YouVersion Logo
Search Icon

ਮੱਤੀ ਦੀ ਇੰਜੀਲ 5

5
ਪਹਾੜੀ ਦੇ ਉਪਦੇਸ਼
(ਲੂਕਾ 6:20-23)
1ਭੀੜ ਨੂੰ ਵੇਖ ਕੇ ਯਿਸੂ ਪਹਾੜ ਉੱਤੇ ਚੜ੍ਹ੍ਹ ਗਿਆ ਅਤੇ ਜਦ ਬੈਠਾ ਤਾਂ ਉਸ ਦੇ ਚੇਲੇ ਉਸ ਦੇ ਆਸ-ਪਾਸ ਆਏ। 2ਤਦ ਯਿਸੂ ਲੋਕਾਂ ਨੂੰ ਉਪਦੇਸ਼ ਦੇਣ ਲੱਗਾ ਅਤੇ ਉਸ ਨੇ ਆਖਿਆ,
3“ਉਹ ਵਡਭਾਗੇ ਹਨ ਜਿਹੜੇ ਆਤਮਾ ਵਿੱਚ ਗਰੀਬ ਹਨ
ਕਿਉਂਕਿ ਸਵਰਗ ਦਾ ਰਾਜ ਉਨ੍ਹਾਂ ਦਾ ਹੈ।
4ਉਹ ਵਡਭਾਗੇ ਹਨ ਜਿਹੜੇ ਸੋਗ ਕਰਦੇ ਹਨ
ਕਿਉਂਕਿ ਉਹ ਸ਼ਾਂਤ ਕੀਤੇ ਜਾਣਗੇ।
5ਉਹ ਵਡਭਾਗੇ ਹਨ ਜਿਹੜੇ ਦੀਨ ਹਨ
ਕਿਉਂਕਿ ਉਹ ਵਾਅਦੇ ਦੀ ਧਰਤੀ ਦੇ ਵਾਰਸ ਹੋਣਗੇ।
6ਉਹ ਵਡਭਾਗੇ ਹਨ ਜਿਹੜੇ ਧਰਮ ਦੇ ਭੁੱਖੇ ਤੇ ਤਿਹਾਏ ਹਨ
ਕਿਉਂਕਿ ਉਹ ਰਜਾਏ ਜਾਣਗੇ।
7ਉਹ ਵਡਭਾਗੇ ਹਨ ਜਿਹੜੇ ਮਿਹਰਬਾਨ ਹਨ
ਕਿਉਂਕਿ ਉਨ੍ਹਾਂ ਤੇ ਮਿਹਰ ਕੀਤੀ ਜਾਵੇਗੀ।
8ਉਹ ਵਡਭਾਗੇ ਹਨ ਜਿਹੜੇ ਦਿਲੋਂ ਸ਼ੁੱਧ ਹਨ
ਕਿਉਂਕਿ ਉਹ ਪਰਮੇਸ਼ੁਰ ਨੂੰ ਵੇਖਣਗੇ।
9ਉਹ ਵਡਭਾਗੇ ਹਨ ਜਿਹੜੇ ਸ਼ਾਂਤੀ ਲਿਆਉਂਦੇ ਹਨ
ਕਿਉਂਕਿ ਉਹ ਪਰਮੇਸ਼ੁਰ ਦੇ ਬੱਚੇ ਅਖਵਾਉਣਗੇ।
10ਉਹ ਵਡਭਾਗੇ ਹਨ ਜਿਹੜੇ ਸਹੀ ਕਾਰਜ ਕਰਨ ਦੇ ਕਾਰਣ ਸਤਾਏ ਜਾ ਰਹੇ ਹਨ
ਕਿਉਂਕਿ ਸਵਰਗ ਦਾ ਰਾਜ ਉਨ੍ਹਾਂ ਦਾ ਹੋਵੇਗਾ।
11“ਜਦੋਂ ਲੋਕ ਤੁਹਾਡੀ ਬੇਇੱਜ਼ਤੀ ਕਰਨ ਅਤੇ ਤੁਹਾਡੇ ਵਿਰੁੱਧ ਮਾੜਾ ਬੋਲਣ ਅਤੇ ਤੁਹਾਡੇ ਤੇ ਝੂਠੇ ਦੋਸ਼ ਲਾਉਣ ਕਿਉਂਕਿ ਤੁਸੀਂ ਮੇਰੇ ਚੇਲੇ ਹੋ, ਤਾਂ ਤੁਸੀਂ ਧੰਨ ਹੋ। 12ਖੁਸ਼ ਹੋਵੋ ਅਤੇ ਅਨੰਦ ਮਾਣੋ, ਤੁਸੀਂ ਸਵਰਗ ਵਿੱਚ ਬਹੁਤ ਵੱਡਾ ਫ਼ਲ ਪਾਵੋਗੇ। ਇਸੇ ਤਰ੍ਹਾਂ ਹੀ, ਜੋ ਨਬੀ ਤੁਹਾਥੋਂ ਪਹਿਲਾਂ ਰਹੇ ਉਨ੍ਹਾਂ ਨੂੰ ਵੀ ਲੋਕਾਂ ਨੇ ਕਸ਼ਟ ਦਿੱਤੇ।
ਤੁਸੀਂ ਲੂਣ ਅਤੇ ਰੋਸ਼ਨੀ ਵਾਂਗ ਹੋ
(ਮਰਕੁਸ 9:50; 4:21; ਲੂਕਾ 14:34-35; 8:16)
13“ਤੁਸੀਂ ਧਰਤੀ ਦੇ ਲੂਣ ਹੋ। ਪਰ ਜੇਕਰ ਲੂਣ ਬੇਸੁਆਦ ਹੋ ਜਾਵੇ, ਤਾਂ ਇਹ ਫ਼ੇਰ ਕਿਵੇਂ ਸਲੂਣਾ ਹੋ ਸੱਕਦਾ? ਇਹ ਬੇਕਾਰ ਹੈ। ਇਹ ਬਾਹਰ ਸੁੱਟਿਆ ਜਾਵੇ ਅਤੇ ਲੋਕਾਂ ਦੁਆਰਾ ਮਿੱਧਿਆ ਜਾਵੇ।
14“ਤੁਸੀਂ ਜਗਤ ਦੇ ਚਾਨਣ ਹੋ। ਜਿਹੜਾ ਨਗਰ ਪਹਾੜ ਤੇ ਬਣਿਆ ਹੋਇਆ ਹੈ ਉਸ ਨੂੰ ਲਕੋਇਆ ਨਹੀਂ ਜਾ ਸੱਕਦਾ। 15ਲੋਕ ਦੀਵਾ ਜਗਾਕੇ ਕਟੋਰੇ ਹੇਠਾਂ ਨਹੀਂ ਰੱਖਦੇ ਉਹ ਇਸ ਨੂੰ ਸ਼ਮਾਦਾਨ ਉੱਤੇ ਰੱਖਦੇ ਹਨ ਤਾਂ ਜੋ ਇਹ ਘਰ ਵਿੱਚ ਰਹਿੰਦੇ ਸਭ ਲੋਕਾਂ ਨੂੰ ਚਾਨਣ ਦੇਵੇ। 16ਇਸੇ ਤਰ੍ਹਾਂ ਹੀ, ਤੁਸੀਂ ਆਪਣਾ ਚਾਨਣ ਲੋਕਾਂ ਨੂੰ ਦੇਖਣ ਦਿਓ ਤਾਂ ਜੋ ਉਹ ਵੀ ਤੁਹਾਡੇ ਚੰਗੇ ਕੰਮ ਵੇਖ ਸੱਕਣ ਅਤੇ ਸਵਰਗ ਵਿੱਚ ਤੁਹਾਡੇ ਪਿਤਾ ਦੀ ਉਸਤਤਿ ਕਰ ਸੱਕਣ।
ਯਿਸੂ ਅਤੇ ਪੁਰਾਣੇ ਨੇਮ ਦੀਆਂ ਲਿਖਤਾਂ
17“ਇਹ ਨਾ ਸੋਚੋ ਕਿ ਮੈਂ ਮੂਸਾ ਦੀ ਸ਼ਰ੍ਹਾ ਜਾਂ ਨਬੀਆਂ ਦੇ ਉਪਦੇਸ਼ਾਂ ਨੂੰ ਨਸ਼ਟ ਕਰਨ ਲਈ ਆਇਆ ਹਾਂ। ਮੈਂ ਉਨ੍ਹਾਂ ਦੇ ਉਪਦੇਸ਼ਾਂ ਨੂੰ ਨਸ਼ਟ ਕਰਨ ਨਹੀਂ ਸਗੋਂ ਉਨ੍ਹਾਂ ਨੂੰ ਸੰਪੂਰਣ ਕਰਨ ਲਈ ਆਇਆ ਹਾਂ। 18ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜਿੰਨਾ ਚਿਰ ਅਕਾਸ਼ ਅਤੇ ਧਰਤੀ ਟਲ ਨਾਂ ਜਾਏ ਸ਼ਰ੍ਹਾ ਵਿੱਚੋਂ ਕੁਝ ਵੀ ਅਲੋਪ ਨਹੀਂ ਹੋਵੇਗਾ। ਜਦ ਤੱਕ ਕਿ ਸਭ ਕੁਝ ਪੂਰਾ ਨਹੀਂ ਹੋਵੇਗਾ ਇੱਕ ਅਖਰ ਜਾਂ ਅਖਰ ਦੀ ਇੱਕ ਬਿੰਦੀ ਵੀ ਨਹੀਂ ਟਲੇਗੀ।
19“ਜੇਕਰ ਕੋਈ ਵਿਅਕਤੀ ਅਣਆਗਿਆਕਾਰੀ ਹੈ ਅਤੇ ਦੂਜਿਆਂ ਨੂੰ ਵੀ ਆਗਿਆ ਨਾ ਮੰਨਣ ਦਾ ਉਪਦੇਸ਼ ਦਿੰਦਾ ਹੈ, ਤਾਂ ਉਹ ਸਵਰਗ ਦੇ ਰਾਜ ਵਿੱਚ ਸਭ ਤੋਂ ਘੱਟ ਮਹੱਤਵਪੂਰਣ ਹੋਵੇਗਾ। ਪਰ ਜਿਹੜਾ ਕੋਈ ਹੁਕਮਾਂ ਨੂੰ ਮੰਨੇਗਾ ਅਤੇ ਹੋਰਾਂ ਨੂੰ ਦੱਸੇਗਾ ਉਹ ਸਵਰਗ ਦੇ ਰਾਜ ਵਿੱਚ ਮਹਾਨ ਹੋਵੇਗਾ। 20ਮੈਂ ਤੁਹਾਨੂੰ ਦੱਸਦਾ ਹਾਂ ਕਿ ਜੇ ਤੁਹਾਡੇ ਕੰਮ ਨੇਮ ਦੇ ਉਪਦੇਸ਼ਕਾਂ ਅਤੇ ਫ਼ਰੀਸੀਆਂ ਦੇ ਧਰਮ ਨਾਲੋਂ ਵੱਧ ਨਹੀਂ ਹੋਣਗੇ ਤਾਂ ਤੁਸੀਂ ਸਵਰਗ ਦੇ ਰਾਜ ਵਿੱਚ ਕਿਵੇਂ ਵੀ ਨਹੀਂ ਵੜ ਸੱਕੋਂਗੇ।
ਯਿਸੂ ਦਾ ਕਰੋਧ ਬਾਰੇ ਉਪਦੇਸ਼
21“ਤੁਸੀਂ ਸੁਣਿਆ ਹੋਵੇਗਾ, ਜੋ ਬਹੁਤ ਚਿਰ ਪਹਿਲਾਂ ਸਾਡੇ ਲੋਕਾਂ ਨੂੰ ਕਿਹਾ ਗਿਆ ਸੀ। ਕਿ ‘ਕਿਸੇ ਮਨੁੱਖ ਦਾ ਖੂਨ ਨਾ ਕਰ।#ਕੂਚ 20:13; ਬਿਵਸਥਾ ਸਾਰ 5:17 ਜਿਹੜਾ ਵਿਅਕਤੀ ਖੂਨ ਕਰੇਗਾ, ਅਦਾਲਤ ਵਿੱਚ ਉਸਦਾ ਨਿਆਂ ਕੀਤਾ ਜਾਵੇਗਾ।’ 22ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਹਰ ਕੋਈ ਤੁਹਾਡਾ ਭਰਾ ਹੈ। ਕਿਸੇ ਦੂਸਰੇ ਵਿਅਕਤੀ ਤੇ ਕ੍ਰੋਧ ਨਾ ਕਰੋ। ਜੇਕਰ ਤੂੰ ਦੂਸਰੇ ਵਿਅਕਤੀ ਤੇ ਕ੍ਰੋਧ ਕਰੇਂਗਾ, ਤਾਂ ਤੇਰਾ ਨਿਆਂ ਯਹੂਦੀ ਅਦਾਲਤ ਵਿੱਚ ਕੀਤਾ ਜਾਵੇਗਾ। ਜੇਕਰ ਤੂੰ ਕਿਸੇ ਨੂੰ ਗਾਲ੍ਹ ਕੱਢਦਾ ਹੈਂ, ਤਾਂ ਤੇਰਾ ਨਿਰਨਾ ਯਹੂਦੀ ਸਭਾ ਦੁਆਰਾ ਕੀਤਾ ਜਾਵੇਗਾ। ਅਤੇ ਜੇਕਰ ਤੂੰ ਦੂਸਰੇ ਵਿਅਕਤੀ ਨੂੰ ਮੂਰਖ ਕਹਿੰਦਾ ਹੈ, ਤਾਂ ਤੈਨੂੰ ਨਰਕ ਦੀ ਅੱਗ ਦੇ ਖਤਰੇ ਦਾ ਸਾਹਮਣਾ ਕਰਨਾ ਪਵੇਗਾ।
23“ਸੋ ਜਦੋਂ ਤੂੰ ਪਰਮੇਸ਼ੁਰ ਲਈ ਜਗਵੇਦੀ ਤੇ ਆਪਣੀ ਭੇਂਟ ਚੜ੍ਹਾਉਣ ਲੱਗੇ, ਅਤੇ ਉੱਥੇ ਤੈਨੂੰ ਚੇਤੇ ਆਵੇ ਕਿ ਤੇਰੇ ਭਰਾ ਦੇ ਮਨ ਵਿੱਚ ਤੇਰੇ ਲਈ ਵਿਰੋਧ ਹੈ। 24ਤਾਂ ਓੱਥੇ ਆਪਣੀ ਭੇਟ ਜਗਵੇਦੀ ਦੇ ਸਾਹਮਣੇ ਛੱਡ ਕੇ ਚੱਲਿਆ ਜਾ। ਅਤੇ ਪਹਿਲਾਂ ਆਪਣੇ ਭਰਾ ਨਾਲ ਮੇਲ ਕਰ ਅਤੇ ਬਾਅਦ ਵਿੱਚ ਆਕੇ ਆਪਣੀ ਭੇਂਟ ਚੜ੍ਹਾ।
25“ਜੇ ਤੇਰਾ ਦੁਸ਼ਮਣ ਤੈਨੂੰ ਅਦਾਲਤ ਲਿਜਾ ਰਿਹਾ ਹੋਵੇ ਤਾਂ ਆਪਣੇ ਦੁਸ਼ਮਣ ਨਾਲ ਜਿੰਨੀ ਛੇਤੀ ਹੋ ਸੱਕੇ, ਮਿਲਾਪ ਕਰ ਲੈ। ਜੇਕਰ ਤੂੰ ਅਜਿਹਾ ਨਹੀਂ ਕਰੇਂਗਾ, ਹੋ ਸੱਕਦਾ ਉਹ ਤੈਨੂੰ ਮੁਨਸਫ਼ ਦੇ ਹਵਾਲੇ ਕਰ ਦੇਵੇ। ਅਤੇ ਮੁਨਸਫ਼ ਤੈਨੂੰ ਕੈਦ ਵਿੱਚ ਪਾਉਣ ਲਈ ਪਹਿਰੇਦਾਰਾਂ ਦੇ ਹਵਾਲੇ ਕਰ ਦੇਵੇ। 26ਮੈਂ ਤੈਨੂੰ ਸੱਚ ਦੱਸਦਾ ਹਾਂ ਕਿ, ਤੈਨੂੰ ਕੈਦ ਵਿੱਚੋਂ ਓਨੇ ਚਿਰ ਤੱਕ ਮੁਕਤ ਨਹੀਂ ਕੀਤਾ ਜਾਵੇਗਾ, ਜਿੰਨਾ ਚਿਰ ਤੂੰ ਉਹ ਸਭ ਕੁਝ ਨਹੀਂ ਦੇ ਦਿੰਦਾ ਜਿਸਦਾ ਤੂੰ ਦੇਣਦਾਰ ਹੈਂ।
ਯਿਸੂ ਦਾ ਜਿਨਸੀ ਪਾਪ ਬਾਰੇ ਉਪਦੇਸ਼
27“ਤੁਸੀਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ, ‘ਕਿ ਤੂੰ ਬਦਕਾਰੀ ਦਾ ਪਾਪ ਨਾ ਕਰ।’#ਕੂਚ 20:14; ਬਿਵਸਥਾ ਸਾਰ 5:18 28ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਜੇਕਰ ਕੋਈ ਵਿਅਕਤੀ ਕਿਸੇ ਔਰਤ ਵੱਲ ਬੁਰੀ ਇੱਛਾ ਨਾਲ ਵੇਖਦਾ ਹੈ, ਤਾਂ ਉਹ ਪਹਿਲਾਂ ਹੀ ਆਪਣੇ ਦਿਲੋਂ ਉਸ ਔਰਤ ਨਾਲ ਬਦਕਾਰੀ ਦਾ ਪਾਪ ਕਰ ਚੁੱਕਿਆ ਹੈ। 29ਜੋ ਤੇਰੀ ਸੱਜੀ ਅੱਖ ਪਾਪ ਕਰਾਵੇ ਤਾਂ ਉਸ ਨੂੰ ਆਪਣੇ ਸ਼ਰੀਰ ਵਿੱਚੋਂ ਕੱਢ ਕੇ ਸੁੱਟ ਦੇ। ਕਿਉਂ ਜੋ ਤੇਰੇ ਲਈ ਇਹੋ ਭਲਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ ਹੋਵੇ ਪਰ ਤੇਰਾ ਸਾਰਾ ਸ਼ਰੀਰ ਨਰਕ ਵਿੱਚ ਨਾ ਜਾਵੇ। 30ਤੇਰਾ ਸੱਜਾ ਹੱਥ ਜਦੋਂ ਤੈਥੋਂ ਪਾਪ ਕਰਾਵੇ ਤਾਂ ਉਸ ਨੂੰ ਕੱਟਕੇ ਸੁੱਟ ਦੇ। ਕਿਉਂਕਿ ਤੇਰੇ ਲਈ ਇਹ ਭਲਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ਼ ਹੋਵੇ ਪਰ ਤੇਰਾ ਸਾਰਾ ਸ਼ਰੀਰ ਨਰਕ ਵਿੱਚ ਨਾ ਜਾਵੇ।
ਯਿਸੂ ਦਾ ਤਲਾਕ ਬਾਰੇ ਉਪਦੇਸ਼
(ਮੱਤੀ 19:9; ਮਰਕੁਸ 10:11-12; ਲੂਕਾ 16:18)
31“ਇਹ ਵੀ ਆਖਿਆ ਗਿਆ ਹੈ, ‘ਜਿਹੜਾ ਵਿਅਕਤੀ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ ਉਹ ਉਸ ਨੂੰ ਤਲਾਕਨਾਮਾ ਲਿਖਕੇ ਦੇਵੇ।’#ਬਿਵਸਥਾ ਸਾਰ 24:1 32ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਕੋਈ ਵੀ ਵਿਅਕਤੀ ਜੋ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ, ਉਹ ਉਸ ਨੂੰ ਬਦਕਾਰੀ ਦਾ ਪਾਪ ਕਰਨ ਦਾ ਦੋਸ਼ੀ ਬਣਾਉਂਦਾ ਹੈ। ਕਿਸੇ ਵਿਅਕਤੀ ਕੋਲ ਆਪਣੀ ਪਤਨੀ ਨੂੰ ਤਲਾਕ ਦੇਣ ਦਾ ਇੱਕ ਹੀ ਕਾਰਣ ਹੈ, ਕਿ ਜੇਕਰ ਉਸਦੀ ਪਤਨੀ ਨੇ ਦੂਸਰੇ ਆਦਮੀ ਨਾਲ ਜਿਨਸੀ ਸੰਬੰਧ ਬਣਾਏ ਹੋਣ। ਅਤੇ ਕੋਈ ਵੀ ਵਿਅਕਤੀ ਜੋ ਉਸ ਤਲਾਕਸ਼ੁਦਾ ਔਰਤ ਨਾਲ ਵਿਆਹ ਕਰਵਾਉਦਾ ਹੈ, ਬਦਕਾਰੀ ਦਾ ਪਾਪ ਕਰਨ ਦਾ ਦੋਸ਼ੀ ਹੈ।
ਯਿਸੂ ਦਾ ਵਾਅਦੇ ਕਰਨ ਬਾਰੇ ਉਪਦੇਸ਼
33“ਤੁਸੀਂ ਸੁਣਿਆ ਹੈ ਕਿ ਸਾਡੇ ਪੁਰਖਿਆਂ ਨੂੰ ਆਖਿਆ ਗਿਆ ਸੀ। ਜੇਕਰ ਤੁਸੀਂ ਵਾਅਦਾ ਕਰੋਂ ਤਾਂ ਇਸ ਨੂੰ ਨਾ ਤੋੜੋ। ਜੋ ਵਾਅਦੇ ਤੁਸੀਂ ਪ੍ਰਭੂ ਨਾਲ ਕੀਤੇ ਹਨ ਉਨ੍ਹਾਂ ਨੂੰ ਪੂਰਿਆਂ ਕਰਨਾ ਚਾਹੀਦਾ ਹੈ।#5:33 ਦੇਖੋ ਲੇਵੀਆਂ. 19:12; ਗਿਣਤੀ 30:2; ਬਿਵਸਥਾ ਸਾਰ 23:21 34ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ, ਕਦੇ ਵੀ ਵਾਅਦਾ ਨਾ ਕਰੋ। ਕਦੇ ਵੀ ਸੁਰਗ ਦੀ ਸੌਂਹ ਨਾ ਖਾਓ ਕਿਉਂਕਿ ਇਹ ਪਰਮੇਸ਼ੁਰ ਦਾ ਸਿੰਘਾਸਨ ਹੈ। 35ਅਤੇ ਨਾ ਹੀ ਧਰਤੀ ਦੀ ਸੌਂਹ ਖਾਓ ਕਿਉਂਕਿ ਇਹ ਉਸ ਦੇ ਚਰਨਾਂ ਦੀ ਚੌਂਕੀ ਹੈ। ਨਾ ਹੀ ਯਰੂਸ਼ਲਮ ਦੀ ਕਿਉਂਕਿ ਇਹ ਮਹਾਨ ਰਾਜੇ ਦਾ ਸ਼ਹਿਰ ਹੈ। 36ਅਤੇ ਨਾਹੀ ਆਪਣੇ ਸਿਰ ਦੀ ਸੌਂਹ ਖਾਓ, ਕਿਉਂਕਿ ਤੁਸੀਂ ਇੱਕ ਵਾਲ ਨੂੰ ਵੀ ਚਿੱਟਾ ਜਾਂ ਕਾਲਾ ਨਹੀਂ ਕਰ ਸੱਕਦੇ। 37ਪਰ ਤੁਸੀਂ ਆਪਣੇ ਬੋਲਣ ਵਿੱਚ ‘ਹਾਂ’ ਦੀ ਹਾਂ, ਅਤੇ ‘ਨਾ’ ਦੀ ਨਾ, ਆਖੋ। ‘ਹਾਂ’ ਜਾਂ ‘ਨਾ’ ਤੋਂ ਵੱਧ ਆਖਣਾ ਬਦੀ ਵੱਲੋਂ ਹੈ।
ਯਿਸੂ ਦਾ ਬਦਲੇ ਬਾਰੇ ਉਪਦੇਸ਼
(ਲੂਕਾ 6:29-30)
38“ਤੁਸੀਂ ਸੁਣਿਆ ਹੈ ਜੋ ਕਿਹਾ ਗਿਆ ਸੀ ਕਿ, ‘ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ।’#ਕੂਚ 21:24; ਲੇਵੀਆਂ. 24:20 39ਮੈਂ ਤੁਹਾਨੂੰ ਆਖਦਾ ਹਾਂ ਕਿ, ਦੁਸ਼ਟ ਆਦਮੀ ਦੇ ਵਿਰੁੱਧ ਖੜ੍ਹੇ ਨਾ ਹੋਵੋ। ਸਗੋਂ ਜੇ ਕੋਈ ਤੁਹਾਡੀ ਸੱਜੀ ਗਲ੍ਹ ਉੱਤੇ ਚਪੇੜ ਮਾਰੇ, ਤਾਂ ਤੁਸੀਂ ਦੂਜੀ ਵੀ ਉਸ ਵੱਲ ਘੁਮਾ ਦਿਓ। 40ਅਤੇ ਜਿਹੜਾ ਤੁਹਾਡੇ ਉੱਤੇ ਮੁਕੱਦਮਾ ਕਰੇ ਤੇ ਤੁਹਾਡਾ ਕੁੜਤਾ ਲੈਣਾ ਚਾਹੇ ਤਾਂ ਉਸ ਨੂੰ ਆਪਣਾ ਚੋਗ਼ਾ ਵੀ ਲੈ ਲੈਣ ਦਿਓ। 41ਅਤੇ ਜੇ ਕੋਈ ਤੁਹਾਨੂੰ ਇੱਕ ਮੀਲ ਆਪਣੇ ਨਾਲ ਤੁਰਣ ਲਈ ਮਜਬੂਰ ਕਰੇ ਤਾਂ ਤੁਸੀਂ ਉਸ ਨਾਲ ਦੋ ਮੀਲ ਚੱਲੋ। 42ਜੇਕਰ ਕੋਈ ਤੁਹਾਥੋਂ ਕੁਝ ਮੰਗਦਾ ਹੈ, ਉਹ ਉਸ ਨੂੰ ਦਿਓ ਅਤੇ ਜੇਕਰ ਕੋਈ ਤੁਹਾਥੋਂ ਉਧਾਰ ਚਾਹੁੰਦਾ ਹੈ ਤਾਂ, ਦੇਣ ਤੋਂ ਮਨ੍ਹਾ ਨਾ ਕਰੋ।
ਸਭ ਲੋਕਾਂ ਨੂੰ ਪਿਆਰ ਕਰੋ
(ਲੂਕਾ 6:27-28, 32-36)
43“ਤੁਸੀਂ ਸੁਣਿਆ ਹੈ ਜੋ ਇਹ ਕਿਹਾ ਗਿਆ ਸੀ, ‘ਤੁਸੀਂ ਆਪਣੇ ਗੁਆਂਢੀ ਨਾਲ ਵੀ ਪਿਆਰ ਕਰੋ#ਲੇਵੀਆਂ. 19:18 ਅਤੇ ਆਪਣੇ ਵੈਰੀ ਨਾਲ ਵੈਰ ਰੱਖੋ।’ 44ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਆਪਣੇ ਵੈਰੀਆਂ ਨਾਲ ਵੀ ਪਿਆਰ ਕਰੋ। ਅਤੇ ਜੋ ਤੁਹਾਨੂੰ ਸਤਾਉਣ ਉਨ੍ਹਾਂ ਲਈ ਪ੍ਰਾਰਥਨਾ ਕਰੋ। 45ਜੇਕਰ ਤੁਸੀਂ ਅਜਿਹਾ ਕਰੋਂਗੇ, ਫ਼ੇਰ ਤੁਸੀਂ ਆਪਣੇ ਪਿਤਾ ਦੇ ਜਿਹੜਾ ਸਵਰਗ ਵਿੱਚ ਹੈ, ਸੱਚੇ ਪੁੱਤਰ ਹੋਵੋਗੇ, ਕਿਉਂਕਿ ਪਿਤਾ ਆਪਣਾ ਸੂਰਜ, ਬੁਰੇ ਅਤੇ ਭਲੇ ਦੋਹਾਂ ਉੱਪਰ ਹੀ ਚੜ੍ਹਾਉਂਦਾ ਹੈ। ਤੁਹਾਡਾ ਪਿਤਾ ਧਰਮੀਆਂ ਅਤੇ ਕੁਧਰਮੀਆਂ ਉੱਪਰ ਵੀ ਮੀਂਹ ਵਰਸਾਉਂਦਾ ਹੈ। 46ਜੇਕਰ ਤੁਸੀਂ ਉਨ੍ਹਾਂ ਨਾਲ ਹੀ ਪਿਆਰ ਕਰੋ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਹਨ ਤਾਂ ਤੁਹਾਨੂੰ ਕੋਈ ਫ਼ਲ ਨਹੀਂ ਮਿਲੇਗਾ। ਕੀ ਮਸੂਲੀਏ ਵੀ ਇਹੀ ਨਹੀਂ ਕਰਦੇ? 47ਜੇਕਰ ਤੁਸੀਂ ਸਿਰਫ਼ ਆਪਣੇ ਦੋਸਤਾਂ ਨਾਲ ਚੰਗਾ ਵਰਤਾਓ ਕਰਦੇ ਹੋ ਤਾਂ ਤੁਸੀਂ ਦੂਸਰੇ ਲੋਕਾਂ ਨਾਲੋਂ ਚੰਗੇ ਨਹੀਂ ਹੋ। ਕੀ ਕੁਧਰਮੀ ਵੀ ਅਜਿਹਾ ਨਹੀਂ ਕਰਦੇ? 48ਸੋ ਜਿਵੇਂ ਤੁਹਾਡਾ ਪਿਤਾ ਜਿਹੜਾ ਸੁਰਗ ਵਿੱਚ ਹੈ, ਸੰਪੂਰਣ ਹੈ ਤਿਵੇਂ ਤੁਸੀਂ ਵੀ ਸੰਪੂਰਣ ਹੋਵੋ।

Highlight

Copy

Compare

Share

None

Want to have your highlights saved across all your devices? Sign up or sign in