ਰਸੂਲਾਂ 19
19
ਅਫ਼ਸੀਆਂ ਸ਼ਹਿਰ ਵਿੱਚ ਪੌਲੁਸ
1ਜਦੋਂ ਅਪੁੱਲੋਸ ਕੁਰਿੰਥੁਸ ਵਿੱਚ ਸੀ, ਪੌਲੁਸ ਅੰਦਰਲੇ ਰਸਤੇ ਵਿੱਚੋਂ ਦੀ ਹੋ ਕੇ ਅਫ਼ਸੀਆਂ ਪਹੁੰਚਿਆ। ਉੱਥੇ ਉਸ ਨੂੰ ਕੁਝ ਚੇਲੇ ਮਿਲੇ 2ਅਤੇ ਪੌਲੁਸ ਨੇ ਉਨ੍ਹਾਂ ਨੂੰ ਪੁੱਛਿਆ, “ਕੀ ਤੁਹਾਨੂੰ ਪਵਿੱਤਰ ਆਤਮਾ ਮਿਲਿਆ ਜਦੋਂ ਤੁਸੀਂ ਵਿਸ਼ਵਾਸ ਕੀਤਾ ਸੀ?”
ਉਨ੍ਹਾਂ ਨੇ ਉੱਤਰ ਦਿੱਤਾ, “ਨਹੀਂ, ਇੱਥੋਂ ਤੱਕ ਕਿ ਅਸੀਂ ਤਾਂ ਇਹ ਵੀ ਨਹੀਂ ਸੁਣਿਆ ਕਿ ਇੱਕ ਪਵਿੱਤਰ ਆਤਮਾ ਹੈ।”
3ਫਿਰ ਪੌਲੁਸ ਨੇ ਪੁੱਛਿਆ, “ਤਾਂ ਤੁਸੀਂ ਕਿਹੜਾ ਬਪਤਿਸਮਾ ਲਿਆ?”
ਉਨ੍ਹਾਂ ਨੇ ਜਵਾਬ ਦਿੱਤਾ, “ਅਸੀਂ ਯੋਹਨ ਦਾ ਬਪਤਿਸਮਾ ਲਿਆ।”
4ਪੌਲੁਸ ਨੇ ਕਿਹਾ, “ਯੋਹਨ ਨੇ ਤਾਂ ਤੋਬਾ ਦਾ ਬਪਤਿਸਮਾ ਦਿੱਤਾ। ਉਸ ਨੇ ਲੋਕਾਂ ਨੂੰ ਕਿਹਾ ਕਿ ਤੁਸੀਂ ਉਸ ਉੱਤੇ ਜੋ ਮੇਰੇ ਤੋਂ ਬਾਅਦ ਇੱਕ ਆਉਣ ਵਾਲਾ ਹੈ, ਅਰਥਾਤ, ਯਿਸ਼ੂ ਉੱਤੇ ਵਿਸ਼ਵਾਸ ਕਰੋ।” 5ਇਹ ਸੁਣਦਿਆਂ ਹੀ, ਉਨ੍ਹਾਂ ਨੇ ਪ੍ਰਭੂ ਯਿਸ਼ੂ ਦੇ ਨਾਮ ਵਿੱਚ ਬਪਤਿਸਮਾ ਲਿਆ। 6ਜਦੋਂ ਪੌਲੁਸ ਨੇ ਉਨ੍ਹਾਂ ਉੱਤੇ ਆਪਣੇ ਹੱਥ ਰੱਖੇ, ਉਨ੍ਹਾਂ ਉੱਤੇ ਪਵਿੱਤਰ ਆਤਮਾ ਉਤਰਿਆ, ਅਤੇ ਉਹ ਵੱਖੋ-ਵੱਖਰੀਆਂ ਭਾਸ਼ਾਵਾਂ ਵਿੱਚ ਬੋਲਣ ਅਤੇ ਭਵਿੱਖਬਾਣੀ ਕਰਨ ਲੱਗੇ। 7ਸਾਰੇ ਤਕਰੀਬਨ ਕੁੱਲ ਮਿਲਾ ਕੇ ਬਾਰ੍ਹਾਂ ਆਦਮੀ ਸਨ।
8ਪੌਲੁਸ ਪ੍ਰਾਰਥਨਾ ਸਥਾਨ#19:8 ਪ੍ਰਾਰਥਨਾ ਸਥਾਨ ਯਹੂਦੀ ਪ੍ਰਾਰਥਨਾ ਸਥਾਨ ਵਿੱਚ ਗਿਆ ਅਤੇ ਉੱਥੇ ਤਿੰਨ ਮਹੀਨਿਆਂ ਤੱਕ ਦਲੇਰੀ ਨਾਲ ਬਚਨ ਸਿਖਾਉਂਦਾ ਰਿਹਾ, ਅਤੇ ਪਰਮੇਸ਼ਵਰ ਦੇ ਰਾਜ ਬਾਰੇ ਦ੍ਰਿੜਤਾ ਨਾਲ ਵਾਦ-ਵਿਵਾਦ ਕਰਦਾ ਰਿਹਾ। 9ਪਰ ਉਨ੍ਹਾਂ ਵਿੱਚੋਂ ਕੁਝ ਜ਼ਿੱਦੀ ਬਣ ਗਏ; ਤਾਂ ਉਨ੍ਹਾਂ ਨੇ ਵਿਸ਼ਵਾਸ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸਾਰਿਆਂ ਦੇ ਸਾਹਮਣੇ ਪ੍ਰਭੂ ਦੇ ਬੁਰਾ ਕਹਿਣ ਲੱਗੇ। ਇਸ ਲਈ ਪੌਲੁਸ ਨੇ ਉਨ੍ਹਾਂ ਨੂੰ ਛੱਡ ਦਿੱਤਾ। ਉਹ ਚੇਲਿਆਂ ਨੂੰ ਆਪਣੇ ਨਾਲ ਲੈ ਕੇ ਅਲੱਗ ਹੋ ਗਿਆ ਅਤੇ ਟਾਇਰਨੁਸ ਨਾਮ ਦੇ ਭਾਸ਼ਣ ਹਾਲ ਵਿੱਚ ਹਰ ਰੋਜ਼ ਬਚਨ ਸੁਣਾਉਂਦਾ ਤੇ ਵਿਚਾਰ-ਵਟਾਂਦਰੇ ਕਰਦੇ ਰਹੇ। 10ਇਹ ਕੰਮ ਦੋ ਸਾਲਾਂ ਤੱਕ ਚਲਦਾ ਰਿਹਾ, ਇਸ ਲਈ ਏਸ਼ੀਆ ਦੇ ਪ੍ਰਾਂਤ ਵਿੱਚ ਰਹਿੰਦੇ ਸਾਰੇ ਯਹੂਦੀ ਅਤੇ ਯੂਨਾਨੀਆਂ ਨੇ ਪ੍ਰਭੂ ਦਾ ਬਚਨ ਸੁਣਿਆ।
11ਪਰਮੇਸ਼ਵਰ ਨੇ ਪੌਲੁਸ ਦੁਆਰਾ ਅਨੋਖੇ ਚਮਤਕਾਰ ਕੀਤੇ, 12ਐਥੋਂ ਤੱਕ ਜੋ ਰੁਮਾਲ ਅਤੇ ਪਰਨਾਂ ਉਹ ਦੇ ਸਰੀਰ ਨਾਲ ਛੁਆ ਕੇ ਰੋਗੀਆਂ ਉੱਤੇ ਪਾਉਂਦੇ ਸਨ, ਅਤੇ ਉਨ੍ਹਾਂ ਦੇ ਰੋਗ ਦੂਰ ਹੋ ਜਾਂਦੇ ਅਤੇ ਉਨ੍ਹਾਂ ਵਿੱਚੋਂ ਦੁਸ਼ਟ ਆਤਮਾਵਾਂ ਨਿੱਕਲ ਜਾਂਦੀਆਂ ਸਨ।
13ਕੁਝ ਯਹੂਦੀ ਪਿੰਡਾਂ ਵਿੱਚ ਘੁੰਮਦੇ ਅਤੇ ਦੁਸ਼ਟ ਆਤਮਾਵਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਉਨ੍ਹਾਂ ਵਿਚੋਂ ਜਿਹੜੇ ਲੋਕ ਨੂੰ ਭੂਤ ਚਿੰਬੜੇ ਹੋਏ ਸਨ ਉਹ ਪ੍ਰਭੂ ਯਿਸ਼ੂ ਦੇ ਨਾਮ ਵਿੱਚ ਬੇਨਤੀ ਕਰਦੇ। ਉਹ ਕਹਿੰਦੇ ਸਨ, “ਕਿ ਯਿਸ਼ੂ ਦੇ ਨਾਮ ਵਿੱਚ ਜਿਸ ਦਾ ਪੌਲੁਸ ਪ੍ਰਚਾਰ ਕਰਦਾ, ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਬਾਹਰ ਨਿਕਲ ਆਓ।” 14ਸਕੇਵਾ ਨਾਮ ਦਾ ਯਹੂਦੀ ਮੁੱਖ ਜਾਜਕ ਦੇ ਸੱਤ ਪੁੱਤਰ ਇਹੋ ਕੰਮ ਕਰ ਰਹੇ ਸਨ। 15ਇੱਕ ਦਿਨ ਦੁਸ਼ਟ ਆਤਮਾ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਯਿਸ਼ੂ ਨੂੰ ਮੈਂ ਜਾਣਦੀ ਹਾਂ, ਅਤੇ ਮੈਂ ਪੌਲੁਸ ਨੂੰ ਵੀ ਜਾਣਦੀ ਹਾਂ, ਪਰ ਤੁਸੀਂ ਕੌਣ ਹੋ?” 16ਫਿਰ ਉਹ ਆਦਮੀ ਜਿਸ ਨੂੰ ਦੁਸ਼ਟ ਆਤਮਾ ਚਿੰਬੜਿਆ ਹੋਇਆ ਸੀ ਉਸ ਨੇ ਉਨ੍ਹਾਂ ਦੇ ਉੱਤੇ ਛਾਲ ਮਾਰੀ ਅਤੇ ਉਨ੍ਹਾਂ ਸਾਰਿਆਂ ਨੂੰ ਵੱਸ ਵਿੱਚ ਕਰ ਲਿਆ। ਉਸ ਨੇ ਉਨ੍ਹਾਂ ਨਾਲ ਅਜਿਹੀ ਕੁੱਟਮਾਰ ਕੀਤੀ ਕਿ ਉਹ ਨੰਗੇ ਅਤੇ ਜ਼ਖਮੀ ਹੋ ਕੇ ਉਸ ਘਰ ਵਿੱਚੋਂ ਭੱਜ ਨਿੱਕਲੇ।
17ਜਦੋਂ ਇਹ ਗੱਲ ਅਫ਼ਸੀਆਂ ਵਿੱਚ ਰਹਿੰਦੇ ਯਹੂਦੀਆਂ ਅਤੇ ਯੂਨਾਨੀਆਂ ਨੂੰ ਪਤਾ ਲੱਗੀ, ਤਾਂ ਉਹ ਸਾਰੇ ਲੋਕ ਡਰ ਨਾਲ ਭਰ ਗਏ ਸਨ, ਅਤੇ ਉਨ੍ਹਾਂ ਨੇ ਪ੍ਰਭੂ ਯਿਸ਼ੂ ਦੀ ਵਡਿਆਈ ਕੀਤੀ। 18ਹੁਣ ਪ੍ਰਭੂ ਉੱਤੇ ਵਿਸ਼ਵਾਸ ਕਰਨ ਵਾਲੇ ਬਹੁਤ ਸਾਰੇ ਆਏ ਅਤੇ ਖੁਲ੍ਹ ਕੇ ਉਨ੍ਹਾਂ ਨੇ ਆਪਣੇ ਪਾਪਾਂ ਨੂੰ ਕਬੂਲ ਕੀਤਾ। 19ਬਹੁਤ ਸਾਰੇ ਜਿਨ੍ਹਾਂ ਨੇ ਜਾਦੂ-ਟੂਣਾ ਕਰਨ ਦਾ ਅਭਿਆਸ ਕੀਤਾ ਸੀ, ਆਪਣੀਆਂ ਪੋਥੀਆਂ ਨੂੰ ਇਕੱਠੀਆਂ ਕਰਕੇ ਲਿਆਏ ਅਤੇ ਸਾਰਿਆਂ ਦੇ ਸਾਹਮਣੇ ਸਾੜ ਦਿੱਤਾ। ਜਦੋਂ ਉਨ੍ਹਾਂ ਨੇ ਪੋਥੀਆਂ ਦੀ ਕੀਮਤ ਦਾ ਜੋੜ ਕੀਤਾ, ਤਾਂ ਕੁਲ ਮਿਲਾ ਕੇ ਪੰਜਾਹ ਹਜ਼ਾਰ ਰੁਪਿਆ#19:19 ਇੱਕ ਚਾਂਦੀ ਦਾ ਸਿੱਕਾ ਲਗਭਗ ਮਜ਼ਦੂਰ ਦੀ ਇੱਕ ਦਿਨ ਦੀ ਮਜ਼ਦੂਰੀ ਦੇ ਬਰਾਬਰ ਸੀ। ਹੋਇਆ। 20ਇਸ ਤਰ੍ਹਾਂ ਪ੍ਰਭੂ ਦਾ ਬਚਨ ਜ਼ੋਰ ਨਾਲ ਫੈਲਦਾ ਅਤੇ ਸ਼ਕਤੀ ਵਿੱਚ ਵਧਦਾ ਗਿਆ।
21ਇਸ ਤੋਂ ਬਾਅਦ ਪੌਲੁਸ ਨੇ ਆਪਣੇ ਮਨ ਵਿੱਚ ਮਕਦੂਨਿਯਾ ਅਤੇ ਅਖਾਯਾ ਰਾਹੀਂ ਯੇਰੂਸ਼ਲੇਮ ਜਾਣ ਦਾ ਫ਼ੈਸਲਾ ਕੀਤਾ। ਉਹ ਮਨ ਹੀ ਮਨ ਸੋਚ ਰਿਹਾ ਸੀ, “ਇਸ ਸਭ ਤੋਂ ਬਾਅਦ, ਮੇਰਾ ਰੋਮ ਜਾਣਾ ਠੀਕ ਰਹੇਗਾ।” 22ਉਸ ਨੇ ਆਪਣੇ ਦੋ ਸਹਾਇਕ ਤਿਮੋਥਿਉਸ ਅਤੇ ਇਰਾਸਤੁਸ ਨੂੰ ਮਕਦੂਨਿਯਾ ਭੇਜਿਆ, ਜਦੋਂ ਕਿ ਉਹ ਏਸ਼ੀਆ ਦੇ ਪ੍ਰਾਂਤ ਵਿੱਚ ਥੋੜਾ ਸਮਾਂ ਰਿਹਾ।
ਅਫ਼ਸੀਆਂ ਵਿੱਚ ਦੰਗੇ
23ਉਸ ਸਮੇਂ ਪ੍ਰਭੂ ਦੇ ਰਸਤੇ ਬਾਰੇ ਵਿੱਚ ਇੱਕ ਬਹੁਤ ਵੱਡਾ ਹੰਗਾਮਾ ਅਫ਼ਸੀਆਂ ਦੇ ਸ਼ਹਿਰ ਵਿੱਚ ਹੋਇਆ। 24ਕਿਉਂ ਜੋ ਦੇਮੇਤ੍ਰਿਯੁਸ ਨਾਮ ਦਾ ਇੱਕ ਸੁਨਿਆਰ ਅਰਤਿਮਿਸ ਦੇ ਚਾਂਦੀ ਦਾ ਮੰਦਰ ਬਣਵਾ ਕੇ, ਕਾਰੀਗਰਾਂ ਨੂੰ ਬਹੁਤ ਕੰਮ ਦੁਆਉਂਦਾ ਸੀ। 25ਦੇਮੇਤ੍ਰਿਯੁਸ ਨੇ ਆਪਣੇ ਕਾਮਿਆਂ ਅਤੇ ਉਨ੍ਹਾਂ ਹੋਰਾਂ ਦੀ ਵੀ ਇੱਕ ਮੀਟਿੰਗ ਸੱਦੀ ਜਿਨ੍ਹਾਂ ਨੇ ਚਾਂਦੀ ਦੀਆਂ ਛੋਟੀਆਂ ਮੂਰਤੀਆਂ ਬਣਾਈਆਂ। ਉਸ ਨੇ ਉਨ੍ਹਾਂ ਨੂੰ ਕਿਹਾ, “ਮੇਰੇ ਦੋਸਤੋ, ਤੁਸੀਂ ਜਾਣਦੇ ਹੋ ਕਿ ਅਸੀਂ ਆਪਣੇ ਇਸ ਕਿਸਮ ਦੇ ਕੰਮ ਕਰਕੇ ਬਹੁਤ ਸਾਰਾ ਪੈਸਾ ਕਮਾਉਂਦੇ ਹਾਂ। 26ਨਾਲ ਹੀ, ਤੁਸੀਂ ਜਾਣਦੇ ਹੋ ਕਿ ਕਿਵੇਂ ਇਸ ਪੌਲੁਸ ਨੇ ਇੱਥੇ ਅਫ਼ਸੀਆਂ ਵਿੱਚ ਅਤੇ ਅਸਲ ਵਿੱਚ ਪੂਰੇ ਏਸ਼ੀਆ ਪ੍ਰਾਂਤ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਯਕੀਨ ਦਿਵਾਇਆ ਅਤੇ ਗੁਮਰਾਹ ਕੀਤਾ ਹੋਇਆ ਹੈ। ਉਹ ਕਹਿੰਦਾ ਹੈ ਕਿ ਮਨੁੱਖ ਦੇ ਹੱਥਾਂ ਦੁਆਰਾ ਬਣਾਏ ਦੇਵਤੇ ਕੋਈ ਵੀ ਦੇਵਤਾ ਨਹੀਂ ਹਨ। 27ਇੱਥੇ ਸਿਰਫ ਇਹ ਖ਼ਤਰਾ ਨਹੀਂ, ਜੋ ਸਾਡਾ ਕੰਮ ਮੰਦਾ ਪੈ ਜਾਵੇਗਾ ਸਗੋਂ ਇਹ ਵੀ ਦੁੱਖ ਹੈ ਕਿ ਮਹਾਨ ਦੇਵੀ ਅਰਤਿਮਿਸ ਦੇ ਹੈਕਲ ਨੂੰ ਬਦਨਾਮ ਕੀਤਾ ਜਾਵੇਗਾ; ਜਿਸ ਦੀ ਪੂਜਾ ਏਸ਼ੀਆ ਅਤੇ ਦੁਨੀਆਂ ਭਰ ਵਿੱਚ ਕੀਤੀ ਜਾਂਦੀ ਹੈ, ਉਸ ਦੀ ਖਾਸ ਮਹਿਮਾ ਜਾਂਦੀ ਰਹੇਗੀ।”
28ਜਦੋਂ ਉਨ੍ਹਾਂ ਨੇ ਇਹ ਸੁਣਿਆ ਤਾਂ ਉਹ ਬੜੇ ਗੁੱਸੇ ਵਿੱਚ ਆਏ ਅਤੇ ਉੱਚੀ ਆਵਾਜ਼ ਨਾਲ ਬੋਲਣ ਲੱਗੇ, “ਅਰਤਿਮਿਸ, ਅਫ਼ਸੀਆਂ ਦੀ ਦੇਵੀ ਮਹਾਨ ਹੈ!” 29ਉਸੇ ਵੇਲੇ ਹੀ ਸਾਰੇ ਸ਼ਹਿਰ ਵਿੱਚ ਹਫੜਾ-ਦਫੜੀ ਮੱਚ ਗਈ। ਲੋਕਾਂ ਨੇ ਮਕਦੂਨਿਯਾ ਦੇ ਵਸਨੀਕ ਜੋ ਪੌਲੁਸ ਦੇ ਯਾਤਰਾ ਕਰਨ ਵਾਲੇ ਸਾਥੀ ਗਾਯੁਸ ਅਤੇ ਅਰਿਸਤਰਖੁਸ ਨੂੰ ਕਾਬੂ ਕਰ ਲਿਆ ਅਤੇ ਆਪਣੇ ਨਾਲ ਖਿੱਚ ਕੇ ਤਮਾਸ਼ੇ ਘਰ ਵਿੱਚ ਲੈ ਗਏ। 30ਜਦੋਂ ਪੌਲੁਸ ਭੀੜ ਦੇ ਸਾਮ੍ਹਣੇ ਪੇਸ਼ ਹੋਣਾ ਚਾਹੁੰਦਾ ਸੀ, ਤਾਂ ਚੇਲਿਆਂ ਨੇ ਉਹ ਨੂੰ ਨਾ ਜਾਣ ਦਿੱਤਾ। 31ਅਤੇ ਏਸ਼ੀਆ ਦੇ ਹਾਕਮਾਂ ਵਿੱਚੋਂ ਵੀ ਕਈਆਂ ਨੇ ਜੋ ਪੌਲੁਸ ਦੇ ਮਿੱਤਰ ਸਨ, ਮਿੰਨਤ ਨਾਲ ਉਹ ਦੇ ਕੋਲ ਚੇਤਾਵਨੀ ਦੇ ਕੇ ਭੇਜਿਆ ਕਿ ਤਮਾਸ਼ੇ ਘਰ ਵਿੱਚ ਨਾ ਵੜਨਾ।
32ਸਭਾ ਉਲਝਣ ਵਿੱਚ ਪਈ ਹੋਈ ਸੀ: ਕੋਈ ਇੱਕ ਗੱਲ ਦਾ ਰੌਲਾ ਪਾ ਰਿਹਾ ਸੀ, ਅਤੇ ਕੁਝ ਦੂਸਰੀ ਗੱਲ ਦਾ। ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਉੱਥੇ ਕਿਉਂ ਆਏ ਸਨ। 33ਉਥੋਂ ਦੇ ਇੱਕ ਯਹੂਦੀ ਦਾ ਨਾਂ ਅਲੇਕਜ਼ੈਂਡਰ ਸੀ। ਕੁਝ ਯਹੂਦੀਆਂ ਨੇ ਭੀੜ ਵਿਚੋਂ ਉਸ ਨੂੰ ਮੋਰਚੇ ਦੇ ਸਾਹਮਣੇ ਵੱਲ ਧੱਕ ਦਿੱਤਾ, ਤਾਂ ਜੋ ਉਹ ਲੋਕਾਂ ਦੀ ਭੀੜ ਨਾਲ ਗੱਲ ਕਰ ਸਕੇ। ਤਾਂ ਅਲੇਕਜ਼ੈਂਡਰ ਨੇ ਹੱਥ ਨਾਲ ਇਸ਼ਾਰਾ ਕਰਕੇ ਆਪਣੇ ਬਚਾਉ ਲਈ ਲੋਕਾਂ ਨੂੰ ਚੁੱਪ ਰਹਿਣ ਲਈ ਪ੍ਰੇਰਿਆ। 34ਪਰ ਜਦੋਂ ਲੋਕਾਂ ਦੀ ਭੀੜ ਨੂੰ ਅਹਿਸਾਸ ਹੋਇਆ ਕਿ ਉਹ ਇੱਕ ਯਹੂਦੀ ਸੀ, ਤਾਂ ਉਨ੍ਹਾਂ ਸਾਰਿਆਂ ਨੇ ਲਗਭਗ ਦੋ ਘੰਟੇ ਇਕੱਠੇ ਹੋ ਕੇ ਰੌਲਾ ਪਾਇਆ, “ਅਰਤਿਮਿਸ, ਅਫ਼ਸੀਆਂ ਦੀ ਦੇਵੀ, ਮਹਾਨ ਹੈ!”
35ਸ਼ਹਿਰ ਦੇ ਮੁਨਸ਼ੀ ਨੇ ਭੀੜ ਨੂੰ ਸ਼ਾਂਤ ਕਰਦਿਆਂ ਕਿਹਾ, “ਹੇ ਅਫ਼ਸੀਆਂ ਦੇ ਲੋਕੋ, ਕੀ ਸਾਰੇ ਸੰਸਾਰ ਨੂੰ ਨਹੀਂ ਪਤਾ ਕਿ ਅਫ਼ਸੀਆਂ ਸ਼ਹਿਰ ਮਹਾਨ ਅਰਤਿਮਿਸ ਅਤੇ ਉਸ ਦੀ ਮੂਰਤੀ ਦਾ ਰਾਖਾ ਹੈ ਜੋ ਸਵਰਗ ਤੋਂ ਡਿੱਗਿਆ ਸੀ! 36ਇਸ ਲਈ, ਕਿਉਂਕਿ ਇਹ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਤੁਹਾਨੂੰ ਸ਼ਾਂਤ ਹੋਣਾ ਚਾਹੀਦਾ ਹੈ ਅਤੇ ਕੁਝ ਵੀ ਜਲਦਬਾਜ਼ੀ ਵਿੱਚ ਨਹੀਂ ਕਰਨਾ ਚਾਹੀਦਾ। 37ਤੁਸੀਂ ਇਨ੍ਹਾਂ ਮਨੁੱਖਾਂ ਨੂੰ ਇੱਥੇ ਲਿਆਏ ਹੋ, ਹਾਲਾਂਕਿ ਉਨ੍ਹਾਂ ਨੇ ਨਾ ਤਾਂ ਹੈਕਲ ਲੁੱਟੇ ਹਨ ਅਤੇ ਨਾ ਹੀ ਸਾਡੀ ਦੇਵੀਂ ਦੀ ਬੇਇੱਜ਼ਤੀ ਕੀਤੀ ਹੈ। 38ਜੇ ਤਾਂ ਦੇਮੇਤ੍ਰਿਯੁਸ ਅਤੇ ਉਸ ਦੇ ਸਾਥੀ ਕਾਰੀਗਰਾਂ ਨੂੰ ਕਿਸੇ ਵਿਰੁੱਧ ਸ਼ਿਕਾਇਤ ਹੈ, ਤਾਂ ਅਦਾਲਤ ਖੁੱਲੀਆਂ ਹਨ ਅਤੇ ਸਰਕਾਰੀ ਵਕੀਲ ਵੀ ਹਨ। ਤੁਸੀਂ ਉੱਥੇ ਕਿਸੇ ਨੂੰ ਵੀ ਦੋਸ਼ੀ ਠਹਿਰਾ ਸਕਦੇ ਹੋ। 39ਪਰ ਜੇ ਤੁਸੀਂ ਕਿਸੇ ਹੋਰ ਚੀਜ਼ ਬਾਰੇ ਪੁੱਛਣਾ ਚਾਹੁੰਦੇ ਹੋ, ਤਾਂ ਤੁਹਾਨੂੰ ਹੋਰ ਅਧਿਕਾਰੀਆਂ ਨੂੰ ਇਸ ਨੂੰ ਹੱਲ ਕਰਨ ਲਈ ਕਹਿਣਾ ਚਾਹੀਦਾ ਹੈ ਜਦੋਂ ਉਹ ਅਧਿਕਾਰੀ ਕਾਨੂੰਨੀ ਤੌਰ ਤੇ ਇਕੱਠੇ ਹੁੰਦੇ ਹਨ। 40ਜਿਵੇਂ ਕਿ ਇਹ ਹੈ, ਅੱਜ ਜੋ ਵਾਪਰਿਆ ਹੈ ਉਸ ਕਾਰਨ ਸਾਡੇ ਉੱਤੇ ਦੰਗੇ ਕਰਨ ਦੇ ਦੋਸ਼ ਲੱਗਣ ਦਾ ਖ਼ਤਰਾ ਹੈ। ਅਜਿਹੀ ਸਥਿਤੀ ਵਿੱਚ ਅਸੀਂ ਇਸ ਹੰਗਾਮੇ ਦਾ ਲੇਖਾ ਨਹੀਂ ਦੇ ਸਕਾਂਗੇ, ਕਿਉਂਕਿ ਇਸ ਦਾ ਕੋਈ ਕਾਰਨ ਨਹੀਂ ਹੈ।” 41ਉਸ ਨੇ ਇਹ ਕਹਿਣ ਤੋਂ ਬਾਅਦ ਸਭਾ ਨੂੰ ਸਮਾਪਤ ਕਰ ਦਿੱਤਾ।
Currently Selected:
ਰਸੂਲਾਂ 19: OPCV
Highlight
Share
Copy

Want to have your highlights saved across all your devices? Sign up or sign in
Biblica® Open ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
Biblica® Open Punjabi Contemporary Version™
Copyright © 2022, 2025 by Biblica, Inc.
“Biblica” ਸੰਯੁਕਤ ਰਾਜ ਅਮਰੀਕਾ ਦੇ ਪੇਟੈਂਟ ਅਤੇ ਟ੍ਰੇਡਮਾਰਕ ਦਫ਼ਤਰ ਵਿੱਚ Biblica, Inc. ਵੱਲੋਂ ਰਜਿਸਟਰਡ ਟ੍ਰੇਡਮਾਰਕ ਹੈ।
“Biblica” is a trademark registered in the United States Patent and Trademark Office by Biblica, Inc.
See promoVersionInfo in metadata.xml for Creative Commons license.