YouVersion Logo
Search Icon

ਉਤਪਤ 37

37
ਯੋਸੇਫ਼ ਦੇ ਸੁਪਨੇ
1ਯਾਕੋਬ ਉਸ ਦੇਸ਼ ਵਿੱਚ ਰਹਿੰਦਾ ਸੀ ਜਿੱਥੇ ਉਸਦਾ ਪਿਤਾ ਠਹਿਰਿਆ ਸੀ ਅਰਥਾਤ ਕਨਾਨ ਦੀ ਧਰਤੀ।
2ਇਹ ਯਾਕੋਬ ਦੀ ਵੰਸ਼ਾਵਲੀ ਹੈ।
ਯੋਸੇਫ਼ ਸਤਾਰ੍ਹਾਂ ਸਾਲਾਂ ਦਾ ਸੀ, ਉਹ ਆਪਣੇ ਭਰਾਵਾਂ ਨਾਲ ਇੱਜੜ ਚਾਰਦਾ ਸੀ ਅਤੇ ਉਹ ਜਵਾਨ ਆਪਣੇ ਪਿਤਾ ਦੀਆਂ ਪਤਨੀਆਂ ਬਿਲਹਾਹ ਅਤੇ ਜ਼ਿਲਫ਼ਾਹ ਦੇ ਪੁੱਤਰਾਂ ਨਾਲ ਰਹਿੰਦਾ ਸੀ ਅਤੇ ਯੋਸੇਫ਼ ਉਹਨਾਂ ਦੀਆਂ ਬੁਰੀਆਂ ਗੱਲਾਂ ਆਪਣੇ ਪਿਤਾ ਨੂੰ ਆ ਕੇ ਦੱਸਦਾ ਸੀ।
3ਹੁਣ ਇਸਰਾਏਲ ਯੋਸੇਫ਼ ਨੂੰ ਆਪਣੇ ਸਾਰੇ ਪੁੱਤਰਾਂ ਨਾਲੋਂ ਵੱਧ ਪਿਆਰ ਕਰਦਾ ਸੀ ਕਿਉਂ ਜੋ ਉਹ ਉਸ ਲਈ ਬੁਢਾਪੇ ਵਿੱਚ ਜੰਮਿਆ ਸੀ ਅਤੇ ਉਸਨੇ ਉਸਦੇ ਲਈ ਇੱਕ ਸਜਾਵਟੀ ਚੋਗਾ ਬਣਾਇਆ। 4ਜਦੋਂ ਉਹ ਦੇ ਭਰਾਵਾਂ ਨੇ ਵੇਖਿਆ ਕਿ ਉਹਨਾਂ ਦਾ ਪਿਤਾ ਉਸ ਨੂੰ ਉਹਨਾਂ ਸਾਰਿਆਂ ਨਾਲੋਂ ਵੱਧ ਪਿਆਰ ਕਰਦਾ ਹੈ, ਤਾਂ ਉਹ ਉਸ ਨਾਲ ਵੈਰ ਕਰਨ ਲੱਗ ਪਏ ਅਤੇ ਉਹ ਉਸ ਨਾਲ ਸ਼ਾਂਤੀ ਨਾਲ ਗੱਲ ਨਹੀਂ ਕਰਦੇ ਸਨ।
5ਯੋਸੇਫ਼ ਨੇ ਇੱਕ ਸੁਪਨਾ ਵੇਖਿਆ ਅਤੇ ਜਦੋਂ ਉਸ ਨੇ ਆਪਣੇ ਭਰਾਵਾਂ ਨੂੰ ਦੱਸਿਆ ਤਾਂ ਉਹ ਉਸ ਤੋਂ ਹੋਰ ਵੀ ਨਫ਼ਰਤ ਕਰਨ ਲੱਗੇ। 6ਉਸ ਨੇ ਉਹਨਾਂ ਨੂੰ ਆਖਿਆ, “ਇਹ ਸੁਪਨਾ ਸੁਣੋ ਜੋ ਮੈਂ ਵੇਖਿਆ ਸੀ। 7ਅਸੀਂ ਖੇਤ ਵਿੱਚ ਪੂਲੇ ਬੰਨ੍ਹ ਰਹੇ ਸੀ ਕਿ ਅਚਾਨਕ ਮੇਰੀ ਪੂਲੀ ਉੱਠੀ ਅਤੇ ਸਿੱਧੀ ਖੜ੍ਹੀ ਹੋ ਗਈ ਅਤੇ ਤੁਹਾਡੀਆਂ ਪੂਲੀਆਂ ਮੇਰੇ ਦੁਆਲੇ ਇਕੱਠੀਆਂ ਹੋ ਗਈਆਂ ਅਤੇ ਮੇਰੀ ਪੂਲੀ ਅੱਗੇ ਝੁਕ ਗਈਆਂ।”
8ਉਹ ਦੇ ਭਰਾਵਾਂ ਨੇ ਉਹ ਨੂੰ ਆਖਿਆ, “ਕੀ ਤੂੰ ਸਾਡੇ ਉੱਤੇ ਰਾਜ ਕਰਨਾ ਚਾਹੁੰਦਾ ਹੈ? ਕੀ ਤੂੰ ਸੱਚਮੁੱਚ ਸਾਡੇ ਉੱਤੇ ਰਾਜ ਕਰੇਗਾ?” ਤਦ ਉਹ ਉਸਦੇ ਸੁਪਨੇ ਅਤੇ ਜੋ ਉਸਨੇ ਕਿਹਾ ਸੀ ਉਸਦੇ ਕਾਰਨ ਉਸਨੂੰ ਹੋਰ ਵੀ ਨਫ਼ਰਤ ਕਰਦੇ ਸਨ।
9ਫਿਰ ਉਸ ਨੂੰ ਇੱਕ ਹੋਰ ਸੁਪਨਾ ਆਇਆ ਅਤੇ ਉਸ ਨੇ ਆਪਣੇ ਭਰਾਵਾਂ ਨੂੰ ਦੱਸਿਆ, “ਮੈਂ ਇੱਕ ਹੋਰ ਸੁਪਨਾ ਵੇਖਿਆ ਜਿਸ ਵਿੱਚ ਇਸ ਵਾਰ ਸੂਰਜ ਅਤੇ ਚੰਦ ਅਤੇ ਗਿਆਰਾਂ ਤਾਰੇ ਮੇਰੇ ਅੱਗੇ ਝੁਕ ਰਹੇ ਸਨ।”
10ਜਦੋਂ ਉਸ ਨੇ ਆਪਣੇ ਪਿਤਾ ਅਤੇ ਭਰਾਵਾਂ ਨੂੰ ਦੱਸਿਆ ਤਾਂ ਉਸ ਦੇ ਪਿਤਾ ਨੇ ਉਸ ਨੂੰ ਝਿੜਕ ਕੇ ਕਿਹਾ, “ਇਹ ਕੀ ਸੁਪਨਾ ਹੈ ਜੋ ਤੈਨੂੰ ਆਇਆ ਹੈ? ਕੀ ਤੇਰੀ ਮਾਂ, ਮੈਂ ਅਤੇ ਤੇਰੇ ਭਰਾ ਸੱਚ-ਮੁੱਚ ਆ ਕੇ ਤੇਰੇ ਅੱਗੇ ਜ਼ਮੀਨ ਉੱਤੇ ਮੱਥਾ ਟੇਕਾਂਗੇ?” 11ਉਹ ਦੇ ਭਰਾ ਉਸ ਨਾਲ ਈਰਖਾ ਕਰਦੇ ਸਨ ਪਰ ਉਹ ਦੇ ਪਿਤਾ ਨੇ ਗੱਲ ਨੂੰ ਚੇਤੇ ਰੱਖਿਆ।
ਯੋਸੇਫ਼ ਨੂੰ ਉਸਦੇ ਭਰਾਵਾਂ ਨੇ ਵੇਚਿਆ
12ਹੁਣ ਉਹ ਦੇ ਭਰਾ ਸ਼ੇਕੇਮ ਦੇ ਨੇੜੇ ਆਪਣੇ ਪਿਉ ਦੇ ਇੱਜੜ ਚਰਾਉਣ ਗਏ ਸਨ, 13ਅਤੇ ਇਸਰਾਏਲ ਨੇ ਯੋਸੇਫ਼ ਨੂੰ ਆਖਿਆ, “ਜਿਵੇਂ ਤੂੰ ਜਾਣਦਾ ਹੈ ਕਿ ਤੇਰੇ ਭਰਾ ਸ਼ੇਕੇਮ ਦੇ ਨੇੜੇ ਇੱਜੜ ਚਰ ਰਹੇ ਹਨ। ਜਾ, ਮੈਂ ਤੈਨੂੰ ਉਹਨਾਂ ਕੋਲ ਭੇਜ ਰਿਹਾ ਹਾਂ।”
ਉਸਨੇ ਜਵਾਬ ਦਿੱਤਾ, “ਮੈਂ ਚਲੇ ਜਾਂਦਾ ਹਾਂ।”
14ਤਾਂ ਉਸ ਨੇ ਉਹ ਨੂੰ ਆਖਿਆ, ਜਾ ਕੇ ਵੇਖ ਜੋ ਤੇਰੇ ਭਰਾਵਾਂ ਅਤੇ ਇੱਜੜਾਂ ਦਾ ਸਭ ਕੁਝ ਠੀਕ ਹੈ ਜਾਂ ਨਹੀਂ ਅਤੇ ਮੈਨੂੰ ਸੁਣਾ। ਫ਼ੇਰ ਉਸਨੇ ਉਸਨੂੰ ਹੇਬਰੋਨ ਦੀ ਵਾਦੀ ਤੋਂ ਵਿਦਾ ਕੀਤਾ।
ਜਦੋਂ ਯੋਸੇਫ਼ ਸ਼ਕਮ ਵਿੱਚ ਪਹੁੰਚਿਆ, 15ਇੱਕ ਮਨੁੱਖ ਨੇ ਉਸ ਨੂੰ ਖੇਤਾਂ ਵਿੱਚ ਘੁੰਮਦਾ ਵੇਖਿਆ ਅਤੇ ਉਸ ਨੂੰ ਪੁੱਛਿਆ, “ਤੂੰ ਕੀ ਭਾਲਦਾ ਹੈ?”
16ਉਸ ਨੇ ਉੱਤਰ ਦਿੱਤਾ, “ਮੈਂ ਆਪਣੇ ਭਰਾਵਾਂ ਨੂੰ ਲੱਭ ਰਿਹਾ ਹਾਂ। ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਉਹ ਆਪਣੇ ਇੱਜੜ ਕਿੱਥੇ ਚਰਾ ਰਹੇ ਹਨ?”
17ਉਸ ਆਦਮੀ ਨੇ ਉੱਤਰ ਦਿੱਤਾ, “ਉਹ ਇੱਥੋਂ ਚਲੇ ਗਏ ਹਨ ਕਿਉਂ ਜੋ ਮੈਂ ਉਹਨਾਂ ਨੂੰ ਇਹ ਕਹਿੰਦੇ ਸੁਣਿਆ, ‘ਆਓ ਦੋਥਾਨ ਨੂੰ ਚੱਲੀਏ।’ ”
ਇਸ ਲਈ ਯੋਸੇਫ਼ ਆਪਣੇ ਭਰਾਵਾਂ ਨੂੰ ਲੱਭਦੇ ਹੋਏ ਦੋਥਾਨ ਵਿੱਚ ਗਿਆ। 18ਪਰ ਉਹਨਾਂ ਨੇ ਉਹ ਨੂੰ ਦੂਰੋਂ ਵੇਖਿਆ ਅਤੇ ਉਹ ਦੇ ਪਹੁੰਚਣ ਤੋਂ ਪਹਿਲਾਂ ਉਹ ਨੂੰ ਮਾਰਨ ਦੀ ਵਿਉਂਤ ਬਣਾਈ।
19ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਉਹ ਸੁਪਨਾ ਵੇਖਣ ਵਾਲਾ ਆ ਰਿਹਾ!” 20“ਆਓ, ਹੁਣ ਅਸੀਂ ਉਸ ਨੂੰ ਮਾਰ ਦੇਈਏ ਅਤੇ ਕਿਸੇ ਟੋਏ ਵਿੱਚ ਸੁੱਟ ਦੇਈਏ ਅਤੇ ਕਹੀਏ ਕਿ ਇੱਕ ਭਿਆਨਕ ਜਾਨਵਰ ਉਸ ਨੂੰ ਖਾ ਗਿਆ ਹੈ। ਫਿਰ ਅਸੀਂ ਦੇਖਾਂਗੇ ਕਿ ਉਸਦੇ ਸੁਪਨਿਆਂ ਦਾ ਕੀ ਹੁੰਦਾ ਹੈ।”
21ਜਦੋਂ ਰਊਬੇਨ ਨੇ ਇਹ ਸੁਣਿਆ ਤਾਂ ਉਸ ਨੇ ਉਸ ਨੂੰ ਉਹਨਾਂ ਦੇ ਹੱਥੋਂ ਛੁਡਾਉਣ ਦੀ ਕੋਸ਼ਿਸ਼ ਕੀਤੀ। ਉਸਨੇ ਕਿਹਾ, “ਅਸੀਂ ਇਸ ਨੂੰ ਜਾਨੋਂ ਨਾ ਮਾਰੀਏ।” 22“ਕੋਈ ਵੀ ਖੂਨ ਨਾ ਵਹਾਓ। ਉਸ ਨੂੰ ਇੱਥੇ ਉਜਾੜ ਵਿੱਚ ਇਸ ਟੋਏ ਵਿੱਚ ਸੁੱਟ ਦਿਓ, ਪਰ ਉਸ ਨੂੰ ਹੱਥ ਨਾ ਲਾਓ।” ਰਊਬੇਨ ਨੇ ਇਹ ਇਸ ਲਈ ਕਿਹਾ ਤਾਂ ਜੋ ਉਸਨੂੰ ਉਹਨਾਂ ਤੋਂ ਛੁਡਾ ਕੇ ਉਸਦੇ ਪਿਤਾ ਕੋਲ ਵਾਪਸ ਪਹੁੰਚਾ ਦੇਵੇ।
23ਸੋ ਜਦੋਂ ਯੋਸੇਫ਼ ਆਪਣੇ ਭਰਾਵਾਂ ਕੋਲ ਆਇਆ ਤਾਂ ਉਹਨਾਂ ਨੇ ਉਸ ਦਾ ਚੋਗਾ ਲਾਹ ਦਿੱਤਾ ਅਰਥਾਤ ਉਹ ਸਜਾਵਟ ਵਾਲਾ ਚੋਗਾ ਜਿਹੜਾ ਉਸ ਨੇ ਪਾਇਆ ਹੋਇਆ ਸੀ 24ਅਤੇ ਉਹਨਾਂ ਨੇ ਉਸ ਨੂੰ ਚੁੱਕ ਕੇ ਟੋਏ ਵਿੱਚ ਸੁੱਟ ਦਿੱਤਾ। ਟੋਆ ਖਾਲੀ ਸੀ, ਇਸ ਵਿੱਚ ਕੋਈ ਪਾਣੀ ਨਹੀਂ ਸੀ।
25ਜਦੋਂ ਉਹ ਖਾਣਾ ਖਾਣ ਲਈ ਬੈਠੇ, ਤਾਂ ਉਹਨਾਂ ਨੇ ਉੱਪਰ ਤੱਕਿਆ ਅਤੇ ਗਿਲਆਦ ਤੋਂ ਇਸਮਾਏਲੀਆਂ ਦਾ ਇੱਕ ਕਾਫ਼ਲਾ ਆਉਂਦਾ ਦੇਖਿਆ। ਉਹਨਾਂ ਦੇ ਊਠ ਮਸਾਲੇ, ਮਲਮ ਅਤੇ ਗੰਧਰਸ ਨਾਲ ਲੱਦੇ ਹੋਏ ਸਨ, ਅਤੇ ਉਹ ਉਸਨੂੰ ਮਿਸਰ ਲੈ ਜਾ ਰਹੇ ਸਨ।
26ਯਹੂਦਾਹ ਨੇ ਆਪਣੇ ਭਰਾਵਾਂ ਨੂੰ ਆਖਿਆ, ਜੇ ਅਸੀਂ ਆਪਣੇ ਭਰਾ ਨੂੰ ਮਾਰ ਕੇ ਉਸ ਦੇ ਲਹੂ ਨੂੰ ਢੱਕ ਲਵਾਂਗੇ ਤਾਂ ਸਾਨੂੰ ਕੀ ਲਾਭ ਹੋਵੇਗਾ? 27ਆਓ, ਅਸੀਂ ਉਸ ਨੂੰ ਇਸਮਾਏਲੀਆਂ ਦੇ ਹੱਥ ਵੇਚ ਦੇਈਏ ਅਤੇ ਉਸ ਉੱਤੇ ਹੱਥ ਨਾ ਰੱਖੀਏ। ਆਖਰਕਾਰ, ਉਹ ਸਾਡਾ ਭਰਾ, ਸਾਡਾ ਆਪਣਾ ਮਾਸ ਅਤੇ ਲਹੂ ਹੈ। ਉਸਦੇ ਭਰਾ ਮੰਨ ਗਏ।
28ਸੋ ਜਦੋਂ ਮਿਦਯਾਨੀ ਵਪਾਰੀ ਆਏ, ਤਾਂ ਉਸ ਦੇ ਭਰਾਵਾਂ ਨੇ ਯੋਸੇਫ਼ ਨੂੰ ਟੋਏ ਵਿੱਚੋਂ ਬਾਹਰ ਕੱਢਿਆ ਅਤੇ ਉਸ ਨੂੰ ਚਾਂਦੀ ਦੇ ਵੀਹ ਸਿੱਕਿਆ ਵਿੱਚ ਇਸਮਾਏਲੀਆਂ ਦੇ ਹੱਥ ਵੇਚ ਦਿੱਤਾ ਅਤੇ ਉਹ ਉਸ ਨੂੰ ਮਿਸਰ ਵਿੱਚ ਲੈ ਗਏ।
29ਜਦੋਂ ਰਊਬੇਨ ਨੇ ਟੋਏ ਵੱਲ ਮੁੜ ਕੇ ਵੇਖਿਆ ਕਿ ਯੋਸੇਫ਼ ਉੱਥੇ ਨਹੀਂ ਸੀ ਤਾਂ ਉਸ ਨੇ ਆਪਣੇ ਕੱਪੜੇ ਪਾੜ ਦਿੱਤੇ। 30ਉਹ ਆਪਣੇ ਭਰਾਵਾਂ ਕੋਲ ਵਾਪਸ ਗਿਆ ਅਤੇ ਆਖਿਆ, “ਉਹ ਮੁੰਡਾ ਉੱਥੇ ਨਹੀਂ ਹੈ! ਮੈਂ ਹੁਣ ਕਿੱਥੇ ਜਾਵਾਂ?”
31ਤਦ ਉਹਨਾਂ ਨੇ ਯੋਸੇਫ਼ ਦਾ ਚੋਗਾ ਲਿਆ ਅਤੇ ਇੱਕ ਬੱਕਰਾ ਵੱਢਿਆ ਅਤੇ ਚੋਗਾ ਲਹੂ ਵਿੱਚ ਡੁਬੋਇਆ। 32ਉਹ ਸਜਾਏ ਹੋਏ ਚੋਲੇ ਨੂੰ ਆਪਣੇ ਪਿਤਾ ਕੋਲ ਵਾਪਸ ਲੈ ਗਏ ਅਤੇ ਆਖਿਆ, “ਸਾਨੂੰ ਇਹ ਮਿਲਿਆ ਹੈ। ਇਸ ਦੀ ਜਾਂਚ ਕਰੋ ਕਿ ਇਹ ਤੁਹਾਡੇ ਪੁੱਤਰ ਦਾ ਚੋਗਾ ਹੈ ਜਾਂ ਨਹੀਂ।”
33ਉਸ ਨੇ ਉਸ ਨੂੰ ਪਛਾਣ ਲਿਆ ਅਤੇ ਆਖਿਆ, ਇਹ ਮੇਰੇ ਪੁੱਤਰ ਦਾ ਚੋਗਾ ਹੈ! ਕਿਸੇ ਭਿਆਨਕ ਜਾਨਵਰ ਨੇ ਉਸਨੂੰ ਖਾ ਲਿਆ ਹੈ। ਯੋਸੇਫ਼ ਜ਼ਰੂਰ ਹੀ ਘਾਤ ਕੀਤਾ ਗਿਆ ਹੈ।
34ਤਦ ਯਾਕੋਬ ਨੇ ਆਪਣੇ ਕੱਪੜੇ ਪਾੜੇ ਅਤੇ ਤੱਪੜ ਪਾ ਲਿਆ ਅਤੇ ਆਪਣੇ ਪੁੱਤਰ ਲਈ ਬਹੁਤ ਦਿਨ ਸੋਗ ਕੀਤਾ। 35ਉਸ ਦੇ ਸਾਰੇ ਪੁੱਤਰ ਧੀਆਂ ਉਸ ਨੂੰ ਦਿਲਾਸਾ ਦੇਣ ਲਈ ਆਏ ਪਰ ਉਸ ਨੇ ਦਿਲਾਸਾ ਦੇਣ ਤੋਂ ਇਨਕਾਰ ਕੀਤਾ। ਉਸਨੇ ਕਿਹਾ, “ਨਹੀਂ, ਮੈਂ ਉਦੋਂ ਤੱਕ ਸੋਗ ਕਰਦਾ ਰਹਾਂਗਾ ਜਦੋਂ ਤੱਕ ਮੈਂ ਆਪਣੇ ਪੁੱਤਰ ਨੂੰ ਕਬਰ ਵਿੱਚ ਨਹੀਂ ਮਿਲਾਂਗਾ।” ਇਸ ਲਈ ਉਸ ਦਾ ਪਿਤਾ ਉਸ ਲਈ ਰੋਇਆ।
36ਇਸ ਦੌਰਾਨ, ਮਿਦਯਾਨੀਆਂ ਨੇ ਯੋਸੇਫ਼ ਨੂੰ ਮਿਸਰ ਵਿੱਚ ਪੋਟੀਫ਼ਰ, ਫ਼ਿਰਾਊਨ ਦੇ ਅਧਿਕਾਰੀਆਂ ਵਿੱਚੋਂ ਇੱਕ, ਪਹਿਰੇਦਾਰਾਂ ਦੇ ਪ੍ਰਧਾਨ ਨੂੰ ਵੇਚ ਦਿੱਤਾ।

Currently Selected:

ਉਤਪਤ 37: OPCV

Highlight

Share

Copy

None

Want to have your highlights saved across all your devices? Sign up or sign in