ ਅਤੇ ਤੁਹਾਡੀ ਜ਼ਮੀਨ ਅੱਜ ਫ਼ਿਰਾਊਨ ਲਈ ਖਰੀਦ ਲਈ ਹੈ, ਇੱਥੇ ਤੁਹਾਡੇ ਲਈ ਬੀਜ ਹੈ ਤਾਂ ਜੋ ਤੁਸੀਂ ਜ਼ਮੀਨ ਬੀਜ ਸਕੋ। 24ਪਰ ਜਦੋਂ ਫ਼ਸਲ ਆਵੇ ਤਾਂ ਉਸ ਦਾ ਪੰਜਵਾਂ ਹਿੱਸਾ ਫ਼ਿਰਾਊਨ ਨੂੰ ਦੇ ਦਿਓ। ਬਾਕੀ ਦੇ ਚਾਰ-ਪੰਜਵੇਂ ਹਿੱਸੇ ਨੂੰ ਤੁਸੀਂ ਖੇਤਾਂ ਲਈ ਬੀਜ ਅਤੇ ਆਪਣੇ ਲਈ ਅਤੇ ਆਪਣੇ ਪਰਿਵਾਰ ਅਤੇ ਆਪਣੇ ਬੱਚਿਆਂ ਲਈ ਭੋਜਨ ਵਜੋਂ ਰੱਖ ਸਕਦੇ ਹੋ।”
25ਉਹਨਾਂ ਆਖਿਆ, “ਤੁਸੀਂ ਸਾਡੀਆਂ ਜਾਨਾਂ ਬਚਾਈਆਂ ਹਨ। ਸਾਨੂੰ ਆਪਣੇ ਸੁਆਮੀ ਦੀਆਂ ਨਜ਼ਰਾਂ ਵਿੱਚ ਕਿਰਪਾ ਮਿਲੇ; ਅਸੀਂ ਫ਼ਿਰਾਊਨ ਦੇ ਗ਼ੁਲਾਮੀ ਵਿੱਚ ਰਹਾਂਗੇ।”
26ਇਸ ਲਈ ਯੋਸੇਫ਼ ਨੇ ਮਿਸਰ ਵਿੱਚ ਜ਼ਮੀਨ ਦੇ ਸੰਬੰਧ ਵਿੱਚ ਇੱਕ ਕਾਨੂੰਨ ਬਣਾਇਆ ਜੋ ਅੱਜ ਵੀ ਲਾਗੂ ਹੈ, ਕਿ ਉਪਜ ਦਾ ਪੰਜਵਾਂ ਹਿੱਸਾ ਫ਼ਿਰਾਊਨ ਦਾ ਹੈ। ਪਰ ਸਿਰਫ ਜਾਜਕਾਂ ਦੀ ਜ਼ਮੀਨ ਉਨ੍ਹਾਂ ਦੀ ਹੀ ਰਹੀ। ਉਹ ਫ਼ਿਰਾਊਨ ਦੀ ਨਹੀਂ ਹੋਈ।
27ਹੁਣ ਇਸਰਾਏਲੀ ਮਿਸਰ ਵਿੱਚ ਗੋਸ਼ੇਨ ਦੇ ਇਲਾਕੇ ਵਿੱਚ ਵੱਸ ਗਏ। ਉਹਨਾਂ ਨੇ ਉੱਥੇ ਵਿਰਾਸਤ ਪ੍ਰਾਪਤ ਕੀਤੀ ਅਤੇ ਫਲਦਾਇਕ ਸਨ ਅਤੇ ਗਿਣਤੀ ਵਿੱਚ ਬਹੁਤ ਵਾਧਾ ਹੋਇਆ।
28ਯਾਕੋਬ ਮਿਸਰ ਵਿੱਚ ਸਤਾਰਾਂ ਸਾਲ ਰਿਹਾ ਅਤੇ ਉਸ ਦੀ ਉਮਰ ਇੱਕ ਸੌ ਸੰਤਾਲੀ ਸਾਲ ਸੀ। 29ਜਦੋਂ ਇਸਰਾਏਲ ਦੇ ਮਰਨ ਦਾ ਸਮਾਂ ਨੇੜੇ ਆਇਆ ਤਾਂ ਉਸ ਨੇ ਆਪਣੇ ਪੁੱਤਰ ਯੋਸੇਫ਼ ਨੂੰ ਸੱਦ ਕੇ ਉਹ ਨੂੰ ਆਖਿਆ, “ਜੇ ਮੈਂ ਤੇਰੀ ਨਿਗਾਹ ਵਿੱਚ ਮਿਹਰਬਾਨੀ ਪਾਈ ਹੈ ਤਾਂ ਆਪਣਾ ਹੱਥ ਮੇਰੇ ਪੱਟ ਦੇ ਹੇਠਾਂ ਰੱਖ ਅਤੇ ਵਾਅਦਾ ਕਰ ਕਿ ਤੂੰ ਮੇਰੇ ਉੱਤੇ ਦਯਾ ਅਤੇ ਵਫ਼ਾਦਾਰੀ ਦਿਖਾਵੇਂਗਾ। ਮੈਨੂੰ ਮਿਸਰ ਵਿੱਚ ਨਾ ਦਫ਼ਨਾਓ, 30ਪਰ ਜਦੋਂ ਮੈਂ ਆਪਣੇ ਪਿਉ-ਦਾਦਿਆਂ ਨਾਲ ਮਿਲ ਜਾਵਾਂ, ਤਾਂ ਮੈਨੂੰ ਮਿਸਰ ਵਿੱਚੋਂ ਬਾਹਰ ਲੈ ਜਾਵੀ ਅਤੇ ਜਿੱਥੇ ਉਹ ਦੱਬੇ ਹੋਏ ਹਨ, ਉੱਥੇ ਮੈਨੂੰ ਦਫ਼ਨਾਓ।”
ਯੋਸੇਫ਼ ਨੇ ਕਿਹਾ, “ਮੈਂ ਉਹੀ ਕਰਾਂਗਾ ਜੋ ਤੁਸੀਂ ਕਹੋਗੇ।”
31ਉਸ ਨੇ ਕਿਹਾ, “ਮੇਰੇ ਅੱਗੇ ਸਹੁੰ ਖਾਓ।” ਤਦ ਯੋਸੇਫ਼ ਨੇ ਉਸ ਨਾਲ ਸਹੁੰ ਖਾਧੀ, ਅਤੇ ਇਸਰਾਏਲ ਨੇ ਆਪਣੇ ਮੰਜੇ ਦੇ ਸਿਰਹਾਣੇ ਉੱਤੇ ਸਿਰ ਝੁਕਾ ਕੇ ਮੱਥਾ ਟੇਕਿਆ।

Currently Selected:

ਉਤਪਤ 47: OPCV

Highlight

Share

Copy

None

Want to have your highlights saved across all your devices? Sign up or sign in