ਲੂਕਾ ਦੀ ਇੰਜੀਲ 7
7
ਯਿਸੂ ਦਾ ਇੱਕ ਨੌਕਰ ਨੂੰ ਠੀਕ ਕਰਨਾ
(ਮੱਤੀ 8:5-13; ਯੂਹੰਨਾ 4:43-54)
1ਜਦੋਂ ਯਿਸੂ ਆਪਣੀਆਂ ਸਾਰੀਆਂ ਗੱਲਾਂ ਲੋਕਾਂ ਤੱਕ ਪਹੁੰਚਾ ਚੁੱਕਾ ਤਾਂ ਉਹ ਕਫ਼ਰਨਾਹੂਮ ਵੱਲ ਗਿਆ। 2ਉੱਥੇ ਇੱਕ ਸੈਨਾ ਅਧਿਕਾਰੀ ਸੀ। ਉਸਦਾ ਨੌਕਰ ਬੜਾ ਬਿਮਾਰ ਸੀ, ਅਤੇ ਮਰਨ ਕਿਨਾਰੇ ਸੀ। ਉਸ ਨੂੰ ਨੌਕਰ ਨਾਲ ਬੜਾ ਪਿਆਰ ਸੀ। 3ਜਦੋਂ ਅਧਿਕਾਰੀ ਨੂੰ ਯਿਸੂ ਬਾਰੇ ਪਤਾ ਲੱਗਾ ਉਸ ਨੇ ਕੁਝ ਬਜ਼ੁਰਗ ਯਹੂਦੀ ਆਗੂਆਂ ਨੂੰ ਯਿਸੂ ਕੋਲ ਇਹ ਬੇਨਤੀ ਕਰਨ ਲਈ ਭੇਜਿਆ ਕਿ ਉਹ ਆਵੇ ਅਤੇ ਉਸ ਦੇ ਨੌਕਰ ਨੂੰ ਬਚਾਵੇ। 4ਤਾਂ ਉਹ ਆਦਮੀ ਯਿਸੂ ਕੋਲ ਗਏ ਉਨ੍ਹਾਂ ਨੇ ਅਧਿਕਾਰੀ ਦੀ ਮਦਦ ਕਰਨ ਲਈ ਯਿਸੂ ਅੱਗੇ ਬੇਨਤੀ ਕੀਤੀ ਅਤੇ ਕਿਹਾ, “ਕਿ ਉਹ ਸੱਚ-ਮੁੱਚ ਤੇਰੀ ਸਹਾਇਤਾ ਦੇ ਕਾਬਿਲ ਹੈ। 5ਉਹ ਸਾਡੇ ਲੋਕਾਂ ਨੂੰ ਪਿਆਰ ਕਰਦਾ ਹੈ ਅਤੇ ਸਾਡੇ ਲਈ ਉਸ ਨੇ ਪ੍ਰਾਰਥਨਾ ਸਥਾਨ ਵੀ ਬਨਵਾਇਆ ਹੈ।”
6ਇਸ ਲਈ ਯਿਸੂ ਉਨ੍ਹਾਂ ਦੇ ਨਾਲ ਚੱਲਿਆ ਗਿਆ ਅਤੇ ਜਦੋਂ ਉਹ ਉਸ ਦੇ ਘਰ ਤੋਂ ਜਿਆਦਾ ਦੂਰ ਨਹੀਂ ਸੀ। ਤਾਂ ਅਧਿਕਾਰੀ ਨੇ ਆਪਣੇ ਕੁਝ ਮਿੱਤਰਾਂ ਨੂੰ ਉਸ ਨੂੰ ਇਹ ਆਖਣ ਲਈ ਭੇਜਿਆ, “ਪ੍ਰਭੂ ਤੁਸੀਂ ਇੱਥੇ ਆਉਣ ਦੀ ਤਕਲੀਫ਼ ਨਾ ਕਰੋ, ਕਿਉਂਕਿ ਮੈਂ ਇਸ ਲਾਇੱਕ ਨਹੀਂ ਕਿ ਤੁਸੀਂ ਮੇਰੀ ਛੱਤ ਹੇਠ ਆਵੋ। 7ਇਸੇ ਕਾਰਣ ਮੈਂ ਆਪਣੇ-ਆਪ ਨੂੰ ਤੁਹਾਡੇ ਕੋਲ ਆਉਣ ਦੇ ਕਾਬਿਲ ਨਹੀਂ ਸਮਝਿਆ। ਪਰ ਤੁਸੀਂ ਕੇਵਲ ਇੱਕ ਸ਼ਬਦ ਆਖੋਂ ਤਾਂ ਮੇਰਾ ਨੌਕਰ ਰਾਜੀ ਹੋ ਜਾਵੇਗ਼ਾ। 8ਕਿਉਂਕਿ ਮੈਂ ਖੁਦ ਆਪਣੇ ਤੋਂ ਉਚਿਆਂ ਦੇ ਅਧੀਨ ਕੰਮ ਕਰਦਾ ਹਾਂ। ਕੁਝ ਸਿਪਾਹੀ ਹਨ ਜੋ ਮੇਰੇ ਹੇਠਾਂ ਹਨ। ਜੇਕਰ ਮੈਂ ਕਿਸੇ ਨੂੰ ਆਖਦਾ ਹਾਂ, ‘ਜਾ’, ਤਾਂ ਉਹ ਜਾਂਦਾ ਹੈ ਤੇ ਜੇਕਰ ਮੈਂ ਕਿਸੇ ਹੋਰ ਨੂੰ ਆਖਦਾ ਹਾਂ, ‘ਆ’, ਉਹ ਆਉਂਦਾ ਹੈ। ਜੇਕਰ ਮੈਂ ਆਪਣੇ ਨੌਕਰ ਨੂੰ ਕਹਾਂ, ‘ਇਹ ਕਰ’, ਤਾਂ ਉਹ ਕਰਦਾ ਹੈ।”
9ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਹ ਹੈਰਾਨ ਹੋਇਆ। ਯਿਸੂ ਉਨ੍ਹਾਂ ਲੋਕਾਂ ਵੱਲ ਮੁੜਿਆ ਜੋ ਉਸਦਾ ਹੁਕਮ ਮੰਨਦੇ ਸਨ ਅਤੇ ਉਨ੍ਹਾਂ ਨੂੰ ਆਖਿਆ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਅਜਿਹਾ ਵਿਸ਼ਵਾਸ ਤਾਂ ਮੈਂ ਇਸਰਾਏਲ ਵਿੱਚ ਵੀ ਨਹੀਂ ਵੇਖਿਆ।”
10ਜਿਹੜੇ ਲੋਕ ਯਿਸੂ ਕੋਲ ਭੇਜੇ ਗਏ ਸਨ ਜਦੋਂ ਉਹ ਘਰ ਨੂੰ ਵਾਪਸ ਚੱਲੇ ਗਏ ਤਾਂ ਉਨ੍ਹਾਂ ਨੇ ਵੇਖਿਆ ਕਿ ਨੌਕਰ ਰਾਜ਼ੀ ਹੋ ਗਿਆ ਸੀ।
ਯਿਸੂ ਦਾ ਇੱਕ ਮਨੁੱਖ ਨੂੰ ਜਿਉਂਦਾ ਕਰਨਾ
11ਅਗਲੇ ਦਿਨ ਯਿਸੂ ਨਾਇਨ ਨਾਂ ਦੇ ਇੱਕ ਸ਼ਹਿਰ ਵਿੱਚ ਗਿਆ। ਉਸ ਦੇ ਚੇਲੇ ਅਤੇ ਲੋਕਾਂ ਦੀ ਇੱਕ ਵੱਡੀ ਭੀੜ ਉਸ ਦੇ ਨਾਲ ਸਫ਼ਰ ਕਰ ਰਹੀ ਸੀ। 12ਜਦੋਂ ਉਹ ਨਗਰ ਦੇ ਫ਼ਾਟਕ ਦੇ ਕੋਲ ਪਹੁੰਚਿਆ ਤਾਂ ਉਸ ਨੇ ਇੱਕ ਜਨਾਜ਼ਾ ਵੇਖਿਆ। ਇੱਕ ਵਿਧਵਾ ਦਾ ਇੱਕੋ-ਇੱਕ ਪੁੱਤਰ ਸੀ ਜੋ ਮਰ ਗਿਆ ਸੀ। ਜਦੋਂ ਉਸ ਦੇ ਪੁੱਤਰ ਦਾ ਜਨਾਜ਼ਾ ਲਿਜਾਇਆ ਜਾ ਰਿਹਾ ਸੀ ਤਾਂ ਉਸ ਦੇ ਨਾਲ ਕਾਫ਼ੀ ਲੋਕ ਵੀ ਤੁਰ ਰਹੇ ਸਨ। 13ਜਦੋਂ ਪ੍ਰਭੂ ਯਿਸੂ ਨੇ ਉਸ ਨੂੰ ਵੇਖਿਆ ਤਾਂ ਉਸ ਦੇ ਉੱਤੇ ਤਰਸ ਖਾਧਾ ਅਤੇ ਉਸ ਨੇ ਉਸ ਔਰਤ ਨੂੰ ਕਿਹਾ, “ਤੂੰ ਰੋ ਨਹੀਂ।” 14ਉਹ ਅਗਾਂਹ ਗਿਆ ਅਤੇ ਤਾਬੂਤ ਨੂੰ ਛੋਹਿਆ ਅਤੇ ਜਿਨ੍ਹਾਂ ਲੋਕਾਂ ਨੇ ਤਾਬੂਤ ਨੂੰ ਚੁੱਕਿਆ ਹੋਇਆ ਸੀ, ਉੱਥੇ ਹੀ ਰੁਕ ਗਏ। ਯਿਸੂ ਨੇ ਉਸ ਮੁਰਦਾ ਪੁੱਤਰ ਨੂੰ ਕਿਹਾ, “ਹੇ ਯੁਵਕ! 15ਮੈਂ ਤੈਨੂੰ ਆਖਦਾ ਹਾਂ ਕਿ ਉੱਠ ਖਲੋ।” ਤਾਂ ਉਹ ਵਿਧਵਾ ਦਾ ਪੁੱਤਰ ਉੱਠ ਬੈਠਾ ਅਤੇ ਗੱਲਾਂ ਕਰਨ ਲੱਗ ਪਿਆ ਅਤੇ ਯਿਸੂ ਨੇ ਉਸ ਨੂੰ ਉਸਦੀ ਮਾਂ ਨੂੰ ਦੇ ਦਿੱਤਾ।
16ਸਭ ਲੋਕ ਡਰ ਨਾਲ ਭਰ ਗਏ ਅਤੇ ਇਹ ਕਹਿ ਕੇ ਪਰਮੇਸ਼ੁਰ ਦੀ ਉਸਤਤਿ ਕਰਨ ਲੱਗੇ “ਇੱਕ ਵੱਡਾ ਨਬੀ ਸਾਡੇ ਕੋਲ ਆਇਆ ਹੈ।” ਅਤੇ ਉਨ੍ਹਾਂ ਕਿਹਾ, “ਪਰਮੇਸ਼ੁਰ ਖੁਦ ਆਪਣੇ ਲੋਕਾਂ ਦੀ ਮਦਦ ਕਰਨ ਲਈ ਆਇਆ ਹੈ।”
17ਇਹ ਖਬਰ ਯਿਸੂ ਬਾਰੇ ਸਾਰੇ ਯਹੂਦਿਯਾ ਅਤੇ ਉਸ ਦੇ ਆਸ-ਪਾਸ ਦੇ ਇਲਾਕੇ ਵਿੱਚ ਫ਼ੈਲ ਗਈ।
ਯੂਹੰਨਾ ਵੱਲੋਂ ਇੱਕ ਸਵਾਲ
(ਮੱਤੀ 11:2-19)
18ਯੂਹੰਨਾ ਦੇ ਚੇਲਿਆਂ ਨੇ ਉਸ ਨੂੰ ਇਨ੍ਹਾਂ ਸਭ ਗੱਲਾਂ ਬਾਰੇ ਦੱਸਿਆ ਅਤੇ ਯੂਹੰਨਾ ਨੇ ਆਪਣੇ ਦੋ ਚੇਲਿਆਂ ਨੂੰ ਆਪਣੇ ਕੋਲ ਬੁਲਾਇਆ। 19ਯੂਹੰਨਾ ਨੇ ਉਨ੍ਹਾਂ ਨੂੰ ਪ੍ਰਭੂ ਕੋਲ ਇਹ ਪੁੱਛਣ ਲਈ ਭੇਜਿਆ “ਕੀ ਤੂੰ ਉਹੀ ਹੈ ਜਿਸਦਾ ਸਾਨੂੰ ਇੰਤਜਾਰ ਹੈ ਜਾਂ ਅਸੀਂ ਕਿਸੇ ਦੂਜੇ ਦੇ ਆਉਣ ਦਾ ਇੰਤਜਾਰ ਕਰੀਏ?”
20ਤਾਂ ਉਹ ਲੋਕ ਯਿਸੂ ਕੋਲ ਆਏ ਅਤੇ ਆਖਣ ਲੱਗੇ, “ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਸਾਨੂੰ ਤੇਰੇ ਕੋਲੋ ਇਹ ਸਵਾਲ ਪੁੱਛਣ ਲਈ ਭੇਜਿਆ ਹੈ ਕਿ ‘ਕੀ ਤੂੰ ਉਹੀ ਹੈ ਜਿਸਦੀ ਸਾਨੂੰ ਉਡੀਕ ਹੈ ਜਾਂ ਅਸੀਂ ਕਿਸੇ ਹੋਰ ਦੇ ਆਉਣ ਦੀ ਉਡੀਕ ਕਰੀਏ?’”
21ਉਸ ਵਕਤ ਯਿਸੂ ਨੇ ਬਹੁਤ ਸਾਰੇ ਬਿਮਾਰ ਲੋਕਾਂ ਨੂੰ ਉਨ੍ਹਾਂ ਦੀ ਬਿਮਾਰੀ ਤੇ ਰੋਗਾਂ ਤੋਂ ਅਤੇ ਭਰਿਸ਼ਟ ਆਤਮਿਆਂ ਤੋਂ ਮੁਕਤ ਕੀਤਾ ਅਤੇ ਬਹੁਤ ਸਾਰੇ ਅੰਨ੍ਹੇ ਲੋਕਾਂ ਨੂੰ ਦ੍ਰਿਸ਼ਟੀ ਦਿੱਤੀ ਤਾਂ ਜੋ ਉਹ ਦੋਬਾਰਾ ਵੇਖ ਸੱਕਣ। 22ਤਦ ਯਿਸੂ ਨੇ ਯੂਹੰਨਾ ਦੇ ਚੇਲਿਆਂ ਨੂੰ ਆਖਿਆ, “ਜਾਓ ਅਤੇ ਜਾਕੇ ਜੋ ਕੁਝ ਤੁਸੀਂ ਸੁਣਿਆ ਅਤੇ ਵੇਖਿਆ ਹੈ ਯੂਹੰਨਾ ਨੂੰ ਦੱਸੋ, ਕਿ ਹੁਣ ਅੰਨ੍ਹੇ ਵੇਖ ਸੱਕਦੇ ਹਨ, ਲੰਗੜ੍ਹੇ ਤੁਰ ਸੱਕਦੇ ਹਨ ਕੋੜ੍ਹੀ ਰਾਜ਼ੀ ਹੋ ਗਏ ਹਨ, ਬੋਲੇ ਸੁਣ ਸੱਕਦੇ ਹਨ ਅਤੇ ਮੁਰਦਿਆਂ ਨੂੰ ਜੀਵਨ ਦਿੱਤਾ ਗਿਆ ਹੈ। ਅਤੇ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਗਰੀਬ ਲੋਕਾਂ ਨੂੰ ਦਿੱਤੀ ਗਈ ਹੈ। 23ਜੋ ਵਿਅਕਤੀ ਮੈਨੂੰ ਸਵੀਕਾਰਦਾ ਹੈ ਉਹ ਧੰਨ ਹੈ।”
24ਜਦੋਂ ਯੂਹੰਨਾ ਦੇ ਚੇਲੇ ਚੱਲੇ ਗਏ ਤਾਂ ਯਿਸੂ ਨੇ ਲੋਕਾਂ ਨੂੰ ਯੂਹੰਨਾ ਬਾਰੇ ਆਖਣਾ ਸ਼ੁਰੂ ਕੀਤਾ “ਤੁਸੀਂ ਕੀ ਵੇਖਣ ਲਈ ਉਜਾੜ ਵਿੱਚ ਗਏ ਸੀ? ਕੀ ਇੱਕ ਕਾਨੇ ਨੂੰ ਜਿਹੜਾ ਹਵਾ ਦੇ ਬੁੱਲੇ ਨਾਲ ਹਿਲਦਾ ਹੈ? 25ਤੁਸੀਂ ਬਾਹਰ ਕੀ ਵੇਖ ਰਹੇ ਸੀ? ਕੀ ਇੱਕ ਵੱਧੀਆ ਪੋਸ਼ਾਕ ਪਾਈ ਹੋਏ ਆਦਮੀ ਨੂੰ ਵੇਖਦੇ ਸੀ? ਨਹੀਂ ਜਿਹੜੇ ਲੋਕ ਵੱਧੀਆ ਕੱਪੜੇ ਪਾਉਂਦੇ ਹਨ ਅਤੇ ਐਸ਼ ਨਾਲ ਜਿਉਂਦੇ ਹਨ, ਰਾਜਿਆਂ ਦੇ ਮਹਿਲਾਂ ਵਿੱਚ ਹੀ ਵੇਖੇ ਜਾ ਸੱਕਦੇ ਹਨ। 26ਸੱਚੀਂ! ਤੁਸੀਂ ਬਾਹਰ ਕੀ ਵੇਖਣ ਗਏ ਸੀ? ਕੀ ਨਬੀ ਨੂੰ ਵੇਖਣ ਗਏ ਸੀ? ਹਾਂ! ਮੈਂ ਤੁਹਾਨੂੰ ਦੱਸਦਾ ਹਾਂ ਕਿ ਯੂਹੰਨਾ ਇੱਕ ਨਬੀ ਤੋਂ ਵੱਧ ਹੈ। 27ਇਹ ਉਹੀ ਵਿਅਕਤੀ ਹੈ ਜਿਸ ਬਾਰੇ ਪੋਥੀਆਂ ਵਿੱਚ ਵੀ ਇਹ ਲਿਖਿਆ ਹੋਇਆ ਹੈ:
‘ਸੁਣੋ! ਮੈਂ, ਆਪਣਾ ਦੂਤ ਤੇਰੇ ਅੱਗੇ-ਅੱਗੇ ਭੇਜਦਾ ਹਾਂ ਜਿਹੜਾ
ਤੇਰੇ ਅੱਗੇ ਤੇਰਾ ਰਾਹ ਤਿਆਰ ਕਰੇਗਾ।’#ਮਲਾਕੀ 3:1
28ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜਿਹੜੇ ਵੀ ਇੱਥੇ ਮਨੁੱਖ ਜੰਮੇ ਹਨ ਯੂਹੰਨਾ ਨਾਲੋਂ ਵੱਡਾ ਕੋਈ ਨਹੀਂ, ਪਰ ਜੋ ਵੀ ਕੋਈ ਮਨੁੱਖ ਪਰਮੇਸ਼ੁਰ ਦੇ ਰਾਜ ਵਿੱਚ ਛੋਟਾ ਹੈ ਉਸ ਕੋਲੋਂ ਵੱਡਾ ਹੈ।”
29(ਜਦੋਂ ਸਾਰੇ ਲੋਕਾਂ ਸਮੇਤ ਮਸੂਲੀਆਂ ਨੇ ਵੀ ਇਹ ਸੁਣਿਆ ਤਾਂ ਉਹ ਸਹਿਮਤ ਹੋਏ ਕਿ ਪਰਮੇਸ਼ੁਰ ਦਾ ਰਸਤਾ ਧਰਮੀ ਸੀ। ਇਹ ਉਹੀ ਲੋਕ ਸਨ ਜਿਨ੍ਹਾਂ ਨੂੰ ਯੂਹੰਨਾ ਦੁਆਰਾ ਬਪਤਿਸਮਾ ਦਿੱਤਾ ਗਿਆ ਸੀ। 30ਪਰ ਫ਼ਰੀਸੀਆਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਪਰਮੇਸ਼ੁਰ ਦੀ ਉਨ੍ਹਾਂ ਬਾਰੇ ਬਣਾਈ ਵਿਉਂਤ ਨੂੰ ਨਾਮੰਜੂਰ ਕਰ ਦਿੱਤਾ, ਉਨ੍ਹਾਂ ਨੇ ਯੂਹੰਨਾ ਨੂੰ ਬਪਤਿਸਮਾ ਦੇਣ ਦੀ ਅਨੁਮਤੀ ਨਾ ਦਿੱਤੀ।)
31“ਫ਼ਿਰ ਮੈਂ ਇਸ ਪੀੜ੍ਹੀ ਦੇ ਲੋਕਾਂ ਨੂੰ ਕਿਸ ਵਰਗਾ ਦੱਸਾਂ? ਉਨ੍ਹਾਂ ਦੀ ਤੁਲਨਾ ਕਿਸ ਨਾਲ ਹੈ? 32ਉਹ ਉਨ੍ਹਾਂ ਬੱਚਿਆਂ ਵਰਗੇ ਹਨ ਜਿਹੜੇ ਰਾਹਾਂ ਤੇ ਬੈਠਦੇ ਹਨ ਅਤੇ ਉਨ੍ਹਾਂ ਦਾ ਇੱਕ ਸਮੂਹ ਦੂਜੇ ਸਮੂਹ ਨੂੰ ਆਖਦਾ ਹੈ,
‘ਅਸੀਂ ਤੁਹਾਡੇ ਲਈ ਬੰਸਰੀ ਵਜਾਈ
ਪਰ ਤੁਸੀਂ ਨਾ ਨੱਚੇ,
ਅਸੀਂ ਤੁਹਾਡੇ ਲਈ ਸ਼ੋਕ ਗੀਤ ਗਾਇਆ
ਪਰ ਤੁਸੀਂ ਨਹੀਂ ਰੋਏ।’
33ਯੂਹੰਨਾ ਬਪਤਿਸਮਾ ਦੇਣ ਵਾਲਾ ਆਇਆ, ਨਾ ਤਾਂ ਉਹ ਰੋਟੀ ਖਾਂਦਾ ਹੈ ਨਾ ਹੀ ਮੈਅ ਪੀਂਦਾ ਹੈ ਪਰ ਤੁਸੀਂ ਕਹਿੰਦੇ ਹੋ, ‘ਉਸ ਨੂੰ ਭੂਤ ਚਿੰਬੜਿਆ ਹੋਇਆ ਹੈ।’ 34ਫ਼ਿਰ ਮਨੁੱਖ ਦਾ ਪੁੱਤਰ ਖਾਂਦੇ ਅਤੇ ਪੀਂਦੇ ਆਇਆ ਹੈ ਅਤੇ ਤੁਸੀਂ ਕਹਿੰਦੇ ਹੋ ਕਿ ‘ਵੇਖੋ ਉਹ ਖਾਊ ਅਤੇ ਪਿਆਊ ਹੈ ਅਤੇ ਉਹ ਮਸੂਲੀਆਂ ਅਤੇ ਪਾਪੀਆਂ ਦਾ ਮਿੱਤਰ ਹੈ।’ 35ਪਰ ਸਿਆਣਪ ਆਪਣੇ ਕਾਰਨਾਮਿਆਂ ਦੁਆਰਾ ਹੀ ਧਰਮੀ ਦਿਖਾਈ ਦਿੰਦੀ ਹੈ।”
ਸ਼ਮਊਨ ਫ਼ਰੀਸੀ
36ਫ਼ਿਰ ਫ਼ਰੀਸੀਆਂ ਵਿੱਚੋਂ ਇੱਕ ਨੇ ਬੇਨਤੀ ਕੀਤੀ ਕਿ ਉਹ ਉਸ ਨਾਲ ਰੋਟੀ ਖਾਵੇ। ਤਾਂ ਯਿਸੂ ਉਸ ਫ਼ਰੀਸੀ ਨਾਲ ਉਸ ਦੇ ਘਰ ਜਾਕੇ ਖਾਣੇ ਦੀ ਮੇਜ ਤੇ ਬੈਠਾ।
37ਉਸ ਨਗਰ ਵਿੱਚ ਇੱਕ ਪਾਪਣ ਔਰਤ ਸੀ ਅਤੇ ਉਹ ਜਾਣਦੀ ਸੀ ਕਿ ਯਿਸੂ ਇੱਕ ਫ਼ਰੀਸੀ ਦੇ ਘਰ ਭੋਜਨ ਖਾ ਰਿਹਾ ਸੀ, ਤਾਂ ਉਹ ਇੱਕ ਸੰਗਮਰਮਰ ਦੀ ਸ਼ੀਸ਼ੀ ਵਿੱਚ ਅਤਰ ਲਿਆਈ। 38ਉਹ ਯਿਸੂ ਦੇ ਚਰਨਾਂ ਕੋਲ ਖੜ੍ਹੀ ਸੀ ਅਤੇ ਰੋ ਰਹੀ ਸੀ। ਉਸ ਨੇ ਆਪਣੇ ਹੰਝੂਆਂ ਨਾਲ ਉਸ ਦੇ ਪੈਰ ਗਿੱਲੇ ਕਰਨੇ ਸ਼ੁਰੂ ਕਰ ਦਿੱਤੇ, ਅਤੇ ਆਪਣੇ ਵਾਲਾਂ ਦੇ ਨਾਲ ਯਿਸੂ ਦੇ ਪੈਰਾਂ ਨੂੰ ਪੂੰਝਿਆ ਅਤੇ ਸੁਕਾਇਆ। ਉਸ ਨੇ ਕਿੰਨੀ ਵਾਰ ਉਸ ਦੇ ਪੈਰਾਂ ਨੂੰ ਚੁੰਮਿਆ ਅਤੇ ਫ਼ਿਰ ਉਸ ਦੇ ਪੈਰਾਂ ਤੇ ਅਤਰ ਮਲ ਦਿੱਤਾ।
39ਜਿਸ ਫ਼ਰੀਸੀ ਨੇ ਯਿਸੂ ਨੂੰ ਆਪਣੇ ਘਰ ਭੋਜਨ ਲਈ ਬੁਲਾਇਆ ਸੀ ਉਸ ਨੇ ਇਹ ਸਭ ਵੇਖਿਆ ਤਾਂ ਆਪਣੇ ਮਨ ਵਿੱਚ ਸੋਚਿਆ, “ਜੇਕਰ ਇਹ ਆਦਮੀ (ਯਿਸੂ) ਨਬੀ ਹੁੰਦਾ ਤਾਂ ਜਿਹੜੀ ਔਰਤ ਇਸਦੇ ਪੈਰ ਛੂਹ ਰਹੀ ਹੈ, ਉਸ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਉਹ ਇੱਕ ਪਾਪਣ ਔਰਤ ਹੈ।”
40ਯਿਸੂ ਨੇ ਫ਼ਰੀਸੀ ਨੂੰ ਆਖਿਆ, “ਸ਼ਮਊਨ! ਮੈਂ ਤੈਨੂੰ ਕੁਝ ਆਖਣਾ ਹੈ।”
ਸ਼ਮਊਨ ਨੇ ਕਿਹਾ, “ਗੁਰੂ! ਤੁਸੀਂ ਮੈਨੂੰ ਕੀ ਆਖਣਾ ਚਾਹੁੰਦੇ ਹੋ?”
41ਯਿਸੂ ਨੇ ਆਖਿਆ: “ਦੋ ਆਦਮੀ ਸਨ। ਦੋਵੇ ਹੀ ਇੱਕੇ ਹੀ ਸਾਹੂਕਾਰ ਦੇ ਦੇਣਦਾਰ ਸਨ। ਇੱਕ ਬੰਦਾ ਸਹੂਕਾਰ ਨੂੰ 500 ਚਾਂਦੀ ਦੇ ਸਿੱਕਿਆਂ ਦਾ ਦੇਣਦਾਰ ਸੀ ਅਤੇ ਦੂਜਾ ਆਦਮੀ ਸਾਹੂਕਾਰ ਨੂੰ 50 ਚਾਂਦੀ ਦੇ ਸਿੱਕਿਆਂ ਦਾ ਦੇਣਦਾਰ ਸੀ। 42ਦੋਨਾਂ ਹੀ ਆਦਮੀਆਂ ਕੋਲ ਪੈਸੇ ਨਹੀਂ ਸਨ, ਇਸ ਲਈ ਉਹ ਆਪਣਾ ਕਰਜਾ ਨਾ ਦੇ ਸੱਕੇ। ਪਰ ਸਾਹੂਕਾਰ ਨੇ ਦੋਹਾਂ ਆਦਮੀਆਂ ਨੂੰ ਆਖਿਆ ਉਨ੍ਹਾਂ ਨੂੰ ਆਪਣਾ ਕਰਜ ਦੇਣ ਦੀ ਕੋਈ ਲੋੜ ਨਹੀਂ। ਹੁਣ ਦੋਹਾਂ ਵਿੱਚੋਂ ਕਿਹੜਾ ਬੰਦਾ ਸਾਹੂਕਾਰ ਨੂੰ ਵੱਧ ਪਿਆਰ ਕਰੇਗਾ।”
43ਸ਼ਮਊਨ ਨੇ ਕਿਹਾ, “ਮੇਰੇ ਖਿਆਲ ਵਿੱਚ ਉਹ ਵੱਧੀਕ ਪਿਆਰ ਕਰੇਗਾ ਜਿਸ ਨੂੰ ਉਸ ਨੇ ਜਿਆਦਾ ਧਨ ਬਖਸ਼ਿਆ।”
ਯਿਸੂ ਨੇ ਸ਼ਮਊਨ ਨੂੰ ਕਿਹਾ, “ਤੂੰ ਠੀਕ ਆਖ ਰਿਹਾ ਹੈ।” 44ਫ਼ਿਰ ਯਿਸੂ ਉਸ ਔਰਤ ਵੱਲ ਪਰਤਿਆ ਅਤੇ ਸ਼ਮਊਨ ਨੂੰ ਆਖਣ ਲੱਗਾ, “ਤੂੰ ਇਸ ਔਰਤ ਨੂੰ ਵੇਖ ਰਿਹਾ ਹੈਂ? ਜਦੋਂ ਮੈਂ ਤੇਰੇ ਘਰ ਅੰਦਰ ਪ੍ਰਵੇਸ਼ ਕੀਤਾ ਤਾਂ ਤੂੰ ਮੇਰੇ ਪੈਰ ਧੋਣ ਲਈ ਪਾਣੀ ਨਾ ਦਿੱਤਾ ਪਰ ਉਸ ਨੇ ਆਪਣੇ ਹੰਝੂਆਂ ਨਾਲ ਮੇਰੇ ਪੈਰ ਧੋਤੇ ਅਤੇ ਆਪਣੇ ਵਾਲਾਂ ਨਾਲ ਉਨ੍ਹਾਂ ਨੂੰ ਸੁਕਾਇਆ। 45ਤੂੰ ਮੈਨੂੰ ਨਹੀਂ ਚੁੰਮਿਆ ਪਰ ਜਦੋਂ ਹੀ ਮੈਂ ਅੰਦਰ ਆਇਆ ਤਦ ਤੋਂ ਉਹ ਮੇਰੇ ਪੈਰਾਂ ਨੂੰ ਚੁੰਮਦੀ ਰਹੀ। 46ਤੂੰ ਮੇਰਾ ਸਿਰ ਤੇਲ ਨਾਲ ਨਹੀਂ ਝਸਿਆ ਪਰ ਉਸ ਨੇ ਅਤਰ ਨਾਲ ਮੇਰੇ ਪੈਰ ਮਲੇ। 47ਇਸ ਲਈ, ਮੈਂ ਤੁਹਾਨੂੰ ਦੱਸਦਾ ਹਾਂ ਕਿ ਉਸਦਾ ਅਨੰਦ ਪਿਆਰ ਇਹ ਦਰਸ਼ਾਉਂਦਾ ਹੈ ਕਿ ਉਸ ਦੇ ਬਹੁਤ ਸਾਰੇ ਪਾਪ ਮਾਫ਼ ਹੋ ਗਏ ਹਨ। ਪਰ ਉਹ, ਜਿਸਦੇ ਥੋੜੇ ਪਾਪ ਮਾਫ਼ ਹੋਏ ਹਨ, ਘੱਟ ਪਿਆਰ ਕਰਦਾ ਹੈ।”
48ਫ਼ਿਰ ਯਿਸੂ ਨੇ ਉਸ ਔਰਤ ਨੂੰ ਆਖਿਆ, “ਤੇਰੇ ਪਾਪ ਬਖਸ਼ੇ ਗਏ ਹਨ।”
49ਖਾਣੇ ਦੀ ਮੇਜ ਦੇ ਆਸ-ਪਾਸ ਬੈਠੇ ਲੋਕ ਆਪਣੇ ਮਨ ਵਿੱਚ ਸੋਚਣ ਲੱਗੇ ਕਿ, “ਇਹ ਕੌਣ ਆਦਮੀ ਹੈ ਜੋ ਪਾਪ ਵੀ ਮਾਫ਼ ਕਰ ਸੱਕਦਾ ਹੈ?”
50ਯਿਸੂ ਨੇ ਉਸ ਔਰਤ ਨੂੰ ਕਿਹਾ, “ਤੇਰੀ ਵਿਸ਼ਵਾਸ ਨੇ ਤੈਨੂੰ ਤੇਰੇ ਪਾਪਾਂ ਤੋਂ ਬਚਾਇਆ ਹੈ, ਜਾਂ ਸ਼ਾਂਤੀ ਨਾਲ ਚਲੀ ਜਾ।”
Currently Selected:
ਲੂਕਾ ਦੀ ਇੰਜੀਲ 7: PERV
Highlight
Share
Copy
Want to have your highlights saved across all your devices? Sign up or sign in
Punjabi Holy Bible: Easy-to-Read Version
All rights reserved.
© 2002 Bible League International