4
1ਮੈਂ ਜੋ ਕਹਿ ਰਿਹਾ ਹਾਂ ਉਹ ਇਹ ਹੈ ਕਿ ਜਦੋਂ ਤੱਕ ਇੱਕ ਵਾਰਸ ਬਾਲਕ ਹੈ, ਉਸ ਅਤੇ ਗੁਲਾਮ ਵਿੱਚ ਕੁਝ ਭਿੰਨ ਭੇਤ ਨਹੀਂ, ਭਾਵੇਂ ਉਹ ਸਾਰੀ ਜਾਇਦਾਦ ਦਾ ਮਾਲਕ ਹੈ। 2ਵਾਰਸ ਉਸ ਦੇ ਪਿਤਾ ਦੁਆਰਾ ਨਿਰਧਾਰਤ ਸਮੇਂ ਤੱਕ ਰਖਵਾਲਿਆਂ ਅਤੇ ਭੰਡਾਰੀਆਂ ਦੀ ਦੇਖਭਾਲ ਵਿੱਚ ਰਹਿੰਦਾ ਹੈ। 3ਇਸੇ ਤਰ੍ਹਾਂ, ਜਦੋਂ ਅਸੀਂ ਬੱਚੇ ਸਾਂ ਤਾਂ ਸੰਸਾਰ ਦੀ ਮੁੱਢਲੀ ਵਿੱਦਿਆ ਅਧੀਨ ਗੁਲਾਮੀ ਵਿੱਚ ਸਾਂ। 4ਪਰ ਜਦੋਂ ਸਹੀ ਸਮਾਂ ਪੂਰਾ ਹੋ ਗਿਆ ਸੀ, ਪਰਮੇਸ਼ਵਰ ਨੇ ਆਪਣੇ ਪੁੱਤਰ ਨੂੰ ਭੇਜਿਆ, ਜੋ ਕਿ ਇੱਕ ਔਰਤ ਤੋਂ ਪੈਦਾ ਹੋਇਆ, ਅਤੇ ਬਿਵਸਥਾ ਦੇ ਅਧੀਨ ਪੈਦਾ ਹੋਇਆ, 5ਜੋ ਬਿਵਸਥਾ ਦੇ ਅਧੀਨ ਹਨ ਉਨ੍ਹਾਂ ਨੂੰ ਛੁਡਾ ਲਵੇ, ਤਾਂ ਜੋ ਅਸੀਂ ਲੇਪਾਲਕ ਪੁੱਤਰ ਹੋਣ ਲਈ ਗੋਦ ਲਏ ਜਾ ਸਕੀਏ। 6ਕਿਉਂਕਿ ਤੁਸੀਂ ਉਸ ਦੇ ਪੁੱਤਰ ਹੋ, ਪਰਮੇਸ਼ਵਰ ਨੇ ਆਪਣੇ ਪੁੱਤਰ ਦੀ ਆਤਮਾ ਨੂੰ ਸਾਡੇ ਦਿਲਾਂ ਵਿੱਚ ਭੇਜਿਆ, ਉਹ ਆਤਮਾ ਜਿਹੜਾ, “ਅੱਬਾ, ਹੇ ਪਿਤਾ” ਪੁਕਾਰਦਾ ਹੈ। 7ਇਸ ਲਈ ਤੁਸੀਂ ਹੁਣ ਗੁਲਾਮ ਨਹੀਂ ਹੋ, ਪਰ ਪਰਮੇਸ਼ਵਰ ਦੇ ਬੱਚੇ ਹੋ; ਅਤੇ ਕਿਉਂਕਿ ਤੁਸੀਂ ਉਸ ਦੇ ਬੱਚੇ ਹੋ, ਪਰਮੇਸ਼ਵਰ ਨੇ ਤੁਹਾਨੂੰ ਇੱਕ ਵਾਰਸ ਵੀ ਬਣਾਇਆ ਹੈ।
ਗਲਾਤੀਆਂ ਲਈ ਪੌਲੁਸ ਦੀ ਚਿੰਤਾ
8ਪਹਿਲਾਂ, ਜਦੋਂ ਤੁਸੀਂ ਪਰਮੇਸ਼ਵਰ ਉੱਤੇ ਵਿਸ਼ਵਾਸ ਨਹੀਂ ਕਰਦੇ ਸੀ, ਤੁਸੀਂ ਉਨ੍ਹਾਂ ਦੇ ਗੁਲਾਮ ਸੀ ਜੋ ਅਸਲ ਵਿੱਚ ਦੇਵਤੇ ਨਹੀਂ ਹਨ।#4:8 ਯਸ਼ਾ 37:19; ਯਿਰ 2:11 9ਪਰ ਹੁਣ ਜਦੋਂ ਤੁਸੀਂ ਪਰਮੇਸ਼ਵਰ ਨੂੰ ਜਾਣਦੇ ਹੋ ਜਾਂ ਸਗੋਂ ਪਰਮੇਸ਼ਵਰ ਨੇ ਤੁਹਾਨੂੰ ਜਾਣ ਲਿਆ ਹੈ ਇਹ ਕਿਵੇਂ ਹੈ ਤਾਂ ਕਿਉਂ ਤੁਸੀਂ ਫਿਰ ਉਨ੍ਹਾਂ ਨਿਰਬਲ ਅਤੇ ਨਿਕੰਮੀਆਂ ਮੂਲ ਗੱਲਾਂ ਦੀ ਵੱਲ ਮੁੜ ਰਹੇ ਹੋ? ਕੀ ਤੁਸੀਂ ਉਨ੍ਹਾਂ ਵਿੱਚ ਫਿਰ ਦੁਬਾਰਾ ਗੁਲਾਮ ਬਣਨਾ ਚਾਹੁੰਦੇ ਹੋ? 10ਤੁਸੀਂ ਦਿਨਾਂ, ਮਹੀਨਿਆਂ, ਸਮਿਆਂ ਅਤੇ ਸਾਲਾਂ ਨੂੰ ਮੰਨਦੇ ਹੋ! 11ਮੈਂ ਤੁਹਾਡੇ ਲਈ ਡਰਦਾ ਹਾਂ ਭਈ ਕਿਤੇ ਇਸ ਤਰ੍ਹਾਂ ਨਾ ਹੋਵੇ ਜੋ ਮੈਂ ਤੁਹਾਡੇ ਲਈ ਐਂਵੇਂ ਹੀ ਮਿਹਨਤ ਕੀਤੀ ਹੋਵੇ।
12ਹੇ ਭਰਾਵੋ ਅਤੇ ਭੈਣੋ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਮੇਰੇ ਵਰਗੇ ਬਣੋ, ਕਿਉਂਕਿ ਮੈਂ ਤੁਹਾਡੇ ਵਰਗਾ ਬਣ ਗਿਆ ਹਾਂ। ਤੁਸੀਂ ਮੇਰੇ ਨਾਲ ਕੋਈ ਗਲਤ ਨਹੀਂ ਕੀਤਾ। 13ਜਿਵੇਂ ਕਿ ਤੁਸੀਂ ਜਾਣਦੇ ਹੋ, ਜੋ ਮੈਂ ਸਰੀਰ ਦੀ ਕਮਜ਼ੋਰੀ ਹੋਣ ਕਰਕੇ ਵੀ, ਮੈਂ ਪਹਿਲੀ ਵਾਰ ਤੁਹਾਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ, 14ਅਤੇ ਭਾਵੇਂ ਮੇਰੇ ਸਰੀਰ ਵਿੱਚ ਤੁਹਾਡੇ ਲਈ ਇੱਕ ਅਜ਼ਮਾਇਸ਼ ਸੀ, ਤੁਸੀਂ ਮੇਰੇ ਨਾਲ ਨਫ਼ਰਤ ਜਾਂ ਘਿਣਾਉਣਾ ਵਿਹਾਰ ਨਹੀਂ ਕੀਤਾ। ਇਸ ਦੀ ਬਜਾਏ, ਤੁਸੀਂ ਮੇਰਾ ਸਵਾਗਤ ਕੀਤਾ ਜਿਵੇਂ ਮੈਂ ਪਰਮੇਸ਼ਵਰ ਦਾ ਇੱਕ ਸਵਰਗਦੂਤ ਹਾਂ, ਜਿਵੇਂ ਕਿ ਮੈਂ ਖੁਦ ਮਸੀਹ ਯਿਸ਼ੂ ਹਾਂ। 15ਤਾਂ ਫਿਰ, ਹੁਣ ਮੇਰੇ ਤੇ ਤੁਹਾਡਾ ਆਸ਼ੀਰਵਾਦ ਕਿੱਥੇ ਹੈ? ਮੈਂ ਇਸ ਗੱਲ ਦੀ ਗਵਾਹੀ ਦੇ ਸਕਦਾ ਹਾਂ ਕਿ, ਜੇ ਹੋ ਸਕਦਾ ਤਾਂ ਤੁਸੀਂ ਆਪਣੀਆਂ ਅੱਖਾਂ ਵੀ ਕੱਢ ਕੇ ਮੈਨੂੰ ਦੇ ਦਿੰਦੇ। 16ਕੀ ਮੈਂ ਹੁਣ ਤੁਹਾਨੂੰ ਸੱਚ ਦੱਸ ਕੇ ਤੁਹਾਡਾ ਦੁਸ਼ਮਣ ਬਣ ਗਿਆ ਹਾਂ?#4:16 ਆਮੋ 5:10
17ਉਹ ਲੋਕ ਜਿਹੜੇ ਅਲੱਗ ਖੁਸ਼ਖ਼ਬਰੀ ਸੁਣ ਕੇ ਤੁਹਾਨੂੰ ਜਿੱਤਣ ਲਈ ਜੋਸ਼ੀਲੇ ਹਨ, ਪਰ ਕਿਸੇ ਭਲੇ ਲਈ ਨਹੀਂ। ਉਹ ਜੋ ਚਾਹੁੰਦੇ ਹਨ ਕਿ ਉਹ ਤੁਹਾਨੂੰ ਸਾਡੇ ਤੋਂ ਦੂਰ ਕਰਨ, ਤਾਂ ਜੋ ਤੁਸੀਂ ਉਹਨਾਂ ਨੂੰ ਹੀ ਆਪਣੇ ਮਿੱਤਰ ਬਣਾ ਲਓ। 18ਪਰ ਜੋਸ਼ੀਲੇ ਰਹਿਣਾ, ਹਰ ਸਮੇਂ ਚੰਗੀਆਂ ਗੱਲਾਂ ਲਈ ਸਮਰਪਿਤ ਹੋਣਾ ਚੰਗਾ ਹੈ, ਅਤੇ ਸਿਰਫ ਉਦੋਂ ਨਹੀਂ ਜਦੋਂ ਮੈਂ ਤੁਹਾਡੇ ਨਾਲ ਹਾਂ। 19ਹੇ ਮੇਰੇ ਪਿਆਰੇ ਬੱਚਿਓ, ਜਿਨ੍ਹਾਂ ਦੇ ਲਈ ਮੈਂ ਦੁਬਾਰਾ ਜਣੇਪੇ ਦੇ ਦੁੱਖਾਂ ਵਿੱਚ ਹਾਂ ਜਦੋਂ ਤੱਕ ਤੁਹਾਡੇ ਵਿੱਚ ਮਸੀਹ ਦੀ ਸੂਰਤ ਨਾ ਬਣ ਜਾਵੇ, 20ਮੈਂ ਕਿਵੇਂ ਚਾਹੁੰਦਾ ਹਾਂ ਕਿ ਮੈਂ ਹੁਣ ਤੁਹਾਡੇ ਨਾਲ ਹੋਵਾਂ ਅਤੇ ਆਪਣੀ ਸੁਰ ਬਦਲ ਲਵਾਂ, ਕਿਉਂਕਿ ਮੈਂ ਤੁਹਾਡੇ ਬਾਰੇ ਪਰੇਸ਼ਾਨ ਹਾਂ!
ਹਾਗਾਰ ਅਤੇ ਸਾਰਾਹ
21ਮੈਨੂੰ ਦੱਸੋ, ਤੁਸੀਂ ਜੋ ਬਿਵਸਥਾ ਦੇ ਅਧੀਨ ਰਹਿਣਾ ਚਾਹੁੰਦੇ ਹੋ, ਕੀ ਤੁਹਾਨੂੰ ਪਤਾ ਨਹੀਂ ਹੈ ਕਿ ਬਿਵਸਥਾ ਕੀ ਕਹਿੰਦੀ ਹੈ? 22ਕਿਉਂਕਿ ਇਹ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ ਕਿ ਅਬਰਾਹਾਮ ਦੇ ਦੋ ਪੁੱਤਰ ਸਨ, ਇੱਕ ਦਾਸੀ ਦੁਆਰਾ ਅਤੇ ਦੂਜਾ ਅਜ਼ਾਦ ਔਰਤ ਦੁਆਰਾ।#4:22 ਉਤ 16:5; 21:2 23ਦਾਸੀ ਦੁਆਰਾ ਉਸ ਦੇ ਪੁੱਤਰ ਦਾ ਜਨਮ ਸਰੀਰ ਅਨੁਸਾਰ ਹੋਇਆ ਸੀ, ਪਰ ਅਜ਼ਾਦ ਔਰਤ ਦੁਆਰਾ ਉਸ ਦੇ ਪੁੱਤਰ ਦਾ ਜਨਮ ਇੱਕ ਬ੍ਰਹਮ ਵਾਇਦੇ ਦੇ ਨਤੀਜੇ ਵਜੋਂ ਹੋਇਆ ਸੀ।
24ਇਹ ਇੱਕ ਉਦਾਹਰਣ ਹੈ: ਔਰਤਾਂ ਦੋ ਨੇਮ ਨੂੰ ਦਰਸਾਉਂਦੀਆਂ ਹਨ। ਸੀਨਈ ਪਹਾੜ ਦਾ ਨੇਮ ਹਾਜਰਾ ਹੈ, ਜਿਸ ਤੋਂ ਗੁਲਾਮੀ ਦਾ ਬੱਚਾ ਪੈਦਾ ਹੋਇਆ ਹੈ। 25ਹਾਜਰਾ ਅਰਬ ਦੇ ਸੀਨਈ ਪਹਾੜ ਹੈ ਅਤੇ ਹੁਣ ਯੇਰੂਸ਼ਲੇਮ ਅਰਬ ਦੇ ਸੀਨਈ ਪਹਾੜ ਵਰਗਾ ਹੈ, ਕਿਉਂਕਿ ਉਹ ਅਤੇ ਉਸ ਦੇ ਬੱਚੇ ਬਿਵਸਥਾ ਦੀ ਗੁਲਾਮੀ ਵਿੱਚ ਰਹਿੰਦੇ ਹਨ। 26ਪਰ ਯੇਰੂਸ਼ਲੇਮ ਜੋ ਉੱਪਰ ਹੈ ਉਹ ਅਜ਼ਾਦ ਹੈ, ਅਤੇ ਉਹ ਸਾਡੀ ਮਾਂ ਹੈ। 27ਕਿਉਂ ਜੋ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ:
“ਹੇ ਬਾਂਝ ਔਰਤ, ਖੁਸ਼ ਹੋ,
ਤੂੰ ਜਿਸ ਨੇ ਕਦੇ ਬੱਚਾ ਨਹੀਂ ਜਣਿਆ;
ਖੁਸ਼ੀ ਨਾਲ ਖੁੱਲ੍ਹ ਕੇ ਗਾ ਅਤੇ ਉੱਚੀ-ਉੱਚੀ ਕੁਰਲਾ,
ਤੂੰ ਜਿਸ ਨੂੰ ਪੀੜਾਂ ਨਹੀਂ ਲੱਗੀਆਂ!
ਕਿਉਂ ਜੋ ਤਿਆਗੀ ਹੋਈ ਦੇ ਬੱਚੇ
ਸੁਹਾਗਣ ਦੇ ਬੱਚਿਆਂ ਨਾਲੋਂ ਵੱਧ ਹਨ।”#4:27 ਯਸ਼ਾ 54:1
28ਹੁਣ ਤੁਸੀਂ, ਹੇ ਭਰਾਵੋ ਅਤੇ ਭੈਣੋ, ਇਸਹਾਕ ਵਾਂਗ, ਵਾਇਦੇ ਦੇ ਬੱਚੇ ਹੋ। 29ਉਸ ਸਮੇਂ ਉਹ ਜਿਹੜਾ ਸਰੀਰ ਦੇ ਅਨੁਸਾਰ ਜੰਮਿਆ ਉਹ ਨੂੰ ਸਤਾਉਂਦਾ ਸੀ ਜਿਹੜਾ ਪਰਮੇਸ਼ਵਰ ਦੇ ਆਤਮਾ ਅਨੁਸਾਰ ਜੰਮਿਆ ਸੀ, ਤਿਵੇਂ ਹੁਣ ਵੀ ਹੁੰਦਾ ਹੈ।#4:29 ਉਤ 21:9 30ਪਰ ਪਵਿੱਤਰ ਸ਼ਾਸਤਰ ਕੀ ਕਹਿੰਦਾ ਹੈ? “ਦਾਸੀ ਔਰਤ ਅਤੇ ਉਸ ਦੇ ਪੁੱਤਰ ਨੂੰ ਭੇਜ ਦੇ, ਕਿਉਂ ਜੋ ਦਾਸੀ ਔਰਤ ਦਾ ਪੁੱਤਰ ਅਜ਼ਾਦ ਔਰਤ ਦੇ ਪੁੱਤਰ ਨਾਲ ਕਦੇ ਵੀ ਵਾਰਸ ਨਹੀਂ ਹੋਵੇਗਾ।”#4:30 ਉਤ 21:9-10 31ਇਸ ਲਈ, ਹੇ ਭਰਾਵੋ ਅਤੇ ਭੈਣੋ, ਅਸੀਂ ਦਾਸੀ ਔਰਤ ਦੇ ਬੱਚੇ ਨਹੀਂ, ਬਲਕਿ ਅਜ਼ਾਦ ਔਰਤ ਦੇ ਬੱਚੇ ਹਾਂ।