10
ਪੌਲੁਸ ਦਾ ਅਧਿਕਾਰ
1ਮੈਂ ਪੌਲੁਸ, ਜੋ ਤੁਹਾਡੇ ਵਿੱਚ ਮੌਜੂਦ ਹੋਣ ਵੇਲੇ ਨਿਮਰ ਹਾਂ, ਪਰ ਜਦੋਂ ਤੁਹਾਡੇ ਤੋਂ ਦੂਰ ਹਾਂ ਤਾਂ ਦਲੇਰ ਹਾਂ, ਮਸੀਹ ਦੀ ਉਦਾਰਤਾ ਅਤੇ ਨਰਮਾਈ ਵਿੱਚ ਤੁਹਾਨੂੰ ਨਿੱਜੀ ਅਪੀਲ ਕਰ ਰਿਹਾ ਹਾਂ! 2ਮੇਰੀ ਤੁਹਾਡੇ ਅੱਗੇ ਇਹ ਬੇਨਤੀ ਹੈ ਜਦੋਂ ਮੈਂ ਉੱਥੇ ਆਵਾਂ ਤਾਂ ਮੈਨੂੰ ਉਸ ਤਰ੍ਹਾਂ ਦਲੇਰ ਨਾ ਹੋਣਾ ਪਵੇ ਜਿੰਨਾਂ ਮੈਂ ਕੁਝ ਲੋਕਾਂ ਦੇ ਪ੍ਰਤੀ ਦਲੇਰ ਹੋਣ ਦੀ ਉਮੀਦ ਕਰਦਾ ਹਾਂ ਜਿਹੜੇ ਸੋਚਦੇ ਹਨ ਕਿ ਅਸੀਂ ਇਸ ਸੰਸਾਰ ਦੇ ਅਨੁਸਾਰ ਜੀਵਨ ਜੀਉਂਦੇ ਹਾਂ। 3ਭਾਵੇਂ ਅਸੀਂ ਸਰੀਰ ਦੇ ਵਿੱਚ ਜਿਉਂਦੇ ਹਾਂ, ਪਰ ਸਰੀਰ ਦੇ ਅਨੁਸਾਰ ਯੁੱਧ ਨਹੀਂ ਕਰਦੇ। 4ਇਸ ਲਈ ਸਾਡੇ ਯੁੱਧ ਦੇ ਹਥਿਆਰ ਸੰਸਾਰਕ ਨਹੀਂ, ਸਗੋਂ ਪਰਮੇਸ਼ਵਰ ਦੇ ਸ਼ਕਤੀਸ਼ਾਲੀ ਹਥਿਆਰ ਹਨ ਜੋ ਗੜ੍ਹਾਂ ਨੂੰ ਨਸ਼ਟ ਕਰ ਦਿੰਦੇ ਹਨ ਅਤੇ ਬਹੁਤ ਤਾਕਤਵਰ ਹਨ। 5ਸੋ ਅਸੀਂ ਵਹਿਮਾਂ ਨੂੰ ਅਤੇ ਹਰ ਇੱਕ ਉੱਚੀ ਗੱਲ ਨੂੰ ਜਿਹੜੀ ਪਰਮੇਸ਼ਵਰ ਦੇ ਗਿਆਨ ਦੇ ਵਿਰੁੱਧ ਸਿਰ ਚੁੱਕਦੀ ਹੈ, ਢਾਹ ਦਿੰਦੇ ਹਾਂ ਅਤੇ ਹਰ ਇੱਕ ਵਿਚਾਰ ਉੱਤੇ ਕਾਬੂ ਪਾਉਂਦੇ ਹਾਂ ਤਾਂ ਜੋ ਉਸ ਮਸੀਹ ਦੇ ਆਗਿਆਕਾਰੀ ਹੋਈਏ। 6ਅਤੇ ਜਦ ਤੁਹਾਡੀ ਆਗਿਆਕਾਰੀ ਪੂਰੀ ਹੋ ਜਾਵੇ ਤਾਂ ਅਸੀਂ ਹਰ ਤਰ੍ਹਾਂ ਦੇ ਅਣ-ਆਗਿਆਕਾਰੀ ਨੂੰ ਸਜ਼ਾ ਦੇਣ ਲਈ ਤਿਆਰ ਹਾਂ।
7ਤੁਸੀਂ ਉਹਨਾਂ ਗੱਲਾਂ ਨੂੰ ਜੋ ਸਾਹਮਣੇ ਹਨ, ਬਾਹਰੋਂ ਵੇਖਦੇ ਹੋ। ਜੇ ਕਿਸੇ ਨੂੰ ਇਹ ਭਰੋਸਾ ਹੋਵੇ ਕਿ ਉਹ ਆਪ ਮਸੀਹ ਦੇ ਹਨ, ਤਾਂ ਉਹ ਫਿਰ ਇਹ ਆਪਣੇ ਆਪ ਵਿੱਚ ਸੋਚੇ ਕਿ ਜਿਸ ਪ੍ਰਕਾਰ ਉਹ ਮਸੀਹ ਦਾ ਹੈ ਉਸੇ ਪ੍ਰਕਾਰ ਅਸੀਂ ਵੀ ਮਸੀਹ ਦੇ ਹਾਂ। 8ਜੇ ਮੈਂ ਉਸ ਅਧਿਕਾਰ ਦਾ ਕੁਝ ਜ਼ਿਆਦਾ ਮਾਣ ਕਰਾ ਜਿਹੜਾ ਪ੍ਰਭੂ ਨੇ ਸਾਨੂੰ ਤੁਹਾਨੂੰ ਗਿਰਾਉਣ ਲਈ ਨਹੀਂ ਸਗੋਂ ਤੁਹਾਨੂੰ ਬਣਾਉਂਣ ਲਈ ਦਿੱਤਾ ਹੈ ਤਾਂ ਵੀ ਮੈਂ ਸ਼ਰਮਿੰਦਾ ਨਹੀਂ ਹੋਵਾਗਾ। 9ਮੈਂ ਨਹੀਂ ਚਾਹੁੰਦਾ ਕਿ ਤੁਹਾਨੂੰ ਇਸ ਤਰ੍ਹਾਂ ਲੱਗੇ ਕਿ ਮੈਂ ਆਪਣੀਆਂ ਪੱਤਰੀਆ ਨਾਲ ਤੁਹਾਨੂੰ ਡਰਾਉਂਣ ਦੀ ਕੋਸ਼ਿਸ਼ ਕਰ ਰਿਹਾ ਹਾਂ। 10ਕਿਉਂਕਿ ਤੁਹਾਡੇ ਵਿੱਚੋਂ ਕੁਝ ਕਹਿੰਦੇ ਹਨ, “ਉਸ ਦੀਆਂ ਪੱਤਰੀਆਂ ਭਾਰੀਆਂ ਅਤੇ ਪ੍ਰਭਾਵਸ਼ਾਲੀ ਹਨ, ਪਰ ਆਪ ਸਰੀਰ ਨਾਲ ਮੌਜੂਦ ਹੋ ਕੇ ਕਮਜ਼ੋਰ ਹੈ ਅਤੇ ਉਸ ਦਾ ਬੋਲਣਾ ਵੀ ਕੁਝ ਨਹੀਂ ਹੈ।” 11ਇਨ੍ਹਾਂ ਲੋਕਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਦੋਂ ਅਸੀਂ ਤੁਹਾਡੇ ਨਾਲ ਨਹੀਂ ਹੁੰਦੇ ਤਾਂ ਜੋ ਕੁਝ ਅਸੀਂ ਪੱਤਰੀਆਂ ਵਿੱਚ ਹਾਂ ਉਹ ਹੀ ਅਸੀਂ ਤੁਹਾਡੇ ਸਾਹਮਣੇ ਵੀ ਹੁੰਦੇ ਹਾਂ ਜਦੋਂ ਅਸੀਂ ਤੁਹਾਡੇ ਵਿੱਚ ਮੌਜੂਦ ਹੁੰਦੇ ਹਾਂ।
12ਕਿਉਂਕਿ ਸਾਡੀ ਇਹ ਹਿੰਮਤ ਨਹੀਂ ਜੋ ਅਸੀਂ ਆਪਣੇ ਆਪ ਨੂੰ ਉਹਨਾਂ ਵਿੱਚੋਂ ਕਈਆ ਨਾਲ ਤੁਲਨਾ ਕਰੀਏ। ਜਦੋਂ ਉਹ ਆਪਣੇ ਆਪ ਨੂੰ ਆਪਣੇ ਦੁਆਰਾ ਮਾਪਦੇ ਹਨ ਅਤੇ ਆਪਣੀ ਤੁਲਨਾ ਆਪਣੇ ਆਪ ਨਾਲ ਹੀ ਕਰਦੇ ਹਨ, ਤਾਂ ਉਹ ਬੁੱਧੀਮਾਨ ਨਹੀਂ ਹੁੰਦੇ। 13ਪਰ ਅਸੀਂ, ਨਾਪ ਤੋਂ ਬਾਹਰ ਨਹੀਂ ਸਗੋਂ ਉਸ ਨਾਪ ਦੇ ਅੰਦਾਜ਼ੇ ਅਨੁਸਾਰ ਮਾਣ ਕਰਾਂਗੇ, ਜੋ ਪਰਮੇਸ਼ਵਰ ਨੇ ਸਾਨੂੰ ਵੰਡ ਕੇ ਦਿੱਤਾ ਹੈ, ਉਹ ਨਾਪ ਤੁਹਾਡੇ ਤੱਕ ਪਹੁੰਚਦਾ ਹੈ। 14ਅਸੀਂ ਆਪਣੇ ਆਪ ਨੂੰ ਜ਼ਿਆਦਾ ਨਹੀਂ ਵਧਾ ਰਹੇ, ਜਿਵੇਂ ਕਿ ਅਸੀਂ ਤੁਹਾਡੇ ਕੋਲ ਪਹੁੰਚੇ, ਅਸੀਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਮਸੀਹ ਦੀ ਖੁਸ਼ਖ਼ਬਰੀ ਲੈ ਕੇ ਆਏ ਸੀ। 15ਨਾ ਅਸੀਂ ਨਾਪ ਤੋਂ ਬਾਹਰ ਹੋ ਕੇ ਹੋਰਨਾਂ ਦੀਆਂ ਮਿਹਨਤਾਂ ਉੱਤੇ ਮਾਣ ਕਰਦੇ ਹਾਂ। ਸਾਡੀ ਆਸ ਇਹ ਹੈ ਕਿ ਜਿਵੇਂ ਤੁਹਾਡਾ ਵਿਸ਼ਵਾਸ ਵੱਧਦਾ ਜਾਵੇਂ, ਤਿਵੇਂ ਅਸੀਂ ਵੀ ਆਪਣੇ ਖੇਤਰ ਵਿੱਚ ਵਧਾਏ ਜਾਵਾਂਗੇ। 16ਤਾਂ ਜੋ ਅਸੀਂ ਤੁਹਾਡੇ ਤੋਂ ਦੂਰ ਦੇ ਖੇਤਰਾਂ ਵਿੱਚ ਸੁਣਾਈਏ। ਕਿਉਂਕਿ ਅਸੀਂ ਨਹੀਂ ਚਾਹੁੰਦੇ ਹੋਰਨਾਂ ਦੇ ਖੇਤਰਾਂ ਵਿੱਚ ਉਹਨਾਂ ਕੰਮਾਂ ਦੇ ਲਈ ਜਿਹੜੇ ਪਹਿਲੇ ਹੀ ਕੀਤੇ ਹੋਏ ਹਨ ਮਾਣ ਕਰੀਏ। 17ਪਰ, “ਜੇ ਕੋਈ ਮਾਣ ਕਰੇ ਉਹ ਪਰਮੇਸ਼ਵਰ ਵਿੱਚ ਮਾਣ ਕਰੇ।”#10:17 ਯਿਰ 9:24; 1 ਕੁਰਿੰ 1:31 18ਕਿਉਂਕਿ ਜੋ ਆਪਣੀ ਵਡਿਆਈ ਕਰਦਾ ਹੈ, ਉਹ ਪਰਵਾਨ ਨਹੀਂ ਹੁੰਦਾ ਹੈ ਪਰ ਉਹ ਜਿਸ ਦੀ ਵਡਿਆਈ ਪ੍ਰਭੂ ਕਰਦਾ ਹੈ।