YouVersion Logo
Search Icon

ਮੱਤੀ ਦੀ ਇੰਜੀਲ 28

28
ਯਿਸੂ ਦਾ ਪੁਨਰ ਉਥਾਨ
(ਮਰਕੁਸ 16:1-8; ਲੂਕਾ 24:1-12; ਯੂਹੰਨਾ 20:1-10)
1ਜਦੋਂ ਸਬਤ ਦਾ ਦਿਨ ਬੀਤ ਗਿਆ ਤਾਂ ਉਸਤੋਂ ਅਗਲਾ ਦਿਨ ਹਫ਼ਤੇ ਦਾ ਪਹਿਲਾ ਦਿਨ ਸੀ। ਬਹੁਤ ਹੀ ਸਵੇਰੇ, ਮਰਿਯਮ ਮਗਦਲੀਨੀ ਅਤੇ ਦੂਜੀ ਮਰਿਯਮ ਕਬਰ ਨੂੰ ਵੇਖਣ ਲਈ ਗਈਆਂ।
2ਉਸ ਵਕਤ ਉੱਥੇ ਬੜਾ ਜ਼ੋਰ ਦਾ ਭੁਚਾਲ ਆਇਆ। ਅਕਾਸ਼ ਤੋਂ ਇੱਕ ਪ੍ਰਭੂ ਦਾ ਦੂਤ ਆਇਆ। ਪ੍ਰਭੂ ਦੇ ਦੂਤ ਨੇ ਉਸ ਕਬਰ ਦੇ ਨੇੜੇ ਆਕੇ ਉਸ ਦੇ ਉੱਪਰੋਂ ਉਹ ਵੱਡਾ ਪੱਥਰ ਰੇੜ੍ਹਕੇ ਪਾਸੇ ਕੀਤਾ ਤੇ ਉਸ ਪੱਥਰ ਦੇ ਉੱਪਰ ਖੁਦ ਜਾਕੇ ਬੈਠ ਗਿਆ। 3ਉਸ ਦੂਤ ਦਾ ਰੂਪ ਬਿਜਲੀ ਵਾਂਗ ਚਮਕਦਾ ਸੀ ਅਤੇ ਉਸ ਦੇ ਕੱਪੜੇ ਬਰਫ਼ ਵਰਗੇ ਸਫ਼ੇਦ ਸਨ। 4ਕਬਰ ਦੀ ਪਹਿਰੇਦਾਰੀ ਕਰਦੇ ਸਿਪਾਹੀ ਦੂਤ ਨੂੰ ਵੇਖਕੇ ਬਹੁਤ ਡਰ ਗਏ। ਉਹ ਇੰਨਾ ਡਰੇ ਕਿ ਡਰ ਦੇ ਮਾਰੇ ਕੰਬਣ ਲੱਗੇ ਅਤੇ ਬੇਹੋਸ਼ ਹੋ ਗਏ।
5ਦੂਤ ਨੇ ਉਨ੍ਹਾਂ ਔਰਤਾਂ ਨੂੰ ਕਿਹਾ, “ਤੁਸੀਂ ਨਾ ਡਰੋ, ਮੈਂ ਜਾਣਦਾ ਹਾਂ ਕਿ ਤੁਸੀਂ ਉਸ ਯਿਸੂ ਨੂੰ ਲੱਭ ਰਹੀਆਂ ਹੋ ਜਿਸ ਨੂੰ ਸਲੀਬ ਦਿੱਤੀ ਗਈ ਸੀ। 6ਪਰ ਯਿਸੂ ਇੱਥੇ ਨਹੀਂ ਹੈ, ਕਿਉਂਕਿ, ਜਿਵੇ ਉਸ ਨੇ ਕਿਹਾ ਸੀ, ਉਹ ਮੌਤ ਤੋਂ ਉਭਾਰਿਆ ਗਿਆ ਹੈ। ਆਓ ਅਤੇ ਵੇਖੋ ਜਿਸ ਥਾਂ ਤੇ ਉਸਦਾ ਸ਼ਰੀਰ ਰੱਖਿਆ ਗਿਆ ਸੀ। 7ਅਤੇ ਜਲਦੀ ਜਾਕੇ ਉਸ ਦੇ ਚੇਲਿਆਂ ਨੂੰ ਆਖੋ, ‘ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਉਹ ਗਲੀਲੀ ਵੱਲ ਜਾ ਰਿਹਾ ਹੈ। ਉਹ ਤੁਹਾਡੇ ਪਹੁੰਚਣ ਤੋਂ ਪਹਿਲਾਂ ਉੱਥੇ ਮੌਜੂਦ ਹੋਵੇਗਾ ਅਤੇ ਉੱਥੇ ਤੁਸੀਂ ਉਸ ਨੂੰ ਵੇਖੋਂਗੀਆਂ।’ ਮੈਂ ਤੁਹਾਨੂੰ ਇਹੀ ਦੱਸਣ ਲਈ ਆਇਆ ਸੀ।”
8ਉਹ ਔਰਤਾਂ ਛੇਤੀ ਹੀ ਕਬਰ ਤੋਂ ਵਿਦਾ ਹੋ ਗਈਆਂ। ਭਾਵੇਂ ਉਹ ਡਰੀਆਂ ਹੋਈਆਂ ਸਨ ਪਰ ਉਹ ਖੁਸ਼ ਵੀ ਬੜੀਆਂ ਹੋਈਆਂ। ਉਹ ਉਸ ਦੇ ਚੇਲਿਆਂ ਨੂੰ ਇਹ ਖਬਰ ਦੱਸਣ ਲਈ ਗਈਆਂ। 9ਜਦੋਂ ਉਹ ਚੇਲਿਆਂ ਨੂੰ ਖਬਰ ਦੇਣ ਵਾਸਤੇ ਨਸੀਆਂ ਜਾ ਰਹੀਆਂ ਸਨ, ਅਚਾਨਕ ਉੱਥੇ ਯਿਸੂ ਉਨ੍ਹਾਂ ਸਾਹਮਣੇ ਖਲੋ ਗਿਆ ਅਤੇ ਉਨ੍ਹਾਂ ਨੂੰ ਆਖਿਆ, “ਸ਼ੁਭਕਾਮਨਾਵਾਂ!” ਉਹ ਉਸ ਕੋਲ ਗਈਆਂ ਅਤੇ ਉਸ ਦੇ ਚਰਨ ਫ਼ੜ ਲਏ ਅਤੇ ਉਸਦੀ ਉਪਾਸਨਾ ਕੀਤੀ। 10ਤਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਡਰੋ ਨਾ, ਜਾਓ ਅਤੇ ਮੇਰੇ ਭਰਾਵਾਂ ਨੂੰ ਆਖੋ ਕਿ ਗਲੀਲੀ ਵੱਲ ਜਾਣ। ਉਹ ਮੈਨੂੰ ਉੱਥੇ ਵੇਖਣਗੇ।”
ਯਹੂਦੀ ਆਗੂਆਂ ਨੂੰ ਖਬਰ
11ਉਹ ਔਰਤਾਂ ਉਸ ਦੇ ਚੇਲਿਆਂ ਨੂੰ ਇਹ ਖਬਰ ਦੇਣ ਚਲੀਆਂ ਗਈਆਂ। ਉਸੇ ਵਕਤ ਕੁਝ ਸਿਪਾਹੀ ਜੋ ਕਬਰ ਦੀ ਰਾਖੀ ਕਰ ਰਹੇ ਸਨ, ਸ਼ਹਿਰ ਵੱਲ ਗਏ। ਉਹ ਪਰਧਾਨ ਜਾਜਕਾਂ ਕੋਲ ਗਏ ਅਤੇ ਜੋ ਕੁਝ ਵਾਪਰਿਆ ਸੀ ਸਭ ਕੁਝ ਉਨ੍ਹਾਂ ਨੂੰ ਦਸਿਆ। 12ਫ਼ੇਰ ਪ੍ਰਧਾਨ ਜਾਜਕ ਅਤੇ ਬਜ਼ੁਰਗ ਯਹੂਦੀ ਆਗੂ ਇਕੱਠੇ ਹੋਏ ਅਤੇ ਇੱਕ ਵਿਉਂਤ ਬਣਾਈ। ਉਨ੍ਹਾਂ ਨੇ ਸਿਪਾਹੀਆਂ ਨੂੰ ਬਹੁਤ ਸਾਰਾ ਧਨ ਦਿੱਤਾ। 13ਉਨ੍ਹਾਂ ਨੇ ਉਨ੍ਹਾਂ ਨੂੰ ਹਿਦਾਇਤ ਦਿੱਤੀ, “ਤੁਸੀਂ ਲੋਕਾਂ ਨੂੰ ਆਖਣਾ: ਰਾਤ ਦੇ ਵਕਤ ਜਦੋਂ ਅਸੀਂ ਸੌਂ ਰਹੇ ਸਾਂ, ਯਿਸੂ ਦੇ ਚੇਲੇ ਆਏ ਅਤੇ ਉਸਦਾ ਸ਼ਰੀਰ ਚੋਰੀ ਕਰਕੇ ਲੈ ਗਏ। 14ਜੇਕਰ ਰਾਜਪਾਲ ਇਸ ਗੱਲ ਬਾਰੇ ਜਾਣ ਜਾਵੇਗਾ ਤਾਂ ਅਸੀਂ ਉਸ ਨੂੰ ਨਿਸ਼ਚਿੰਤ ਕਰ ਦੇਵਾਂਗੇ ਅਤੇ ਤੁਹਾਨੂੰ ਮੁਸੀਬਤ ਤੋਂ ਦੂਰ ਰੱਖਾਂਗੇ।” 15ਤਾਂ ਸਿਪਾਹੀਆਂ ਨੇ ਪੈਸੇ ਲੈ ਲਏ ਅਤੇ ਦਿੱਤੀਆਂ ਹੋਈਆਂ ਹਿਦਾਇਤਾਂ ਅਨੁਸਾਰ ਹੀ ਕੀਤਾ। ਇਹ ਗੱਲ ਅੱਜ ਵੀ ਆਮਤੌਰ ਤੇ ਯਹੂਦੀਆਂ ਵਿੱਚ ਫ਼ੈਲੀ ਹੋਈ ਹੈ।
ਯਿਸੂ ਦਾ ਆਪਣੇ ਚੇਲਿਆਂ ਨਾਲ ਗੱਲ ਕਰਨਾ
(ਮਰਕੁਸ 16:14-18; ਲੂਕਾ 24:36-49; ਯੂਹੰਨਾ 20:19-23; ਰਸੂਲਾਂ ਦੇ ਕਰਤੱਬ 1:6-8)
16ਫ਼ਿਰ ਗਿਆਰਾਂ ਚੇਲੇ ਗਲੀਲੀ ਨੂੰ ਵਿਦਾ ਹੋ ਗਏ ਅਤੇ ਉਸ ਪਹਾੜੀ ਤੇ ਆ ਗਏ ਜਿੱਥੇ ਯਿਸੂ ਨੇ ਉਨ੍ਹਾਂ ਨੂੰ ਜਾਣ ਵਾਸਤੇ ਹਿਦਾਇਤ ਦਿੱਤੀ ਸੀ। 17ਜਦੋਂ ਉਨ੍ਹਾਂ ਨੇ ਉਸ ਨੂੰ ਵੇਖਿਆ, ਉਹ ਉਸ ਅੱਗੇ ਝੁਕ ਗਏ ਅਤੇ ਉਸਦੀ ਉਪਾਸਨਾ ਕੀਤੀ। ਪਰ ਕਈਆਂ ਨੂੰ ਸ਼ੱਕ ਸੀ। 18ਫ਼ਿਰ ਯਿਸੂ ਉਨ੍ਹਾਂ ਕੋਲ ਆਇਆ ਅਤੇ ਆਖਿਆ, “ਸਵਰਗ ਅਤੇ ਧਰਤੀ ਦੇ ਸਾਰੇ ਅਧਿਕਾਰ ਮੈਨੂੰ ਦਿੱਤੇ ਗਏ ਹਨ। 19ਇਸ ਲਈ ਜਾਓ ਅਤੇ ਸਾਰੀਆਂ ਕੌਮਾਂ ਵਿੱਚ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਉ। 20ਉਨ੍ਹਾਂ ਨੂੰ ਇਹ ਵੀ ਸਿੱਖਾਵੋ ਕਿ ਉਹ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਨਿਸ਼ਚਿਤ ਹੀ, ਦੁਨੀਆਂ ਦੇ ਅੰਤ ਤੀਕਰ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ।”

Highlight

Copy

Compare

Share

None

Want to have your highlights saved across all your devices? Sign up or sign in