YouVersion Logo
Search Icon

2 ਕੁਰਿੰਥੀਆਂ 11

11
ਪੌਲੁਸ ਅਤੇ ਝੂਠੇ ਰਸੂਲ
1ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੀ ਥੋੜੀ ਜਿਹੀ ਮੂਰਖਤਾਈ ਨੂੰ ਸਹਿਣ ਕਰੋ, ਹਾਂ ਜ਼ਰੂਰ ਸਹਿਣ ਕਰੋ! 2ਤੁਹਾਡੇ ਲਈ ਮੇਰੀ ਅਣਖ ਪਰਮੇਸ਼ਵਰ ਵਰਗੀ ਅਣਖ ਹੈ। ਇਸ ਲਈ ਜੋ ਮੈਂ ਵਿਆਹ ਲਈ ਤੁਹਾਨੂੰ ਇੱਕੋ ਹੀ ਪਤੀ ਨੂੰ ਸੌਂਪਿਆ ਤਾਂ ਜੋ ਤੁਹਾਨੂੰ ਪਵਿੱਤਰ ਕੁਆਰੀ ਵਾਂਗ ਮਸੀਹ ਲਈ ਅਰਪਣ ਕਰਾਂ। 3ਪਰ ਮੈਂ ਡਰਦਾ ਹਾਂ ਕਿ ਜਿਵੇਂ ਹੱਵਾਹ ਨੂੰ ਸੱਪ ਨੇ ਚਲਾਕੀ ਨਾਲ ਭਰਮਾ ਕੇ ਧੋਖਾ ਦਿੱਤਾ ਸੀ, ਉਸੇ ਤਰ੍ਹਾਂ ਸ਼ੈਤਾਨ ਤੁਹਾਡੇ ਮਨਾਂ ਨੂੰ ਤੁਹਾਡੀ ਇਮਾਨਦਾਰੀ ਅਤੇ ਸ਼ੁੱਧਤਾ ਜੋ ਮਸੀਹ ਵੱਲ ਹੈ ਉਸ ਨੂੰ ਮੋੜ ਦੇਵੇ।#11:3 1 ਥੱਸ 3:5; ਉਤ 3:13 4ਕਿਉਂਕਿ ਜੇ ਕੋਈ ਤੁਹਾਡੇ ਕੋਲ ਆਵੇ ਅਤੇ ਉਸ ਯਿਸ਼ੂ ਤੋਂ ਇਲਾਵਾ ਕਿਸੇ ਹੋਰ ਯਿਸ਼ੂ ਦਾ ਪ੍ਰਚਾਰ ਕਰੇ ਜਿਸ ਦਾ ਅਸੀਂ ਉਪਦੇਸ਼ ਤੁਹਾਨੂੰ ਦਿੱਤਾ ਸੀ, ਜਾਂ ਤੁਹਾਨੂੰ ਕੋਈ ਹੋਰ ਵੱਖਰਾ ਆਤਮਾ ਪ੍ਰਾਪਤ ਹੋਵੇ ਜਿਹੜਾ ਤੁਹਾਨੂੰ ਨਹੀਂ ਮਿਲਿਆ, ਜਾਂ ਤੁਸੀਂ ਕਿਸੇ ਹੋਰ ਖੁਸ਼ਖ਼ਬਰੀ ਨੂੰ ਮੰਨਦੇ ਹੋ ਜਿਸ ਨੂੰ ਤੁਸੀਂ ਪਹਿਲਾਂ ਨਹੀਂ ਸੀ ਮੰਨਿਆ, ਤਾਂ ਤੁਸੀਂ ਉਸ ਨੂੰ ਜਲਦੀ ਨਾਲ ਹੀ ਸਵੀਕਾਰ ਕਰ ਲੈਂਦੇ ਹੋ।
5ਕਿਉਂ ਜੋ ਮੈਂ ਉਹਨਾਂ “ਮਹਾਨ ਰਸੂਲਾਂ” ਵਿੱਚੋਂ ਆਪਣੇ ਆਪ ਨੂੰ ਕਿਸੇ ਨਾਲੋਂ ਘੱਟ ਨਹੀਂ ਸਮਝਦਾ ਹਾਂ। 6ਭਾਂਵੇ ਮੈਂ ਬੋਲਣ ਵਿੱਚ ਚੰਗਾ ਨਾ ਵੀ ਹੋਵਾਂ, ਪਰ ਮੇਰੇ ਕੋਲ ਗਿਆਨ ਘੱਟ ਨਹੀਂ। ਅਸੀਂ ਹਰ ਤਰ੍ਹਾਂ ਤੁਹਾਡੇ ਲਈ ਸਭਨਾਂ ਗੱਲਾਂ ਵਿੱਚ ਇਸ ਨੂੰ ਪ੍ਰਗਟ ਕੀਤਾ। 7ਕੀ ਤੁਹਾਨੂੰ ਮੁਫ਼ਤ ਵਿੱਚ ਪਰਮੇਸ਼ਵਰ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਕੇ ਤੁਹਾਨੂੰ ਉੱਚਾ ਕਰਨ ਲਈ ਆਪਣੇ ਆਪ ਨੂੰ ਨੀਵਾਂ ਕੀਤਾ, ਕੀ ਮੈਂ ਇਸ ਦੇ ਵਿੱਚ ਕੋਈ ਪਾਪ ਕੀਤਾ? 8ਤੁਹਾਡੀ ਸੇਵਾ ਕਰਨ ਲਈ ਮੈਂ ਦੂਸਰਿਆ ਕਲੀਸਿਆ ਕੋਲੋਂ ਮਦਦ ਲੈ ਕੇ ਉਹਨਾਂ ਨੂੰ ਲੁੱਟਿਆ। 9ਅਤੇ ਜਦੋਂ ਮੈਂ ਤੁਹਾਡੇ ਕੋਲ ਸੀ ਸੱਚ-ਮੁੱਚ, ਤਾਂ ਮੈਂ ਕਿਸੇ ਉੱਤੇ ਬੋਝ ਨਹੀਂ ਬਣਿਆ, ਕਿਉਂ ਜੋ ਭਰਾਵਾਂ ਨੇ ਮਕਦੂਨਿਯਾ ਪ੍ਰਦੇਸ਼ ਤੋਂ ਆ ਕੇ ਮੇਰੀਆਂ ਜ਼ਰੂਰਤਾਂ ਪੂਰੀਆਂ ਕੀਤੀਆ। ਅਤੇ ਆਪਣੇ ਆਪ ਨੂੰ ਤੁਹਾਡੇ ਲਈ ਬੋਝ ਬਣਨ ਤੋਂ ਰੋਕਿਆ ਅਤੇ ਲਗਾਤਾਰ ਇਸੇ ਤਰ੍ਹਾਂ ਹੀ ਕਰਾਂਗਾ। 10ਜੇ ਮਸੀਹ ਦੀ ਸੱਚਿਆਈ ਮੇਰੇ ਵਿੱਚ ਹੈ, ਤਾਂ ਅਖਾਯਾ ਪ੍ਰਦੇਸ਼ ਦੇ ਖੇਤਰਾਂ ਵਿੱਚ ਇਹ ਮੇਰਾ ਮਾਣ ਕਦੀ ਨਹੀਂ ਰੁਕੇਗਾ। 11ਕਿਉਂ? ਕੀ ਇਸ ਕਰਕੇ ਜੋ ਮੈਂ ਤੁਹਾਡੇ ਨਾਲ ਪਿਆਰ ਨਹੀਂ ਕਰਦਾ? ਪਰਮੇਸ਼ਵਰ ਜਾਣਦਾ ਹੈ।
12ਮੈਂ ਜੋ ਕੁਝ ਕਰ ਰਿਹਾ ਹਾਂ ਉਹੀ ਕਰਦਾ ਰਹਾਂਗਾ ਤਾਂ ਜੋ ਉਹਨਾਂ ਲੋਕਾਂ ਨੂੰ ਕੋਈ ਮੌਕਾ ਨਾ ਦਿੱਤਾ ਜਾਵੇ ਜੋ ਆਪਣੇ ਆਪ ਨੂੰ ਉਹਨਾਂ ਗੱਲਾਂ ਵਿੱਚ ਸਾਡੇ ਬਰਾਬਰ ਮੰਨੇ ਜਾਣ ਦਾ ਮੌਕਾ ਲੱਭਦੇ ਹਨ, ਜਿਨ੍ਹਾਂ ਬਾਰੇ ਅਸੀਂ ਮਾਣ ਕਰਦੇ ਹਾਂ। 13ਕਿਉਂ ਜੋ ਇਸ ਤਰ੍ਹਾਂ ਦੇ ਲੋਕ ਝੂਠੇ ਰਸੂਲ, ਅਤੇ ਛਲ ਕਰਨ ਵਾਲੇ ਹਨ, ਜੋ ਆਪਣੇ ਰੂਪ ਨੂੰ ਮਸੀਹ ਦੇ ਰਸੂਲਾਂ ਦੇ ਰੂਪ ਵਿੱਚ ਬਦਲਦੇ ਹਨ। 14ਅਤੇ ਇਹ ਕੋਈ ਵੱਡੀ ਗੱਲ ਨਹੀਂ ਕਿਉਂ ਜੋ ਸ਼ੈਤਾਨ ਵੀ ਆਪਣੇ ਆਪ ਚਾਨਣ ਦਾ ਦੂਤ ਹੋਣ ਦਾ ਨਾਟਕ ਕਰਦਾ ਹੈ। 15ਇਸ ਲਈ ਇਹ ਕੋਈ ਵੱਡੀ ਗੱਲ ਨਹੀਂ, ਜੇ ਉਸ ਦੇ ਸੇਵਕ ਵੀ ਧਾਰਮਿਕਤਾ ਦੇ ਸੇਵਕ ਹੋਣ ਦਾ ਨਾਟਕ ਕਰਦੇ ਹਨ। ਜਿਨ੍ਹਾਂ ਦਾ ਅੰਤ ਉਹਨਾਂ ਦੇ ਕੰਮਾਂ ਦੇ ਅਨੁਸਾਰ ਹੋਵੇਗਾ।
ਪੌਲੁਸ ਆਪਣੇ ਦੁੱਖ ਝੱਲਣ ਉੱਤੇ ਮਾਣ ਕਰਦਾ ਹੈ
16ਮੈਂ ਫਿਰ ਆਖਦਾ ਹਾਂ: ਕਿ ਕੋਈ ਮੈਨੂੰ ਮੂਰਖ ਨਾ ਸਮਝੇ। ਪਰ ਜੇ ਤੁਸੀਂ ਮੈਨੂੰ ਇਸ ਤਰ੍ਹਾਂ ਦਾ ਹੀ ਸਮਝਦੇ ਹੋ ਤਾਂ ਮੈਨੂੰ ਮੂਰਖ ਦੇ ਰੂਪ ਵਿੱਚ ਹੀ ਸਵੀਕਾਰ ਕਰ ਲਵੋਂ। ਤਾਂ ਜੋ ਮੈਨੂੰ ਵੀ ਮਾਣ ਕਰਨ ਦਾ ਮੌਕਾ ਮਿਲੇਗਾ। 17ਜੋ ਕੁਝ ਮੈਂ ਇਸ ਮਾਣ ਕਰਨ ਦੇ ਭਰੋਸੇ ਕਹਿੰਦਾ ਹਾਂ ਸੋ ਪ੍ਰਭੂ ਦੀ ਸਿੱਖਿਆ ਦੇ ਅਨੁਸਾਰ ਨਹੀਂ, ਪਰ ਜਿਵੇਂ ਮੂਰਖਤਾਈ ਨਾਲ ਕਹਿੰਦਾ ਹਾਂ। 18ਜਦੋਂ ਬਹੁਤ ਸਾਰੇ ਲੋਕ ਸਰੀਰ ਦੇ ਅਨੁਸਾਰ ਮਾਣ ਕਰਦੇ ਹਨ, ਮੈਂ ਵੀ ਮਾਣ ਕਰਾਂਗਾ। 19ਤੁਸੀਂ ਤਾਂ ਖੁਦ ਬੁੱਧਵਾਨ ਹੋ, ਇਸੇ ਕਾਰਨ ਮੂਰਖਾਂ ਨੂੰ ਖੁਸ਼ੀ ਨਾਲ ਸਹਾਰ ਲੈਂਦੇ ਹੋ। 20ਦਰਅਸਲ, ਤੁਸੀਂ ਸਹਾਰ ਲੈਂਦੇ ਹੋ, ਜਦੋਂ ਤੁਹਾਨੂੰ ਕੋਈ ਗੁਲਾਮ ਬਣਾਉਂਦਾ ਹੈ, ਜਾਂ ਤੁਹਾਡਾ ਸੋਸ਼ਣ ਕਰਦਾ ਹੈ, ਜਾਂ ਤੁਹਾਡਾ ਫ਼ਾਇਦਾ ਉਠਾਉਂਦਾ ਹੈ, ਆਪਣੇ ਆਪ ਨੂੰ ਉੱਚਿਆਂ ਕਰਦਾ ਹੈ, ਜਦ ਕੋਈ ਤੁਹਾਡੇ ਮੂੰਹ ਤੇ ਚਪੇੜਾਂ ਮਾਰਦਾ ਹੈ। 21ਮੈਨੂੰ ਸ਼ਰਮਿੰਦਾ ਹੋ ਕੇ ਕਹਿਣਾ ਪੈ ਰਿਹਾ ਹੈ, ਅਸੀਂ ਬਹੁਤ ਕਮਜ਼ੋਰ ਸੀ!
ਕੋਈ ਕਿਸੇ ਵੀ ਵਿਸ਼ੇ ਦਾ ਮਾਣ ਕਰਨ ਦਾ ਹੌਸਲਾ ਕਰੇ, ਮੈਂ ਇਸ ਮੂਰਖਤਾਈ ਨਾਲ ਬੋਲ ਰਿਹਾ ਹਾਂ, ਮੈ ਵੀ ਇਸ ਪ੍ਰਕਾਰ ਦਾ ਅਭਿਮਾਨ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹਾਂ। 22ਕੀ ਉਹ ਇਬਰਾਨੀ ਹਨ? ਮੈਂ ਵੀ ਹਾਂ। ਕੀ ਉਹ ਇਸਰਾਏਲੀ ਹਨ? ਮੈਂ ਵੀ ਹਾਂ। ਕੀ ਉਹ ਅਬਰਾਹਾਮ ਦੀ ਵੰਸ਼ ਵਿੱਚੋਂ ਹਨ? ਮੈਂ ਵੀ ਹਾਂ। 23ਕੀ ਉਹ ਮਸੀਹ ਦੇ ਸੇਵਕ ਹਨ? (ਮੈਂ ਬੇਸੁੱਧ ਵਾਂਗੂੰ ਬੋਲਦਾ ਹਾਂ।) ਮੈਂ ਉਹਨਾਂ ਨਾਲੋਂ ਵਧੀਕ ਹਾਂ। ਅਰਥਾਤ ਸਖ਼ਤ ਮਿਹਨਤ ਕਰਨ ਵਿੱਚ ਵੱਧ ਕੇ ਹਾਂ, ਕੈਦ ਵਿੱਚ ਵਧੀਕ, ਮਾਰ ਖਾਣ ਵਿੱਚ ਹੱਦੋਂ ਬਾਹਰ, ਮੌਤ ਦੇ ਜੋਖਮਾਂ ਵਿੱਚ ਵੀ ਵੱਧ ਕੇ ਹਾਂ।#11:23 ਬਿਵ 25:1-3 24ਮੈਂ ਪੰਜ ਵਾਰ ਯਹੂਦਿਆਂ ਦੇ ਹੱਥੋ ਉਨਤਾਲੀ-ਉਨਤਾਲੀ ਕੋਰੜੇ ਖਾਧੇ। 25ਤਿੰਨ ਵਾਰ ਬੈਂਤਾ ਨਾਲ ਕੁੱਟਿਆ ਗਿਆ, ਇੱਕ ਵਾਰ ਪਥਰਾਓ ਹੋਇਆ, ਤਿੰਨ ਵਾਰ ਕਿਸ਼ਤੀ ਦੇ ਟੁੱਟਣ ਦੇ ਕਾਰਨ ਦੁੱਖ ਭੋਗਿਆ, ਇੱਕ ਦਿਨ ਅਤੇ ਰਾਤ ਖੁਲ੍ਹੇ ਸਮੁੰਦਰ ਵਿੱਚ ਕੱਟਿਆ। 26ਬਹੁਤ ਵਾਰ ਯਾਤਰਾਵਾਂ ਵਿੱਚ, ਦਰਿਆਵਾਂ ਦੇ ਖਤਰਿਆ ਵਿੱਚ, ਡਾਕੂਆਂ ਦੇ ਖਤਰਿਆ ਵਿੱਚ, ਯਹੂਦਿਆ ਦੇ ਵੱਲੋਂ ਖਤਰੇ, ਗ਼ੈਰ-ਯਹੂਦੀਆਂ ਦੇ ਵੱਲੋ ਖਤਰੇ; ਸ਼ਹਿਰ ਦੇ ਖਤਰਿਆ ਵਿੱਚ, ਉਜਾੜ ਦੇ ਖਤਰਿਆ ਵਿੱਚ, ਅਤੇ ਝੂਠੇ ਵਿਸ਼ਵਾਸੀ ਦੇ ਖਤਰੇ ਦਾ ਵੀ ਸਾਹਮਣਾ ਕਰਨਾ ਪਿਆ। 27ਮੈਂ ਮਿਹਨਤ ਅਤੇ ਕਸ਼ਟ ਵਿੱਚ, ਅਤੇ ਕਈ ਰਾਤਾ ਜਾਗ ਕੇ; ਭੁੱਖੇ ਪਿਆਸੇ, ਅਕਸਰ ਵਰਤ ਵਿੱਚ; ਪੂਰੇ ਕੱਪੜਿਆ ਦੇ ਬਿਨ੍ਹਾਂ ਠੰਡ ਵਿੱਚ ਰਹਿ ਕੇ ਮੁਸ਼ਕਲਾਂ ਨੂੰ ਝੱਲਿਆ। 28ਅਤੇ ਸਭ ਸਮੱਸਿਆਵਾਂ ਤੋਂ ਇਲਾਵਾ, ਸਾਰੀਆਂ ਕਲੀਸਿਆਵਾਂ ਦੀ ਚਿੰਤਾ ਮੈਨੂੰ ਹਰ ਰੋਜ਼ ਸਤਾਉਂਦੀ ਹੈ। 29ਕੌਣ ਕਮਜ਼ੋਰ ਹੈ, ਜਿਸਦੀ ਕਮਜ਼ੋਰੀ ਦਾ ਅਹਿਸਾਸ ਮੈਨੂੰ ਨਹੀਂ ਹੁੰਦਾ? ਕੌਣ ਪਾਪ ਵੱਲ ਜਾਂਦਾ ਹੈ, ਤੇ ਮੇਰਾ ਜੀ ਨਹੀਂ ਜਲਦਾ?
30ਜੇ ਮੈਨੂੰ ਮਾਣ ਕਰਨਾ ਹੀ ਪਵੇਂ, ਤਾਂ ਆਪਣੀ ਕਮਜ਼ੋਰੀਆਂ ਦੀਆਂ ਗੱਲਾਂ ਉੱਤੇ ਮਾਣ ਕਰਾਂਗਾ। 31ਪ੍ਰਭੂ ਯਿਸ਼ੂ ਮਸੀਹ ਦਾ ਪਰਮੇਸ਼ਵਰ ਅਤੇ ਪਿਤਾ ਜਿਹੜਾ ਸਦਾ ਮੁਬਾਰਕ ਹੈ ਜਾਣਦਾ ਹੈ ਜੋ ਮੈਂ ਝੂਠ ਨਹੀਂ ਬੋਲਦਾ। 32ਜਦੋਂ ਮੈਂ ਦੰਮਿਸ਼ਕ ਸ਼ਹਿਰ ਦੇ ਵਿੱਚ ਸੀ ਰਾਜਾ ਅਰੇਤਾਸ ਦੇ ਰਾਜਪਾਲ ਨੇ ਮੈਨੂੰ ਗਿਫ੍ਰਤਾਰ ਕਰਨ ਲਈ ਦੰਮਿਸ਼ਕ ਸ਼ਹਿਰ ਉੱਤੇ ਪਹਿਰਾ ਬੈਠਾ ਦਿੱਤਾ। 33ਪਰ ਮੈਂ ਦੀਵਾਰ ਦੀ ਇੱਕ ਖਿੜਕੀ ਤੋਂ ਇੱਕ ਟੋਕਰੇ ਵਿੱਚ ਹੇਠਾਂ ਉਤਾਰ ਦਿੱਤਾ ਗਿਆ ਸੀ ਅਤੇ ਇਸ ਤਰ੍ਹਾਂ ਮੈਂ ਉਸ ਦੇ ਹੱਥੋ ਬਚ ਨਿੱਕਲਿਆ।

Highlight

Share

Copy

None

Want to have your highlights saved across all your devices? Sign up or sign in