YouVersion Logo
Search Icon

ਹੱਜਈ 1

1
ਇਹ ਮੰਦਰ ਉਸਾਰਨ ਦਾ ਸਮਾਂ
1ਪਾਤਸ਼ਾਹ ‘ਦਾਰਾ’ ਦੇ ਸ਼ਾਸਨਕਾਲ ਦੇ ਦੂਜੇ ਸਾਲ ਦੇ ਛੇਵੇਂ ਮਹੀਨੇ ਦੇ ਪਹਿਲੇ ਦਿਨ ਯਹੋਵਾਹ ਦਾ ਸੰਦੇਸ ਨਬੀ ਹੱਜਈ ਰਾਹੀਂ, ਸ਼ਅਲਤੀਏਲ ਦੇ ਪੁੱਤਰ ਜ਼ਰੁੱਬਾਬਲ ਯਹੂਦਾਹ ਦੇ ਰਾਜਪਾਲ ਅਤੇ ਯਹੋਸਾਦਾਕ ਦੇ ਪੁੱਤਰ ਉੱਚ ਜਾਜਕ ਯਹੋਸ਼ੂਆ ਨੂੰ ਦਿੱਤਾ ਗਿਆ। 2ਯਹੋਵਾਹ ਸਰਬ ਸ਼ਕਤੀਮਾਨ ਇਉਂ ਆਖਦਾ ਹੈ, “ਇਹ ਲੋਕ ਕਹਿੰਦੇ ਹਨ ਕਿ ਅਜੇ ਯਹੋਵਾਹ ਦਾ ਮੰਦਰ ਬਨਾਉਣ ਲਈ ਸਮਾਂ ਠੀਕ ਨਹੀਂ ਹੈ।”
3ਹੱਜਈ ਨਬੀ ਨੂੰ ਮੁੜ ਯਹੋਵਾਹ ਦੀ ਬਾਣੀ ਹੋਈ ਤਾਂ ਹੱਜਈ ਨੇ ਲੋਕਾਂ ਨੂੰ ਦੱਸਿਆ। 4“ਤੁਸੀਂ ਲੋਕ ਸੋਚਦੇ ਹੋ ਕਿ ਸੋਹਣੇ ਘਰਾਂ ਵਿੱਚ ਵੱਸਣ ਲਈ ਤੁਹਾਡੇ ਲਈ ਇਹ ਸਮਾਂ ਠੀਕ ਹੈ ਅਤੇ ਤੁਸੀਂ ਉਨ੍ਹਾਂ ਘਰਾਂ ਵਿੱਚ ਰਹਿ ਰਹੇ ਹੋ ਜਿਨ੍ਹਾਂ ਦੀਆ ਕੰਧਾਂ ਤੇ ਖੁਬਸੂਰਤ ਲਕੜੀ ਦੀ ਦਸਤਕਾਰੀ ਹੈ। ਪਰ ਯਹੋਵਾਹ ਦਾ ਘਰ ਹਾਲੇ ਵੀ ਉਜੜਿਆ ਪਿਆ ਹੈ। 5ਸੋ ਹੁਣ ਯਹੋਵਾਹ ਸਰਬ ਸ਼ਕਤੀਮਾਨ ਆਖਦਾ ਹੈ, ‘ਆਪਣੇ ਰਵਈਏ ਅਤੇ ਇਸਦੇ ਨਤੀਜੇ ਬਾਰੇ ਸੋਚੋ। 6ਤੁਸੀਂ ਬਹੁਤ ਬੀਜ਼ ਬੀਜੇ ਪਰ ਬੋੜੀ ਜਿਹੀ ਫ਼ਸਲ ਪ੍ਰਾਪਤ ਕੀਤੀ ਤੁਹਾਨੂੰ ਖਾਣ ਲਈ ਭੋਜਨ ਮਿਲਿਆ ਪਰ ਢਿੱਡ ਭਰਵਾਂ ਨਾ ਮਿਲਿਆ। ਤੁਸੀਂ ਪੀਂਦੇ ਹੋ ਪਰ ਤੁਹਾਡੀ ਪਿਆਸ ਨਹੀਂ ਬੁਝਦੀ। ਤੁਸੀ ਆਪਣੇ ਆਪ ਨੂੰ ਕੱਜਦੇ ਹੋ ਪਰ ਤੁਹਾਡੇ ਵਿੱਚੋਂ ਕੋਈ ਵੀ ਨਿੱਘਾ ਨਹੀਂ ਹੈ। ਤੁਸੀਂ ਪੈਸੇ ਕੁਮਾਉਂਦੇ ਹੋ ਪਰ ਨਹੀਂ ਜਾਣਦੇ ਇਹ ਕਿੱਥੋ ਚੱਲੇ ਜਾਦੇ ਹਨ। ਇਹ ਇੰਝ ਹੈ ਜਿਵੇਂ ਤੁਹਾਡੀ ਜੇਬ ਵਿੱਚ ਸੁਰਾਖ ਹੋਵੇ।’”
7ਯਹੋਵਾਹ ਸਰਬ ਸ਼ਕਤੀਮਾਨ ਆਖਦਾ ਹੈ, “ਆਪਣੇ ਰੱਵਈਏ ਅਤੇ ਇਸਦੇ ਨਤੀਜੇ ਬਾਰੇ ਸੋਚੋ। 8ਪਹਾੜ ਉੱਪਰ ਜਾਓ, ਲੱਕੜੀ ਲਿਆਓ ਅਤੇ ਮੰਦਰ ਉਸਾਰੋ। ਤਦ ਮੈਂ ਮੰਦਰ ਨਾਲ ਪ੍ਰਸੰਨ ਹੋਵਾਂਗਾ ਅਤੇ ਮੈਂ ਸਤਿਕਾਰਿਆ ਜਾਵਾਂਗਾ।” ਯਹੋਵਾਹ ਨੇ ਇਹ ਗੱਲਾਂ ਆਖੀਆਂ।
9ਯਹੋਵਾਹ ਸਰਬ ਸ਼ਕਤੀਮਾਨ ਆਖਦਾ ਹੈ, “ਤੁਸੀਂ ਵੱਧੇਰੇ ਫ਼ਸਲ ਦੀ ਆਸ ਰੱਖੀ, ਪਰ ਜਦੋਂ ਤੁਸੀਂ ਇਸ ਦੀ ਵਾਡੀ ਕਰਨ ਲਈ ਗਏ, ਤੁਹਾਨੂੰ ਬਸ ਬੋੜੀ ਜਿਹੀ ਹੀ ਮਿਲੀ। ਜਦੋਂ ਤੁਸੀਂ ਉਸ ਨੂੰ ਘਰ ਲਿਆਂਦਾ, ਮੈਂ ਹਵਾ ਭੇਜੀ ਜਿਹੜੀ ਇਸ ਨੂੰ ਵੀ ਉਡਾਅ ਕੇ ਲੈ ਗਈ। ਅਜਿਹਾ ਕਿਉਂ ਵਾਪਰਦਾ ਹੈ? ਕਿਉਂ ਕਿ ਮੇਰਾ ਮੰਦਰ ਅਜੇ ਵੀ ਉਜੜਿਆ ਪਿਆ ਹੈ ਜਦ ਕਿ ਤੁਹਡੇ ਵਿੱਚੋਂ ਹਰ ਕੋਈ ਆਪੋ-ਆਪਣੇ ਘਰ ਦਾ ਧਿਆਨ ਰੱਖਣ ਵਿੱਚ ਰੁਝਿਆ ਹੋਇਆ ਹੈ। 10ਇਸੇ ਕਾਰਣ ਅਸਮਾਨ ਨੇ ਆਪਣਾ ਮੀਂਹ ਵਾਪਸ ਲੈ ਲਿਆ ਅਤੇ ਧਰਤੀ ਨੇ ਆਪਣੀ ਫ਼ਸਲ ਵਾਪਸ ਲੈ ਲਈ।”
11ਯਹੋਵਾਹ ਆਖਦਾ ਹੈ, “ਮੈਂ ਧਰਤੀ ਅਤੇ ਪਹਾੜਾਂ ਨੂੰ ਸੁੱਕ ਜਾਣ ਦਾ ਹੁਕਮ ਦਿੱਤਾ। ਅੰਨ, ਨਵੀਂ ਮੈਅ, ਜੈਤੂਨ ਦਾ ਤੇਲ ਅਤੇ ਹੋਰ ਵੀ ਚੀਜ਼ਾਂ ਜੋ ਇਸ ਧਰਤੀ ਤੇ ਪੈਦਾ ਹੁੰਦੀਆਂ ਹਨ, ਇਹ ਸਭ ਬਰਬਾਦ ਹੋ ਜਾਣਗੀਆਂ। ਸਾਰੇ ਲੋਕ ਅਤੇ ਜਾਨਵਰ ਕਮਜ਼ੋਰ ਹੋ ਜਾਣਗੇ, ਅਤੇ ਜਿਸ ਕਾਸੇ ਲਈ ਵੀ ਤੁਸੀਂ ਕੰਮ ਕੀਤਾ ਉਹ ਉਜੜ ਜਾਵੇਗਾ।”
ਨਵੇਂ ਮੰਦਰ ਦਾ ਨਿਰਮਾਣ ਸ਼ੁਰੂ
12ਤਦ ਸ਼ਅਲਤੀਏਲ ਦੇ ਪੁੱਤਰ ਜ਼ਰੁੱਬਾਬਲ ਅਤੇ ਯਹੋਸਾਦਾਕ ਦੇ ਪੁੱਤਰ, ਪਰਧਾਨ ਜਾਜਕ ਯਹੋਸ਼ੁਆ ਅਤੇ ਬਚੇ ਹੋਏ ਲੋਕਾਂ ਨੇ ਯਹੋਵਾਹ ਪਰਮੇਸ਼ੁਰ ਨੂੰ ਅਤੇ ਜੋ ਨਬੀ ਹੱਜਈ ਨੇ ਉਨ੍ਹਾਂ ਨੂੰ ਕਿਹਾ ਉਸ ਨੂੰ ਮੰਨਿਆ, ਕਿਉਂ ਕਿ ਯਹੋਵਹ ਨੇ ਉਸ ਨੂੰ ਭੇਜਿਆ ਸੀ, ਅਤੇ ਲੋਕਾਂ ਨੇ ਆਪਣਾ ਭੈ ਅਤੇ ਇੱਜ਼ਤ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਦਰਸਾਈ।
13ਹੱਜਈ, ਯਹੋਵਾਹ ਵੱਲੋਂ ਭੇਜੇ ਗਏ ਸੰਦੇਸ਼ਵਾਹਕ ਨੇ, ਲੋਕਾਂ ਨੂੰ ਆਖਿਆ, “ਯਹੋਵਾਹ ਪਰਮੇਸ਼ੁਰ ਆਖਦਾ ਹੈ, ‘ਮੈਂ ਤੁਹਾਡੇ ਨਾਲ ਹਾਂ।’”
14ਤਦ ਯਹੋਵਾਹ ਨੇ ਸ਼ਅਲਤੀਏਲ ਦੇ ਪੁੱਤਰ ਜ਼ਰੁੱਬਾਬਲ, ਜੋ ਕਿ ਯਹੂਦਾਹ ਦਾ ਰਾਜਪਾਲ ਸੀ। ਯਹੋਸਾਦਾਕ ਦੇ ਪੁੱਤਰ, ਪਰਧਾਨ ਜਾਜਕ ਯਹੋਸ਼ੁਆ ਅਤੇ ਸਾਰੇ ਲੋਕਾਂ ਨੂੰ ਮੰਦਰ ਦੀ ਉਸਾਰੀ ਲਈ ਪ੍ਰੇਰਿਆ। ਤਾਂ ਉਨ੍ਹਾਂ ਨੇ ਆਪਣੇ ਪਰਮੇਸ਼ੁਰ ਯਹੋਵਾਹ ਸਰਬ ਸ਼ਕਤੀਮਾਨ ਦੇ ਮੰਦਰ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। 15ਇਹ ਕਾਰਜ ਉਨ੍ਹਾਂ ਨੇ ਦਾਰਾ ਪਾਤਸ਼ਾਹ ਦੇ ਦੂਜੇ ਸਾਲ ਦੇ ਛੇਵੇਂ ਮਹੀਨੇ ਦੀ ਚੌਵੀ ਤਰੀਕ ਨੂੰ ਸ਼ੁਰੂ ਕੀਤਾ।

Currently Selected:

ਹੱਜਈ 1: PERV

Highlight

Copy

Compare

Share

None

Want to have your highlights saved across all your devices? Sign up or sign in