1
1ਪੌਲੁਸ ਜੋ ਪਰਮੇਸ਼ਵਰ ਦੀ ਇੱਛਾ ਦੁਆਰਾ ਯਿਸ਼ੂ ਮਸੀਹ ਦਾ ਇੱਕ ਰਸੂਲ ਹੈ।
ਅਫ਼ਸੁਸ ਵਿੱਚ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਨੂੰ, ਜੋ ਮਸੀਹ ਯਿਸ਼ੂ ਵਿੱਚ ਵਫ਼ਾਦਾਰ ਹਨ:
2ਸਾਡੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਯਿਸ਼ੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ।
ਮਸੀਹ ਵਿੱਚ ਆਤਮਿਕ ਬਰਕਤਾਂ ਦੀ ਉਸਤਤ
3ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਪਰਮੇਸ਼ਵਰ ਅਤੇ ਪਿਤਾ ਦੀ ਉਸਤਤ ਹੋਵੇ, ਜਿਸ ਨੇ ਸਾਨੂੰ ਮਸੀਹ ਵਿੱਚ ਸਵਰਗੀ ਸਥਾਨਾਂ ਵਿੱਚ ਹਰ ਆਤਮਿਕ ਬਰਕਤ ਦਿੱਤੀ ਹੈ। 4ਕਿਉਂਕਿ ਪਰਮੇਸ਼ਵਰ ਨੇ ਦੁਨੀਆਂ ਦੀ ਰਚਨਾ ਤੋਂ ਪਹਿਲਾਂ ਉਸ ਨੇ ਸਾਡੇ ਨਾਲ ਪਿਆਰ ਕੀਤਾ ਅਤੇ ਸਾਨੂੰ ਚੁਣਿਆ, ਤਾਂ ਜੋ ਅਸੀਂ ਉਸ ਦੀ ਨਜ਼ਰ ਵਿੱਚ ਪਵਿੱਤਰ ਅਤੇ ਨਿਰਦੋਸ਼ ਬਣੀਏ। 5ਉਸ ਨੇ ਸਾਨੂੰ ਉਸ ਦੀ ਇੱਛਾ ਦੇ ਚੰਗੇ ਉਦੇਸ਼ ਦੇ ਅਨੁਸਾਰ ਸ਼ੁਰੂ ਤੋਂ ਹੀ ਯਿਸ਼ੂ ਮਸੀਹ ਦੁਆਰਾ ਉਸ ਦੇ ਬੱਚੇ ਬਣਨ ਦੇ ਲਈ ਠਹਿਰਾਇਆ। 6ਉਸ ਦੀ ਮਹਾਨ ਕਿਰਪਾ ਦੀ ਉਸਤਤ ਹੋਵੇ, ਜੋ ਉਸ ਨੇ ਆਪਣੇ ਪਿਆਰੇ ਪੁੱਤਰ ਵਿੱਚ ਸਾਡੇ ਉੱਤੇ ਮੁਫ਼ਤ ਵਿੱਚ ਬਖ਼ਸ਼ ਦਿੱਤੀ ਹੈ। 7ਅਤੇ ਉਸ ਵਿੱਚ ਸਾਨੂੰ ਉਸ ਦੀ ਮਹਾਨ ਕਿਰਪਾ ਦੇ ਅਨੁਸਾਰ, ਉਸ ਦੇ ਲਹੂ ਦੁਆਰਾ ਮੁਕਤੀ, ਅਤੇ ਪਾਪਾਂ ਦੀ ਮਾਫ਼ੀ ਮਿਲਦੀ ਹੈ। 8ਇਹ ਕਿਰਪਾ ਉਸ ਨੇ ਆਪਣੀ ਸਾਰੀ ਬੁੱਧੀ ਅਤੇ ਜ਼ਮੀਰ ਨਾਲ ਸਾਡੇ ਉੱਤੇ ਭਰਪੂਰ ਰੂਪ ਵਿੱਚ ਦਿੱਤੀ ਹੈ। 9ਉਸ ਦੇ ਚੰਗੇ ਮਕਸਦ ਦੇ ਅਨੁਸਾਰ ਉਸ ਦੀ ਇੱਛਾ ਦਾ ਭੇਤ ਸਾਨੂੰ ਪ੍ਰਗਟ ਕੀਤਾ, ਜਿਸ ਨੂੰ ਉਸ ਨੇ ਮਸੀਹ ਵਿੱਚ ਸਥਾਪਿਤ ਕੀਤਾ। 10ਸਮਾਂ ਪੂਰਾ ਹੋਣ ਤੇ ਉਹ ਆਪ ਜੋ ਸਵਰਗ ਵਿੱਚ ਅਤੇ ਧਰਤੀ ਉੱਤੇ ਸਾਰੀਆਂ ਚੀਜ਼ਾਂ ਨੂੰ ਮਸੀਹ ਵਿੱਚ ਇਕੱਠਾ ਕਰੇ।
11ਉਸ ਵਿੱਚ ਅਸੀਂ ਵੀ ਚੁਣੇ ਗਏ ਹਾਂ, ਅਤੇ ਉਸ ਦੀ ਯੋਜਨਾ ਦੇ ਅਨੁਸਾਰ ਪਹਿਲਾਂ ਤੋਂ ਨਿਰਧਾਰਤ ਕੀਤਾ ਗਿਆ ਸੀ ਜੋ ਉਸ ਦੀ ਇੱਛਾ ਦੇ ਉਦੇਸ਼ ਦੇ ਅਨੁਸਾਰ ਸਭ ਕੁਝ ਕਰਦਾ ਹੈ, 12ਇਸ ਲਈ ਕਿ ਅਸੀਂ ਜਿਨਾਂ ਨੇ ਮਸੀਹ ਵਿੱਚ ਸਭ ਤੋਂ ਪਹਿਲਾਂ ਉਮੀਦ ਰੱਖੀ, ਉਸ ਦੀ ਮਹਿਮਾ ਦੀ ਉਸਤਤ ਹਾਂ। 13ਅਤੇ ਜਦੋਂ ਤੁਸੀਂ ਸੱਚ ਦਾ ਸੰਦੇਸ਼ ਸੁਣਿਆ ਜੋ ਤੁਹਾਡੀ ਮੁਕਤੀ ਦੀ ਖੁਸ਼ਖ਼ਬਰੀ ਹੈ ਤਾਂ ਤੁਸੀਂ ਵੀ ਮਸੀਹ ਵਿੱਚ ਸ਼ਾਮਲ ਹੋ ਗਏ। ਜਦੋਂ ਤੁਸੀਂ ਵਿਸ਼ਵਾਸ ਕੀਤਾ ਤਾਂ ਤੁਹਾਡੇ ਉੱਤੇ ਪਵਿੱਤਰ ਆਤਮਾ ਦੁਆਰਾ ਵਾਅਦੇ ਦੀ ਇੱਕ ਮੋਹਰ ਲਗਾਈ ਗਈ। 14ਇਹ ਸਾਨੂੰ ਸਾਡੀ ਵਿਰਾਸਤ ਲਈ, ਪਰਮੇਸ਼ਵਰ ਦੇ ਆਪਣੇ ਲੋਕਾਂ ਦੇ ਰੂਪ ਵਿੱਚ ਛੁਟਕਾਰਾ, ਅਤੇ ਉਸ ਦੀ ਮਹਿਮਾ ਦੀ ਉਸਤਤ ਲਈ ਇੱਕ ਕਮਾਈ ਦੇ ਰੂਪ ਵਿੱਚ ਦਿੱਤੇ ਗਏ ਹਨ।
ਧੰਨਵਾਦ ਅਤੇ ਪ੍ਰਾਰਥਨਾ
15ਇਸ ਕਾਰਨ, ਜਦੋਂ ਤੋਂ ਮੈਂ ਪ੍ਰਭੂ ਯਿਸ਼ੂ ਵਿੱਚ ਤੁਹਾਡੇ ਵਿਸ਼ਵਾਸ ਅਤੇ ਉਸ ਪਿਆਰ ਦੇ ਬਾਰੇ ਜੋ ਤੁਸੀਂ ਸਾਰੇ ਪਰਮੇਸ਼ਵਰ ਦੇ ਪਵਿੱਤਰ ਲੋਕਾਂ ਨਾਲ ਕਰਦੇ ਹੋ ਸੁਣਿਆ ਹੈ, 16ਮੈਂ ਲਗਾਤਾਰ ਆਪਣੀਆਂ ਪ੍ਰਾਰਥਨਾਵਾਂ ਵਿੱਚ ਤੁਹਾਨੂੰ ਯਾਦ ਕਰਦੇ ਹੋਏ ਤੁਹਾਡੇ ਲਈ ਧੰਨਵਾਦ ਕਰਨਾ ਬੰਦ ਨਹੀਂ ਕੀਤਾ। 17ਮੈਂ ਪ੍ਰਾਰਥਨਾ ਕਰਦਾ ਰਹਿੰਦਾ ਹਾਂ ਕਿ ਸਾਡੇ ਪ੍ਰਭੂ ਯਿਸ਼ੂ ਮਸੀਹ ਦਾ ਪਰਮੇਸ਼ਵਰ ਅਤੇ ਮਹਿਮਾਮਈ ਪਿਤਾ ਤੁਹਾਨੂੰ ਬੁੱਧ ਅਤੇ ਪ੍ਰਕਾਸ਼ ਦਾ ਆਤਮਾ ਦੇਵੇ, ਤਾਂ ਜੋ ਤੁਸੀਂ ਉਸ ਨੂੰ ਚੰਗੀ ਤਰਾਂ ਜਾਣ ਸਕੋ।#1:17 ਯਸ਼ਾ 11:2 18ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਹਾਡੇ ਦਿਲ ਦੀਆਂ ਅੱਖਾਂ ਖੁੱਲ ਜਾਣ ਤਾਂ ਜੋ ਤੁਸੀਂ ਉਸ ਉਮੀਦ ਨੂੰ ਜਾਣ ਸਕੋ ਕਿ ਉਸ ਦੇ ਬੁਲਾਉਣ ਦੀ ਉਮੀਦ ਅਤੇ ਉਸ ਦੇ ਪਵਿੱਤਰ ਲੋਕਾਂ ਦੀ ਸ਼ਾਨਦਾਰ ਵਿਰਾਸਤ ਦੀ ਦੌਲਤ ਕੀ ਹੈ। 19ਅਤੇ ਸਾਡੇ ਵਿਸ਼ਵਾਸੀਆਂ ਲਈ ਉਸ ਦੀ ਸ਼ਕਤੀ ਕਿੰਨੀ ਮਹਾਨ ਹੈ। ਉਹ ਸ਼ਕਤੀ ਉਹੀ ਹੈ ਜੋ ਸ਼ਕਤੀਸ਼ਾਲੀ ਤਾਕਤ ਹੈ। 20ਜਦੋਂ ਉਸ ਨੇ ਮਸੀਹ ਨੂੰ ਮੁਰਦਿਆਂ ਵਿੱਚੋਂ ਜੀਉਂਦਾ ਕੀਤਾ ਅਤੇ ਸਵਰਗੀ ਥਾਵਾਂ ਵਿੱਚ ਉਸ ਨੂੰ ਆਪਣੇ ਸੱਜੇ ਹੱਥ ਬਿਠਾਇਆ,#1:20 ਇਬ 10:22; ਜ਼ਬੂ 110:1 21ਉਹ ਸਾਰੀ ਤਾਕਤ, ਰਾਜ, ਸ਼ਕਤੀ, ਅਧਿਕਾਰ ਅਤੇ ਹਰ ਨਾਮ ਤੋਂ ਉੱਪਰ, ਭਾਵੇਂ ਇਸ ਯੁੱਗ ਦਾ ਹੋਵੇ ਜਾਂ ਆਉਣ ਵਾਲੇ ਯੁੱਗ ਦਾ। 22ਅਤੇ ਪਰਮੇਸ਼ਵਰ ਨੇ ਸਭ ਕੁਝ ਉਸ ਦੇ ਪੈਰਾਂ ਹੇਠ ਰੱਖਿਆ ਅਤੇ ਉਸ ਨੂੰ ਕਲੀਸਿਆ ਦੀ ਹਰ ਚੀਜ਼ ਦਾ ਮੁੱਖੀ ਠਹਿਰਾਇਆ।#1:22 ਕੁਲੁੱ 2:10; ਜ਼ਬੂ 8:6 23ਕਲੀਸਿਆ, ਜੋ ਉਸ ਦਾ ਸਰੀਰ ਹੈ, ਉਸ ਦੀ ਸੰਪੂਰਨਤਾ, ਜੋ ਹਰ ਇੱਕ ਵਿੱਚ ਸਭ ਕੁਝ ਭਰਦਾ ਹੈ।