YouVersion Logo
Search Icon

ਉਤਪਤ 35

35
ਯਾਕੋਬ ਬੈਤਏਲ ਨੂੰ ਮੁੜਿਆ
1ਤਦ ਪਰਮੇਸ਼ਵਰ ਨੇ ਯਾਕੋਬ ਨੂੰ ਕਿਹਾ, “ਬੈਤਏਲ ਵਿੱਚ ਜਾ, ਉੱਥੇ ਵੱਸ ਜਾ ਅਤੇ ਉੱਥੇ ਪਰਮੇਸ਼ਵਰ ਲਈ ਇੱਕ ਜਗਵੇਦੀ ਬਣਾ ਜੋ ਤੈਨੂੰ ਉਸ ਵੇਲੇ ਦਰਸ਼ਣ ਹੋਇਆ ਸੀ ਜਦੋਂ ਤੂੰ ਆਪਣੇ ਭਰਾ ਏਸਾਓ ਕੋਲੋਂ ਭੱਜਿਆ ਸੀ।”
2ਇਸ ਲਈ ਯਾਕੋਬ ਨੇ ਆਪਣੇ ਘਰਾਣੇ ਨੂੰ ਅਤੇ ਆਪਣੇ ਨਾਲ ਦੇ ਸਾਰੇ ਲੋਕਾਂ ਨੂੰ ਆਖਿਆ, “ਆਪਣੇ ਨਾਲ ਦੇ ਪਰਾਏ ਦੇਵਤਿਆਂ ਨੂੰ ਛੱਡ ਦਿਓ ਅਤੇ ਆਪਣੇ ਆਪ ਨੂੰ ਸ਼ੁੱਧ ਕਰੋ ਅਤੇ ਆਪਣੇ ਬਸਤਰ ਬਦਲੋ। 3ਹੁਣ ਆਓ, ਅਸੀਂ ਬੈਤਏਲ ਨੂੰ ਚੱਲੀਏ ਜਿੱਥੇ ਮੈਂ ਪਰਮੇਸ਼ਵਰ ਲਈ ਇੱਕ ਜਗਵੇਦੀ ਬਣਾਵਾਂਗਾ, ਜਿਸ ਨੇ ਮੇਰੀ ਬਿਪਤਾ ਦੇ ਦਿਨ ਮੈਨੂੰ ਉੱਤਰ ਦਿੱਤਾ ਅਤੇ ਜਿੱਥੇ ਵੀ ਮੈਂ ਗਿਆ ਹਾਂ ਮੇਰੇ ਨਾਲ ਹੈ।” 4ਸੋ ਉਹਨਾਂ ਨੇ ਯਾਕੋਬ ਨੂੰ ਉਹ ਸਾਰੇ ਪਰਾਏ ਦੇਵਤੇ ਦਿੱਤੇ ਜੋ ਉਹਨਾਂ ਕੋਲ ਸਨ ਅਤੇ ਕੰਨਾਂ ਵਿੱਚ ਮੁੰਦਰੀਆਂ ਅਤੇ ਯਾਕੋਬ ਨੇ ਉਹਨਾਂ ਨੂੰ ਸ਼ੇਕੇਮ ਵਿੱਚ ਬਲੂਤ ਦੇ ਰੁੱਖ ਦੇ ਹੇਠਾਂ ਦੱਬ ਦਿੱਤਾ। 5ਤਦ ਉਹ ਤੁਰ ਪਏ ਅਤੇ ਪਰਮੇਸ਼ਵਰ ਦਾ ਭੈ ਉਹਨਾਂ ਦੇ ਆਲੇ-ਦੁਆਲੇ ਦੇ ਨਗਰਾਂ ਉੱਤੇ ਛਾ ਗਿਆ, ਇਸ ਲਈ ਕਿਸੇ ਨੇ ਵੀ ਯਾਕੋਬ ਅਤੇ ਉਸ ਦੇ ਪੁੱਤਰਾਂ ਦਾ ਪਿੱਛਾ ਨਾ ਕੀਤਾ।
6ਯਾਕੋਬ ਅਤੇ ਉਸ ਦੇ ਨਾਲ ਦੇ ਸਾਰੇ ਲੋਕ ਕਨਾਨ ਦੇਸ਼ ਵਿੱਚ ਲੂਜ਼ (ਯਾਨੀ ਬੈਤਏਲ) ਵਿੱਚ ਆਏ। 7ਉੱਥੇ ਉਸ ਨੇ ਇੱਕ ਜਗਵੇਦੀ ਬਣਾਈ ਅਤੇ ਉਸ ਥਾਂ ਦਾ ਨਾਮ ਏਲ ਬੈਤਏਲ#35:7 ਏਲ ਬੈਤਏਲ ਬੈਤਏਲ ਦਾ ਪਰਮੇਸ਼ਵਰ ਰੱਖਿਆ ਕਿਉਂ ਜੋ ਉੱਥੇ ਪਰਮੇਸ਼ਵਰ ਨੇ ਆਪਣੇ ਆਪ ਨੂੰ ਉਸ ਉੱਤੇ ਪ੍ਰਗਟ ਕੀਤਾ ਜਦੋਂ ਉਹ ਆਪਣੇ ਭਰਾ ਤੋਂ ਭੱਜ ਰਿਹਾ ਸੀ।
8ਹੁਣ ਰਿਬਕਾਹ ਦੀ ਦਾਈ ਦਬੋਰਾਹ ਮਰ ਗਈ ਅਤੇ ਬੈਤਏਲ ਦੇ ਬਾਹਰ ਬਲੂਤ ਦੇ ਰੁੱਖ ਹੇਠਾਂ ਦਫ਼ਨਾਈ ਗਈ, ਇਸ ਲਈ ਇਸਦਾ ਨਾਮ ਐਲੋਨ ਬਕੁਥ#35:8 ਐਲੋਨ ਬਕੁਥ ਰੋਣ ਦਾ ਬਲੂਤ ਰੱਖਿਆ ਗਿਆ।
9ਯਾਕੋਬ ਦੇ ਪਦਨ ਅਰਾਮ ਤੋਂ ਵਾਪਸ ਆਉਣ ਤੋਂ ਬਾਅਦ ਪਰਮੇਸ਼ਵਰ ਨੇ ਉਸਨੂੰ ਦੁਬਾਰਾ ਦਰਸ਼ਨ ਦਿੱਤਾ ਅਤੇ ਉਸਨੂੰ ਬਰਕਤ ਦਿੱਤੀ। 10ਪਰਮੇਸ਼ਵਰ ਨੇ ਉਹ ਨੂੰ ਆਖਿਆ, “ਤੇਰਾ ਨਾਮ ਯਾਕੋਬ ਹੈ ਪਰ ਤੈਨੂੰ ਫੇਰ ਯਾਕੋਬ ਨਹੀਂ ਸੱਦਿਆ ਜਾਵੇਗਾ। ਤੇਰਾ ਨਾਮ ਇਸਰਾਏਲ ਹੋਵੇਗਾ।” ਇਸ ਲਈ ਉਸਨੇ ਉਸਦਾ ਨਾਮ ਇਸਰਾਏਲ ਰੱਖਿਆ।
11ਪਰਮੇਸ਼ਵਰ ਨੇ ਉਸ ਨੂੰ ਆਖਿਆ, “ਮੈਂ ਸਰਵਸ਼ਕਤੀਮਾਨ ਪਰਮੇਸ਼ਵਰ ਹਾਂ। ਫਲਦਾਇਕ ਬਣ ਅਤੇ ਗਿਣਤੀ ਵਿੱਚ ਵੱਧ ਅਤੇ ਤੇਰੇ ਵਿੱਚੋਂ ਇੱਕ ਕੌਮ ਸਗੋਂ ਕੌਮਾਂ ਦੇ ਦਲ ਪੈਦਾ ਹੋਣਗੇ, ਅਤੇ ਰਾਜੇ ਤੇਰੇ ਉੱਤਰਾਧਿਕਾਰੀਆਂ ਵਿੱਚੋਂ ਹੋਣਗੇ। 12ਜਿਹੜੀ ਧਰਤੀ ਮੈਂ ਅਬਰਾਹਾਮ ਅਤੇ ਇਸਹਾਕ ਨੂੰ ਦਿੱਤੀ ਸੀ, ਮੈਂ ਤੈਨੂੰ ਵੀ ਦੇਵਾਂਗਾ ਅਤੇ ਮੈਂ ਇਹ ਧਰਤੀ ਤੇਰੇ ਤੋਂ ਬਾਅਦ ਤੇਰੀ ਸੰਤਾਨ ਨੂੰ ਦਿਆਂਗਾ।” 13ਤਦ ਪਰਮੇਸ਼ਵਰ ਉਹ ਦੇ ਕੋਲੋਂ ਉਸ ਥਾਂ ਤੋਂ ਜਿੱਥੇ ਉਹ ਉਸਦੇ ਨਾਲ ਗੱਲ ਕਰਦਾ ਸੀ ਉਤਾਹਾਂ ਚਲਾ ਗਿਆ।
14ਯਾਕੋਬ ਨੇ ਉੱਥੇ ਇੱਕ ਪੱਥਰ ਦਾ ਥੰਮ੍ਹ ਖੜ੍ਹਾ ਕੀਤਾ ਜਿੱਥੇ ਪਰਮੇਸ਼ਵਰ ਨੇ ਉਸ ਨਾਲ ਗੱਲ ਕੀਤੀ ਸੀ ਅਤੇ ਉਸ ਉੱਤੇ ਪੀਣ ਦੀ ਭੇਟ ਚੜ੍ਹਾਈ ਉਸ ਨੇ ਇਸ ਉੱਤੇ ਤੇਲ ਵੀ ਡੋਲ੍ਹਿਆ। 15ਯਾਕੋਬ ਨੇ ਉਸ ਥਾਂ ਦਾ ਨਾਮ ਬੈਤਏਲ ਰੱਖਿਆ ਜਿੱਥੇ ਪਰਮੇਸ਼ਵਰ ਨੇ ਉਸ ਨਾਲ ਗੱਲ ਕੀਤੀ ਸੀ।
ਰਾਖ਼ੇਲ ਅਤੇ ਇਸਹਾਕ ਦੀ ਮੌਤ
16ਤਦ ਉਹ ਬੈਤਏਲ ਤੋਂ ਚੱਲ ਪਏ, ਜਦੋਂ ਉਹ ਅਜੇ ਅਫ਼ਰਾਥ ਤੋਂ ਕੁਝ ਦੂਰ ਹੀ ਸਨ, ਤਾਂ ਰਾਖ਼ੇਲ ਨੂੰ ਜਣਨ ਦੀਆਂ ਪੀੜਾਂ ਹੋਣ ਲੱਗੀਆਂ ਅਤੇ ਉਸ ਨੂੰ ਜਣਨ ਦਾ ਸਖ਼ਤ ਕਸ਼ਟ ਹੋਇਆ। 17ਅਤੇ ਜਦੋਂ ਉਸ ਨੂੰ ਜਣੇਪੇ ਵਿੱਚ ਬਹੁਤ ਮੁਸ਼ਕਲ ਆ ਰਹੀ ਸੀ, ਦਾਈ ਨੇ ਉਸ ਨੂੰ ਕਿਹਾ, “ਨਿਰਾਸ਼ ਨਾ ਹੋ, ਕਿਉਂਕਿ ਤੇਰਾ ਇੱਕ ਹੋਰ ਪੁੱਤਰ ਹੈ।” 18ਜਦੋਂ ਉਸਨੇ ਆਖਰੀ ਸਾਹ ਲਿਆ, ਕਿਉਂਕਿ ਉਹ ਮਰ ਰਹੀ ਸੀ, ਉਸਨੇ ਆਪਣੇ ਪੁੱਤਰ ਦਾ ਨਾਮ ਬੇਨ-ਓਨੀਹ#35:18 ਬੇਨ-ਓਨੀਹ ਮੇਰੀ ਪੀੜਾ ਦਾ ਪੁੱਤਰ ਰੱਖਿਆ, ਪਰ ਉਸਦੇ ਪਿਤਾ ਨੇ ਉਸਦਾ ਨਾਮ ਬਿਨਯਾਮੀਨ#35:18 ਬਿਨਯਾਮੀਨ ਮੇਰੇ ਸੱਜੇ ਹੱਥ ਦਾ ਪੁੱਤਰ ਰੱਖਿਆ।
19ਇਸ ਲਈ ਰਾਖ਼ੇਲ ਮਰ ਗਈ ਅਤੇ ਅਫ਼ਰਾਥ ਦੇ ਰਾਹ ਵਿੱਚ ਦਫ਼ਨਾਈ ਗਈ। ਇਹੋ ਹੀ ਬੈਤਲਹਮ ਹੈ। 20ਉਸ ਦੀ ਕਬਰ ਉੱਤੇ ਯਾਕੋਬ ਨੇ ਇੱਕ ਥੰਮ੍ਹ ਖੜਾ ਕੀਤਾ ਅਤੇ ਰਾਖ਼ੇਲ ਦੀ ਕਬਰ ਦਾ ਥੰਮ੍ਹ ਅੱਜ ਤੱਕ ਹੈ।
21ਫਿਰ ਇਸਰਾਏਲ ਅੱਗੇ ਵਧਿਆ ਅਤੇ ਮਿਗਦਾਲ ਏਦਰ ਦੇ ਪਾਰ ਆਪਣਾ ਤੰਬੂ ਲਾਇਆ। 22ਜਦੋਂ ਇਸਰਾਏਲ ਉਸ ਇਲਾਕੇ ਵਿੱਚ ਰਹਿੰਦਾ ਸੀ ਤਾਂ ਰਊਬੇਨ ਅੰਦਰ ਗਿਆ ਅਤੇ ਆਪਣੇ ਪਿਤਾ ਦੀ ਦਾਸੀ ਬਿਲਹਾਹ ਨਾਲ ਸੌਂ ਗਿਆ ਅਤੇ ਇਸਰਾਏਲ ਨੂੰ ਇਸ ਦੀ ਖ਼ਬਰ ਹੋਈ।
ਯਾਕੋਬ ਦੇ ਬਾਰਾਂ ਪੁੱਤਰ ਸਨ।
23ਲੇਆਹ ਦੇ ਪੁੱਤਰ ਇਹ ਸਨ:
ਯਾਕੋਬ ਦਾ ਜੇਠਾ ਪੁੱਤਰ ਰਊਬੇਨ,
ਸ਼ਿਮਓਨ, ਲੇਵੀ, ਯਹੂਦਾਹ, ਯਿੱਸਾਕਾਰ ਅਤੇ ਜ਼ਬੂਲੁਨ।
24ਰਾਖ਼ੇਲ ਦੇ ਪੁੱਤਰ:
ਯੋਸੇਫ਼ ਅਤੇ ਬਿਨਯਾਮੀਨ।
25ਰਾਖ਼ੇਲ ਦੀ ਦਾਸੀ ਬਿਲਹਾਹ ਦੇ ਪੁੱਤਰ: ਦਾਨ ਅਤੇ ਨਫ਼ਤਾਲੀ।
26ਲੇਆਹ ਦੀ ਦਾਸੀ ਜ਼ਿਲਫ਼ਾਹ ਦੇ ਪੁੱਤਰ: ਗਾਦ ਅਤੇ ਆਸ਼ੇਰ।
ਇਹ ਯਾਕੋਬ ਦੇ ਪੁੱਤਰ ਸਨ, ਜਿਹੜੇ ਉਸ ਤੋਂ ਪਦਨ ਅਰਾਮ ਵਿੱਚ ਜੰਮੇ ਸਨ।
27ਯਾਕੋਬ ਆਪਣੇ ਪਿਤਾ ਇਸਹਾਕ ਦੇ ਘਰ ਕਿਰਯਥ ਅਰਬਾ (ਅਰਥਾਤ ਹੇਬਰੋਨ) ਦੇ ਨੇੜੇ ਮਮਰੇ ਵਿੱਚ ਆਇਆ, ਜਿੱਥੇ ਅਬਰਾਹਾਮ ਅਤੇ ਇਸਹਾਕ ਠਹਿਰੇ ਹੋਏ ਸਨ। 28ਇਸਹਾਕ ਇੱਕ ਸੌ ਅੱਸੀ ਸਾਲ ਜੀਉਂਦਾ ਰਿਹਾ। 29ਤਦ ਇਸਹਾਕ ਨੇ ਆਖਰੀ ਸਾਹ ਲਿਆ ਅਤੇ ਮਰ ਗਿਆ ਉਹ ਚੰਗਾ ਬਿਰਧ ਹੋ ਕੇ ਬੁਢਾਪੇ ਵਿੱਚ ਆਪਣੇ ਲੋਕਾਂ ਵਿੱਚ ਮਿਲਿਆ ਅਤੇ ਉਸਦੇ ਪੁੱਤਰਾਂ ਏਸਾਓ ਅਤੇ ਯਾਕੋਬ ਨੇ ਉਸਨੂੰ ਦਫ਼ਨਾਇਆ।

Currently Selected:

ਉਤਪਤ 35: OPCV

Highlight

Share

Copy

None

Want to have your highlights saved across all your devices? Sign up or sign in