2
ਮਸੀਹ ਵਿੱਚ ਜੀਵਤ
1ਇੱਕ ਵਾਰ, ਤੁਸੀਂ ਆਪਣੇ ਅਪਰਾਧਾਂ ਅਤੇ ਪਾਪਾਂ ਵਿੱਚ ਮਰੇ ਹੋਏ ਸੀ, 2ਉਸੇ ਸਮੇਂ ਤੁਸੀਂ ਇਸ ਸੰਸਾਰ ਦੇ ਤਰੀਕਿਆਂ ਨਾਲ ਚੱਲਦੇ ਸੀ ਅਤੇ ਸ਼ੈਤਾਨ ਦੇ ਅਧਿਕਾਰੀ ਸੀ। ਉਹ ਆਤਮਾ ਜੋ ਹੁਣ ਅਣ-ਆਗਿਆਕਾਰ ਲੋਕਾਂ ਵਿੱਚ ਕੰਮ ਕਰ ਰਹੀ ਹੈ। 3ਅਸੀਂ ਸਾਰੇ ਇੱਕ ਸਮੇਂ ਉਨ੍ਹਾਂ ਦੇ ਵਿੱਚ ਰਹਿੰਦੇ ਸੀ, ਆਪਣੇ ਸਰੀਰ ਦੀ ਲਾਲਸਾ ਨੂੰ ਸੰਤੁਸ਼ਟ ਕਰਦੇ ਸੀ ਅਤੇ ਮਨ ਦੀਆਂ ਇੱਛਾਵਾਂ ਅਤੇ ਕਾਮਨਾਵਾਂ ਦੀ ਪਾਲਣ ਕਰਦੇ ਸੀ। ਬਾਕੀ ਲੋਕਾਂ ਵਾਂਗ, ਅਸੀਂ ਸੁਭਾਅ ਦੁਆਰਾ ਪਰਮੇਸ਼ਵਰ ਦੇ ਕ੍ਰੋਧ ਦੇ ਹੱਕਦਾਰ ਸੀ। 4ਪਰ ਪਰਮੇਸ਼ਵਰ ਦਯਾ ਨਾਲ ਭਰਪੂਰ ਹੈ, ਉਸ ਦੇ ਮਹਾਨ ਪਿਆਰ ਦੇ ਕਾਰਨ 5ਸਾਨੂੰ ਮਸੀਹ ਦੇ ਨਾਲ ਜੀਉਂਦਾ ਕੀਤਾ ਭਾਵੇਂ ਅਸੀਂ ਅਪਰਾਧਾਂ ਵਿੱਚ ਮਰੇ ਹੋਏ ਸੀ। ਪਰਮੇਸ਼ਵਰ ਦੀ ਕਿਰਪਾ ਦੇ ਦੁਆਰਾ ਤੁਸੀਂ ਬਚਾਏ ਗਏ ਹੋ। 6ਅਤੇ ਪਰਮੇਸ਼ਵਰ ਨੇ ਸਾਨੂੰ ਮਸੀਹ ਦੇ ਨਾਲ ਜੀਵਤ ਕੀਤਾ ਅਤੇ ਸਾਨੂੰ ਉਸ ਦੇ ਨਾਲ ਮਸੀਹ ਯਿਸ਼ੂ ਵਿੱਚ ਸਵਰਗੀ ਥਾਵਾਂ ਉੱਤੇ ਬਿਠਾਇਆ, 7ਇਸ ਲਈ ਕਿ ਆਉਣ ਵਾਲੇ ਯੁੱਗਾਂ ਵਿੱਚ ਉਹ ਆਪਣੀ ਦਇਆ ਦੀ ਬੇਮਿਸਾਲ ਦੌਲਤ ਦਿਖਾਵੇ, ਜੋ ਮਸੀਹ ਯਿਸ਼ੂ ਵਿੱਚ ਸਾਡੇ ਉੱਤੇ ਆਪਣੀ ਦਿਆਲਗੀ ਨਾਲ ਪ੍ਰਗਟ ਕੀਤੀ ਗਈ ਹੈ। 8ਕਿਉਂਕਿ ਪਰਮੇਸ਼ਵਰ ਦੀ ਕਿਰਪਾ ਕਰਕੇ ਤੁਸੀਂ ਵਿਸ਼ਵਾਸ ਦੁਆਰਾ ਬਚਾਏ ਗਏ ਹੋ ਅਤੇ ਇਹ ਤੁਹਾਡੇ ਵੱਲੋਂ ਨਹੀਂ ਹੈ, ਬਲਕਿ ਇਹ ਪਰਮੇਸ਼ਵਰ ਦੇ ਵੱਲੋਂ ਦਾਤ ਹੈ 9ਇਹ ਆਪਣੇ ਕੰਮਾਂ ਦੁਆਰਾ ਨਹੀਂ, ਤਾਂ ਜੋ ਕੋਈ ਵੀ ਘਮੰਡ ਨਾ ਕਰ ਸਕੇ। 10ਕਿਉਂਕਿ ਅਸੀਂ ਪਰਮੇਸ਼ਵਰ ਦੁਆਰਾ ਨਿਯੁਕਤ ਕੀਤੇ ਚੰਗੇ ਕੰਮਾਂ ਲਈ ਮਸੀਹ ਯਿਸ਼ੂ ਵਿੱਚ ਪਰਮੇਸ਼ਵਰ ਦੀ ਰਚਨਾ ਹਾਂ।
ਯਹੂਦੀ ਅਤੇ ਗ਼ੈਰ-ਯਹੂਦੀ ਮਸੀਹ ਦੇ ਦੁਆਰਾ ਮੇਲ-ਮਿਲਾਪ
11ਇਸ ਲਈ, ਯਾਦ ਰੱਖੋ ਕਿ ਜੋ ਤੁਸੀਂ ਜਨਮ ਤੋਂ ਗ਼ੈਰ-ਯਹੂਦੀ ਹੋ ਅਤੇ ਉਨ੍ਹਾਂ ਤੋਂ ਜਿਹਨਾਂ ਦੀ ਸੁੰਨਤ ਸਰੀਰ ਵਿੱਚ ਹੱਥਾਂ ਨਾਲ ਕੀਤੀ ਹੋਈ ਹੈ ਅਸੁੰਨਤੀ ਅਖਵਾਉਂਦੇ ਸੀ। 12ਯਾਦ ਰੱਖੋ ਕਿ ਉਸ ਸਮੇਂ ਤੁਸੀਂ ਸੰਸਾਰ ਵਿੱਚ ਮਸੀਹ ਤੋਂ ਵੱਖਰੇ ਸੀ, ਅਤੇ ਨਾ ਹੀ ਇਸਰਾਏਲ ਦੇ ਨਾਗਰਿਕ ਸੀ, ਅਤੇ ਬਿਨਾਂ ਵਾਅਦੇ ਅਤੇ ਬਿਨਾਂ ਆਸ ਅਤੇ ਬਿਨਾਂ ਪਰਮੇਸ਼ਵਰ ਦੇ ਸੀ। 13ਪਰ ਹੁਣ ਮਸੀਹ ਯਿਸ਼ੂ ਵਿੱਚ ਤੁਸੀਂ ਜੋ ਕਦੇ ਦੂਰ ਹੋ ਗਏ ਸੀ, ਮਸੀਹ ਦੇ ਲਹੂ ਦੁਆਰਾ ਨੇੜੇ ਲਿਆਏ ਗਏ ਹੋ।
14ਕਿਉਂਕਿ ਮਸੀਹ ਆਪ ਹੀ ਸਾਡੀ ਸ਼ਾਂਤੀ ਹੈ, ਜਿਸ ਨੇ ਦੋਹਾਂ ਸਮੂਹਾਂ ਦੇ ਸਰੀਰ ਵਿੱਚ ਦੀ ਦੁਸ਼ਮਣੀ ਦੀ ਵੰਡਣ ਵਾਲੀ ਕੰਧ ਨੂੰ ਢਾਹ ਦਿੱਤਾ ਅਤੇ ਉਹਨਾਂ ਨੂੰ ਇੱਕ ਬਣਾ ਦਿੱਤਾ ਹੈ 15ਆਪਣੇ ਸਰੀਰ ਵਿੱਚ ਬਿਵਸਥਾ ਨੂੰ ਬਿਧੀਆਂ ਅਤੇ ਕਾਨੂੰਨਾਂ ਸਮੇਤ ਇੱਕ ਪਾਸੇ ਰੱਖ ਕੇ। ਉਸ ਦਾ ਉਦੇਸ਼ ਆਪਣੇ ਆਪ ਵਿੱਚ ਦੋਵਾਂ ਵਿੱਚੋਂ ਇੱਕ ਨਵੀਂ ਮਨੁੱਖਤਾ ਪੈਦਾ ਕਰਨਾ ਸੀ, ਇਸ ਤਰ੍ਹਾਂ ਸ਼ਾਂਤੀ ਬਣਾਉਣਾ ਸੀ। 16ਅਤੇ ਇੱਕ ਸਰੀਰ ਵਿੱਚ ਉਨ੍ਹਾਂ ਦੋਹਾਂ ਨੂੰ ਸਲੀਬ ਦੇ ਰਾਹੀਂ ਪਰਮੇਸ਼ਵਰ ਨਾਲ ਮੇਲ ਕਰਨ ਲਈ, ਜਿਸ ਦੁਆਰਾ ਉਸ ਨੇ ਉਨ੍ਹਾਂ ਦੀ ਦੁਸ਼ਮਣੀ ਨੂੰ ਮਾਰ ਦਿੱਤਾ। 17ਅਤੇ ਮਸੀਹ ਨੇ ਆ ਕੇ ਦੋਹਾਂ ਨੂੰ ਜਿਹੜੇ ਦੂਰ ਸਨ ਅਤੇ ਨੇੜੇ ਸਨ, ਸ਼ਾਂਤੀ ਦੀ ਖੁਸ਼ਖ਼ਬਰੀ ਸੁਣਾਈ। 18ਉਸ ਦੇ ਰਾਹੀਂ ਅਸੀਂ ਦੋਵੇਂ ਇੱਕ ਆਤਮਾ ਦੁਆਰਾ ਪਿਤਾ ਤੱਕ ਪਹੁੰਚ ਕਰ ਸਕਦੇ ਹਾਂ।
19ਇਸ ਲਈ ਤੁਸੀਂ ਹੁਣ ਪਰਦੇਸੀ ਅਤੇ ਯਾਤਰੀ ਨਹੀਂ ਹੋ, ਪਰ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਦੇ ਨਾਲ ਇੱਕ ਸੰਗੀ ਨਾਗਰਿਕ ਅਤੇ ਪਰਮੇਸ਼ਵਰ ਦੇ ਪਰਿਵਾਰ ਹੋ। 20ਰਸੂਲਾਂ ਅਤੇ ਨਬੀਆਂ ਦੀ ਨੀਂਹ ਉੱਤੇ ਬਣੇ, ਜਿਸ ਦਾ ਮੁੱਖ ਅਧਾਰ ਮਸੀਹ ਯਿਸ਼ੂ ਸੀ।#2:20 ਯਸ਼ਾ 28:16; 1 ਕੁਰਿੰ 12:28 21ਉਸ ਵਿੱਚ ਸਾਰੀ ਇਮਾਰਤ ਜੁੜ ਜਾਂਦੀ ਹੈ ਅਤੇ ਇਕੱਠੇ ਹੋ ਕੇ ਪ੍ਰਭੂ ਲਈ ਪਵਿੱਤਰ ਮੰਦਰ ਬਣ ਜਾਂਦੀ ਹੈ। 22ਅਤੇ ਉਸ ਵਿੱਚ ਤੁਸੀਂ ਵੀ ਇੱਕ ਨਿਵਾਸ ਸਥਾਨ ਬਣਨ ਲਈ ਇਕੱਠੇ ਕੀਤੇ ਗਏ ਹੋ, ਜਿਸ ਵਿੱਚ ਪਰਮੇਸ਼ਵਰ ਆਪਣੀ ਆਤਮਾ ਦੁਆਰਾ ਵਾਸ ਕਰਦਾ ਹੈ।