ਮੱਤੀ ਦੀ ਇੰਜੀਲ 22
22
ਵਿਆਹ ਦੀ ਦਾਵਤ ਦੇ ਨਿਉਂਤੇ ਬਾਰੇ ਇੱਕ ਦ੍ਰਿਸ਼ਟਾਂਤ
(ਲੂਕਾ 14:15-24)
1ਯਿਸੂ ਉਨ੍ਹਾਂ ਨਾਲ ਫ਼ੇਰ ਦ੍ਰਿਸ਼ਟਾਤਾਂ ਵਿੱਚ ਬੋਲਿਆ: 2“ਸਵਰਗ ਦਾ ਰਾਜ ਇੱਕ ਬਾਦਸ਼ਾਹ ਵਰਗਾ ਹੈ ਜਿਸਨੇ ਆਪਣੇ ਪੁੱਤਰ ਦੇ ਵਿਆਹ ਦੀ ਦਾਵਤ ਤਿਆਰ ਕਰਵਾਈ। 3ਰਾਜੇ ਨੇ ਆਪਣੇ ਨੋਕਰਾਂ ਨੂੰ ਉਨ੍ਹਾਂ ਲੋਕਾਂ ਨੂੰ ਲਿਆਉਣ ਲਈ ਭੇਜਿਆ ਜਿਨ੍ਹਾਂ ਨੂੰ ਉਸ ਨੇ ਵਿਆਹ ਦੀ ਦਾਵਤ ਤੇ ਸੱਦਾ ਦਿੱਤਾ ਸੀ। ਜਦੋਂ ਦਾਵਤ ਦੀ ਤਿਆਰੀ ਹੋ ਗਈ ਤਾਂ ਉਸ ਨੇ ਜਿਨ੍ਹਾਂ ਨੂੰ ਸੱਦਾ ਦਿੱਤਾ ਸੀ ਉਨ੍ਹਾਂ ਨੂੰ ਨੋਕਰਾਂ ਹੱਥ ਆਉਣ ਲਈ ਸੁਨੇਹਾ ਭੇਜਿਆ, ਪਰ ਲੋਕਾਂ ਨੇ ਰਾਜੇ ਦੀ ਦਾਵਤ ਤੇ ਆਉਣ ਤੋਂ ਇਨਕਾਰ ਕਰ ਦਿੱਤਾ।
4“ਫ਼ੇਰ ਉਸ ਨੇ ਹੋਰ ਵੱਧ ਨੋਕਰਾਂ ਨੂੰ ਸੱਦੇ ਹੋਏ ਲੋਕਾਂ ਨੂੰ ਦੱਸਣ ਲਈ ਭੇਜਿਆ, ‘ਉਨ੍ਹਾਂ ਲੋਕਾਂ ਨੂੰ ਦੱਸੋ ਜਿਨ੍ਹਾਂ ਨੂੰ ਮੈਂ ਸੱਦਿਆ; ਦਾਵਤ ਤਿਆਰ ਹੈ। ਮੈਂ ਆਪਣੇ ਬਲਦਾਂ ਅਤੇ ਮੋਟੇ ਪਸ਼ੂਆਂ ਨੂੰ ਖਾਣ ਲਈ ਵੱਢਿਆ ਹੈ ਤੇ ਸਭ ਕੁਝ ਤਿਆਰ ਹੈ ਵਿਆਹ ਦੀ ਦਾਵਤ ਲਈ ਆਓ।’
5“ਸੇਵਕ ਗਏ ਅਤੇ ਲੋਕਾਂ ਨੂੰ ਆਉਣ ਵਾਸਤੇ ਕਹਿ ਆਏ” ਪਰ ਲੋਕਾਂ ਨੇ ਉਨ੍ਹਾਂ ਨੂੰ ਸੁਨਣ ਤੋਂ ਇਨਕਾਰ ਕਰ ਦਿੱਤਾ। ਕੋਈ ਆਪਣੇ ਖੇਤਾਂ ਨੂੰ ਚੱਲਾ ਗਿਆ ਅਤੇ ਕੋਈ ਆਪਣੇ ਵਣਜ ਨੂੰ। 6ਕੁਝ ਹੋਰ ਲੋਕਾਂ ਨੇ ਇਕੱਠੇ ਹੋਕੇ ਉਨ੍ਹਾਂ ਨੋਕਰਾਂ ਨੂੰ ਫ਼ੜਿਆ, ਕੁਟਿਆ ਅਤੇ ਜਾਨੋ ਮਾਰ ਦਿੱਤਾ। 7ਬਾਦਸ਼ਾਹ ਨੂੰ ਬੜਾ ਗੁੱਸਾ ਆਇਆ। ਉਸ ਨੇ ਉਨ੍ਹਾਂ ਕਾਤਲਾਂ ਨੂੰ ਮਾਰਨ ਲਈ ਅਤੇ ਉਨ੍ਹਾਂ ਦਾ ਸ਼ਹਿਰ ਸਾੜਨ ਲਈ ਆਪਣੀ ਫ਼ੌਜ ਨੂੰ ਭੇਜਿਆ।
8“ਉਸਤੋਂ ਬਾਦ ਬਾਦਸ਼ਾਹ ਨੇ ਆਪਣੇ ਨੋਕਰਾਂ ਨੂੰ ਆਖਿਆ, ‘ਦਾਵਤ ਤਾਂ ਤਿਆਰ ਹੀ ਹੈ। ਮੈਂ ਜਿਨ੍ਹਾਂ ਨੂੰ ਇਸ ਦਾਵਤ ਲਈ ਸੱਦਾ ਦਿੱਤਾ ਸੀ ਉਹ ਇਸ ਕਾਬਿਲ ਨਹੀਂ ਸੀ ਕਿ ਇੱਥੇ ਆਉਂਦੇ। 9ਸੋ ਤੁਸੀਂ ਚੁਰਾਹਿਆਂ ਤੇ ਜਾਵੋ ਅਤੇ ਜਿਨ੍ਹਾਂ ਲੋਕਾਂ ਨੂੰ ਵੀ ਤੁਸੀਂ ਮਿਲੋ ਉਨ੍ਹਾਂ ਨੂੰ ਵਿਆਹ ਦੀ ਦਾਵਤ ਤੇ ਆਉਣ ਦਾ ਨਿਉਂਤਾ ਦਿਉ।’ 10ਤਾਂ ਨੋਕਰ ਬਾਹਰ ਚੁਰਾਹਿਆਂ ਤੇ ਗਏ। ਜਿਨ੍ਹਾਂ ਨੂੰ ਵੀ ਉਹ ਲੱਭ ਸੱਕੇ, ਉਨ੍ਹਾਂ ਨੇ ਸਾਰੇ ਭਲੇ ਬੁਰੇ ਲੋਕ ਇਕੱਠੇ ਕਰ ਲਏ। ਤਾਂ ਉਹ ਜਗ੍ਹਾ ਮਹਿਮਾਨਾਂ ਨਾਲ ਭਰ ਗਈ।
11“ਜਦੋਂ ਬਾਦਸ਼ਾਹ ਮਹਿਮਾਨਾਂ ਨੂੰ ਵੇਖਣ ਅੰਦਰ ਆਇਆ, ਤਾਂ ਉਸ ਨੇ ਇੱਕ ਆਦਮੀ ਨੂੰ ਵੇਖਿਆ ਜਿਸਨੇ ਵਿਆਹ ਦੇ ਕੱਪੜੇ ਨਹੀਂ ਪਾਏ ਹੋਏ ਸਨ। 12ਬਾਦਸ਼ਾਹ ਨੇ ਉਸ ਨੂੰ ਕਿਹਾ, ‘ਭਈ ਤੂੰ ਇੱਥੇ ਵਿਆਹ ਵਾਲੀ ਪੋਸ਼ਾਕ ਪਾਏ ਬਗੈਰ ਅੰਦਰ ਕਿਵੇਂ ਆਇਆ?’ ਪਰ ਉਸ ਆਦਮੀ ਨੇ ਕੁਝ ਨਾ ਕਿਹਾ। 13ਤਾਂ ਬਾਦਸ਼ਾਹ ਨੇ ਕੁਝ ਨੋਕਰਾਂ ਨੂੰ ਕਿਹਾ, ‘ਇਸ ਦੇ ਹੱਥ-ਪੈਰ ਬੰਨ੍ਹਕੇ ਇਸ ਨੂੰ ਬਾਹਰ ਦੇ ਹਨੇਰ ਵਿੱਚ ਸੁੱਟ ਦਿਉ। ਉਸ ਜਗ਼੍ਹਾ ਲੋਕ ਰੋਂਦੇ ਹੋਣਗੇ ਅਤੇ ਦਰਦ ਨਾਲ ਆਪਣੇ ਦੰਦ ਕਰੀਚ ਰਹੇ ਹੋਣਗੇ।’
14“ਹਾਂ, ਬਹੁਤ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਹੈ ਪਰ ਥੋੜੇ ਹੀ ਚੁਣੇ ਗਏ ਹਨ।”
ਕੁਝ ਯਹੂਦੀਆਂ ਨੇ ਯਿਸੂ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕੀਤੀ
(ਮਰਕੁਸ 12:13-17; ਲੂਕਾ 20:20-26)
15ਉਸਤੋਂ ਬਾਦ ਫ਼ਰੀਸੀ ਬਾਹਰ ਗਏ ਅਤੇ ਉਨ੍ਹਾਂ ਨੇ ਯਿਸੂ ਨੂੰ ਪ੍ਰਸ਼ਨਾਂ ਰਾਹੀਂ ਫ਼ਸਾਉਣ ਦਾ ਫ਼ੈਸਲਾ ਕੀਤਾ। 16ਉਨ੍ਹਾਂ ਨੇ ਆਪਣੇ ਕੁਝ ਚੇਲਿਆਂ ਨੂੰ ਹੇਰੋਦੀਆਂ ਨਾਮੇ ਸਮੂਹ ਦੇ ਕੁਝ ਆਦਮੀਆਂ ਨਾਲ ਯਿਸੂ ਕੋਲ ਭੇਜਿਆ। ਇਨ੍ਹਾਂ ਆਦਮੀਆਂ ਨੇ ਆਖਿਆ, “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੁਸੀਂ ਇੱਕ ਇਮਾਨਦਾਰ ਆਦਮੀ ਹੋ ਅਤੇ ਤੁਸੀਂ ਪਰਮੇਸ਼ੁਰ ਦੇ ਰਾਹ ਬਾਰੇ ਸੱਚਾਈ ਦਾ ਉਪਦੇਸ਼ ਦਿੰਦੇ ਹੋ। ਤੁਸੀਂ ਕਿਸੇ ਤੋਂ ਵੀ ਪ੍ਰਭਾਵਿਤ ਨਹੀਂ ਹੁੰਦੇ ਕਿਉਂਕਿ ਤੁਸੀਂ ਇਸ ਗੱਲ ਦੀ ਪ੍ਰਵਾਹ ਨਹੀਂ ਕਰਦੇ ਕਿ ਉਹ ਕੌਣ ਹਨ? 17ਸੋ ਸਾਨੂੰ ਦੱਸੋ ਕਿ ਤੁਸੀਂ ਕੀ ਸੋਚਦੇ ਹੋ ਕੀ ਕੈਸਰ#22:17 ਕੈਸਰ ਰੋਮ ਦੇ ਸ਼ਾਸਕ ਦਾ ਨਾਮ। ਨੂੰ ਮਸੂਲ ਦੇਣਾ ਨਿਆਂ ਅਨੁਸਾਰ ਹੈ ਜਾਂ ਨਹੀਂ?”
18ਪਰ ਯਿਸੂ ਉਨ੍ਹਾਂ ਦੇ ਦੁਸ਼ਟ ਇਰਾਦਿਆਂ ਨੂੰ ਜਾਣਦਾ ਸੀ ਤਾਂ ਉਸ ਨੇ ਆਖਿਆ, “ਤੁਸੀਂ ਕਪਟੀ ਹੋ, ਤੁਸੀਂ ਮੈਨੂੰ ਫ਼ਸਾਉਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ? 19ਜਿਹੜਾ ਸਿੱਕਾ ਤੁਸੀਂ ਮਹਿਸੂਲ ਦਿੰਦੇ ਹੋ ਮੈਨੂੰ ਵਿਖਾਓ।” ਤਦ ਉਹ ਇੱਕ ਚਾਂਦੀ ਦਾ ਸਿੱਕਾ ਉਸ ਕੋਲ ਲਿਆਏ। 20ਤਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਇਸ ਉੱਪਰ ਇਹ ਮੂਰਤ ਅਤੇ ਲਿਖਤ ਕਿਸਦੀ ਹੈ?”
21ਉਨ੍ਹਾਂ ਨੇ ਉੱਤਰ ਦਿੱਤਾ, “ਇਹ ਕੈਸਰ ਦੀ ਤਸਵੀਰ ਅਤੇ ਕੈਸਰ ਦਾ ਨਾਂ ਹੈ।”
ਤਦ ਉਸ ਨੇ ਉਨ੍ਹਾਂ ਨੂੰ ਆਖਿਆ, “ਤਾਂ ਫ਼ਿਰ ਜਿਹੜੀਆਂ ਵਸਤਾਂ ਕੈਸਰ ਦੀਆਂ ਹਨ ਉਹ ਕੈਸਰ ਨੂੰ ਦਿਉ ਅਤੇ ਜਿਹੜੀਆਂ ਵਸਤਾਂ ਪਰਮੇਸ਼ੁਰ ਦੀਆਂ ਹਨ ਉਹ ਪਰਮੇਸ਼ੁਰ ਨੂੰ ਦਿਉ।”
22ਅਤੇ ਉਹ ਇਹ ਸੁਣਕੇ ਬੜੇ ਹੈਰਾਨ ਹੋਏ ਅਤੇ ਉਸ ਨੂੰ ਛੱਡ ਕੇ ਚੱਲੇ ਗਏ।
ਕੁਝ ਸਦੂਕੀਆਂ ਨੇ ਯਿਸੂ ਨਾਲ ਚਾਲ ਚੱਲੀ
(ਮਰਕੁਸ 12:18-27; ਲੂਕਾ 20:27-40)
23ਉਸੇ ਦਿਨ, ਕੁਝ ਸਦੂਕੀ ਯਿਸੂ ਕੋਲ ਆਏ। ਉਹ ਵਿਸ਼ਵਾਸ ਕਰਦੇ ਸਨ ਕਿ ਪੁਨਰ ਉਥਾਨ ਨਹੀਂ ਹੈ। ਅਤੇ ਇਹ ਕਹਿਕੇ ਉਸਤੋਂ ਸਵਾਲ ਪੁੱਛਿਆ, 24ਕਿ “ਗੁਰੂ ਜੀ ਮੂਸਾ ਨੇ ਆਖਿਆ ਸੀ ਕਿ ਜੇ ਕੋਈ ਵਿਆਹੁਤਾ ਮਰਦ ਬੇਉਲਾਦ ਮਰ ਜਾਵੇ ਤਾਂ ਉਸਦਾ ਭਰਾ ਉਸਦੀ ਪਤਨੀ ਨਾਲ ਵਿਆਹ ਕਰ ਲਵੇ। ਅਤੇ ਉਸ ਨੂੰ ਆਪਣੇ ਭਰਾ ਲਈ ਵਾਰਿਸ ਦੇਣ ਲਈ ਬੱਚੇ ਪੈਦਾ ਕਰਨੇ ਚਾਹੀਦੇ ਹਨ।#22:24 ਦੇਖੋ ਬਿਵਸਥਾ ਸਾਰ 25:5, 6 25ਸਾਡੇ ਵਿੱਚਕਾਰ ਸੱਤ ਭਰਾ ਸਨ। ਪਹਿਲੇ ਨੇ ਵਿਆਹ ਕੀਤਾ ਅਤੇ ਮਰ ਗਿਆ। ਕਿਉਂ ਜੋ ਉਸਦੀ ਕੋਈ ਉਲਾਦ ਨਹੀਂ ਸੀ, ਉਸ ਦੇ ਭਰਾ ਨੇ ਉਸਦੀ ਵਿਧਵਾ ਨਾਲ ਵਿਆਹ ਕਰਵਾ ਲਿਆ। 26ਦੂਜੇ ਅਤੇ ਤੀਜੇ ਭਰਾ ਤੋਂ ਲੈ ਕੇ ਸੱਤਾਂ ਭਰਾਵਾਂ ਨਾਲ ਇਵੇਂ ਹੀ ਵਾਪਰਿਆ। 27ਸਾਰਿਆਂ ਦੇ ਪਿੱਛੋਂ ਉਹ ਔਰਤ ਵੀ ਮਰ ਗਈ। 28ਇਸ ਲਈ, ਜਿਵੇਂ ਕਿ ਸਾਰੇ ਭਰਾਵਾਂ ਨੇ ਉਸ ਨਾਲ ਵਿਆਹ ਕੀਤਾ, ਪੁਨਰ ਉਥਾਨ ਦੇ ਦਿਨ ਉਹ ਕਿਸਦੀ ਪਤਨੀ ਹੋਵੇਗੀ?”
29ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਤੁਸੀਂ ਭੁੱਲ ਵਿੱਚ ਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਪੋਥੀਆਂ ਕੀ ਆਖਦੀਆਂ ਹਨ। ਅਤੇ ਤੁਸੀਂ ਪਰਮੇਸ਼ੁਰ ਦੀ ਸ਼ਕਤੀ ਬਾਰੇ ਨਹੀਂ ਜਾਣਦੇ। 30ਕਿਉਂ ਜੋ ਪੁਨਰ ਉਥਾਨ ਤੋਂ ਬਾਦ, ਉੱਥੇ ਕੋਈ ਵਿਆਹ ਨਹੀਂ ਹੋਵੇਗਾ। ਉਹ ਇੱਕ ਦੂਜੇ ਨਾਲ ਵਿਆਹੇ ਨਹੀਂ ਜਾਨਗੇ। ਉਹ ਸਵਰਗ ਵਿੱਚ ਦੂਤਾਂ ਵਾਂਗ ਹੋਣਗੇ। 31ਕੀ ਤੁਸੀਂ ਉਹ ਨਹੀਂ ਪੜ੍ਹਿਆ ਜੋ ਪਰਮੇਸ਼ੁਰ ਨੇ ਮੁਰਦਿਆਂ ਦੇ ਪੁਨਰ ਉਥਾਨ ਬਾਰੇ ਲਿਖਿਆ ਹੈ। 32‘ਕਿ ਮੈਂ ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ।’#ਕੂਚ 3:6 ਉਹ ਮੁਰਦਿਆਂ ਦਾ ਪਰਮੇਸ਼ੁਰ ਨਹੀਂ ਜਿਉਂਦਿਆਂ ਦਾ ਹੈ।”
33ਲੋਕ ਉਸਦਾ ਇਹ ਉਪਦੇਸ਼ ਸੁਣਕੇ ਹੈਰਾਨ ਹੋਏ।
ਕਿਹੜਾ ਨੇਮ ਸਭ ਤੋਂ ਜ਼ਰੂਰੀ ਹੈ
(ਮਰਕੁਸ 12:28-34; ਲੂਕਾ 10:25-28)
34ਜਦੋਂ ਫ਼ਰੀਸੀਆਂ ਨੇ ਸੁਣਿਆ ਕਿ ਉਸ ਨੇ ਸਦੂਕੀਆਂ ਦਾ ਮੂੰਹ ਬੰਦ ਕਰ ਦਿੱਤਾ ਹੈ ਤਾਂ ਉਹ ਇੱਕ ਥਾਂ ਇਕੱਠੇ ਹੋਏ। 35ਇੱਕ ਫ਼ਰੀਸੀ ਜੋ ਮੂਸਾ ਦੀ ਸ਼ਰ੍ਹਾ ਦਾ ਉਸਤਾਦ ਸੀ ਯਿਸੂ ਨੂੰ ਪਰਤਾਉਣ ਲਈ ਉਸ ਨੂੰ ਇੱਕ ਸਵਾਲ ਪੁੱਛਿਆ, 36ਫ਼ਰੀਸੀ ਨੇ ਆਖਿਆ, “ਗੁਰੂ ਜੀ, ਸ਼ਰ੍ਹਾ ਵਿੱਚ ਸਭ ਤੋਂ ਜ਼ਰੂਰੀ ਹੁਕਮ ਕਿਹੜਾ ਹੈ?”
37ਯਿਸੂ ਨੇ ਜਵਾਬ ਦਿੱਤਾ, “ਤੈਨੂੰ ਆਪਣੇ ਪ੍ਰਭੂ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਰੂਹ ਨਾਲ, ਅਤੇ ਪੂਰੇ ਮਨ ਨਾਲ ਪਿਆਰ ਕਰਨਾ ਚਾਹੀਦਾ।#ਬਿਵਸਥਾ ਸਾਰ 6:5 38ਪਹਿਲਾ ਅਤੇ ਇਹੀ ਸਭ ਤੋਂ ਜ਼ਰੂਰੀ ਹੁਕਮ ਹੈ। 39ਅਤੇ ਦੂਜਾ ਹੁਕਮ ਵੀ ਪਹਿਲੇ ਜਿੰਨਾ ਹੀ ਮਹੱਤਵਪੂਰਣ ਹੈ: ‘ਤੈਨੂੰ ਆਪਣੇ ਗੁਆਂਢੀ ਨੂੰ ਉਵੇਂ ਹੀ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਤੂੰ ਆਪਣੇ-ਆਪ ਨੂੰ ਪਿਆਰ ਕਰਦਾ ਹੈਂ।#ਲੇਵੀਆਂ. 19:18 40ਇਨ੍ਹਾਂ ਦੋਹਾਂ ਹੁਕਮਾਂ ਉੱਤੇ ਹੀ ਸਾਰੇ ਨੇਮ ਅਤੇ ਨਬੀਆਂ ਦੀਆਂ ਲਿਖਤਾਂ ਟਿਕੇ ਹੋਏ ਹਨ।”
ਯਿਸੂ ਦਾ ਫ਼ਰੀਸੀਆਂ ਨੂੰ ਇੱਕ ਸਵਾਲ
(ਮਰਕੁਸ 12:35-37; ਲੂਕਾ 20:41-44)
41ਜਦੋਂ ਫ਼ਰੀਸੀ ਇਕੱਠੇ ਹੋਏ, ਤਾਂ ਯਿਸੂ ਨੇ ਉਨ੍ਹਾਂ ਨੂੰ ਇੱਕ ਸਵਾਲ ਪੁੱਛਿਆ। 42“ਤੁਸੀਂ ਮਸੀਹ ਬਾਰੇ ਕੀ ਸੋਚਦੇ ਹੋ। ਕਿ ਉਹ ਕਿਸਦਾ ਪੁੱਤਰ ਹੈ?”
ਉਨ੍ਹਾਂ ਨੇ ਯਿਸੂ ਨੂੰ ਕਿਹਾ, “ਦਾਊਦ ਦਾ ਪੁੱਤਰ।”
43ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਤਾਂ ਫ਼ਿਰ ਦਾਊਦ ਪਵਿੱਤਰ ਆਤਮਾ ਰਾਹੀਂ ਉਸ ਨੂੰ ‘ਪ੍ਰਭੂ’ ਕਿਉਂ ਬੁਲਾਉਂਦਾ ਹੈ? ਜਦੋਂ ਉਸ ਨੇ ਇਹ ਆਖਿਆ,
44‘ਪ੍ਰਭੂ ਨੇ ਮੇਰੇ ਪ੍ਰਭੂ ਨੂੰ ਆਖਿਆ,
ਤੂੰ ਮੇਰੇ ਸੱਜੇ ਪਾਸੇ ਬੈਠ ਜਦ
ਤੀਕਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਹੇਠ ਨਾ ਕਰ ਦਿਆਂ।’#ਜ਼ਬੂਰ 110:1
45ਇਸ ਲਈ ਜੇਕਰ ਦਾਊਦ ਉਸ ਨੂੰ ‘ਪ੍ਰਭੂ’, ਬੁਲਾਉਂਦਾ ਹੈ, ਤਾਂ ਉਹ ਉਸਦਾ ਪੁੱਤਰ ਕਿਵੇਂ ਹੋ ਸੱਕਦਾ ਹੈ?”
46ਕੋਈ ਵੀ ਫ਼ਰੀਸੀ ਯਿਸੂ ਦੇ ਸਵਾਲ ਦਾ ਜਵਾਬ ਨਾ ਦੇ ਸੱਕਿਆ। ਉਸ ਦਿਨ ਤੋਂ ਬਾਦ, ਕਿਸੇ ਨੇ ਵੀ ਉਸ ਨੂੰ ਕੋਈ ਹੋਰ ਸਵਾਲ ਕਰਨ ਦਾ ਹੌਂਸਲਾ ਨਾ ਕੀਤਾ।
Currently Selected:
ਮੱਤੀ ਦੀ ਇੰਜੀਲ 22: PERV
Highlight
Copy
Compare
Share
Want to have your highlights saved across all your devices? Sign up or sign in
Punjabi Holy Bible: Easy-to-Read Version
All rights reserved.
© 2002 Bible League International