YouVersion Logo
Search Icon

ਉਤਪਤ 42

42
ਯੋਸੇਫ਼ ਦੇ ਭਰਾ ਮਿਸਰ ਨੂੰ ਚਲੇ ਗਏ
1ਜਦੋਂ ਯਾਕੋਬ ਨੂੰ ਪਤਾ ਲੱਗਾ ਕਿ ਮਿਸਰ ਵਿੱਚ ਅਨਾਜ ਹੈ ਤਾਂ ਉਸ ਨੇ ਆਪਣੇ ਪੁੱਤਰਾਂ ਨੂੰ ਆਖਿਆ, ਤੁਸੀਂ ਇੱਕ-ਦੂਜੇ ਦੇ ਵੱਲ ਕਿਉਂ ਦੇਖਦੇ ਹੋ? 2ਉਸਨੇ ਅੱਗੇ ਕਿਹਾ, “ਮੈਂ ਸੁਣਿਆ ਹੈ ਕਿ ਮਿਸਰ ਵਿੱਚ ਅਨਾਜ ਹੈ। ਉੱਥੇ ਜਾ ਕੇ ਸਾਡੇ ਲਈ ਕੁਝ ਖਰੀਦ ਲੈ ਆਓ, ਤਾਂ ਜੋ ਅਸੀਂ ਜਿਉਂਦੇ ਰਹੀਏ ਅਤੇ ਮਰੀਏ ਨਾਂ।”
3ਤਦ ਯੋਸੇਫ਼ ਦੇ ਦਸ ਭਰਾ ਮਿਸਰ ਤੋਂ ਅਨਾਜ ਖਰੀਦਣ ਲਈ ਗਏ। 4ਪਰ ਯਾਕੋਬ ਨੇ ਯੋਸੇਫ਼ ਦੇ ਭਰਾ ਬਿਨਯਾਮੀਨ ਨੂੰ ਹੋਰਨਾਂ ਦੇ ਨਾਲ ਨਾ ਭੇਜਿਆ ਕਿਉਂ ਜੋ ਉਹ ਡਰਦਾ ਸੀ ਕਿ ਕਿਤੇ ਉਸ ਉੱਤੇ ਕੋਈ ਬਿਪਤਾ ਨਾ ਆ ਪਵੇ। 5ਇਸ ਲਈ ਇਸਰਾਏਲ ਦੇ ਪੁੱਤਰ ਵੀ ਉਹਨਾਂ ਵਿੱਚੋਂ ਸਨ ਜਿਹੜੇ ਅਨਾਜ ਲੈਣ ਗਏ ਸਨ, ਕਿਉਂ ਜੋ ਕਨਾਨ ਦੇਸ਼ ਵਿੱਚ ਵੀ ਕਾਲ ਪੈ ਗਿਆ ਸੀ।
6ਹੁਣ ਯੋਸੇਫ਼ ਉਸ ਧਰਤੀ ਦਾ ਹਾਕਮ ਸੀ, ਜਿਹੜਾ ਉਸ ਦੇ ਸਾਰੇ ਲੋਕਾਂ ਨੂੰ ਅਨਾਜ਼ ਵੇਚਦਾ ਸੀ। ਇਸ ਲਈ ਜਦੋਂ ਯੋਸੇਫ਼ ਦੇ ਭਰਾ ਆਏ, ਤਾਂ ਉਹਨਾਂ ਨੇ ਧਰਤੀ ਉੱਤੇ ਮੂੰਹ ਭਾਰ ਡਿੱਗ ਕੇ ਉਸ ਨੂੰ ਮੱਥਾ ਟੇਕਿਆ। 7ਜਿਵੇਂ ਹੀ ਯੋਸੇਫ਼ ਨੇ ਆਪਣੇ ਭਰਾਵਾਂ ਨੂੰ ਵੇਖਿਆ ਤਾਂ ਉਹਨਾਂ ਨੂੰ ਪਛਾਣ ਲਿਆ ਪਰ ਪਰਾਏ ਹੋਣ ਦਾ ਦਿਖਾਵਾ ਕੀਤਾ ਅਤੇ ਉਹਨਾਂ ਨਾਲ ਸਖ਼ਤੀ ਨਾਲ ਗੱਲ ਕੀਤੀ। ਉਸ ਨੇ ਪੁੱਛਿਆ, “ਤੁਸੀਂ ਕਿੱਥੋਂ ਆਏ ਹੋ?”
ਫਿਰ ਉਹਨਾਂ ਨੇ ਜਵਾਬ ਦਿੱਤਾ, “ਕਨਾਨ ਦੀ ਧਰਤੀ ਤੋਂ ਭੋਜਨ ਖਰੀਦਣ ਲਈ ਆਏ ਹਾਂ।”
8ਭਾਵੇਂ ਯੋਸੇਫ਼ ਨੇ ਆਪਣੇ ਭਰਾਵਾਂ ਨੂੰ ਪਛਾਣਿਆ ਪਰ ਉਹਨਾਂ ਨੇ ਉਸ ਨੂੰ ਨਾ ਪਛਾਣਿਆ। 9ਤਦ ਯੋਸੇਫ਼ ਨੇ ਉਹਨਾਂ ਬਾਰੇ ਆਪਣੇ ਸੁਪਨੇ ਚੇਤੇ ਕੀਤੇ ਅਤੇ ਉਹਨਾਂ ਨੂੰ ਆਖਿਆ, ਤੁਸੀਂ ਜਾਸੂਸ ਹੋ ਅਤੇ ਦੇਸ਼ ਦੀ ਦੁਰਦਸ਼ਾ ਵੇਖਣ ਆਏ ਹੋ।
10ਉਹਨਾਂ ਨੇ ਉੱਤਰ ਦਿੱਤਾ, “ਨਹੀਂ, ਮੇਰੇ ਮਾਲਕ! ਤੁਹਾਡੇ ਸੇਵਕ ਭੋਜਨ ਖਰੀਦਣ ਆਏ ਹਨ। 11ਅਸੀਂ ਸਾਰੇ ਇੱਕੋ ਮਨੁੱਖ ਦੇ ਪੁੱਤਰ ਹਾਂ। ਤੇਰੇ ਸੇਵਕ ਇਮਾਨਦਾਰ ਹਨ, ਜਾਸੂਸ ਨਹੀਂ ਹਾਂ।”
12ਉਸ ਨੇ ਉਹਨਾਂ ਨੂੰ ਕਿਹਾ, “ਨਹੀਂ! ਤੁਸੀਂ ਇਹ ਦੇਖਣ ਆਏ ਹੋ ਕਿ ਸਾਡੀ ਧਰਤੀ ਕਿੰਨੀ ਕਮਜ਼ੋਰ ਹੋ ਗਈ ਹੈ।”
13ਪਰ ਉਹਨਾਂ ਨੇ ਉੱਤਰ ਦਿੱਤਾ, “ਤੇਰੇ ਸੇਵਕ ਬਾਰਾਂ ਭਰਾ ਹਨ ਅਤੇ ਇੱਕੋ ਹੀ ਮਨੁੱਖ ਦੇ ਪੁੱਤਰ ਹਾਂ, ਜੋ ਕਨਾਨ ਦੇਸ਼ ਵਿੱਚ ਰਹਿੰਦਾ ਸੀ। ਸਭ ਤੋਂ ਛੋਟਾ ਹੁਣ ਸਾਡੇ ਪਿਤਾ ਕੋਲ ਹੈ, ਅਤੇ ਇੱਕ ਨਹੀਂ ਰਿਹਾ।”
14ਯੋਸੇਫ਼ ਨੇ ਉਹਨਾਂ ਨੂੰ ਆਖਿਆ, “ਜਿਵੇਂ ਮੈਂ ਤੁਹਾਨੂੰ ਕਿਹਾ ਸੀ, ਤੁਸੀਂ ਜਾਸੂਸ ਹੋ! 15ਅਤੇ ਇਸ ਤਰ੍ਹਾਂ ਤੁਹਾਡੀ ਪਰਖ ਕੀਤੀ ਜਾਵੇਗੀ, ਫ਼ਿਰਾਊਨ ਦੇ ਜੀਵਨ ਦੀ ਸਹੁੰ ਤੁਸੀਂ ਇਸ ਥਾਂ ਨੂੰ ਛੱਡ ਕੇ ਨਹੀਂ ਜਾਵੋਂਗੇ ਜਦੋਂ ਤੱਕ ਤੁਹਾਡਾ ਸਭ ਤੋਂ ਛੋਟਾ ਭਰਾ ਇੱਥੇ ਨਹੀਂ ਆਉਂਦਾ। 16ਤੁਸੀਂ ਆਪਣੇ ਵਿੱਚੋਂ ਇੱਕ ਨੂੰ ਭੇਜੋ ਕਿ ਉਹ ਤੁਹਾਡੇ ਭਰਾ ਨੂੰ ਲੈ ਆਵੇ ਤੁਹਾਨੂੰ ਬਾਕੀਆਂ ਨੂੰ ਜੇਲ੍ਹ ਵਿੱਚ ਰੱਖਿਆ ਜਾਵੇਗਾ, ਤਾਂ ਜੋ ਤੁਹਾਡੇ ਸ਼ਬਦਾਂ ਦੀ ਜਾਂਚ ਕੀਤੀ ਜਾ ਸਕੇ ਕਿ ਤੁਸੀਂ ਸੱਚ ਬੋਲ ਰਹੇ ਹੋ ਜਾਂ ਨਹੀਂ। ਜੇਕਰ ਨਹੀਂ, ਤਾਂ ਫ਼ਿਰਾਊਨ ਦੀ ਜ਼ਿੰਦਗੀ ਦੀ ਸਹੁੰ, ਤੁਸੀਂ ਜ਼ਰੂਰ ਜਾਸੂਸ ਹੋ!” 17ਅਤੇ ਉਸ ਨੇ ਉਹਨਾਂ ਸਾਰਿਆਂ ਨੂੰ ਤਿੰਨ ਦਿਨਾਂ ਲਈ ਹਿਰਾਸਤ ਵਿੱਚ ਰੱਖਿਆ।
18ਤੀਜੇ ਦਿਨ ਯੋਸੇਫ਼ ਨੇ ਉਹਨਾਂ ਨੂੰ ਆਖਿਆ, ਅਜਿਹਾ ਕਰੋ ਤਾਂ ਤੁਸੀਂ ਜੀਉਂਦੇ ਰਹੋਗੇ ਕਿਉਂ ਜੋ ਮੈਂ ਪਰਮੇਸ਼ਵਰ ਤੋਂ ਡਰਦਾ ਹਾਂ। 19ਜੇਕਰ ਤੁਸੀਂ ਇਮਾਨਦਾਰ ਹੋ ਤਾਂ ਤੁਹਾਡੇ ਭਰਾਵਾਂ ਵਿੱਚੋਂ ਇੱਕ ਨੂੰ ਇੱਥੇ ਕੈਦ ਵਿੱਚ ਰਹਿਣ ਦਿਓ ਅਤੇ ਬਾਕੀ ਸਾਰੇ ਤੁਸੀਂ ਜਾ ਕੇ ਆਪਣੇ ਭੁੱਖੇ ਪਰਿਵਾਰਾਂ ਲਈ ਅਨਾਜ ਵਾਪਸ ਲੈ ਜਾਓ। 20ਪਰ ਤੁਹਾਨੂੰ ਆਪਣੇ ਸਭ ਤੋਂ ਛੋਟੇ ਭਰਾ ਨੂੰ ਮੇਰੇ ਕੋਲ ਲਿਆਉਣਾ ਪਵੇਗਾ, ਤਾਂ ਜੋ ਤੁਹਾਡੀਆਂ ਗੱਲਾਂ ਦੀ ਪੁਸ਼ਟੀ ਹੋਵੇ ਅਤੇ ਤੁਸੀਂ ਨਾ ਮਰੋ। ਉਹਨਾਂ ਨੇ ਇਸੇ ਤਰ੍ਹਾਂ ਹੀ ਕੀਤਾ।
21ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਸਾਨੂੰ ਆਪਣੇ ਭਰਾ ਦੇ ਕਾਰਨ ਸਜ਼ਾ ਦਿੱਤੀ ਜਾ ਰਹੀ ਹੈ। ਅਸੀਂ ਦੇਖਿਆ ਸੀ ਕਿ ਉਹ ਕਿੰਨਾ ਦੁਖੀ ਸੀ ਜਦੋਂ ਉਸਨੇ ਆਪਣੀ ਜਾਨ ਲਈ ਸਾਡੇ ਕੋਲ ਬੇਨਤੀ ਕੀਤੀ, ਪਰ ਅਸੀਂ ਨਹੀਂ ਸੁਣੀ ਇਸ ਲਈ ਇਹ ਬਿਪਤਾ ਸਾਡੇ ਉੱਤੇ ਆਈ ਹੈ।”
22ਰਊਬੇਨ ਨੇ ਉੱਤਰ ਦਿੱਤਾ, “ਕੀ ਮੈਂ ਤੁਹਾਨੂੰ ਨਹੀਂ ਕਿਹਾ ਸੀ ਕਿ ਉਸ ਲੜਕੇ ਦੇ ਵਿਰੁੱਧ ਪਾਪ ਨਾ ਕਰੋ? ਪਰ ਤੁਸੀਂ ਮੇਰੀ ਨਹੀਂ ਸੁਣੀ! ਹੁਣ ਸਾਨੂੰ ਉਸਦੇ ਖੂਨ ਦਾ ਹਿਸਾਬ ਦੇਣਾ ਪਵੇਗਾ।” 23ਉਹ ਨਹੀਂ ਜਾਣਦੇ ਸਨ ਕਿ ਯੋਸੇਫ਼ ਉਹਨਾਂ ਦੀ ਭਾਸ਼ਾ ਸਮਝਦਾ ਹੈ ਕਿਉਂਕਿ ਉਹਨਾਂ ਦੇ ਵਿਚਕਾਰ ਇੱਕ ਤਰਜੁਮਾ ਕਰਨ ਵਾਲਾ ਸੀ।
24ਉਹ ਉਹਨਾਂ ਤੋਂ ਇੱਕ ਪਾਸੇ ਹੋ ਕੇ ਰੋਇਆ ਪਰ ਫੇਰ ਮੁੜ ਕੇ ਉਹਨਾਂ ਨਾਲ ਗੱਲ ਕੀਤੀ। ਉਸ ਨੇ ਸ਼ਿਮਓਨ ਨੂੰ ਉਹਨਾਂ ਵਿੱਚੋਂ ਲੈ ਲਿਆ ਅਤੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਬੰਨ੍ਹ ਦਿੱਤਾ।
25ਯੋਸੇਫ਼ ਨੇ ਹੁਕਮ ਦਿੱਤਾ ਕਿ ਉਹ ਉਹਨਾਂ ਦੇ ਥੈਲੇ ਅਨਾਜ ਨਾਲ ਭਰ ਦੇਣ, ਹਰੇਕ ਮਨੁੱਖ ਦੀ ਚਾਂਦੀ ਉਸ ਦੇ ਬੋਰੇ ਵਿੱਚ ਵਾਪਸ ਰੱਖਣ ਅਤੇ ਉਹਨਾਂ ਨੂੰ ਉਹਨਾਂ ਦੇ ਸਫ਼ਰ ਲਈ ਸਮਾਨ ਦੇਣ। 26ਇਸ ਤੋਂ ਬਾਅਦ ਉਹ ਆਪਣੇ ਖੋਤਿਆਂ ਉੱਤੇ ਅਨਾਜ ਲੱਦ ਕੇ ਚਲੇ ਗਏ।
27ਜਿੱਥੇ ਉਹ ਰਾਤ ਲਈ ਰੁਕੇ ਸਨ, ਉਹਨਾਂ ਵਿੱਚੋਂ ਇੱਕ ਨੇ ਆਪਣੇ ਗਧੇ ਨੂੰ ਚਾਰਾ ਲੈਣ ਲਈ ਆਪਣੀ ਬੋਰੀ ਖੋਲ੍ਹੀ ਅਤੇ ਉਸ ਨੇ ਆਪਣੀ ਬੋਰੀ ਦੇ ਮੂੰਹ ਵਿੱਚ ਆਪਣੀ ਚਾਂਦੀ ਦੇਖੀ। 28ਉਸ ਨੇ ਆਪਣੇ ਭਰਾਵਾਂ ਨੂੰ ਕਿਹਾ, “ਮੇਰੀ ਚਾਂਦੀ ਵਾਪਸ ਕਰ ਦਿੱਤੀ ਗਈ ਹੈ। ਇਹ ਮੇਰੀ ਬੋਰੀ ਵਿੱਚ ਹੈ।”
ਉਹਨਾਂ ਦੇ ਦਿਲ ਡੁੱਬ ਗਏ ਅਤੇ ਉਹ ਕੰਬਦੇ ਹੋਏ ਇੱਕ-ਦੂਜੇ ਵੱਲ ਮੁੜੇ ਅਤੇ ਕਹਿਣ ਲੱਗੇ, “ਇਹ ਕੀ ਹੈ ਜੋ ਪਰਮੇਸ਼ਵਰ ਨੇ ਸਾਡੇ ਨਾਲ ਕੀਤਾ ਹੈ?”
29ਜਦੋਂ ਉਹ ਕਨਾਨ ਦੇਸ਼ ਵਿੱਚ ਆਪਣੇ ਪਿਤਾ ਯਾਕੋਬ ਦੇ ਕੋਲ ਆਏ, ਤਾਂ ਜੋ ਕੁਝ ਉਹਨਾਂ ਨਾਲ ਵਾਪਰਿਆ ਸੀ, ਉਹ ਉਸ ਨੂੰ ਦੱਸਿਆ। ਉਹਨਾਂ ਨੇ ਆਖਿਆ, 30“ਉਹ ਮਨੁੱਖ ਜਿਹੜਾ ਧਰਤੀ ਦਾ ਮਾਲਕ ਹੈ ਸਾਡੇ ਨਾਲ ਸਖ਼ਤੀ ਨਾਲ ਬੋਲਿਆ ਅਤੇ ਸਾਡੇ ਨਾਲ ਅਜਿਹਾ ਵਿਹਾਰ ਕੀਤਾ ਜਿਵੇਂ ਅਸੀਂ ਧਰਤੀ ਦੀ ਜਾਸੂਸੀ ਕਰ ਰਹੇ ਹਾਂ। 31ਪਰ ਅਸੀਂ ਉਹ ਨੂੰ ਆਖਿਆ, ‘ਅਸੀਂ ਨੇਕ ਆਦਮੀ ਹਾਂ; ਅਸੀਂ ਜਾਸੂਸ ਨਹੀਂ ਹਾਂ। 32ਅਸੀਂ ਬਾਰਾਂ ਭਰਾ ਇੱਕ ਪਿਤਾ ਦੇ ਪੁੱਤਰ ਹਾਂ। ਇੱਕ ਨਹੀਂ ਰਿਹਾ ਅਤੇ ਸਭ ਤੋਂ ਛੋਟਾ ਹੁਣ ਸਾਡੇ ਪਿਤਾ ਕੋਲ ਕਨਾਨ ਵਿੱਚ ਹੈ।’
33“ਤਦ ਉਸ ਮਨੁੱਖ ਨੇ ਜਿਹੜਾ ਧਰਤੀ ਦਾ ਮਾਲਕ ਹੈ ਸਾਨੂੰ ਕਿਹਾ, ‘ਮੈਂ ਇਸ ਤਰ੍ਹਾਂ ਜਾਣ ਲਵਾਂਗਾ ਕਿ ਤੁਸੀਂ ਇਮਾਨਦਾਰ ਹੋ ਕਿ ਨਹੀਂ, ਆਪਣੇ ਭਰਾਵਾਂ ਵਿੱਚੋਂ ਇੱਕ ਨੂੰ ਇੱਥੇ ਮੇਰੇ ਕੋਲ ਛੱਡ ਦਿਓ ਅਤੇ ਆਪਣੇ ਭੁੱਖੇ ਘਰਾਂ ਲਈ ਭੋਜਨ ਲੈ ਕੇ ਜਾਓ। 34ਪਰ ਤੁਸੀਂ ਆਪਣੇ ਸਭ ਤੋਂ ਛੋਟੇ ਭਰਾ ਨੂੰ ਮੇਰੇ ਕੋਲ ਲਿਆਓ ਤਾਂ ਜੋ ਮੈਂ ਜਾਣ ਜਾਵਾਂ ਕਿ ਤੁਸੀਂ ਜਾਸੂਸ ਨਹੀਂ ਸਗੋਂ ਇਮਾਨਦਾਰ ਹੋ। ਫਿਰ ਮੈਂ ਤੁਹਾਡੇ ਭਰਾ ਨੂੰ ਤੁਹਾਨੂੰ ਵਾਪਸ ਕਰ ਦਿਆਂਗਾ ਅਤੇ ਤੂੰ ਦੇਸ਼ ਵਿੱਚ ਵਪਾਰ ਕਰ ਸਕਦਾ ਹੈ।’ ”
35ਜਦੋਂ ਉਹ ਆਪਣੀਆਂ ਬੋਰੀਆਂ ਖਾਲੀ ਕਰ ਰਹੇ ਸਨ ਤਾਂ ਹਰ ਇੱਕ ਆਦਮੀ ਦੀ ਬੋਰੀ ਵਿੱਚ ਚਾਂਦੀ ਦੀ ਥੈਲੀ ਸੀ। ਜਦੋਂ ਉਹਨਾਂ ਅਤੇ ਉਹਨਾਂ ਦੇ ਪਿਤਾ ਨੇ ਪੈਸਿਆਂ ਦੇ ਥੈਲੇ ਦੇਖੇ ਤਾਂ ਉਹ ਡਰ ਗਏ। 36ਉਹਨਾਂ ਦੇ ਪਿਤਾ ਯਾਕੋਬ ਨੇ ਉਹਨਾਂ ਨੂੰ ਆਖਿਆ, “ਤੁਸੀਂ ਮੈਨੂੰ ਮੇਰੇ ਬੱਚਿਆਂ ਤੋਂ ਵਾਂਝਾ ਕੀਤਾ ਹੈ। ਯੋਸੇਫ਼ ਨਹੀਂ ਰਿਹਾ ਅਤੇ ਸ਼ਿਮਓਨ ਨਹੀਂ ਰਿਹਾ ਅਤੇ ਹੁਣ ਤੁਸੀਂ ਬਿਨਯਾਮੀਨ ਨੂੰ ਲੈਣਾ ਚਾਹੁੰਦੇ ਹੋ ਇਹ ਸਭ ਕੁਝ ਮੇਰੇ ਹੀ ਵਿਰੁੱਧ ਹੋ ਰਿਹਾ ਹੈ!”
37ਤਦ ਰਊਬੇਨ ਨੇ ਆਪਣੇ ਪਿਤਾ ਨੂੰ ਆਖਿਆ, “ਜੇਕਰ ਮੈਂ ਉਸ ਨੂੰ ਤੁਹਾਡੇ ਕੋਲ ਵਾਪਸ ਨਾ ਲਿਆਵਾਂ ਤਾਂ ਤੁਸੀਂ ਮੇਰੇ ਦੋਹਾਂ ਪੁੱਤਰਾਂ ਨੂੰ ਮਾਰ ਦੇਣਾ। ਤੂੰ ਉਸਨੂੰ ਮੇਰੇ ਨਾਲ ਭੇਜ ਦੇ ਅਤੇ ਮੈਂ ਉਸਨੂੰ ਵਾਪਸ ਲਿਆਵਾਂਗਾ।”
38ਪਰ ਯਾਕੋਬ ਨੇ ਆਖਿਆ, “ਮੇਰਾ ਪੁੱਤਰ ਤੇਰੇ ਨਾਲ ਉੱਥੇ ਨਹੀਂ ਜਾਵੇਗਾ। ਉਸਦਾ ਭਰਾ ਮਰ ਗਿਆ ਹੈ ਅਤੇ ਉਹ ਇਕੱਲਾ ਬਚਿਆ ਹੈ। ਜੇ ਰਾਸਤੇ ਵਿੱਚ ਕੋਈ ਬਿਪਤਾ ਆ ਪਵੇ, ਤਾਂ ਤੁਸੀਂ ਮੈਨੂੰ ਇਸ ਬੁਢਾਪੇ ਵਿੱਚ ਦੁੱਖ ਨਾਲ ਪਤਾਲ ਵਿੱਚ ਉਤਾਰੋਗੇ।”

Currently Selected:

ਉਤਪਤ 42: OPCV

Highlight

Share

Copy

None

Want to have your highlights saved across all your devices? Sign up or sign in