ਮਰਕੁਸ ਦੀ ਇੰਜੀਲ 5
5
ਯਿਸੂ ਦਾ ਇੱਕ ਆਦਮੀ ਨੂੰ ਭਰਿਸ਼ਟ ਆਤਮਾ ਤੋਂ ਮੁਕਤ ਕਰਨਾ
(ਮੱਤੀ 8:28-34; ਲੂਕਾ 8:26-39)
1ਯਿਸੂ ਅਤੇ ਉਸ ਦੇ ਚੇਲੇ ਝੀਲ ਦੇ ਦੂਜੇ ਪਾਰ ਗਏ ਅਤੇ ਗਿਰਸੇਨੀਆ ਦੇ ਦੇਸ਼ ਨੂੰ ਆਏ। 2ਜਦੋਂ ਯਿਸੂ ਬੇੜੀ ਵਿੱਚੋਂ ਬਾਹਰ ਆਇਆ ਤਾਂ, ਕਬਰਾਂ ਵੱਲੋਂ ਇੱਕ ਮਨੁੱਖ ਜਿਸ ਨੂੰ ਭਰਿਸ਼ਟ ਆਤਮਾ ਚਿੰਬੜਿਆ ਹੋਇਆ ਸੀ, ਉਸ ਕੋਲ ਆਇਆ। 3ਇਹ ਮਨੁੱਖ ਕਬਰਾਂ ਵਿੱਚਕਾਰ ਰਹਿੰਦਾ ਸੀ। ਕੋਈ ਉਸ ਨੂੰ ਜੰਜ਼ੀਰਾਂ ਨਾਲ ਵੀ ਨਹੀਂ ਬੰਨ੍ਹ ਸੱਕਦਾ ਸੀ। 4ਕਈ ਵਾਰ ਉਸ ਦੇ ਹੱਥ ਅਤੇ ਪੈਰ ਸੰਗਲਾਂ ਨਾਲ ਜਕੜੇ ਗਏ ਸਨ। ਪਰ ਉਹ ਉਨ੍ਹਾਂ ਨੂੰ ਤੋੜ ਸੁੱਟਦਾ। ਕੋਈ ਵੀ ਆਦਮੀ ਇੰਨਾ ਤਾਕਤਵਰ ਨਹੀਂ ਸੀ ਕਿ ਉਸ ਨੂੰ ਕਾਬੂ ਕਰ ਸੱਕਦਾ। 5ਦਿਨ-ਰਾਤ ਇਹ ਆਦਮੀ ਕਬਰਾਂ ਵਿੱਚਕਾਰ ਅਤੇ ਪਹਾੜੀਆਂ ਤੇ ਰਹਿੰਦਾ ਸੀ। ਅਤੇ ਚੀਕਦਾ ਰਹਿੰਦਾ ਅਤੇ ਆਪਣੇ-ਆਪ ਨੂੰ ਪੱਥਰਾਂ ਨਾਲ ਜ਼ਖਮੀ ਕਰਦਾ ਰਹਿੰਦਾ ਸੀ।
6ਜਦੋਂ ਯਿਸੂ ਅਜੇ ਦੂਰ ਹੀ ਸੀ ਤਾਂ ਇਸ ਆਦਮੀ ਨੇ ਉਸ ਨੂੰ ਵੇਖ ਲਿਆ ਅਤੇ ਉਹ ਉਸ ਵੱਲ ਨਸਿਆ। ਅਤੇ ਉਸ ਅੱਗੇ ਜਾਕੇ ਝੁਕ ਗਿਆ। 7ਤੇ ਉਹ ਚੀਕਿਆ, “ਯਿਸੂ, ਤੂੰ ਮੇਰੇ ਨਾਲ ਕੀ ਕਰਨਾ ਚਾਹੁੰਦਾ? ਤੂੰ ਅੱਤ-ਮਹਾਨ ਪਰਮੇਸ਼ੁਰ ਦਾ ਪੁੱਤਰ ਹੈ! ਮੈਂ ਤੈਨੂੰ ਪਰਮੇਸ਼ੁਰ ਦੀ ਸੌਂਹ ਦਿੰਦਾ ਹਾਂ ਕਿ ਤੂੰ ਮੈਨੂੰ ਕਸ਼ਟ ਨਹੀਂ ਦੇਵੇਂਗਾ।” 8ਉਸ ਨੇ ਅਜਿਹਾ ਇਸ ਲਈ ਆਖਿਆ ਕਿਉਂਕਿ ਯਿਸੂ ਨੇ ਉਸ ਆਦਮੀ ਨੂੰ ਆਖਿਆ ਸੀ, “ਤੂੰ ਭਰਿਸ਼ਟ ਆਤਮਾ, ਇਸ ਮਨੁੱਖ ਵਿੱਚੋਂ ਬਾਹਰ ਆ ਜਾ।”
9ਫ਼ਿਰ ਯਿਸੂ ਨੇ ਉਸ ਮਨੁੱਖ ਨੂੰ ਪੁੱਛਿਆ, “ਤੇਰਾ ਕੀ ਨਾਂ ਹੈ?”
ਉਸ ਮਨੁੱਖ ਨੇ ਜਵਾਬ ਦਿੱਤਾ, “ਮੇਰਾ ਨਾਉਂ ਲਸ਼ਕਰ ਹੈ, ਕਿਉਂਕਿ ਬਹੁਤ ਸਾਰੇ ਭਰਿਸ਼ਟ ਆਤਮੇ ਮੇਰੇ ਅੰਦਰ ਹਨ।” 10ਫ਼ਿਰ ਉਸ ਆਦਮੀ ਨੇ ਯਿਸੂ ਅੱਗੇ ਬੇਨਤੀ ਕੀਤੀ ਕਿ ਉਹ ਉਨ੍ਹਾਂ ਨੂੰ ਉਸ ਥਾਂ ਤੋਂ ਬਾਹਰ ਨਾ ਕੱਢੇ।
11ਉੱਥੇ ਪਹਾੜ ਦੇ ਨੇੜੇ ਸੂਰਾਂ ਦਾ ਇੱਕ ਵੱਡਾ ਇੱਜੜ ਚਰ ਰਿਹਾ ਸੀ। 12ਉਨ੍ਹਾਂ ਭਰਿਸ਼ਟ ਆਤਮਿਆਂ ਨੇ ਉਸ ਅੱਗੇ ਅਰਜੋਈ ਕੀਤੀ ਕਿ “ਸਾਨੂੰ ਸੂਰਾਂ ਵਿੱਚ ਭੇਜ ਦੇ ਤਾਂ ਜੋ ਅਸੀਂ ਉਨ੍ਹਾਂ ਵਿੱਚ ਜਾ ਵੜੀਏ।” 13ਤਾਂ ਯਿਸੂ ਨੇ ਉਨ੍ਹਾਂ ਨੂੰ ਜਾਣ ਦਿੱਤਾ। ਤਾਂ ਉਹ ਭਰਿਸ਼ਟ ਆਤਮੇ ਉਸ ਮਨੁੱਖ ਵਿੱਚੋਂ ਨਿਕਲਕੇ ਸੂਰਾਂ ਵਿੱਚ ਜਾ ਵੜੇ। ਅਤੇ ਇੱਜੜ ਪਹਾੜੀ ਦੀ ਸਿਧੀ ਢਲਾਣ ਤੇ ਭੱਜਦਾ ਹੋਇਆ ਝੀਲ ਵਿੱਚ ਡਿੱਗ ਪਿਆ। ਉਸ ਇੱਜੜ ਵਿੱਚ ਦੋ-ਹਜ਼ਾਰ ਦੇ ਕਰੀਬ ਸੂਰ ਸਨ ਅਤੇ ਉਹ ਸਾਰੇ ਦੇ ਸਾਰੇ ਝੀਲ ਵਿੱਚ ਡੁੱਬ ਗਏ।
14ਜਿਹੜੇ ਆਦਮੀ ਉੱਥੇ ਸੂਰਾਂ ਨੂੰ ਚਰਵਾ ਅਤੇ ਉਨ੍ਹਾਂ ਰੱਖਵਾਲੀ ਕਰ ਰਹੇ ਸਨ ਨੱਸ ਗਏ ਅਤੇ ਨੱਸਦੇ ਹੋਏ ਸ਼ਹਿਰਾਂ ਅਤੇ ਖੇਤਾਂ ਵਿੱਚ ਜਾਕੇ ਉਨ੍ਹਾਂ ਨੇ ਲੋਕਾਂ ਨੂੰ ਇਹ ਸਾਰਾ ਹਾਲ ਜਾ ਸੁਣਾਇਆ। ਲੋਕ ਵੇਖਣ ਲਈ ਆਏ ਕਿ ਕੀ ਵਾਪਰਿਆ ਸੀ। 15ਜਦੋਂ ਉਹ ਯਿਸੂ ਕੋਲ ਆਏ, ਉਨ੍ਹਾਂ ਨੇ ਉਸ ਆਦਮੀ ਨੂੰ ਵੇਖਿਆ ਜੋ ਭਰਿਸ਼ਟ ਆਤਮਿਆ ਦੇ ਕਬਜ਼ੇ ਵਿੱਚ ਸੀ। ਉਹ ਆਦਮੀ ਉੱਥੇ ਕੱਪੜੇ ਪਾਈ ਬੈਠਾ ਸੀ ਅਤੇ ਉਸਦੀ ਸੁਰਤ ਵੀ ਹੁਣ ਟਿਕਾਣੇ ਸੀ। ਇਹ ਵੇਖ ਲੋਕੀ ਡਰ ਗਏ। 16ਕੁਝ ਲੋਕ ਉੱਥੇ ਸਨ, ਅਤੇ ਉਨ੍ਹਾਂ ਇਹ ਸਭ ਜੋ ਯਿਸੂ ਨੇ ਕੀਤਾ ਸੀ ਵੇਖਿਆ। ਉਨ੍ਹਾਂ ਨੇ, ਜੋ ਕੁਝ ਵੀ ਉਸ ਭੂਤਾਂ ਦੇ ਕਬਜ਼ੇ ਹੇਠ ਆਦਮੀ ਨਾਲ ਵਾਪਰਿਆ, ਆਣ ਸੁਣਾਇਆ, ਅਤੇ ਉਨ੍ਹਾਂ ਨੇ ਲੋਕਾਂ ਨੂੰ ਸੂਰਾਂ ਬਾਰੇ ਵੀ ਦਸਿਆ। 17ਤਦ ਉਨ੍ਹਾਂ ਨੇ ਯਿਸੂ ਨੂੰ ਉਨ੍ਹਾਂ ਦਾ ਇਲਾਕਾ ਛੱਡ ਕੇ ਚੱਲੇ ਜਾਣ ਲਈ ਮਿੰਨਤ ਕੀਤੀ।
18ਜਿਉਂ ਹੀ ਯਿਸੂ ਬੇੜੀ ਵਿੱਚ ਚੜ੍ਹ੍ਹਨ ਵਾਲਾ ਸੀ, ਜੋ ਵਿਅਕਤੀ ਭੂਤਾਂ ਤੋਂ ਮੁਕਤ ਹੋਇਆ ਸੀ ਉਸ ਨੇ ਉਸਦਾ ਅਨੁਸਰਣ ਕਰਨ ਦੀ ਆਗਿਆ ਮੰਗੀ। 19ਪਰ ਯਿਸੂ ਨੇ ਉਸ ਨੂੰ ਆਪਣੇ ਨਾਲ ਆਉਣ ਦੀ ਇਜਾਜ਼ਤ ਨਾ ਦਿੱਤੀ ਅਤੇ ਕਿਹਾ, “ਤੂੰ ਆਪਣੇ ਪਰਿਵਾਰ ਅਤੇ ਸੰਗੀ-ਸਾਥੀਆਂ ਵਿੱਚ ਜਾ। ਤੂੰ ਉਨ੍ਹਾਂ ਨੂੰ ਦੱਸ ਜੋ ਪ੍ਰਭੂ ਨੇ ਤੇਰੇ ਲਈ ਕੀਤਾ ਹੈ। ਉਨ੍ਹਾਂ ਨੂੰ ਦੱਸ ਕਿ ਉਹ ਤੇਰੇ ਤੇ ਮਿਹਰਬਾਨ ਹੋਇਆ ਹੈ।”
20ਉਹ ਆਦਮੀ ਚੱਲਿਆ ਗਿਆ। ਉਸ ਨੇ ਦਿਕਾਪੁਲਿਸ ਦੇ ਲੋਕਾਂ ਨੂੰ ਦੱਸਿਆ ਕਿ ਯਿਸੂ ਨੇ ਉਸ ਵਾਸਤੇ ਕੀ ਕੀਤਾ ਸੀ। ਸਾਰੇ ਲੋਕ ਉਸਦੀਆਂ ਗੱਲਾਂ ਸੁਣਕੇ ਹੈਰਾਨ ਸਨ।
ਯਿਸੂ ਦਾ ਮੋਈ ਕੁੜੀ ਨੂੰ ਪ੍ਰਾਣ ਦੇਣੇ ਅਤੇ ਬਿਮਾਰ ਔਰਤ ਨੂੰ ਰਾਜ਼ੀ ਕਰਨਾ
(ਮੱਤੀ 9:18-26; ਲੂਕਾ 8:40-56)
21ਜਿਵੇਂ ਹੀ ਯਿਸੂ ਫ਼ੇਰ ਤੋਂ ਬੇੜੀ ਦੁਆਰਾ ਝੀਲ ਦੇ ਦੂਜੇ ਪਾਸੇ ਗਿਆ, ਝੀਲ ਦੇ ਨੇੜੇ ਉਸ ਕੋਲ ਇੱਕ ਵੱਡੀ ਭੀੜ ਇਕੱਠੀ ਹੋ ਗਈ। 22ਉੱਥੇ ਪ੍ਰਾਰਥਨਾ ਸਥਾਨ ਦਾ ਇੱਕ ਆਗੂ ਉਸ ਕੋਲ ਆਇਆ ਜਿਸਦਾ ਨਾਉਂ ਜੈਰੁਸ ਸੀ। ਜਦੋਂ ਉਸ ਨੇ ਯਿਸੂ ਨੂੰ ਲੱਭ ਲਿਆ, ਤਾਂ ਉਹ ਉਸ ਦੇ ਪੈਰੀਂ ਪੈ ਗਿਆ। 23ਅਤੇ ਉਹ ਉਸ ਦੇ ਪੈਰੀਂ ਪੈਕੇ ਬਾਰ-ਬਾਰ ਮਿੰਨਤ ਕਰਨ ਲੱਗਾ, “ਮੇਰੀ ਛੋਟੀ ਜਿਹੀ ਧੀ ਮਰਨ ਕਿਨਾਰੇ ਹੈ। ਕਿਰਪਾ ਕਰਕੇ ਆਪਣੇ ਹੱਥ ਉਸ ਉੱਪਰ ਰੱਖ ਦਿਉ। ਉਹ ਚੰਗੀ ਹੋ ਜਾਵੇਗੀ ਤੇ ਜਿਉਂ ਪਵੇਗੀ।”
24ਤਾਂ ਉਹ ਜੈਰੁਸ ਦੇ ਨਾਲ ਗਿਆ। ਬਹੁਤ ਸਾਰੇ ਲੋਕ ਉਸਦਾ ਪਿੱਛਾ ਕਰ ਰਹੇ ਸਨ ਅਤੇ ਉਹ ਉਸ ਨੂੰ ਦਬਾਈ ਜਾ ਰਹੇ ਸਨ।
25ਉੱਥੇ ਇੱਕ ਔਰਤ ਸੀ, ਜਿਸ ਨੂੰ ਪਿੱਛਲੇ ਬਾਰ੍ਹਾਂ ਵਰ੍ਹਿਆਂ ਤੋਂ ਖੂਨ ਆ ਰਿਹਾ ਸੀ। 26ਉਹ ਔਰਤ ਬੜੀ ਤਕਲੀਫ਼ ਵਿੱਚ ਸੀ ਅਤੇ ਬਹੁਤ ਸਾਰੇ ਵੈਦਾਂ ਨੇ ਉਸ ਨੂੰ ਠੀਕ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਉਸ ਕੋਲ ਜਿੰਨੀ ਵੀ ਦੌਲਤ ਸੀ ਉਸ ਨੇ ਆਪਣੇ ਇਲਾਜ ਤੇ ਖਰਚ ਦਿੱਤੀ ਸੀ, ਪਰ ਉਹ ਚੰਗੀ ਨਾ ਹੋਈ। ਅਤੇ ਉਸਦੀ ਹਾਲਤ ਹੋਰ ਵੀ ਖਰਾਬ ਹੋ ਗਈ।
27ਜਦੋਂ ਉਸ ਔਰਤ ਨੇ ਯਿਸੂ ਬਾਰੇ ਸੁਣਿਆ ਅਤੇ ਉਹ ਭੀੜ ਵਿੱਚਕਾਰ ਉਸ ਦੇ ਪਿੱਛੇ ਆ ਗਈ ਅਤੇ ਉਸ ਦੇ ਕੱਪੜੇ ਨੂੰ ਛੂਹਿਆ। 28ਉਸ ਔਰਤ ਨੇ ਸੋਚਿਆ, “ਜੇਕਰ ਮੈਂ ਸਿਰਫ਼ ਯਿਸੂ ਦੇ ਕੱਪੜੇ ਨੂੰ ਵੀ ਛੂਹ ਲਵਾਂ, ਮੈਂ ਚੰਗੀ ਹੋ ਜਾਵਾਂਗੀ।” 29ਜਦੋਂ ਉਸ ਔਰਤ ਨੇ ਯਿਸੂ ਦਾ ਕੱਪੜਾ ਛੂਹਿਆ, ਉਸਦਾ ਲਹੂ ਵਗਣਾ ਰੁਕ ਗਿਆ ਅਤੇ ਉਸ ਨੇ ਆਪਣੇ ਸਰੀਰ ਵਿੱਚ ਇਹ ਮਹਿਸੂਸ ਕੀਤਾ ਕਿ ਉਹ ਆਪਣੀਆਂ ਤਕਲੀਫ਼ਾਂ ਤੋਂ ਚੰਗੀ ਹੋ ਗਈ ਸੀ। 30ਜਦੋਂ ਯਿਸੂ ਨੇ ਮਹਿਸੂਸ ਕੀਤਾ ਕਿ ਕੋਈ ਸ਼ਕਤੀ ਉਸ ਵਿੱਚੋਂ ਬਾਹਰ ਆਈ ਹੈ, ਉਸ ਨੇ ਆਸੇ-ਪਾਸੇ ਵੇਖਿਆ ਅਤੇ ਪੁੱਛਿਆ, “ਕਿਸਨੇ ਮੇਰਾ ਕੱਪੜਾ ਛੋਹਿਆ ਹੈ?”
31ਉਸ ਦੇ ਚੇਲਿਆਂ ਨੇ ਉਸ ਨੂੰ ਆਖਿਆ, “ਤੂੰ ਜਾਣਦਾ ਹੈਂ ਕਿ ਲੋਕ ਤੈਨੂੰ ਦਬਾਈ ਜਾ ਰਹੇ ਹਨ। ਅਤੇ ਹਾਲੇ ਵੀ ਤੂੰ ਪੁੱਛ ਰਿਹਾ ਹੈ, ਕਿਸਨੇ ਮੈਨੂੰ ਛੁਹਿਆ ਹੈ?”
32ਪਰ ਯਿਸੂ ਉਸ ਵਿਅਕਤੀ ਨੂੰ ਲੱਭਣ ਲਈ ਆਸੇ-ਪਾਸੇ ਵੇਖ ਰਿਹਾ ਸੀ ਕਿ ਉਹ ਕੌਣ ਹੈ। 33ਉਹ ਔਰਤ ਜਾਣ ਗਈ ਸੀ ਕਿ ਉਹ ਹੁਣ ਠੀਕ ਹੋ ਗਈ ਹੈ ਉਹ ਯਿਸੂ ਕੋਲ ਆਈ ਅਤੇ ਡਰ ਨਾਲ ਕੰਬਦੀ ਹੋਈ ਯਿਸੂ ਦੇ ਚਰਨਾਂ ਤੇ ਡਿੱਗ ਪਈ। ਉਸ ਨੇ ਯਿਸੂ ਨੂੰ ਸਾਰੀ ਵਾਰਤਾ ਸੁਣਾਈ। 34ਤਾਂ ਉਸ ਨੇ ਉਸ ਔਰਤ ਨੂੰ ਆਖਿਆ, “ਹੇ ਪਿਆਰੀ ਇਸਤਰੀ! ਤੂੰ ਆਪਣੇ ਵਿਸ਼ਵਾਸ ਕਾਰਣ ਚੰਗੀ ਹੋਈ ਹੈਂ। ਖੁਸ਼ ਰਹਿ! ਹੁਣ ਤੂੰ ਕੋਈ ਹੋਰ ਤਕਲੀਫ਼ ਨਹੀਂ ਝੱਲੇਂਗੀ।”
35ਜਦੋਂ ਯਿਸੂ ਅਜੇ ਬੋਲ ਰਿਹਾ ਸੀ, ਕੁਝ ਲੋਕ ਪ੍ਰਾਰਥਨਾ-ਸਥਾਨ ਦੇ ਆਗੂ ਜੈਰੁਸ ਦੇ ਘਰੋਂ ਆਏ ਅਤੇ ਉਸ ਨੂੰ ਆਖਿਆ, “ਤੇਰੀ ਧੀ ਮਰ ਗਈ ਹੈ। ਤੂੰ ਗੁਰੂ ਨੂੰ ਹੋਰ ਖੇਚਲ ਕਿਉਂ ਦੇ ਰਿਹਾ ਹੈਂ?”
36ਪਰ ਯਿਸੂ ਨੇ ਉਸ ਗੱਲ ਦੀ ਬਿਲਕੁਲ ਕੋਈ ਪਰਵਾਹ ਨਾ ਕੀਤੀ ਕਿ ਉਹ ਕੀ ਆਖ ਰਹੇ ਸਨ ਅਤੇ ਪ੍ਰਾਰਥਨਾ ਸਥਾਨ ਦੇ ਆਗੂ ਨੂੰ ਆਖਿਆ, “ਡਰ ਨਹੀਂ! ਸਿਰਫ਼ ਭਰੋਸਾ ਰੱਖ।”
37ਯਿਸੂ ਨੇ ਆਪਣੇ ਨਾਲ ਪਤਰਸ, ਯਾਕੂਬ ਅਤੇ ਉਸ ਦੇ ਭਰਾ ਯੂਹੰਨਾ ਨੂੰ ਲਿਆ ਅਤੇ ਪ੍ਰਾਰਥਨਾ ਸਥਾਨ ਦੇ ਆਗੂ ਜੈਰੁਸ ਦੇ ਘਰ ਚੱਲਾ ਗਿਆ। 38ਜਦੋਂ ਉਹ ਉੱਥੇ ਪਹੁੰਚੇ, ਯਿਸੂ ਨੇ ਉੱਥੇ ਬਹੁਤ ਸਾਰੇ ਲੋਕਾਂ ਨੂੰ ਰੋਂਦਿਆਂ ਅਤੇ ਪਿਟਦਿਆਂ ਵੇਖਿਆ। ਉੱਥੇ ਬੜੀ ਭਾਜੜ ਪਈ ਹੋਈ ਸੀ। 39ਯਿਸੂ ਉਸ ਘਰ ਦੇ ਅੰਦਰ ਵੜਿਆ ਅਤੇ ਲੋਕਾਂ ਨੂੰ ਕਿਹਾ, “ਤੁਸੀਂ ਲੋਕ ਕਿਉਂ ਰੋ ਰਹੇ ਹੋ ਅਤੇ ਅਸ਼ਾਂਤੀ ਕਿਉਂ ਫ਼ੈਲਾ ਰਹੇ ਹੋ? ਬੱਚੀ ਮਰੀ ਨਹੀਂ ਉਹ ਸਿਰਫ਼ ਸੌਂ ਰਹੀ ਹੈ।” 40ਪਰ ਲੋਕਾਂ ਨੇ ਯਿਸੂ ਦਾ ਮਜਾਕ ਉਡਾਇਆ।
ਉਸ ਨੇ ਸਭ ਨੂੰ ਘਰੋਂ ਚੱਲੇ ਜਾਣ ਵਾਸਤੇ ਕਿਹਾ। ਉਹ ਉਸ ਕਮਰੇ ਵਿੱਚ ਗਿਆ ਜਿੱਥੇ ਬੱਚੀ ਸੀ। ਉਸ ਨੇ ਆਪਣੇ ਨਾਲ ਉਸ ਕਮਰੇ ਵਿੱਚ ਬੱਚੀ ਦੇ ਪਿਤਾ-ਮਾਤਾ ਅਤੇ ਆਪਣੇ ਤਿੰਨ ਚੇਲਿਆਂ ਨੂੰ ਲਿਆ। 41ਤਦ ਯਿਸੂ ਨੇ ਉਸ ਕੁੜੀ ਦਾ ਹੱਥ ਫ਼ੜਿਆ ਅਤੇ ਉਸ ਨੂੰ ਕਿਹਾ, “ਤਲੀਥਾ ਕੂਮੀ!” (ਜਿਸਦਾ ਅਰਥ ਹੈ “ਹੇ ਕੰਨਿਆ, ਮੈਂ ਤੈਨੂੰ ਆਖਦਾ ਹਾਂ, ਉੱਠ!”) 42ਕੁੜੀ ਝੱਟ ਉੱਠ ਖੜ੍ਹੀ ਹੋਈ ਅਤੇ ਤੁਰਨ-ਫ਼ਿਰਨ ਲੱਗੀ। ਉਹ ਕੁੜੀ ਬਾਰ੍ਹਾਂ ਵਰ੍ਹਿਆਂ ਦੀ ਸੀ। ਉਸ ਦੇ ਮਾਂ-ਪਿਉ ਅਤੇ ਚੇਲੇ ਬੜੇ ਹੈਰਾਨ ਹੋ ਗਏ। 43ਅਤੇ ਯਿਸੂ ਨੇ ਉਨ੍ਹਾਂ ਨੂੰ ਸਖਤ ਚਿਤਾਵਨੀ ਦਿੱਤੀ ਕਿ ਉਹ ਲੋਕਾਂ ਨੂੰ ਇਸ ਬਾਰੇ ਨਾ ਦੱਸਣ। ਉਸ ਨੇ ਉਨ੍ਹਾਂ ਨੂੰ ਉਸ ਕੁੜੀ ਨੂੰ ਕੁਝ ਖਾਣ ਨੂੰ ਦੇਣ ਲਈ ਕਿਹਾ।
Currently Selected:
ਮਰਕੁਸ ਦੀ ਇੰਜੀਲ 5: PERV
Highlight
Copy
Compare
Share
Want to have your highlights saved across all your devices? Sign up or sign in
Punjabi Holy Bible: Easy-to-Read Version
All rights reserved.
© 2002 Bible League International