ਕੂਚ 26
26
ਪਵਿੱਤਰ ਤੰਬੂ
1“ਪਵਿੱਤਰ ਤੰਬੂ ਦਸ ਪਰਦਿਆਂ ਤੋਂ ਬਣਿਆ ਹੋਣਾ ਚਾਹੀਦਾ ਹੈ। ਇਹ ਪਰਦੇ ਗੁੰਦੇ ਹੋਏ ਮਹੀਨ ਲਿਨਨ ਅਤੇ ਨੀਲੇ, ਜਾਮਨੀ ਅਤੇ ਲਾਲ ਧਾਗਿਆਂ ਤੋਂ ਬਣੇ ਹੋਣੇ ਚਾਹੀਦੇ ਹਨ ਅਤੇ ਕਿਸੇ ਮਾਹਰ ਕਾਰੀਗਰ ਦੁਆਰਾ ਇਨ੍ਹਾਂ ਉੱਤੇ ਖੰਭਾਂ ਵਾਲੇ ਕਰੂਬੀ ਫ਼ਰਿਸ਼ਤਿਆਂ ਦੀਆਂ ਸ਼ਕਲਾਂ ਸਿਉਂਤੀਆਂ ਹੋਣੀਆਂ ਚਾਹੀਦੀਆਂ ਹਨ। 2ਹਰੇਕ ਪਰਦੇ ਨੂੰ ਇੱਕੋ ਨਾਪ ਦੇ ਬਣਾਉ। ਹਰੇਕ ਪਰਦਾ 28 ਹੱਥ ਲੰਬਾ ਅਤੇ ਚਾਰ ਹੱਥ ਚੌੜਾ ਹੋਣਾ ਚਾਹੀਦਾ ਹੈ। 3ਪਰਦਿਆਂ ਨੂੰ ਦੋ ਸਮੂਹਾਂ ਵਿੱਚ ਜੋੜੋ। ਪੰਜ ਪਰਦੇ ਜੋੜਕੇ ਇੱਕ ਸਮੂਹ ਬਣਾਉ ਅਤੇ ਪੰਜ ਪਰਦੇ ਜੋੜਕੇ ਦੂਸਰਾ ਸਮੂਹ ਬਣਾਉ। 4ਇੱਕ ਸਮੂਹ ਦੇ ਆਖਰੀ ਪਰਦੇ ਦੇ ਕਿਨਾਰੇ ਉੱਤੇ ਨੀਲੇ ਕੱਪੜੇ ਦੀ ਝਾਲਰ ਬਣਾਉ। ਦੂਸਰੇ ਸਮੂਹ ਦੇ ਆਖਰੀ ਪਰਦੇ ਉੱਤੇ ਵੀ ਇਵੇਂ ਹੀ ਕਰੋ। 5ਪਹਿਲੇ ਸਮੂਹ ਦੇ ਆਖਰੀ ਪਰਦੇ ਉੱਤੇ 50 ਬੀੜੇ ਹੋਣੇ ਚਾਹੀਦੇ ਹਨ। ਅਤੇ ਦੂਸਰੇ ਸਮੂਹ ਦੇ ਆਖਰੀ ਪਰਦੇ ਉੱਤੇ ਵੀ 50 ਬੀੜੇ ਹੋਣੇ ਚਾਹੀਦੇ ਹਨ। 6ਫ਼ੇਰ ਦੋਹਾਂ ਪਰਦਿਆਂ ਨੂੰ ਜੋੜਨ ਲਈ ਸੋਨੇ ਦੀਆਂ 50 ਕੁੰਡੀਆਂ ਬਣਾਉ। ਇਹ ਪਵਿੱਤਰ ਤੰਬੂ ਨੂੰ ਜੋੜਕੇ ਇੱਕ ਕਰ ਦੇਣਗੀਆਂ।
7“ਬੱਕਰੀ ਦੇ ਵਾਲਾਂ ਤੋਂ ਪਵਿੱਤਰ ਤੰਬੂ ਵਾਸਤੇ ਇੱਕ ਕੱਜਣ ਬਨਾਉਣ ਲਈ, ਪਰਦਿਆਂ ਦੀ ਇੱਕ ਹੋਰ ਜੋੜੀ ਬਣਾਉ। 8ਇਹ ਸਾਰੇ ਪਰਦੇ ਇੱਕੋ ਨਾਪ ਦੇ ਹੋਣੇ ਚਾਹੀਦੇ ਹਨ। ਇਹ 30 ਹੱਥ ਲੰਬੇ ਅਤੇ 4 ਹੱਥ ਚੌੜੇ ਹੋਣੇ ਚਾਹੀਦੇ ਹਨ। 9ਪੰਜ ਪਰਦਿਆਂ ਨੂੰ ਜੋੜਕੇ ਇੱਕ ਸਮੂਹ ਬਣਾਉ। ਛੇਵੇਂ ਪਰਦੇ ਨੂੰ ਤੰਬੂ ਦੇ ਸਾਹਮਣੇ ਵਾਲੇ ਪਾਸੇ ਅੱਧਾ ਮੋੜ ਦਿਉ। 10ਇੱਕ ਸਮੂਹ ਦੇ ਆਖਰੀ ਪਰਦੇ ਦੇ ਕਿਨਾਰੇ ਉੱਤੇ 50 ਬੀੜੇ ਬਣਾਉ ਦੂਸਰੇ ਸਮੂਹ ਦੇ ਆਖਰੀ ਪਰਦੇ ਉੱਤੇ ਵੀ ਇਸੇ ਤਰ੍ਹਾਂ ਕਰੋ। 11ਫ਼ੇਰ ਪਰਦਿਆਂ ਨੂੰ ਜੋੜਨ ਲਈ ਪਿੱਤਲ ਦੀਆਂ 50 ਕੁੰਡੀਆਂ ਬਣਾਉ। ਇਹ ਤੰਬੂ ਨੂੰ ਜੋੜਕੇ ਇੱਕ ਕਰ ਦੇਣਗੀਆਂ। 12ਇਸ ਤੰਬੂ ਦੇ ਆਖਰੀ ਪਰਦੇ ਦਾ ਅੱਧਾ ਹਿੱਸਾ ਪਵਿੱਤਰ ਤੰਬੂ ਦੇ ਪਿੱਛਲੇ ਕਿਨਾਰੇ ਦੇ ਹੇਠਾਂ ਕਰਕੇ ਲਟਕੇਗਾ। 13ਦੋਹਾਂ ਪਾਸਿਆਂ ਦੇ ਇਸ ਤੰਬੂ ਦੇ ਪਰਦੇ ਪਵਿੱਤਰ ਤੰਬੂ ਦੇ ਹੇਠਲੇ ਕਿਨਾਰਿਆਂ ਉੱਤੇ ਇੱਕ ਹੱਥ ਹੇਠਾਂ ਲਟਕਣਗੇ। ਇਸ ਤਰ੍ਹਾਂ ਇਹ ਤੰਬੂ ਪਵਿੱਤਰ ਤੰਬੂ ਨੂੰ ਪੂਰੀ ਤਰ੍ਹਾਂ ਕੱਜ ਲਵੇਗਾ। 14ਬਾਹਰਲੇ ਤੰਬੂ ਉੱਪਰ ਪਾਉਣ ਲਈ ਦੇ ਪਰਦੇ ਬਣਾਉ। ਇੱਕ ਪਰਦਾ ਲਾਲ ਰੰਗ ਦੇ ਭੇਡੂ ਦੇ ਚਮੜੇ ਦਾ ਬਣਿਆ ਹੋਣਾ ਚਾਹੀਦਾ ਹੈ। ਦੂਸਰਾ ਪਰਦਾ ਮਹੀਨ ਚਮੜੇ ਦਾ ਹੋਣਾ ਚਾਹੀਦਾ ਹੈ।
15“ਪਵਿੱਤਰ ਤੰਬੂ ਨੂੰ ਆਸਰਾ ਦੇਣ ਲਈ ਸ਼ਿਟੀਮ ਦੀ ਲੱਕੜ ਦੀਆਂ ਤਖਤੀਆਂ ਬਣਾਉ। 16ਇਹ ਤਖਤੀਆਂ 10 ਕਿਊਬਿਟ ਉੱਚੀਆਂ ਅਤੇ ਡੇਢ ਕਿਊਬਿਟ ਚੌੜੀਆਂ ਹੋਣੀਆਂ ਚਾਹੀਦੀਆਂ ਹਨ। 17ਹਰੇਕ ਫ਼ੱਟੀ ਨੂੰ ਜੋੜਨ ਲਈ, ਹਰ ਫ਼ੱਟੀ ਤੇ ਦੋ ਚੀਥੀਆਂ ਹੋਣੀਆਂ ਚਾਹੀਦੀਆਂ ਜੋ ਹੇਠਾਂ ਚੂਲਾਂ ਵਿੱਚ ਫ਼ਿਟ ਬੈਠ ਜਾਣ। ਪਵਿੱਤਰ ਤੰਬੂ ਦੀਆਂ ਸਾਰੀਆਂ ਫ਼ੱਟੀਆਂ ਇਸੇ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਹਨ। 18ਪਵਿੱਤਰ ਤੰਬੂ ਦੇ ਦੱਖਣੀ ਪਾਸੇ ਲਈ 20 ਤਖਤੀਆਂ ਬਣਾਉ। 19ਫ਼ੱਟੀਆਂ ਲਈ ਚਾਂਦੀ ਦੀਆਂ 40 ਚੀਥੀਆਂ ਬਣਾਉ। ਹਰੇਕ ਫ਼ੱਟੀ ਦੇ ਹੇਠਾਂ ਰੱਖਣ ਲਈ ਦੋ ਚਾਂਦੀ ਦੀਆਂ ਚੀਥੀਆਂ ਹੋਣੀਆਂ ਚਹੀਦੀਆਂ ਹਨ-ਹਰੇਕ ਪਾਸੇ ਦੀ ਫ਼ੱਟੀ ਲਈ ਇੱਕ ਚੀਥੀ। 20ਪਵਿੱਤਰ ਤੰਬੂ ਦੇ ਦੂਸਰੇ ਪਾਸੇ (ਉੱਤਰੀ ਪਾਸੇ) ਲਈ 20 ਫ਼ੱਟੀਆਂ ਬਣਾਉ। 21ਅਤੇ ਇਨ੍ਹਾਂ ਫ਼ੱਟੀਆਂ ਲਈ ਚਾਂਦੀ ਦੀਆਂ 40 ਚੀਥੀਆਂ ਬਣਾਉ-ਹਰੇਕ ਫ਼ੱਟੀ ਹੇਠਾਂ ਦੋ ਚੀਥਿਆਂ। 22ਪਵਿੱਤਰ ਤੰਬੂ ਦੇ ਪਿੱਛਲੇ ਪਾਸੇ (ਪੱਛਮੀ ਪਾਸੇ) ਲਈ ਛੇ ਹੋਰ ਫ਼ੱਟੀਆਂ ਬਣਾਉ। 23ਪਵਿੱਤਰ ਤੰਬੂ ਦੇ ਪਿੱਛਲੇ ਪਾਸੇ ਦੋ ਕੋਨਿਆਂ ਲਈ ਦੋ ਫ਼ੱਟੀਆਂ ਬਣਾਉ। 24ਫ਼ੱਟੀਆਂ ਦੇ ਕੋਨੇ ਹੇਠੋ ਇੱਕ ਦੂਜੇ ਨਾਲ ਜੁੜੇ ਹੋਣੇ ਚਾਹੀਦੇ ਹਨ। ਇੱਕ ਕੜਾ ਇਨ੍ਹਾਂ ਫ਼ੱਟੀਆਂ ਨੂੰ ਉੱਪਰੋਂ ਬੰਨ੍ਹੀ ਰੱਖੇਗਾ। ਦੋਹਾਂ ਕੋਨਿਆਂ ਲਈ ਇਸੇ ਤਰ੍ਹਾਂ ਕਰੋ। 25ਤੰਬੂ ਦੇ ਪੱਛਮੀ ਸਿਰ ਲਈ ਕੁੱਲ ਅੱਠ ਫ਼ੱਟੀਆਂ ਹੋਣਗੀਆਂ ਅਤੇ ਚਾਂਦੀ ਦੀਆਂ 16 ਚੀਥੀਆਂ ਹੋਣਗੀਆਂ-ਹਰੇਕ ਫ਼ੱਟੀ ਹੇਠਾਂ ਦੋ ਚੀਥੀਆਂ।
26“ਪਵਿੱਤਰ ਤੰਬੂ ਦੇ ਪਾਸਿਆਂ ਲਈ ਸ਼ਿਟੀਮ ਦੀ ਲੱਕੜੀ ਦੀਆਂ ਟੇਕਾਂ ਬਣਾਉ। ਪਵਿੱਤਰ ਤੰਬੂ ਦੇ ਪਹਿਲੇ ਪਾਸੇ ਲਈ ਪੰਜ ਟੇਕਾਂ ਹੋਣੀਆਂ ਚਾਹੀਦੀਆਂ ਹਨ। 27ਪਵਿੱਤਰ ਤੰਬੂ ਦੇ ਦੂਸਰੇ ਪਾਸੇ ਦੀਆਂ ਫ਼ੱਟੀਆਂ ਲਈ ਪੰਜ ਟੇਕਾਂ ਹੋਣੀਆਂ ਚਾਹੀਦੀਆਂ ਹਨ। ਪਵਿੱਤਰ ਤੰਬੂ ਦੇ ਪਿੱਛਲੇ ਪਾਸੇ (ਪੱਛਮ ਵਾਲੇ ਪਾਸੇ) ਦੀਆਂ ਫ਼ੱਟੀਆਂ ਲਈ ਪੰਜ ਟੇਕਾਂ ਹੋਣੀਆਂ ਚਾਹੀਦੀਆਂ ਹਨ। 28ਵਿੱਚਕਾਰਲੀ ਟੇਕ ਫ਼ੱਟੀਆਂ ਵਿੱਚੋਂ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਗੁਜਰਨੀ ਚਾਹੀਦੀ ਹੈ।
29“ਤਖਤਿਆਂ ਉੱਪਰ ਸੋਨਾ ਮਢ਼ੋ ਅਤੇ ਛੜਾਂ ਨੂੰ ਫ਼ੜੀ ਰੱਖਣ ਲਈ ਫ਼ੱਟੀਆਂ ਵਾਸਤੇ ਸੋਨੇ ਦੇ ਕੜੇ ਬਣਾਉ। ਛੜਾਂ ਨੂੰ ਵੀ ਸੋਨੇ ਨਾਲ ਮਢ਼ੋ। 30ਪਵਿੱਤਰ ਤੰਬੂ ਨੂੰ ਉਸੇ ਤਰ੍ਹਾਂ ਬਣਾਉ ਜਿਵੇਂ ਮੈਂ ਤੁਹਾਨੂੰ ਪਰਬਤ ਉੱਤੇ ਦਰਸ਼ਾਇਆ ਸੀ।
ਪਵਿੱਤਰ ਤੰਬੂ ਦੇ ਅੰਦਰ
31“ਗੁੰਦੇ ਹੋਏ ਮਹੀਨ ਲਿਨਨ ਅਤੇ ਨੀਲੇ, ਜਾਮਨੀ ਅਤੇ ਲਾਲ ਧਾਗੇ ਨਾਲ ਇੱਕ ਪਰਦਾ ਬਣਾਉ। ਕਿਸੇ ਮਾਹਰ ਕਾਰੀਗਰ ਦੁਆਰਾ ਇਸ ਉੱਤੇ ਖੰਭਾਂ ਵਾਲੇ ਕਰੂਬੀ ਫ਼ਰਿਸ਼ਤਿਆਂ ਦੀਆਂ ਸ਼ਕਲਾਂ ਸਿਉਂਤੀਆਂ ਹੋਣੀਆਂ ਚਾਹੀਦੀਆਂ ਹਨ। 32ਸ਼ਿਟੀਮ ਦੀ ਲੱਕੜ ਦੀਆਂ ਚਾਰ ਥੰਮੀਆਂ ਬਣਾਉ ਅਤੇ ਇਨ੍ਹਾਂ ਥੰਮੀਆਂ ਨੂੰ ਸੋਨੇ ਨਾਲ ਮੜ੍ਹੋ। ਚਾਰਾਂ ਥੰਮੀਆਂ ਉੱਤੇ ਸੋਨੇ ਦੀਆਂ ਹੁੱਕਾਂ ਲਗਾਉ। ਸੁਨਿਹਰੀ ਹੁੱਕਾਂ ਉੱਤੇ ਪਰਦੇ ਲਟਕਾਉ। 33ਪਰਦੇ ਨੂੰ ਸੋਨੇ ਦੀਆਂ ਕੁੰਡੀਆਂ ਹੇਠਾਂ ਲਮਕਾਉ। ਫ਼ੇਰ ਇਕਰਾਰਨਾਮੇ ਵਾਲੇ ਸੰਦੂਕ ਨੂੰ ਪਰਦੇ ਦੇ ਪਿੱਛੇ ਰੱਖ ਦੇਣਾ। ਇਹ ਪਰਦਾ ਪਵਿੱਤਰ ਸਥਾਨ ਨੂੰ ਸਭ ਤੋਂ ਪਵਿੱਤਰ ਸਥਾਨ ਤੋਂ ਵੱਖ ਕਰੇਗਾ। 34ਅੱਤ ਪਵਿੱਤਰ ਸਥਾਨ ਤੇ ਰੱਖੇ ਇਕਰਾਰਨਾਮੇ ਵਾਲੇ ਸੰਦੂਕ ਉੱਤੇ ਕੱਜਣ ਰੱਖ ਦਿਉ।
35“ਪਵਿੱਤਰ ਸਥਾਨ ਉੱਤੇ ਪਰਦੇ ਦੇ ਦੂਸਰੇ ਪਾਸੇ ਉਹ ਖਾਸ ਮੇਜ ਰੱਖੋ ਜਿਹੜਾ ਤੁਸੀਂ ਬਣਾਇਆ ਸੀ। ਮੇਜ ਪਵਿੱਤਰ ਤੰਬੂ ਦੇ ਉੱਤਰ ਵਾਲੇ ਪਾਸੇ ਹੋਣਾ ਚਾਹੀਦਾ ਹੈ। ਫ਼ੇਰ ਦੱਖਣ ਵਾਲੇ ਪਾਸੇ ਸ਼ਮਾਦਾਨ ਰੱਖੋ। ਇਹ ਮੇਜ ਦੇ ਸਾਹਮਣੇ ਹੋਵੇਗਾ।
ਪਵਿੱਤਰ ਤੰਬੂ ਦਾ ਦਰਵਾਜ਼ਾ
36“ਫ਼ੇਰ ਪਵਿੱਤਰ ਤੰਬੂ ਦੇ ਦਰਵਾਜ਼ੇ ਲਈ ਪਰਦਾ ਬਣਾਉ। ਇਸ ਪਰਦੇ ਨੂੰ ਬਨਾਉਣ ਲਈ ਨੀਲੇ, ਬੈਂਗਣੀ ਅਤੇ ਲਾਲ ਧਾਗੇ ਅਤੇ ਗੁੰਦੇ ਹੋਏ ਮਹੀਨ ਲਿਨਨ ਦੀ ਵਰਤੋਂ ਕਰੋ। 37ਇਸ ਪਰਦੇ ਲਈ ਸੋਨੇ ਦੀਆਂ ਕੁੰਡੀਆਂ ਬਣਾਉ। ਅਤੇ ਸੋਨੇ ਨਾਲ ਮੜ੍ਹੀ ਹੋਈ ਸ਼ਿਟੀਮ ਦੀ ਲੱਕੜੀ ਦੀਆਂ ਪੰਜ ਬੱਲੀਆਂ ਬਣਾਉ। ਅਤੇ ਇਨ੍ਹਾਂ ਪੰਜ ਬੱਲੀਆਂ ਲਈ ਪਿੱਤਲ ਦੀਆਂ ਪੰਜ ਚੀਥੀਆਂ ਬਣਾਉ।
Currently Selected:
ਕੂਚ 26: PERV
Highlight
Share
Copy
Want to have your highlights saved across all your devices? Sign up or sign in
Punjabi Holy Bible: Easy-to-Read Version
All rights reserved.
© 2002 Bible League International