ਮੱਤੀ ਦੀ ਇੰਜੀਲ 11
11
ਯਿਸੂ ਅਤੇ ਯੂਹੰਨਾ ਬਪਤਿਸਮਾ ਦੇਣ ਵਾਲਾ
(ਲੂਕਾ 7:18-35)
1ਆਪਣੇ ਬਾਰ੍ਹਾਂ ਚੇਲਿਆਂ ਨੂੰ ਹਿਦਾਇਤਾਂ ਦੇਣ ਤੋਂ ਬਾਅਦ, ਯਿਸੂ ਨੇ ਉਹ ਥਾਂ ਛੱਡ ਦਿੱਤੀ ਅਤੇ ਗਲੀਲੀ ਦੇ ਨਗਰਾਂ ਵਿੱਚ ਉਪਦੇਸ਼ ਦੇਣ ਅਤੇ ਪ੍ਰਚਾਰ ਕਰਨ ਲਈ ਚੱਲਿਆ ਗਿਆ।
2ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਕੈਦਖਾਨੇ ਵਿੱਚ ਮਸੀਹ ਦੇ ਕੰਮਾਂ ਬਾਰੇ ਸੁਣਕੇ ਆਪਣੇ ਕੁਝ ਚੇਲਿਆਂ ਨੂੰ ਉਸ ਵੱਲ ਭੇਜਿਆ। 3ਯੂਹੰਨਾ ਦੇ ਚੇਲਿਆਂ ਨੇ ਯਿਸੂ ਨੂੰ ਆਖਿਆ, “ਕੀ ਤੂੰ ਉਹੀ ਵਿਅਕਤੀ ਹੈਂ ਜਿਸ ਬਾਰੇ ਯੂਹੰਨਾ ਨੇ ਕਿਹਾ ਸੀ ਕਿ ਆਉਣ ਵਾਲਾ ਹੈ, ਜਾਂ ਫ਼ਿਰ ਸਾਨੂੰ ਕਿਸੇ ਹੋਰ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ?”
4ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਜੋ ਕੁਝ ਤੁਸੀਂ ਸੁਣਦੇ ਅਤੇ ਵੇਖਦੇ ਹੋ ਜਾਕੇ ਯੂਹੰਨਾ ਨੂੰ ਆਖ ਦੇਣਾ, 5ਕਿ ਅੰਨ੍ਹੇ ਸੁਜਾਖੇ ਹੁੰਦੇ ਹਨ ਅਤੇ ਲੰਗੜ੍ਹੇ ਤੁਰਦੇ ਹਨ, ਕੋੜ੍ਹੀ ਸ਼ੁੱਧ ਕੀਤੇ ਜਾਂਦੇ ਹਨ, ਬੋਲੇ ਸੁਣਦੇ ਹਨ ਅਤੇ ਮੁਰਦੇ ਜਿਵਾਏ ਜਾਂਦੇ ਹਨ ਅਤੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਜਾਂਦੀ ਹੈ। 6ਜਿਹੜਾ ਵਿਅਕਤੀ ਮੈਨੂੰ ਕਬੂਲਦਾ ਹੈ ਉਹ ਧੰਨ ਹੈ।”
7ਯਿਸੂ ਨੇ ਯੂਹੰਨਾ ਬਾਰੇ ਲੋਕਾਂ ਨਾਲ ਗੱਲ ਕਰਨੀ ਸ਼ੁਰੂ ਕੀਤੀ, “ਤੁਸੀਂ ਬਾਹਰ ਉਜਾੜ ਵਿੱਚ ਕੀ ਵੇਖਣ ਨਿਕਲੇ ਸੀ? ਇੱਕ ਕਾਨੇ ਨੂੰ ਜਿਹੜਾ ਹਵਾ ਨਾਲ ਹਿੱਲਦਾ ਹੈ? ਨਹੀਂ! 8ਸੱਚਮੁੱਚ ਤੁਸੀਂ ਕੀ ਵੇਖਣ ਲਈ ਬਾਹਰ ਨਿਕਲੇ ਸੀ? ਕੀ ਮਹੀਨ ਵਸਤਰ ਪਹਿਨੇ ਹੋਏ ਇੱਕ ਮਨੁੱਖ ਨੂੰ ਵੇਖਣ? ਨਹੀਂ! ਉਹ ਜਿਹੜੇ ਮਹੀਨ ਵਸਤਰ ਪਹਿਨਦੇ ਹਨ ਉਹ ਰਾਜਿਆਂ ਦੇ ਮਹਿਲਾਂ ਵਿੱਚ ਹਨ। 9ਫ਼ੇਰ ਤੁਸੀਂ ਬਾਹਰ ਕੀ ਵੇਖਣ ਲਈ ਨਿਕਲੇ ਸੀ? ਇੱਕ ਨਬੀ ਨੂੰ? ਹਾਂ ਮੈਂ ਤੁਹਾਨੂੰ ਦੱਸਦਾ ਹਾਂ, ਯੂਹੰਨਾ ਨਬੀ ਨਾਲੋਂ ਵੀ ਵੱਧੇਰੇ ਹੈ। 10ਇਹ ਓਹੋ ਹੈ ਜਿਸਦੇ ਬਾਰੇ ਪੋਥੀਆਂ ਵਿੱਚ ਇਹ ਲਿਖਿਆ ਹੋਇਆ ਹੈ:
‘ਸੁਣੋ! ਮੈਂ ਤੁਹਾਡੇ ਅੱਗੇ ਆਪਣਾ ਦੂਤ ਘੱਲ ਰਿਹਾ ਹਾਂ ਜਿਹੜਾ ਕਿ
ਤੁਹਾਡੇ ਲਈ ਤੁਹਾਡਾ ਰਾਹ ਤਿਆਰ ਕਰੇਗਾ।’#ਮਲਾਕੀ 3:1
11“ਮੈਂ ਤੁਹਾਨੂੰ ਸੱਚ ਦੱਸਦਾ ਹਾਂ: ਸਾਰੇ ਆਦਮੀਆਂ ਵਿੱਚੋਂ, ਜਿਹੜੇ ਔਰਤਾਂ ਤੋਂ ਜੰਮੇ ਹਨ, ਕੋਈ ਵੀ ਯੂਹੰਨਾ ਬਪਤਿਸਮਾ ਦੇਣ ਵਾਲੇ ਤੋਂ ਵੱਡਾ ਨਹੀਂ ਹੈ। ਪਰ ਹਾਲੇ ਵੀ, ਜੋ ਸਵਰਗ ਦੇ ਰਾਜ ਵਿੱਚ ਛੋਟਾ ਹੈ ਉਹ ਯੂਹੰਨਾ ਤੋਂ ਵੱਡਾ ਹੈ। 12ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਹੁਣ ਤੀਕ ਸਵਰਗ ਦੇ ਰਾਜ ਉੱਤੇ ਜੋਰ ਮਾਰਿਆ ਜਾਂਦਾ ਹੈ। ਜਿਹੜੇ ਬਲ ਦਾ ਉਪਯੋਗ ਕਰਦੇ ਹਨ ਇਸ ਨੂੰ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। 13ਕਿਉਂ ਜੋ ਸਾਰੇ ਨਬੀ ਅਤੇ ਤੁਰੇਤ ਯੂਹੰਨਾ ਦੇ ਆਉਣ ਤੀਕ ਬੋਲੇ। 14ਜੇਕਰ ਤੁਸੀਂ ਉਹ ਗੱਲਾਂ ਜੋ ਸ਼ਰ੍ਹਾ ਅਤੇ ਨਬੀਆਂ ਨੇ ਆਖੀਆਂ ਹਨ, ਮੰਨੋ ਤਾਂ ਤੁਸੀਂ ਵਿਸ਼ਵਾਸ ਕਰੋਂਗੇ ਕਿ ਯੂਹੰਨਾ ਉਹੀ ਏਲੀਯਾਹ ਹੈ ਜੋ ਆਉਣ ਵਾਲਾ ਸੀ। 15ਜੇਕਰ ਤੁਸੀਂ ਮੈਨੂੰ ਸੁਣ ਸੱਕਦੇ ਹੋ, ਤਾਂ ਸੁਣੋ।
16“ਮੈਂ ਇਸ ਪੀੜ੍ਹੀ ਦੇ ਲੋਕਾਂ ਦੀ ਤੁਲਨਾ ਕਿਸ ਨਾਲ ਕਰਾਂ? ਅੱਜ ਦੇ ਲੋਕ ਉਨ੍ਹਾਂ ਬੱਚਿਆਂ ਵਰਗੇ ਹਨ ਜੋ ਕਿ ਬੱਚਿਆਂ ਦਾ ਇੱਕ ਧੜਾ ਬਣਾਕੇ ਬਾਜ਼ਾਰ ਵਿੱਚ ਬੈਠੇ ਦੂਜੇ ਬਾਲਕਾਂ ਦੇ ਧੜੇ ਨੂੰ ਆਵਾਜ਼ ਮਾਰਕੇ ਆਖਦੇ ਹਨ,
17‘ਅਸੀਂ ਤੁਹਾਡੇ ਲਈ ਬੰਸਰੀ
ਵਜਾਈ ਪਰ ਤੁਸੀਂ ਨਾ ਨੱਚੇ।
ਅਸੀਂ ਉਦਾਸ ਗੀਤ ਗਾਇਆ
ਪਰ ਤੁਸੀਂ ਨਾ ਪਿੱਟਿਆ।’
18ਮੈਂ ਕਿਉਂ ਕਹਿੰਦਾ ਹਾਂ ਕਿ ਲੋਕ ਇਹੋ ਜਿਹੇ ਹਨ? ਕਿਉਂਕਿ ਯੂਹੰਨਾ ਆਇਆ ਪਰ ਉਸ ਨੇ ਦੂਜੇ ਲੋਕਾਂ ਵਾਂਗ ਨਾ ਖਾਧਾ ਨਾ ਪੀਤਾ, ‘ਅਤੇ ਲੋਕਾਂ ਨੇ ਆਖਿਆ ਕਿ ਉਸ ਦੇ ਅੰਦਰ ਭੂਤ ਹੈ।’ 19ਮਨੁੱਖ ਦਾ ਪੁੱਤਰ ਖਾਂਦਾ ਪੀਂਦਾ ਆਇਆ ਅਤੇ ਲੋਕ ਆਖਦੇ ਹਨ ਕਿ ਵੇਖੋ ਇੱਕ ਖਾਊ ਅਤੇ ਸ਼ਰਾਬੀ ਮਨੁੱਖ ਮਸੂਲੀਆਂ ਅਤੇ ਪਾਪੀਆਂ ਦਾ ਯਾਰ ਹੈ! ਪਰ ਗਿਆਨ ਖੁਦ ਦੀਆਂ ਕਰਨੀਆਂ ਤੋਂ ਧਰਮੀ ਦਿਖਾਇਆ ਜਾਂਦਾ ਹੈ।”
ਯਿਸੂ ਉਨ੍ਹਾਂ ਨੂੰ ਚੇਤਾਵਨੀ ਦਿੰਦਾ ਜੋ ਵਿਸ਼ਵਾਸ ਨਹੀਂ ਕਰਦੇ
(ਲੂਕਾ 10:13-15)
20ਯਿਸੂ ਨੇ ਉਨ੍ਹਾਂ ਸ਼ਹਿਰਾਂ ਦੀ ਆਲੋਚਨਾ ਕੀਤੀ ਜਿਨ੍ਹਾਂ ਵਿੱਚ ਉਸ ਨੇ ਬਹੁਤ ਸਾਰੇ ਕਰਿਸ਼ਮੇ ਕੀਤੇ। ਉੱਥੋਂ ਦੇ ਸ਼ਹਿਰਾਂ ਦੇ ਲੋਕਾਂ ਨੇ ਆਪਣੇ ਜੀਵਨ ਢੰਗ ਨਹੀਂ ਬਦਲੇ ਅਤੇ ਨਾਹੀ ਪਾਪ ਕਰਨੇ ਬੰਦ ਕੀਤੇ। 21ਯਿਸੂ ਨੇ ਕਿਹਾ, “ਤੇਰੇ ਲਈ ਇਹ ਬੁਰਾ ਹੋਵੇਗਾ ਖੁਰਾਜ਼ੀਨ! ਤੇਰੇ ਲਈ ਇਹ ਬੁਰਾ ਹੋਵੇਗਾ ਬੈਤਸੈਦਾ!#11:21 ਖੁਰਾਜ਼ੀਨ, ਬੈਤਸੈਦਾ ਗਲੀਲੀ ਝੀਲ ਦੇ ਨੇੜੇ ਦੇ ਸ਼ਹਿਰ ਜਿੱਥੇ ਯਿਸੂ ਨੇ ਪ੍ਰਚਾਰ ਕੀਤਾ। ਤੁਹਾਡੇ ਵਿੱਚ ਮੈਂ ਬਹੁਤ ਕਰਿਸ਼ਮੇ ਕੀਤੇ। ਜੇਕਰ ਉਹ ਕਰਿਸ਼ਮੇ ਸੂਰ ਅਤੇ ਸੈਦਾ#11:21 ਸੂਰ ਅਤੇ ਸੈਦਾ ਇਹ ਉਨ੍ਹਾਂ ਸ਼ਹਿਰਾਂ ਦੇ ਨਾਮ ਹਨ ਜਿੱਥੇ ਮੰਦੇ ਲੋਕ ਰਹਿੰਦੇ ਸਨ। ਵਿੱਚ ਕੀਤੇ ਜਾਂਦੇ, ਤਾਂ ਬਹੁਤ ਪਹਿਲਾਂ ਉਨ੍ਹਾਂ ਲੋਕਾਂ ਨੇ ਆਪਣੇ ਜੀਵਨ ਬਦਲ ਲਏ ਹੁੰਦੇ। 22ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਨਿਆਂ ਦੇ ਦਿਨ ਤੁਹਾਡੇ ਨਾਲੋਂ ਸੂਰ ਅਤੇ ਸੈਦਾ ਦਾ ਹਾਲ ਪੁੱਛਣ ਜੋਗ ਹੋਵੇਗਾ।
23“ਹੇ ਕਫ਼ਰਨਾਹੂਮ! ਕੀ ਤੂੰ ਸਵਰਗ ਤੀਕ ਉੱਚਾ ਚੁੱਕਿਆ ਜਾਵੇਂਗਾ? ਨਹੀਂ! ਤੈਨੂੰ ਥੱਲੇ ਮੌਤ ਦੀ ਥਾਵੇਂ ਸੁੱਟਿਆ ਜਾਵੇਗਾ, ਕਿਉਂਕਿ ਜਿਹੜੀਆਂ ਕਰਾਮਾਤਾਂ ਤੇਰੇ ਵਿੱਚ ਵਿਖਾਈਆਂ ਗਈਆਂ ਜੇਕਰ ਉਹੀ ਕਰਾਮਾਤਾਂ ਸਦੂਮ ਵਿੱਚ ਵਿਖਾਈਆਂ ਜਾਂਦੀਆਂ ਤਾਂ ਉਹ ਅੱਜ ਤੀਕ ਬਣਿਆ ਰਹਿੰਦਾ। 24ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਨਿਆਂ ਦੇ ਦਿਨ ਤੁਹਾਡਾ ਹਾਲ ਸਦੂਮ ਦੇਸ਼ ਨਾਲੋਂ ਮਾੜਾ ਹੋਵੇਗਾ।”
ਯਿਸੂ ਆਪਣੇ ਲੋਕਾਂ ਨੂੰ ਵਿਸ਼ਰਾਮ ਦਿੰਦਾ
(ਲੂਕਾ 10:21-22)
25ਤਦ ਯਿਸੂ ਨੇ ਆਖਿਆ, “ਹੇ ਪਿਤਾ, ਸਵਰਗ ਅਤੇ ਧਰਤੀ ਦੇ ਪ੍ਰਭੂ, ਮੈਂ ਤੇਰੀ ਉਸਤਤਿ ਕਰਦਾ ਹਾਂ ਅਤੇ ਜੋ ਤੂੰ ਇਨ੍ਹਾਂ ਗੱਲਾਂ ਨੂੰ ਸਿਆਣੇ ਅਤੇ ਚੁਸਤ ਲੋਕਾਂ ਤੋਂ ਗੁਪਤ ਰੱਖਿਆ। ਪਰ ਤੂੰ ਇਹ ਗੱਲਾਂ ਆਮ ਆਦਮੀਆਂ ਨੂੰ ਪ੍ਰਗਟ ਕੀਤੀਆਂ ਹਨ। 26ਹਾਂ, ਪਿਤਾ! ਤੂੰ ਅਜਿਹਾ ਕੀਤਾ, ਕਿਉਂਕਿ ਸੱਚਮੁੱਚ ਤੂੰ ਇਹੀ ਕਰਨਾ ਚਾਹੁੰਦਾ ਸੀ।
27“ਸਭ ਕੁਝ ਮੇਰੇ ਪਿਤਾ ਨੇ ਮੈਨੂੰ ਸੌਂਪਿਆ ਹੋਇਆ ਹੈ। ਪਿਤਾ ਤੋਂ ਬਿਨਾ ਪੁੱਤਰ ਨੂੰ ਕੋਈ ਨਹੀਂ ਜਾਣਦਾ ਅਤੇ ਨਾ ਹੀ ਪੁੱਤਰ ਤੋਂ ਬਿਨਾ ਪਿਤਾ ਨੂੰ ਕੋਈ ਜਾਣਦਾ ਹੈ। ਜਿਨ੍ਹਾਂ ਨੂੰ ਪੁੱਤਰ ਪ੍ਰਗਟ ਕਰਨ ਲਈ ਚੁਣੇਗਾ, ਸਿਰਫ਼ ਉਹੀ ਲੋਕ ਪਿਤਾ ਨੂੰ ਜਾਨਣਗੇ।
28“ਉਹ ਸਾਰੇ ਲੋਕ ਜੋ ਥੱਕੇ ਹੋਏ ਹਨ ਅਤੇ ਜਿਨ੍ਹਾਂ ਨੇ ਭਾਰੀ ਬੋਝ ਚੁੱਕੇ ਹੋਏ ਹਨ ਮੇਰੇ ਕੋਲ ਆਵੋ, ਮੈਂ ਤੁਹਾਨੂੰ ਆਰਾਮ ਦੇਵਾਂਗਾ। 29ਮੇਰਾ ਜੂਲਾ ਆਪਣੇ ਉੱਤੇ ਚੁੱਕੋ ਅਤੇ ਮੈਥੋਂ ਸਿਖੋ, ਕਿਉਂਕਿ ਮੈਂ ਕੋਮਲ ਅਤੇ ਨਿਮ੍ਰ ਦਿਲ ਹਾ। ਇਉਂ, ਤੁਸੀਂ ਆਪਣੇ ਆਤਮਾ ਅੰਦਰ ਵਿਸ਼ਰਾਮ ਮਹਿਸੂਸ ਕਰੋਂਗੇ। 30ਕਿਉਂਕਿ ਮੇਰਾ ਜੂਲਾ ਸੁਖਾਲਾ ਹੈ ਅਤੇ ਜੋ ਬੋਝ ਮੈਂ ਤੁਹਾਨੂੰ ਦਿੰਦਾ ਹਾਂ ਉਹ ਹੌਲਾ ਹੈ।”
Currently Selected:
ਮੱਤੀ ਦੀ ਇੰਜੀਲ 11: PERV
Highlight
Copy
Compare
Share
Want to have your highlights saved across all your devices? Sign up or sign in
Punjabi Holy Bible: Easy-to-Read Version
All rights reserved.
© 2002 Bible League International