YouVersion Logo
Search Icon

ਮੱਤੀ ਦੀ ਇੰਜੀਲ 16

16
ਯਹੂਦੀ ਆਗੂਆਂ ਨੇ ਯਿਸੂ ਦਾ ਇਮਤਿਹਾਨ ਲਿਆ
(ਮਰਕੁਸ 8:11-13; ਲੂਕਾ 12:54-56)
1ਫ਼ਰੀਸੀਆਂ ਅਤੇ ਸਦੂਕੀਆਂ ਨੇ ਯਿਸੂ ਕੋਲ ਆਕੇ ਪਰਤਾਉਣ ਲਈ ਉਸ ਅੱਗੇ ਪ੍ਰਾਰਥਨਾ ਕੀਤੀ ਕਿ ਸਾਨੂੰ ਕੋਈ ਚਮਤਕਾਰੀ ਨਿਸ਼ਾਨ ਵਿਖਾਓ।
2ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਜਦੋਂ ਤੁਸੀਂ ਡੁੱਬਦੇ ਸੂਰਜ ਨੂੰ ਵੇਖਦੇ ਹੋ, ਤਾਂ ਤੁਸੀਂ ਜਾਣਦੇ ਹੋ ਕਿ ਮੌਸਮ ਕਿਵੇਂ ਦਾ ਹੋਵੇਗਾ। ਜੇਕਰ ਅਕਾਸ਼ ਲਾਲ ਹੋਵੇ, ਤਾਂ ਤੁਸੀਂ ਆਖਦੇ ਹੋ ਕਿ ਮੌਸਮ ਚੰਗਾ ਹੋਵੇਗਾ। 3ਅਤੇ ਜੇਕਰ ਸਵੇਰੇ ਅਕਾਸ਼ ਲਾਲ ਅਤੇ ਬੱਦਲਵਾਈ ਹੋਵੇ ਤਾਂ ਤੁਸੀਂ ਆਖਦੇ ਹੋ ਕਿ ਇਹ ਮੀਂਹ ਵਾਲਾ ਦਿਨ ਹੋਵੇਗਾ। ਇਹ ਸਭ ਮੌਸਮ ਦੇ ਦਿਨ ਹਨ। ਜਿਵੇਂ ਤੁਸੀਂ ਇਨ੍ਹਾਂ ਸਾਰੇ ਦਿਨਾਂ ਦੇ ਅਕਾਸ਼ ਨੂੰ ਵੇਖਦੇ ਹੋ ਅਤੇ ਜਾਣਦੇ ਹੋ ਕਿ ਇਨ੍ਹਾਂ ਦੇ ਕੀ ਅਰਥ ਹਨ ਤਿਵੇਂ ਹੀ, ਜੋ ਕੁਝ ਹੁਣ ਵਾਪਰ ਰਿਹਾ ਹੈ, ਇਹ ਵੀ ਸਭ ਨਿਸ਼ਾਨ ਹਨ, ਪਰ ਤੁਸੀਂ ਇਨ੍ਹਾਂ ਨਿਸ਼ਾਨਾਂ ਤੋਂ ਅਨਜਾਣ ਹੋ। 4ਇਸ ਪੀੜ੍ਹੀ ਦੇ ਦੁਸ਼ਟ ਅਤੇ ਪਾਪੀ ਲੋਕ ਚਮਤਕਾਰ ਚਾਹੁੰਦੇ ਹਨ ਪਰ ਲੋਕਾਂ ਨੂੰ ਯੂਨਾਹ ਦੇ ਨਿਸ਼ਾਨ ਤੋਂ ਬਿਨਾ ਹੋਰ ਕੋਈ ਨਿਸ਼ਾਨ ਨਹੀਂ ਵਿਖਾਇਆ ਜਾਵੇਗਾ।” ਤਦ ਉਹ ਉਨ੍ਹਾਂ ਨੂੰ ਛੱਡ ਕੇ ਚੱਲਿਆ ਗਿਆ।
ਯਿਸੂ ਦੀ ਯਹੂਦੀ ਆਗੂਆਂ ਦੇ ਵਿਰੁੱਧ ਚਿਤਾਵਨੀ
(ਮਰਕੁਸ 8:14-21)
5ਚੇਲਿਆਂ ਨੇ ਝੀਲ ਪਾਰ ਕਰ ਲਈ, ਪਰ ਰੋਟੀ ਲਿਆਉਣੀ ਭੁੱਲ ਗਏ। 6ਇਸ ਲਈ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਸਚੇਤ ਰਹੋ! ਫ਼ਰੀਸੀਆਂ ਅਤੇ ਸਦੂਕੀਆਂ ਦੇ ਖਮੀਰ ਤੋਂ ਆਪਣੇ-ਆਪ ਨੂੰ ਬਚਾਓ।”
7ਚੇਲਿਆਂ ਨੇ ਇੱਕ ਦੂਜੇ ਨਾਲ ਵਿੱਚਾਰ ਕੀਤਾ ਅਤੇ ਆਖਿਆ, “ਉਸਨੇ ਅਜਿਹਾ ਇਸ ਲਈ ਆਖਿਆ ਹੋਵੇਗਾ ਕਿਉਂ ਕਿ ਅਸੀਂ ਰੋਟੀ ਲਿਆਉਣੀ ਭੁੱਲ ਗਏ ਹਾਂ?”
8ਪਰ ਯਿਸੂ ਨੇ ਇਹ ਜਾਣਕੇ ਕਿਹਾ, “ਹੇ ਥੋੜੀ ਪਰਤੀਤ ਵਾਲਿਓ, ਤੁਸੀਂ ਰੋਟੀ ਨਾ ਹੋਣ ਕਰਕੇ ਆਪਸ ਵਿੱਚ ਕੀ ਵਿੱਚਾਰਾਂ ਕਰਦੇ ਪਏ ਹੋ? 9ਕੀ ਅਜੇ ਵੀ ਤੁਸੀਂ ਨਹੀਂ ਸਮਝੇ? ਕੀ ਤੁਹਾਨੂੰ ਯਾਦ ਨਹੀਂ ਕਿ ਮੈਂ ਪੰਜ ਰੋਟੀਆਂ ਨਾਲ ਪੰਜ ਹਜ਼ਾਰ ਲੋਕਾਂ ਦੀ ਭੁੱਖ ਮਿਟਾਈ ਸੀ? ਕੀ ਤੁਹਾਨੂੰ ਯਾਦ ਨਹੀਂ ਕਿ ਬਚੇ ਹੋਏ ਭੋਜਨ ਨਾਲ ਤੁਸੀਂ ਕਿੰਨੇ ਟੋਕਰੇ ਭਰੇ ਸਨ। 10ਕੀ ਤੁਹਾਨੂੰ ਯਾਦ ਨਹੀਂ ਮੈਂ ਸੱਤਾਂ ਰੋਟੀਆਂ ਨਾਲ ਚਾਰ ਹਜ਼ਾਰ ਲੋਕਾਂ ਦੀ ਭੁੱਖ ਮਿਟਾਈ ਸੀ? ਕੀ ਤੁਹਾਨੂੰ ਯਾਦ ਨਹੀਂ ਕਿ ਬਚੇ ਹੋਏ ਭੋਜਨ ਨਾਲ ਤੁਸੀਂ ਕਿੰਨੇ ਟੋਕਰੇ ਭਰੇ ਸਨ? 11ਤਾਂ ਤੁਸੀਂ ਕਿਉਂ ਨਹੀਂ ਸਮਝਦੇ ਕਿ ਮੈਂ ਤੁਹਾਨੂੰ ਰੋਟੀ ਬਾਰੇ ਨਹੀਂ ਆਖ ਰਿਹਾ ਸੀ? ਪਰ ਮੈਂ ਤੁਹਾਨੂੰ ਫ਼ਰੀਸੀਆਂ ਅਤੇ ਸਦੂਕੀਆਂ ਦੇ ਖਮੀਰ ਬਾਰੇ ਹੁਸ਼ਿਆਰ ਰਹਿਣ ਲਈ ਕਹਿ ਰਿਹਾ ਸੀ।”
12ਫ਼ੇਰ ਉਹ ਚੇਲੇ ਜਾਣ ਗਏ ਕਿ ਉਹ ਉਨ੍ਹਾਂ ਨੂੰ ਰੋਟੀ ਵਿੱਚ ਵਰਤੇ ਜਾਣ ਵਾਲੇ ਖਮੀਰ ਤੋਂ ਸਾਵੱਧਾਨ ਰਹਿਣ ਲਈ ਨਹੀਂ ਆਖ ਰਿਹਾ ਸੀ। ਅਸਲ ਵਿੱਚ ਉਹ ਉਨ੍ਹਾਂ ਨੂੰ ਫ਼ਰੀਸੀਆਂ ਅਤੇ ਸਦੂਕੀਆਂ ਦੇ ਉਪਦੇਸ਼ਾਂ ਦੇ ਖਿਲਾਫ਼ ਆਪਣੇ-ਆਪ ਦੀ ਰੱਖਿਆ ਕਰਨ ਲਈ ਕਹਿ ਰਿਹਾ ਸੀ।
ਪਤਰਸ ਨੇ ਕਿਹਾ ਯਿਸੂ ਹੀ ਮਸੀਹ ਹੈ
(ਮਰਕੁਸ 8:27-30; ਲੂਕਾ 9:18-21)
13ਕੈਸਰੀਆ ਫ਼ਿਲਿੱਪੀ ਦੇ ਇਲਾਕੇ ਵਿੱਚ ਆਕੇ ਯਿਸੂ ਨੇ ਆਪਣੇ ਚੇਲਿਆਂ ਨੂੰ ਪੁੱਛਿਆ, “ਲੋਕੀਂ ਕਿਸਨੂੰ ਆਖਦੇ ਹਨ ਕਿ ਉਹ ਮਨੁੱਖ ਦਾ ਪੁੱਤਰ ਹੈ?”
14ਉਹ ਬੋਲੇ, “ਕੋਈ ਤਾਂ ਯੂਹੰਨਾ ਬਪਤਿਸਮਾ ਦੇਣ ਵਾਲੇ ਨੂੰ ਕਹਿੰਦੇ ਹਨ ਅਤੇ ਕੋਈ ਏਲੀਯਾਹ ਅਤੇ ਕੋਈ ਯਿਰਮਿਯਾਹ ਜਾਂ ਨਬੀਆਂ ਵਿੱਚੋਂ ਕਿਸੇ ਇੱਕ ਨੂੰ।”
15ਉਸ ਨੇ ਉਨ੍ਹਾਂ ਨੂੰ ਕਿਹਾ, “ਪਰ ਤੁਸੀਂ ਮੈਨੂੰ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ?”
16ਸ਼ਮਊਨ ਪਤਰਸ ਨੇ ਉੱਤਰ ਦਿੱਤਾ, “ਤੁਸੀਂ ਮਸੀਹ ਹੋ, ਜਿਉਂਦੇ ਪਰਮੇਸ਼ੁਰ ਦੇ ਪੁੱਤਰ ਹੋ।”
17ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਤੂੰ ਧੰਨ ਹੈ ਯੂਨਾਹ ਦੇ ਪੁੱਤਰ ਸ਼ਮਊਨ। ਕਿਉਂਕਿ ਇਹ ਗੱਲ ਤੈਨੂੰ ਮਨੁੱਖ ਦੁਆਰਾ ਨਹੀਂ ਪ੍ਰਗਟਾਈ ਗਈ ਸਗੋਂ ਮੇਰੇ ਪਿਤਾ ਦੁਆਰਾ ਜੋ ਕਿ ਸਵਰਗ ਵਿੱਚ ਹੈ। 18ਮੈਂ ਵੀ ਤੈਨੂੰ ਆਖਦਾ ਹਾਂ ਕਿ ਤੂੰ ਪਤਰਸ ਹੈਂ, ਅਤੇ ਮੈਂ ਆਪਣੀ ਕਲੀਸਿਯਾ ਇਸ ਚੱਟਾਨ ਉੱਪਰ ਬਨਾਵਾਂਗਾ। ਮੌਤ ਦੀ ਸ਼ਕਤੀ ਕਦੀ ਵੀ ਮੇਰੀ ਕਲੀਸਿਯਾ ਨੂੰ ਹਰਾਉਣ ਦੇ ਕਾਬਿਲ ਨਹੀਂ ਹੋਵੇਗੀ। 19ਮੈਂ ਤੈਨੂੰ ਸਵਰਗ ਦੇ ਰਾਜ ਦੀਆਂ ਕੁੰਜੀਆਂ ਦੇਵਾਂਗਾ। ਜੋ ਨਿਆਂ ਤੂੰ ਧਰਤੀ ਉੱਤੇ ਕਰੇਂਗਾ ਪਰਮੇਸ਼ੁਰ ਦੁਆਰਾ ਕੀਤਾ ਨਿਆਂ ਹੋਵੇਗਾ। ਜਿਸ ਮੁਆਫ਼ੀ ਦਾ ਇਕਰਾਰ ਤੂੰ ਧਰਤੀ ਤੇ ਕਰੇਂਗਾ ਉਹ ਪਰਮੇਸ਼ੁਰ ਦੁਆਰਾ ਦਿੱਤੀ ਗਈ ਮਾਫ਼ੀ ਹੋਵੇਗੀ।”
20ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਖਬਰਦਾਰ ਕੀਤਾ ਕਿ ਉਹ ਕਿਸੇ ਨੂੰ ਨਾ ਕਹਿਣ ਕਿ ਉਹੀ ਮਸੀਹ ਹੈ।
ਯਿਸੂ ਆਪਣੀ ਮੌਤ ਬਾਰੇ ਅਗੰਮ ਵਾਕ ਕਰਦਾ
(ਮਰਕੁਸ 8:31–9:1; ਲੂਕਾ 9:22-27)
21ਉਸ ਸਮੇਂ ਤੋਂ, ਯਿਸੂ ਨੇ ਆਪਣੇ ਚੇਲਿਆਂ ਨੂੰ ਵਰਨਣ ਕਰਨਾ ਸ਼ੁਰੂ ਕੀਤਾ ਕਿ ਉਸ ਨੂੰ ਯਰੂਸ਼ਲਮ ਜਰੂਰ ਜਾਣਾ ਪਵੇਗਾ, ਅਤੇ ਬਜੁਰਗ ਯਹੂਦੀ ਆਗੂਆਂ, ਪਰਧਾਨ ਜਾਜਕਾਂ, ਅਤੇ ਨੇਮ ਦੇ ਉਪਦੇਸ਼ਕਾਂ ਦੁਆਰਾ ਬਹੁਤ ਕਸ਼ਟ ਝੱਲਣੇ ਪੈਣਗੇ। ਅਤੇ ਇਹ ਵੀ ਦੱਸਿਆ ਕਿ ਉਹ ਮਾਰਿਆ ਜਾਵੇਗਾ ਪਰ ਮਰਨ ਦੇ ਤੀਜੇ ਦਿਨ ਉਹ ਫ਼ੇਰ ਜੀ ਉੱਠੇਗਾ।
22ਤਦ ਪਤਰਸ ਉਸ ਨੂੰ ਇੱਕ ਪਾਸੇ ਲਿਜਾਕੇ ਝਿੜਕਣ ਲੱਗਾ, “ਪ੍ਰਭੂ, ਪਰਮੇਸ਼ੁਰ ਤੁਹਾਨੂੰ ਉਨ੍ਹਾਂ ਗੱਲਾਂ ਤੋਂ ਬਚਾਵੇ। ਇਹ ਕਦੇ ਵੀ ਤੁਹਾਡੇ ਨਾਲ ਨਾ ਵਾਪਰੇ!”
23ਯਿਸੂ ਮੁੜਿਆ ਅਤੇ ਪਤਰਸ ਨੂੰ ਆਖਿਆ, “ਹੇ ਸ਼ੈਤਾਨ, ਮੈਥੋਂ ਦੂਰ ਚੱਲਿਆ ਜਾ। ਤੂੰ ਮੇਰੀ ਸਹਾਇਤਾ ਨਹੀਂ ਕਰ ਰਿਹਾ, ਤੂੰ ਪਰਮੇਸ਼ੁਰ ਦੇ ਬਚਨਾਂ ਦਾ ਧਿਆਨ ਨਹੀਂ ਕਰ ਰਿਹਾ ਸਗੋਂ ਤੂੰ ਉਨ੍ਹਾਂ ਗੱਲਾਂ ਲਈ ਫ਼ਿਕਰਮੰਦ ਹੈਂ ਜਿਨ੍ਹਾਂ ਨੂੰ ਲੋਕ ਜਰੂਰੀ ਸਮਝਦੇ ਹਨ।”
24ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਕੋਈ ਮੇਰੇ ਪਿੱਛੇ ਆਉਣਾ ਚਾਹੁੰਦਾ ਹੈ, ਤਾਂ ਉਸ ਨੂੰ ਉਨ੍ਹਾਂ ਗੱਲਾਂ ਨੂੰ ‘ਨਾਂਹ’ ਆਖਣੀ ਪਵੇਗੀ ਜਿਨ੍ਹਾਂ ਨੂੰ ਉਹ ਚਾਹੁੰਦਾ ਹੈ। ਉਸ ਵਿਅਕਤੀ ਨੂੰ ਉਹ ਸਲੀਬ ਕਬੂਲ ਕਰਨੀ ਚਾਹੀਦੀ ਹੈ ਜੋ ਉਸ ਨੂੰ ਦਿੱਤੀ ਗਈ ਹੈ ਅਤੇ ਮੇਰਾ ਪਿੱਛਾ ਕਰਨਾ ਚਾਹੀਦਾ ਹੈ। 25ਕਿਉਂਕਿ ਜਿਹੜਾ ਆਪਣੀ ਜਾਨ ਬਚਾਉਣਾ ਚਾਹੇਗਾ ਉਹ ਉਸ ਨੂੰ ਗੁਆ ਦੇਵੇਗਾ। ਅਤੇ ਹਰ ਉਹ ਵਿਅਕਤੀ ਜੋ ਮੇਰੇ ਲਈ ਆਪਣੀ ਜਾਨ ਗੁਆਵੇਗਾ ਉਹ ਉਸ ਨੂੰ ਪਾ ਲਵੇਗਾ। 26ਕਿਸੇ ਵਿਅਕਤੀ ਨੂੰ ਕੀ ਲਾਭ ਹੋਵੇਗਾ ਜੇਕਰ ਉਹ ਸਾਰੀ ਦੁਨੀਆਂ ਜਿੱਤ ਲਵੇ, ਪਰ ਆਪਣੇ ਪ੍ਰਾਣ ਗੁਆ ਲਵੇ? ਵਿਅਕਤੀ ਆਪਣੇ ਪ੍ਰਾਣ ਵਾਪਸ ਲੈਣ ਲਈ ਕੁਝ ਵੀ ਨਹੀਂ ਦੇ ਸੱਕਦਾ। 27ਮਨੁੱਖ ਦਾ ਪੁੱਤਰ ਆਪਣੇ ਦੂਤਾਂ ਸਮੇਤ ਅਤੇ ਪਿਤਾ ਦੀ ਮਹਿਮਾ ਨਾਲ ਮੁੜ ਆਵੇਗਾ। ਅਤੇ ਉਸ ਵਕਤ ਮਨੁੱਖ ਦਾ ਪੁੱਤਰ ਹਰ ਇੱਕ ਨੂੰ ਉਸਦੀ ਕਰਨੀ ਦਾ ਫ਼ਲ ਦੇਵੇਗਾ। 28ਮੈਂ ਸੱਚ-ਮੁੱਚ ਤੁਹਾਨੂੰ ਸੱਚ ਆਖਦਾ ਹਾਂ ਕਿ ਇੱਥੇ ਖੜ੍ਹੇ ਲੋਕਾਂ ਵਿੱਚੋਂ ਕੁਝ ਲੋਕ ਮਰਨ ਤੋਂ ਪਹਿਲਾਂ ਮਨੁੱਖ ਦੇ ਪੁੱਤਰ ਨੂੰ ਆਪਣੇ ਰਾਜ ਨਾਲ ਆਉਂਦਾ ਦੇਖਣਗੇ।”

Highlight

Copy

Compare

Share

None

Want to have your highlights saved across all your devices? Sign up or sign in