YouVersion Logo
Search Icon

ਉਤਪਤ 24

24
ਇਸਹਾਕ ਅਤੇ ਰਿਬਕਾਹ
1ਅਬਰਾਹਾਮ ਹੁਣ ਬਹੁਤ ਬੁੱਢਾ ਹੋ ਗਿਆ ਸੀ ਅਤੇ ਯਾਹਵੇਹ ਨੇ ਉਸਨੂੰ ਸਾਰੀਆਂ ਗੱਲਾਂ ਵਿੱਚ ਅਸੀਸ ਦਿੱਤੀ ਸੀ। 2ਅਬਰਾਹਾਮ ਨੇ ਆਪਣੇ ਘਰ ਦੇ ਵੱਡੇ ਨੌਕਰ ਨੂੰ, ਜਿਹੜਾ ਉਸਦੀਆਂ ਸਾਰੀਆਂ ਚੀਜ਼ਾ ਨੂੰ ਸੰਭਾਲਦਾ ਸੀ ਕਿਹਾ, “ਮੇਰੇ ਪੱਟ ਦੇ ਹੇਠਾਂ ਆਪਣਾ ਹੱਥ ਰੱਖ। 3ਮੈਂ ਚਾਹੁੰਦਾ ਹਾਂ ਕਿ ਤੂੰ ਅਕਾਸ਼ ਦੇ ਪਰਮੇਸ਼ਵਰ ਅਤੇ ਧਰਤੀ ਦੇ ਪਰਮੇਸ਼ਵਰ ਯਾਹਵੇਹ ਦੀ ਸਹੁੰ ਖਾ ਕਿ ਤੂੰ ਮੇਰੇ ਪੁੱਤਰ ਲਈ ਕਨਾਨੀਆਂ ਦੀਆਂ ਧੀਆਂ ਵਿੱਚੋਂ, ਜਿਨ੍ਹਾਂ ਵਿੱਚ ਮੈਂ ਰਹਿੰਦਾ ਹਾਂ, ਪਤਨੀ ਨਹੀਂ ਲਿਆਵੇਗਾ। 4ਪਰ ਤੂੰ ਮੇਰੇ ਆਪਣੇ ਦੇਸ਼ ਵਿੱਚ ਅਤੇ ਮੇਰੇ ਘਰਾਣੇ ਦੇ ਕੋਲ ਜਾਈਂ ਅਤੇ ਮੇਰੇ ਪੁੱਤਰ ਇਸਹਾਕ ਲਈ ਪਤਨੀ ਲੈ ਆਵੀਂ।”
5ਨੌਕਰ ਨੇ ਉਸ ਨੂੰ ਪੁੱਛਿਆ, “ਜੇਕਰ ਉਹ ਔਰਤ ਮੇਰੇ ਨਾਲ ਇਸ ਧਰਤੀ ਉੱਤੇ ਆਉਣਾ ਨਾ ਚਾਹੁੰਦੀ ਹੋਵੇ ਤਾਂ ਕੀ ਹੋਵੇਗਾ? ਤਾਂ ਕੀ ਮੈਂ ਤੁਹਾਡੇ ਪੁੱਤਰ ਨੂੰ ਉਸ ਦੇਸ਼ ਵਿੱਚ ਵਾਪਸ ਲੈ ਜਾਵਾਂ ਜਿਸ ਤੋਂ ਤੁਸੀਂ ਆਏ ਸੀ?”
6ਅਬਰਾਹਾਮ ਨੇ ਆਖਿਆ, “ਯਕੀਨਨ ਤੂੰ ਮੇਰੇ ਪੁੱਤਰ ਨੂੰ ਉੱਥੇ ਵਾਪਸ ਨਾ ਲੈ ਜਾਵੀ। 7ਯਾਹਵੇਹ, ਜੋ ਸਵਰਗ ਦਾ ਪਰਮੇਸ਼ਵਰ ਹੈ, ਜਿਸ ਨੇ ਮੈਨੂੰ ਮੇਰੇ ਪਿਤਾ ਦੇ ਘਰ ਅਤੇ ਮੇਰੀ ਧਰਤੀ ਤੋਂ ਬਾਹਰ ਲਿਆਇਆ ਅਤੇ ਜਿਸ ਨੇ ਮੇਰੇ ਨਾਲ ਗੱਲ ਕੀਤੀ ਅਤੇ ਮੇਰੇ ਨਾਲ ਸਹੁੰ ਖਾਧੀ, ‘ਮੈਂ ਤੇਰੇ ਸੰਤਾਨ ਨੂੰ ਇਹ ਧਰਤੀ ਦਿਆਂਗਾ।’ ਉਹ ਆਪਣੇ ਦੂਤ ਨੂੰ ਤੇਰੇ ਅੱਗੇ ਭੇਜੇਗਾ ਤਾਂ ਜੋ ਤੂੰ ਉੱਥੋਂ ਮੇਰੇ ਪੁੱਤਰ ਲਈ ਪਤਨੀ ਲਿਆ ਸਕੇ। 8ਜੇਕਰ ਉਹ ਤੀਵੀਂ ਤੇਰੇ ਨਾਲ ਵਾਪਸ ਨਾ ਆਉਣਾ ਚਾਹੇ ਤਾਂ ਤੂੰ ਮੇਰੀ ਇਸ ਸਹੁੰ ਤੋਂ ਮੁਕਤ ਹੋ ਜਾਵੇਗਾ। ਸਿਰਫ ਮੇਰੇ ਪੁੱਤਰ ਨੂੰ ਉੱਥੇ ਵਾਪਸ ਨਾ ਲੈ ਜਾਵੀ।” 9ਤਾਂ ਨੌਕਰ ਨੇ ਆਪਣਾ ਹੱਥ ਆਪਣੇ ਸੁਆਮੀ ਅਬਰਾਹਾਮ ਦੇ ਪੱਟ ਦੇ ਹੇਠਾਂ ਰੱਖਿਆ ਅਤੇ ਇਸ ਗੱਲ ਦੀ ਸਹੁੰ ਖਾਧੀ।
10ਤਦ ਨੌਕਰ ਆਪਣੇ ਮਾਲਕ ਦੀਆਂ ਸਾਰੀਆਂ ਚੰਗੀਆਂ ਵਸਤਾਂ ਨਾਲ ਲੱਦਿਆ ਹੋਇਆ ਦਸ ਊਠਾਂ ਨੂੰ ਆਪਣੇ ਨਾਲ ਲੈ ਕੇ ਚਲਾ ਗਿਆ। ਉਹ ਮਸੋਪੋਤਾਮੀਆ ਦੇ ਦੇਸ਼ ਵਿੱਚ ਨਾਹੋਰ ਨਗਰ ਨੂੰ ਚੱਲਾ ਗਿਆ। 11ਉਸ ਨੇ ਊਠਾਂ ਨੂੰ ਕਸਬੇ ਦੇ ਬਾਹਰ ਖੂਹ ਦੇ ਕੋਲ ਗੋਡੇ ਟੇਕਣ ਲਈ ਕਿਹਾ। ਇਹ ਸ਼ਾਮ ਦਾ ਸਮਾਂ ਸੀ, ਜਦੋਂ ਔਰਤਾਂ ਪਾਣੀ ਭਰਨ ਲਈ ਬਾਹਰ ਜਾਂਦੀਆਂ ਹਨ।
12ਤਦ ਉਸ ਨੇ ਪ੍ਰਾਰਥਨਾ ਕੀਤੀ, “ਹੇ ਯਾਹਵੇਹ, ਮੇਰੇ ਸੁਆਮੀ ਅਬਰਾਹਾਮ ਦੇ ਪਰਮੇਸ਼ਵਰ, ਅੱਜ ਮੈਨੂੰ ਸਫ਼ਲ ਕਰ ਅਤੇ ਮੇਰੇ ਮਾਲਕ ਅਬਰਾਹਾਮ ਉੱਤੇ ਕਿਰਪਾ ਕਰ। 13ਵੇਖੋ, ਮੈਂ ਇਸ ਚਸ਼ਮੇ ਦੇ ਕੋਲ ਖੜ੍ਹਾ ਹਾਂ ਅਤੇ ਨਗਰ ਵਾਸੀਆਂ ਦੀਆਂ ਧੀਆਂ ਪਾਣੀ ਭਰਨ ਲਈ ਬਾਹਰ ਆ ਰਹੀਆਂ ਹਨ। 14ਅਜਿਹਾ ਹੋਵੇ ਕਿ ਜਦੋਂ ਮੈਂ ਕਿਸੇ ਮੁਟਿਆਰ ਨੂੰ ਕਹਾਂ, ‘ਮਿਹਰਬਾਨੀ ਕਰਕੇ ਆਪਣਾ ਘੜਾ ਹੇਠਾਂ ਕਰ ਦੇ ਤਾਂ ਜੋ ਮੈਂ ਪੀ ਲਵਾਂ,’ ਅਤੇ ਉਹ ਆਖੇ, ‘ਪੀਓ ਅਤੇ ਮੈਂ ਤੁਹਾਡੇ ਊਠਾਂ ਨੂੰ ਵੀ ਪਾਣੀ ਪਿਲਾਵਾਂਗੀ’ ਸੋ ਉਹੀ ਹੋਵੋ। ਜਿਸ ਨੂੰ ਤੂੰ ਆਪਣੇ ਸੇਵਕ ਇਸਹਾਕ ਲਈ ਚੁਣਿਆ ਹੈ। ਇਸ ਤੋਂ ਮੈਂ ਜਾਣ ਜਾਵਾਂਗਾ ਕਿ ਤੁਸੀਂ ਮੇਰੇ ਮਾਲਕ ਉੱਤੇ ਕਿਰਪਾ ਕੀਤੀ ਹੈ।”
15ਇਸ ਤੋਂ ਪਹਿਲਾਂ ਕਿ ਉਹ ਪ੍ਰਾਰਥਨਾ ਕਰ ਲੈਂਦਾ, ਰਿਬਕਾਹ ਆਪਣਾ ਘੜਾ ਆਪਣੇ ਮੋਢੇ ਉੱਤੇ ਰੱਖ ਕੇ ਬਾਹਰ ਆਈ। ਉਹ ਮਿਲਕਾਹ ਦੇ ਪੁੱਤਰ ਬਥੂਏਲ ਦੀ ਧੀ ਸੀ, ਜੋ ਅਬਰਾਹਾਮ ਦੇ ਭਰਾ ਨਾਹੋਰ ਦੀ ਪਤਨੀ ਸੀ। 16ਉਹ ਕੁੜੀ ਬਹੁਤ ਸੋਹਣੀ ਅਤੇ ਕੁਆਰੀ ਸੀ ਅਤੇ ਉਸ ਨੇ ਕਿਸੇ ਮਨੁੱਖ ਨਾਲ ਸੰਗ ਨਹੀਂ ਕੀਤਾ ਸੀ, ਉਹ ਖੂਹ ਵਿੱਚ ਗਈ, ਆਪਣਾ ਘੜਾ ਭਰਿਆ ਅਤੇ ਦੁਬਾਰਾ ਉੱਪਰ ਆ ਗਈ।
17ਨੌਕਰ ਛੇਤੀ ਨਾਲ ਉਸ ਨੂੰ ਮਿਲਣ ਆਇਆ ਅਤੇ ਆਖਿਆ, ਕਿਰਪਾ ਕਰਕੇ ਮੈਨੂੰ ਆਪਣੇ ਘੜੇ ਵਿੱਚੋਂ ਥੋੜ੍ਹਾ ਜਿਹਾ ਪਾਣੀ ਪਿਲਾ।
18ਉਸ ਨੇ ਕਿਹਾ, “ਪੀਓ, ਮੇਰੇ ਮਾਲਕ,” ਅਤੇ ਝੱਟ ਘੜਾ ਆਪਣੇ ਹੱਥਾਂ ਉੱਤੇ ਉਤਾਰਿਆ ਅਤੇ ਉਸਨੂੰ ਪੀਣ ਲਈ ਦਿੱਤਾ।
19ਜਦੋਂ ਉਸ ਨੇ ਉਸ ਨੂੰ ਪਾਣੀ ਪਿਲਾਇਆ ਤਾਂ ਉਸ ਨੇ ਕਿਹਾ, ਮੈਂ ਤੁਹਾਡੇ ਊਠਾਂ ਲਈ ਵੀ ਪਾਣੀ ਲਿਆਵਾਂਗੀ, ਜਦ ਤੱਕ ਉਹ ਪਾਣੀ ਪੀ ਨਾ ਲੈਣ। 20ਇਸ ਲਈ ਉਸ ਨੇ ਝੱਟ ਆਪਣਾ ਘੜਾ ਖੂਹ ਵਿੱਚ ਖਾਲੀ ਕਰ ਦਿੱਤਾ ਅਤੇ ਹੋਰ ਪਾਣੀ ਕੱਢਣ ਲਈ ਖੂਹ ਵੱਲ ਨੂੰ ਭੱਜੀ ਅਤੇ ਉਸ ਦੇ ਸਾਰੇ ਊਠਾਂ ਲਈ ਕਾਫ਼ੀ ਪਾਣੀ ਕੱਢਿਆ। 21ਬਿਨਾਂ ਇੱਕ ਸ਼ਬਦ ਕਹੇ, ਆਦਮੀ ਨੇ ਉਸਨੂੰ ਇਹ ਜਾਣਨ ਲਈ ਨੇੜਿਓਂ ਦੇਖਿਆ ਕਿ ਕੀ ਯਾਹਵੇਹ ਨੇ ਉਸਦੀ ਯਾਤਰਾ ਸਫਲ ਕੀਤੀ ਸੀ ਜਾਂ ਨਹੀਂ।
22ਜਦੋਂ ਊਠ ਪੀ ਹਟੇ ਤਾਂ ਉਸ ਆਦਮੀ ਨੇ ਇੱਕ ਸੋਨੇ ਦੀ ਨੱਕ ਦੀ ਨੱਥ ਜੋ ਅੱਧੇ ਤੋਲੇ#24:22 ਅੱਧੇ ਤੋਲੇ ਲਗਭਗ 5.7 ਗ੍ਰਾਮ ਦੀ ਸੀ ਅਤੇ ਦੋ ਸੋਨੇ ਦੇ ਕੰਗਣ ਜੋ ਦਸ ਤੋਲੇ#24:22 ਦਸ ਤੋਲੇ ਲਗਭਗ 115 ਗ੍ਰਾਮ ਦੇ ਸਨ ਉਸਦੇ ਹੱਥਾਂ ਵਿੱਚ ਪਹਿਨਾ ਦਿੱਤੇ। 23ਤਦ ਉਸ ਨੇ ਪੁੱਛਿਆ, “ਤੂੰ ਕਿਸ ਦੀ ਧੀ ਹੈ? ਕਿਰਪਾ ਕਰਕੇ ਮੈਨੂੰ ਦੱਸ, ਕੀ ਤੇਰੇ ਪਿਤਾ ਦੇ ਘਰ ਵਿੱਚ ਸਾਡੇ ਲਈ ਰਾਤ ਕੱਟਣ ਲਈ ਜਗ੍ਹਾ ਹੈ?”
24ਉਸ ਨੇ ਉਹ ਨੂੰ ਉੱਤਰ ਦਿੱਤਾ, ਮੈਂ ਬਥੂਏਲ ਦੀ ਧੀ ਹਾਂ, ਜਿਸ ਪੁੱਤਰ ਨੂੰ ਮਿਲਕਾਹ ਨੇ ਨਾਹੋਰ ਤੋਂ ਜਨਮ ਦਿੱਤਾ ਹੈ। 25ਅਤੇ ਉਸ ਨੇ ਅੱਗੇ ਕਿਹਾ, “ਸਾਡੇ ਕੋਲ ਤੂੜੀ ਅਤੇ ਚਾਰਾ ਬਹੁਤ ਹੈ ਅਤੇ ਤੁਹਾਡੇ ਲਈ ਰਾਤ ਕੱਟਣ ਲਈ ਥਾਂ ਹੈ।”
26ਤਦ ਉਸ ਆਦਮੀ ਨੇ ਸਿਰ ਝੁਕਾਇਆ ਅਤੇ ਯਾਹਵੇਹ ਦੀ ਉਪਾਸਨਾ ਕੀਤੀ, 27“ਉਸਤਤ ਹੋਵੇ, ਮੇਰੇ ਸਵਾਮੀ ਅਬਰਾਹਾਮ ਦੇ ਪਰਮੇਸ਼ਵਰ ਦੀ, ਜਿਸ ਨੇ ਆਪਣੀ ਦਯਾ ਅਤੇ ਮੇਰੇ ਮਾਲਕ ਪ੍ਰਤੀ ਵਫ਼ਾਦਾਰੀ ਨਹੀਂ ਛੱਡੀ। ਇੱਥੋ ਤੱਕ, ਯਾਹਵੇਹ ਨੇ ਮੈਨੂੰ ਮੇਰੇ ਮਾਲਕ ਦੇ ਭਰਾਵਾਂ ਦੇ ਘਰ ਪਹੁੰਚਿਆ।”
28ਉਹ ਮੁਟਿਆਰ ਭੱਜ ਕੇ ਆਈ ਅਤੇ ਆਪਣੀ ਮਾਤਾ ਦੇ ਘਰ ਵਾਲਿਆਂ ਨੂੰ ਇਨ੍ਹਾਂ ਗੱਲਾਂ ਬਾਰੇ ਦੱਸਿਆ। 29ਹੁਣ ਰਿਬਕਾਹ ਦਾ ਇੱਕ ਭਰਾ ਸੀ ਜਿਸਦਾ ਨਾਮ ਲਾਬਾਨ ਸੀ ਅਤੇ ਲਾਬਾਨ ਬਾਹਰ ਨੂੰ ਦੌੜ ਕੇ ਖੂਹ ਵੱਲ ਉਸ ਆਦਮੀ ਕੋਲ ਗਿਆ। 30ਜਿਵੇਂ ਹੀ ਉਸ ਨੇ ਨੱਕ ਦੀ ਨੱਥ ਅਤੇ ਆਪਣੀ ਭੈਣ ਦੀਆਂ ਬਾਹਾਂ ਵਿੱਚ ਕੰਗਣ ਵੇਖੇ ਅਤੇ ਰਿਬਕਾਹ ਨੂੰ ਸੁਣਿਆ ਕਿ ਉਸ ਆਦਮੀ ਨੇ ਉਸ ਨੂੰ ਕੀ ਕਿਹਾ ਸੀ, ਉਹ ਉਸ ਆਦਮੀ ਕੋਲ ਗਿਆ ਅਤੇ ਉਸ ਨੂੰ ਝਰਨੇ ਦੇ ਕੋਲ ਊਠਾਂ ਕੋਲ ਖੜ੍ਹਾ ਵੇਖਿਆ। 31ਉਸ ਨੇ ਕਿਹਾ, “ਆਓ, ਹੇ ਯਾਹਵੇਹ ਦੇ ਮੁਬਾਰਕ ਆਓ। ਤੁਸੀਂ ਇੱਥੇ ਬਾਹਰ ਕਿਉਂ ਖੜ੍ਹੇ ਹੋ? ਮੈਂ ਘਰ ਅਤੇ ਊਠਾਂ ਲਈ ਜਗ੍ਹਾ ਤਿਆਰ ਕਰ ਲਈ ਹੈ।”
32ਤਾਂ ਉਹ ਮਨੁੱਖ ਘਰ ਨੂੰ ਗਿਆ ਅਤੇ ਊਠ ਉਤਾਰੇ ਗਏ। ਊਠਾਂ ਲਈ ਤੂੜੀ ਅਤੇ ਚਾਰਾ ਲਿਆਂਦਾ ਗਿਆ, ਅਤੇ ਉਸਦੇ ਅਤੇ ਉਸਦੇ ਆਦਮੀਆਂ ਲਈ ਆਪਣੇ ਪੈਰ ਧੋਣ ਲਈ ਪਾਣੀ ਦਿੱਤਾ। 33ਤਦ ਉਸ ਦੇ ਅੱਗੇ ਭੋਜਨ ਰੱਖਿਆ ਗਿਆ ਪਰ ਉਸ ਨੇ ਆਖਿਆ, ਮੈਂ ਉਦੋਂ ਤੱਕ ਨਹੀਂ ਖਾਵਾਂਗਾ ਜਦੋਂ ਤੱਕ ਮੈਂ ਤੁਹਾਨੂੰ ਨਾ ਦੱਸਾਂ ਜੋ ਮੈਂ ਕਹਿਣਾ ਹੈ।
ਲਾਬਾਨ ਨੇ ਕਿਹਾ, “ਫਿਰ ਸਾਨੂੰ ਦੱਸੋ।”
34ਤਾਂ ਉਸ ਨੇ ਆਖਿਆ, ਮੈਂ ਅਬਰਾਹਾਮ ਦਾ ਸੇਵਕ ਹਾਂ। 35ਯਾਹਵੇਹ ਨੇ ਮੇਰੇ ਮਾਲਕ ਨੂੰ ਬਹੁਤ ਅਸੀਸ ਦਿੱਤੀ ਹੈ, ਅਤੇ ਉਹ ਧਨਵਾਨ ਹੋ ਗਿਆ ਹੈ। ਉਸਨੇ ਉਸਨੂੰ ਭੇਡਾਂ ਅਤੇ ਡੰਗਰ, ਚਾਂਦੀ ਅਤੇ ਸੋਨਾ, ਦਾਸ ਅਤੇ ਦਾਸੀਆਂ, ਊਠ ਅਤੇ ਗਧੇ ਦਿੱਤੇ ਹਨ। 36ਅਤੇ ਮੇਰੇ ਸੁਆਮੀ ਦੀ ਪਤਨੀ ਸਾਰਾਹ ਨੇ ਬੁਢਾਪੇ ਵਿੱਚ ਉਸ ਦੇ ਲਈ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਨੇ ਆਪਣਾ ਸਭ ਕੁਝ ਉਸ ਨੂੰ ਦੇ ਦਿੱਤਾ। 37ਅਤੇ ਮੇਰੇ ਸੁਆਮੀ ਨੇ ਮੈਨੂੰ ਸਹੁੰ ਚੁਕਾਈ ਅਤੇ ਆਖਿਆ, ਤੂੰ ਕਨਾਨੀਆਂ ਦੀਆਂ ਧੀਆਂ ਵਿੱਚੋਂ ਜਿਨ੍ਹਾਂ ਦੇ ਦੇਸ਼ ਵਿੱਚ ਮੈਂ ਰਹਿੰਦਾ ਹਾਂ, ਮੇਰੇ ਪੁੱਤਰ ਲਈ ਪਤਨੀ ਨਾ ਲਿਆਵੀਂ, 38ਪਰ ਮੇਰੇ ਪਿਉ ਦੇ ਘਰਾਣੇ ਅਤੇ ਮੇਰੇ ਘਰ ਜਾ ਅਤੇ ਮੇਰੇ ਪੁੱਤਰ ਲਈ ਪਤਨੀ ਲੈ ਆਵੀਂ।
39“ਤਦ ਮੈਂ ਆਪਣੇ ਸੁਆਮੀ ਨੂੰ ਪੁੱਛਿਆ, ‘ਜੇ ਉਹ ਔਰਤ ਮੇਰੇ ਨਾਲ ਵਾਪਸ ਨਾ ਆਵੇ ਤਾਂ ਕੀ ਹੋਵੇਗਾ?’ 
40“ਉਸ ਨੇ ਉੱਤਰ ਦਿੱਤਾ, ‘ਯਾਹਵੇਹ, ਜਿਸ ਦੇ ਅੱਗੇ ਮੈਂ ਵਫ਼ਾਦਾਰੀ ਨਾਲ ਚੱਲਿਆ ਹਾਂ, ਆਪਣੇ ਦੂਤ ਨੂੰ ਤੇਰੇ ਨਾਲ ਭੇਜੇਗਾ ਅਤੇ ਤੇਰੀ ਯਾਤਰਾ ਨੂੰ ਸਫਲ ਕਰੇਗਾ, ਤਾਂ ਜੋ ਤੂੰ ਮੇਰੇ ਪੁੱਤਰ ਲਈ ਮੇਰੇ ਆਪਣੇ ਕਬੀਲੇ ਅਤੇ ਮੇਰੇ ਪਿਤਾ ਦੇ ਪਰਿਵਾਰ ਵਿੱਚੋਂ ਇੱਕ ਪਤਨੀ ਲਿਆ ਸਕੇ। 41ਤੂੰ ਮੇਰੀ ਸਹੁੰ ਤੋਂ ਮੁਕਤ ਹੋ ਜਾਵੇਗਾ, ਜਦ ਤੂੰ ਮੇਰੇ ਘਰਾਣੇ ਵਿੱਚ ਜਾਵੇਂਗਾ, ਉਹ ਤੈਨੂੰ ਦੇਣ ਤੋਂ ਇਨਕਾਰ ਕਰ ਦੇਣ ਤਾਂ ਤੂੰ ਮੇਰੀ ਸਹੁੰ ਤੋਂ ਮੁਕਤ ਹੋ ਜਾਵੇਗਾ।’
42“ਮੈਂ ਕਿਹਾ, ‘ਹੇ ਯਾਹਵੇਹ, ਜਦੋਂ ਮੈਂ ਅੱਜ ਬਸੰਤ ਵਿੱਚ ਆਇਆ, ਮੇਰੇ ਮਾਲਕ ਅਬਰਾਹਾਮ ਦੇ ਪਰਮੇਸ਼ਵਰ, ਜੇਕਰ ਤੁਸੀਂ ਚਾਹੋ, ਕਿਰਪਾ ਕਰਕੇ ਉਸ ਸਫ਼ਰ ਨੂੰ ਸਫ਼ਲਤਾ ਪ੍ਰਦਾਨ ਕਰੋ ਜਿਸ ਉੱਤੇ ਮੈਂ ਆਇਆ ਹਾਂ। 43ਵੇਖੋ, ਮੈਂ ਇਸ ਚਸ਼ਮੇ ਦੇ ਕੋਲ ਖੜ੍ਹਾ ਹਾਂ। ਜੇ ਕੋਈ ਮੁਟਿਆਰ ਪਾਣੀ ਭਰਨ ਲਈ ਬਾਹਰ ਆਉਂਦੀ ਹੈ ਅਤੇ ਮੈਂ ਉਸ ਨੂੰ ਕਹਾਂ, “ਕਿਰਪਾ ਕਰਕੇ ਮੈਨੂੰ ਆਪਣੇ ਘੜੇ ਵਿੱਚੋਂ ਥੋੜ੍ਹਾ ਜਿਹਾ ਪਾਣੀ ਪੀਣ ਦਿਓ,” 44ਅਤੇ ਜੇ ਉਹ ਮੈਨੂੰ ਕਹੇ, “ਪੀਓ ਅਤੇ ਮੈਂ ਤੁਹਾਡੇ ਊਠਾਂ ਲਈ ਵੀ ਪਾਣੀ ਭਰਾਂਗੀ,” ਤਾਂ ਉਸ ਨੂੰ ਯਾਹਵੇਹ ਨੇ ਮੇਰੇ ਮਾਲਕ ਦੇ ਪੁੱਤਰ ਲਈ ਚੁਣਿਆ ਹੈ।’
45“ਇਸ ਤੋਂ ਪਹਿਲਾਂ ਕਿ ਮੈਂ ਆਪਣੇ ਮਨ ਵਿੱਚ ਪ੍ਰਾਰਥਨਾ ਕਰਾਂ, ਰਿਬਕਾਹ ਆਪਣਾ ਘੜਾ ਆਪਣੇ ਮੋਢੇ ਉੱਤੇ ਰੱਖ ਕੇ ਬਾਹਰ ਆਈ। ਉਹ ਚਸ਼ਮੇ ਕੋਲ ਗਈ ਅਤੇ ਪਾਣੀ ਭਰਿਆ ਅਤੇ ਮੈਂ ਉਸ ਨੂੰ ਕਿਹਾ, ‘ਕਿਰਪਾ ਕਰਕੇ ਮੈਨੂੰ ਪਾਣੀ ਪਿਲਾਓ।’
46“ਉਸਨੇ ਝੱਟ ਆਪਣੇ ਮੋਢੇ ਤੋਂ ਆਪਣਾ ਘੜਾ ਉਤਾਰਿਆ ਅਤੇ ਕਿਹਾ, ਪੀਓ ਅਤੇ ਮੈਂ ਤੁਹਾਡੇ ਊਠਾਂ ਨੂੰ ਵੀ ਪਾਣੀ ਦਿਆਂਗੀ। ਇਸ ਲਈ ਮੈਂ ਪੀਤਾ ਅਤੇ ਉਸਨੇ ਊਠਾਂ ਨੂੰ ਵੀ ਪਾਣੀ ਪਿਲਾਇਆ।
47“ਮੈਂ ਉਸ ਨੂੰ ਪੁੱਛਿਆ, ‘ਤੂੰ ਕਿਸ ਦੀ ਧੀ ਹੈ?’
“ਉਸਨੇ ਆਖਿਆ, ‘ਨਾਹੋਰ ਦੇ ਪੁੱਤਰ ਬਥੂਏਲ ਦੀ ਧੀ, ਜਿਸ ਨੂੰ ਮਿਲਕਾਹ ਨੇ ਜਨਮ ਦਿੱਤਾ।’
“ਫਿਰ ਮੈਂ ਉਸ ਦੇ ਨੱਕ ਵਿੱਚ ਨੱਥ ਅਤੇ ਉਸ ਦੀਆਂ ਬਾਹਾਂ ਵਿੱਚ ਕੰਗਣ ਪਾ ਦਿੱਤੇ, 48ਅਤੇ ਮੈਂ ਆਪਣਾ ਸਿਰ ਝੁਕਾ ਕੇ ਯਾਹਵੇਹ ਅੱਗੇ ਮੱਥਾ ਟੇਕਿਆ ਅਤੇ ਮੈਂ ਯਾਹਵੇਹ, ਮੇਰੇ ਮਾਲਕ ਅਬਰਾਹਾਮ ਦੇ ਪਰਮੇਸ਼ਵਰ ਦੀ ਉਸਤਤ ਕੀਤੀ, ਜਿਸ ਨੇ ਮੈਨੂੰ ਮੇਰੇ ਮਾਲਕ ਦੇ ਭਰਾ ਦੀ ਪੋਤੀ ਨੂੰ ਉਸਦੇ ਪੁੱਤਰ ਲਈ ਪ੍ਰਾਪਤ ਕਰਨ ਲਈ ਸਹੀ ਰਸਤੇ ਉੱਤੇ ਲਿਆਇਆ ਸੀ। 49ਹੁਣ ਜੇਕਰ ਤੁਸੀਂ ਮੇਰੇ ਮਾਲਕ ਉੱਤੇ ਦਯਾ ਅਤੇ ਵਫ਼ਾਦਾਰੀ ਦਿਖਾਓਗੇ, ਤਾਂ ਮੈਨੂੰ ਦੱਸੋ ਅਤੇ ਜੇਕਰ ਨਹੀਂ, ਤਾਂ ਵੀ ਮੈਨੂੰ ਦੱਸੋ, ਤਾਂ ਜੋ ਮੈਂ ਜਾਣ ਸਕਾਂ ਕਿ ਕਿਸ ਰਾਹ ਨੂੰ ਮੁੜਨਾ ਹੈ।”
50ਲਾਬਾਨ ਅਤੇ ਬਥੂਏਲ ਨੇ ਉੱਤਰ ਦਿੱਤਾ, “ਇਹ ਯਾਹਵੇਹ ਵੱਲੋਂ ਹੈ, ਅਸੀਂ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਕੁਝ ਨਹੀਂ ਕਹਿ ਸਕਦੇ। 51ਇਹ ਰਿਬਕਾਹ ਹੈ, ਉਸਨੂੰ ਲੈ ਜਾ ਅਤੇ ਉਸਨੂੰ ਆਪਣੇ ਮਾਲਕ ਦੇ ਪੁੱਤਰ ਦੀ ਪਤਨੀ ਬਣਨ ਦਿਓ, ਜਿਵੇਂ ਕਿ ਯਾਹਵੇਹ ਨੇ ਕਿਹਾ ਹੈ।”
52ਜਦੋਂ ਅਬਰਾਹਾਮ ਦੇ ਨੌਕਰ ਨੇ ਉਹਨਾਂ ਦੀਆਂ ਗੱਲਾਂ ਸੁਣੀਆਂ, ਤਾਂ ਉਹ ਯਾਹਵੇਹ ਦੇ ਅੱਗੇ ਜ਼ਮੀਨ ਉੱਤੇ ਝੁਕ ਗਿਆ। 53ਤਦ ਨੌਕਰ ਨੇ ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ ਵਸਤਰ ਕੱਢ ਕੇ ਰਿਬਕਾਹ ਨੂੰ ਦਿੱਤੇ। ਉਸਨੇ ਆਪਣੇ ਭਰਾ ਅਤੇ ਉਸਦੀ ਮਾਂ ਨੂੰ ਮਹਿੰਗੇ ਤੋਹਫ਼ੇ ਵੀ ਦਿੱਤੇ। 54ਤਦ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਖਾਧਾ ਪੀਤਾ ਅਤੇ ਉੱਥੇ ਰਾਤ ਕੱਟੀ।
ਜਦੋਂ ਉਹ ਅਗਲੀ ਸਵੇਰ ਉੱਠੇ ਤਾਂ ਉਸਨੇ ਕਿਹਾ, “ਮੈਨੂੰ ਮੇਰੇ ਸੁਆਮੀ ਕੋਲ ਭੇਜ ਦਿਓ।”
55ਪਰ ਉਸ ਦੇ ਭਰਾ ਅਤੇ ਉਸ ਦੀ ਮਾਤਾ ਨੇ ਉੱਤਰ ਦਿੱਤਾ, “ਇਸ ਮੁਟਿਆਰ ਨੂੰ ਦਸ ਦਿਨ ਜਾਂ ਇਸ ਤੋਂ ਵੱਧ ਦਿਨ ਸਾਡੇ ਕੋਲ ਰਹਿਣ ਦਿਓ, ਉਸ ਦੇ ਬਾਅਦ ਉਹ ਚਲੀ ਜਾਵੇਗੀ।”
56ਪਰ ਉਸ ਨੇ ਉਹਨਾਂ ਨੂੰ ਕਿਹਾ, “ਹੁਣ ਮੈਨੂੰ ਨਾ ਰੋਕੋ ਕਿਉਂਕਿ ਯਾਹਵੇਹ ਨੇ ਮੇਰਾ ਸਫ਼ਰ ਸਫ਼ਲ ਕੀਤਾ ਹੈ, ਹੁਣ ਮੈਨੂੰ ਵਿਦਿਆ ਕਰੋ ਤਾਂ ਜੋ ਮੈਂ ਆਪਣੇ ਮਾਲਕ ਕੋਲ ਜਾਵਾਂ।”
57ਤਦ ਉਹਨਾਂ ਨੇ ਕਿਹਾ, “ਆਓ, ਅਸੀਂ ਕੁੜੀ ਨੂੰ ਬੁਲਾ ਕੇ ਇਸ ਬਾਰੇ ਪੁੱਛੀਏ।” 58ਤਾਂ ਉਹਨਾਂ ਨੇ ਰਿਬਕਾਹ ਨੂੰ ਸੱਦ ਕੇ ਪੁੱਛਿਆ, “ਕੀ ਤੂੰ ਇਸ ਮਨੁੱਖ ਦੇ ਨਾਲ ਜਾਵੇਂਗੀ?”
ਉਸਨੇ ਕਿਹਾ, “ਮੈਂ ਜਾਵਾਂਗੀ।”
59ਸੋ ਉਹਨਾਂ ਨੇ ਆਪਣੀ ਭੈਣ ਰਿਬਕਾਹ ਨੂੰ ਉਸ ਦੀ ਦਾਈ ਅਤੇ ਅਬਰਾਹਾਮ ਦੇ ਨੌਕਰ ਅਤੇ ਉਸ ਦੇ ਆਦਮੀਆਂ ਸਮੇਤ ਉਸ ਨੂੰ ਵਿਦਿਆ ਕੀਤਾ। 60ਅਤੇ ਉਹਨਾਂ ਨੇ ਰਿਬਕਾਹ ਨੂੰ ਅਸੀਸ ਦਿੱਤੀ ਅਤੇ ਉਸ ਨੂੰ ਆਖਿਆ,
“ਹੇ ਸਾਡੀ ਭੈਣ, ਤੇਰੀ ਅੰਸ ਹਜ਼ਾਰਾਂ ਤੋਂ ਹਜ਼ਾਰਾਂ ਦੀ ਸੰਖਿਆ ਵਿੱਚ ਵਾਧਾ ਕਰੇ।
ਤੇਰੀ ਔਲਾਦ ਆਪਣੇ ਦੁਸ਼ਮਣਾਂ ਦੇ ਸ਼ਹਿਰਾਂ ਉੱਤੇ ਕਬਜ਼ਾ ਕਰ ਲਵੇ।”
61ਤਦ ਰਿਬਕਾਹ ਅਤੇ ਉਸ ਦੇ ਸੇਵਕ ਤਿਆਰ ਹੋ ਗਏ ਅਤੇ ਊਠਾਂ ਉੱਤੇ ਸਵਾਰ ਹੋ ਕੇ ਉਸ ਆਦਮੀ ਦੇ ਨਾਲ ਮੁੜ ਗਏ। ਇਸ ਲਈ ਨੌਕਰ ਰਿਬਕਾਹ ਨੂੰ ਲੈ ਕੇ ਚਲਾ ਗਿਆ।
62ਹੁਣ ਇਸਹਾਕ ਬਏਰ-ਲਹਈ-ਰੋਈ ਤੋਂ ਆ ਰਿਹਾ ਸੀ ਕਿਉਂ ਜੋ ਉਹ ਨੇਗੇਵ ਵਿੱਚ ਰਹਿੰਦਾ ਸੀ। 63ਇੱਕ ਸ਼ਾਮ ਇਸਹਾਕ ਧਿਆਨ ਕਰਨ ਲਈ ਖੇਤ ਨੂੰ ਗਿਆ ਅਤੇ ਜਦੋਂ ਉਸ ਨੇ ਉੱਪਰ ਤੱਕਿਆ ਤਾਂ ਉਸ ਨੇ ਊਠਾਂ ਨੂੰ ਨੇੜੇ ਆਉਂਦੇ ਵੇਖਿਆ। 64ਰਿਬਕਾਹ ਨੇ ਵੀ ਉੱਪਰ ਤੱਕ ਕੇ ਇਸਹਾਕ ਨੂੰ ਵੇਖਿਆ, ਉਹ ਆਪਣੇ ਊਠ ਤੋਂ ਉੱਤਰੀ 65ਅਤੇ ਨੌਕਰ ਨੂੰ ਪੁੱਛਿਆ, “ਉਹ ਮਨੁੱਖ ਕੌਣ ਹੈ ਜੋ ਖੇਤ ਵਿੱਚ ਸਾਨੂੰ ਮਿਲਣ ਲਈ ਆ ਰਿਹਾ ਹੈ?”
ਨੌਕਰ ਨੇ ਉੱਤਰ ਦਿੱਤਾ, “ਉਹ ਮੇਰਾ ਮਾਲਕ ਹੈ।” ਇਸ ਲਈ ਉਸਨੇ ਆਪਣਾ ਪਰਦਾ ਚੁੱਕ ਲਿਆ ਅਤੇ ਆਪਣੇ ਆਪ ਨੂੰ ਢੱਕ ਲਿਆ।
66ਤਦ ਨੌਕਰ ਨੇ ਇਸਹਾਕ ਨੂੰ ਉਹ ਸਭ ਕੁਝ ਦੱਸਿਆ ਜੋ ਉਸਨੇ ਕੀਤਾ ਸੀ। 67ਇਸਹਾਕ ਉਸ ਨੂੰ ਆਪਣੀ ਮਾਤਾ ਸਾਰਾਹ ਦੇ ਤੰਬੂ ਵਿੱਚ ਲੈ ਆਇਆ ਅਤੇ ਉਸ ਨੇ ਰਿਬਕਾਹ ਨਾਲ ਵਿਆਹ ਕੀਤਾ। ਇਸ ਲਈ ਉਹ ਉਸਦੀ ਪਤਨੀ ਬਣ ਗਈ, ਅਤੇ ਉਸਨੇ ਉਸਨੂੰ ਪਿਆਰ ਕੀਤਾ ਅਤੇ ਇਸਹਾਕ ਨੂੰ ਆਪਣੀ ਮਾਂ ਦੀ ਮੌਤ ਤੋਂ ਬਾਅਦ ਦਿਲਾਸਾ ਮਿਲਿਆ।

Currently Selected:

ਉਤਪਤ 24: OPCV

Highlight

Share

Copy

None

Want to have your highlights saved across all your devices? Sign up or sign in