ਕੂਚ 18
18
ਮੂਸਾ ਦੇ ਸੌਹਰੇ ਵੱਲੋਂ ਸਲਾਹ
1ਮੂਸਾ ਦਾ ਸੌਹਰਾ, ਯਿਥਰੋ, ਮਿਦਯਾਨ ਦਾ ਜਾਜਕ ਸੀ। ਉਸ ਨੇ ਉਸ ਸਭ ਕਾਸੇ ਬਾਰੇ ਸੁਣਿਆ ਜੋ ਯਹੋਵਾਹ ਨੇ ਮੂਸਾ ਅਤੇ ਇਸਰਾਏਲ ਦੇ ਲੋਕਾਂ ਲਈ ਕੀਤਾ ਸੀ ਅਤੇ ਕਿਵੇਂ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਦੀ ਮਿਸਰ ਤੋਂ ਬਾਹਰ ਵੱਲ ਅਗਵਾਈ ਕੀਤੀ। 2ਇਸ ਲਈ ਯਿਥਰੋ ਮੂਸਾ ਕੋਲ ਗਿਆ ਜਦੋਂ ਕਿ ਮੂਸਾ ਨੇ ਪਰਮੇਸ਼ੁਰ ਦੇ ਪਰਬਤ ਨੇੜੇ ਡੇਰਾ ਲਾਇਆ ਹੋਇਆ ਸੀ। ਯਿਥਰੋ ਮੂਸਾ ਦੀ ਪਤਨੀ ਸਿੱਪੋਰਾਹ ਨੂੰ ਆਪਣੇ ਨਾਲ ਲਿਆਇਆ। (ਸਿੱਪੋਰਾਹ ਮੂਸਾ ਦੇ ਨਾਲ ਨਹੀਂ ਸੀ ਕਿਉਂਕਿ ਮੂਸਾ ਨੇ ਉਸ ਨੂੰ ਉਸ ਦੇ ਘਰ ਭੇਜ ਦਿੱਤਾ ਸੀ।) 3ਯਿਥਰੋ ਆਪਣੇ ਨਾਲ ਮੂਸਾ ਦੇ ਦੋ ਪੁੱਤਰਾਂ ਨੂੰ ਵੀ ਲਿਆਇਆ। ਪਹਿਲੇ ਪੁੱਤਰ ਦਾ ਨਾਮ ਗੇਰਸ਼ੋਨ ਸੀ, ਕਿਉਂਕਿ ਜਦੋਂ ਉਹ ਜੰਮਿਆ ਸੀ, ਮੂਸਾ ਨੇ ਆਖਿਆ ਸੀ, “ਮੈਂ ਪ੍ਰਦੇਸ਼ ਵਿੱਚ ਇੱਕ ਅਜਨਬੀ ਹਾਂ।” 4ਦੂਸਰੇ ਪੁੱਤਰ ਦਾ ਨਾਮ ਅਲੀਅਜ਼ਰ ਸੀ, ਕਿਉਂਕਿ ਜਦੋਂ ਉਹ ਜੰਮਿਆ ਸੀ ਤਾਂ ਮੂਸਾ ਨੇ ਆਖਿਆ ਸੀ, “ਮੇਰੇ ਪਿਤਾ ਦੇ ਪਰਮੇਸ਼ੁਰ ਨੇ ਮੇਰੀ ਸਹਾਇਤਾ ਕੀਤੀ ਅਤੇ ਮੈਨੂੰ ਮਿਸਰ ਦੇ ਰਾਜੇ ਤੋਂ ਬਚਾਇਆ।” 5ਇਸ ਲਈ ਯਿਥਰੋ ਮੂਸਾ ਕੋਲ ਗਿਆ ਜਦੋਂ ਮੂਸਾ ਨੇ ਪਰਮੇਸ਼ੁਰ ਦੇ ਪਰਬਤ (ਸੀਨਈ ਪਰਬਤ) ਨੇੜੇ ਮਾਰੂਥਲ ਵਿੱਚ ਡੇਰਾ ਲਾਇਆ ਹੋਇਆ ਸੀ। ਮੂਸਾ ਦੀ ਪਤਨੀ ਅਤੇ ਉਸ ਦੇ ਦੋਵੇਂ ਪੁੱਤਰ ਯਿਥਰੋ ਦੇ ਨਾਲ ਸਨ।
6ਯਿਥਰੋ ਨੇ ਮੂਸਾ ਨੂੰ ਸੁਨੇਹਾ ਭੇਜਿਆ। ਯਿਥਰੋ ਨੇ ਆਖਿਆ, “ਇਹ ਮੈਂ, ਤੇਰਾ ਸੌਹਰਾ ਯਿਥਰੋ ਹਾਂ। ਮੈਂ ਤੇਰੀ ਪਤਨੀ ਤੇ ਦੋਹਾਂ ਪੁੱਤਰਾਂ ਨੂੰ ਤੇਰੇ ਕੋਲ ਲਿਆ ਰਿਹਾ ਹਾਂ।”
7ਇਸ ਲਈ ਮੂਸਾ ਆਪਣੇ ਸੌਹਰੇ ਨੂੰ ਮਿਲਣ ਲਈ ਬਾਹਰ ਆਇਆ। ਮੂਸਾ ਨੇ ਉਸ ਨੂੰ ਮੱਥਾ ਟੇਕਿਆ ਅਤੇ ਉਸ ਨੂੰ ਚੁੰਮਿਆ। ਦੋਹਾਂ ਨੇ ਇੱਕ ਦੂਸਰੇ ਦੀ ਖਬਰ ਸਾਰ ਪੁੱਛੀ। ਫ਼ੇਰ ਉਹ ਹੋਰ ਗੱਲਾਂ ਕਰਨ ਲਈ ਮੂਸਾ ਦੇ ਤੰਬੂ ਵਿੱਚ ਚੱਲੇ ਗਏ। 8ਮੂਸਾ ਨੇ ਯਿਥਰੋ ਨੂੰ ਹਰ ਉਹ ਗੱਲ ਦੱਸੀ ਜਿਹੜੀ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਲਈ ਕੀਤੀ ਸੀ। ਮੂਸਾ ਨੇ ਉਹ ਗੱਲਾਂ ਦੱਸੀਆਂ ਜਿਹੜੀਆਂ ਯਹੋਵਾਹ ਨੇ ਫ਼ਿਰਊਨ ਤੇ ਮਿਸਰ ਦੇ ਲੋਕਾਂ ਨਾਲ ਕੀਤੀਆਂ ਸਨ। ਮੂਸਾ ਨੇ ਉਨ੍ਹਾਂ ਸਾਰੀਆਂ ਸਮੱਸਿਆਵਾਂ ਬਾਰੇ ਦੱਸਿਆ ਜਿਹੜੀਆਂ ਉਨ੍ਹਾਂ ਨੂੰ ਰਸਤੇ ਵਿੱਚ ਪੇਸ਼ ਆਈਆਂ। ਅਤੇ ਮੂਸਾ ਨੇ ਆਪਣੇ ਸੌਹਰੇ ਨੂੰ ਦੱਸਿਆ ਕਿ ਕਿਵੇਂ ਯਹੋਵਾਹ ਨੇ ਹਰ ਸਮੇਂ ਇਸਰਾਏਲ ਦੇ ਲੋਕਾਂ ਨੂੰ ਮੁਸੀਬਤ ਤੋਂ ਬਚਾਇਆ।
9ਜਦੋਂ ਯਿਥਰੋ ਨੇ ਉਨ੍ਹਾਂ ਸਾਰੀਆਂ ਚੰਗੀਆਂ ਗੱਲਾਂ ਬਾਰੇ ਸੁਣਿਆ ਜੋ ਯਹੋਵਾਹ ਨੇ ਇਸਰਾਏਲ ਲਈ ਕੀਤੀਆਂ ਤਾਂ ਉਹ ਪ੍ਰਸੰਨ ਹੋਇਆ। ਉਹ ਖੁਸ਼ ਸੀ ਕਿ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਮਿਸਰੀਆਂ ਤੋਂ ਅਜ਼ਾਦ ਕਰਾਇਆ ਸੀ। 10ਯਿਥਰੋ ਨੇ ਆਖਿਆ,
“ਯਹੋਵਾਹ ਦੀ ਉਸਤਤਿ ਕਰੋ।
ਉਸ ਨੇ ਤੁਹਾਨੂੰ ਮਿਸਰ ਦੀ ਤਾਕਤ ਤੋਂ ਅਜ਼ਾਦ ਕੀਤਾ।
ਯਹੋਵਾਹ ਨੇ ਤੁਹਾਨੂੰ ਫ਼ਿਰਊਨ ਤੋਂ ਬਚਾਇਆ।
11ਹੁਣ ਮੈਂ ਜਾਣਦਾ ਹਾਂ ਕਿ ਯਹੋਵਾਹ ਸਾਰੇ ਦੇਵਤਿਆਂ ਤੋਂ ਮਹਾਨ ਹੈ।
ਉਹ ਸੋਚਦੇ ਸਨ ਕਿ ਉਨ੍ਹਾਂ ਦਾ ਅਧਿਕਾਰ ਸੀ ਪਰ ਦੇਖੋ ਪਰਮੇਸ਼ੁਰ ਨੇ ਕੀ ਕੀਤਾ।”
12ਯਿਥਰੋ ਪਰਮੇਸ਼ੁਰ ਦੇ ਆਦਰ ਲਈ ਕੁਝ ਬਲੀਆਂ ਤੇ ਭੇਟਾ ਲੈ ਕੇ ਆਇਆ। ਫ਼ੇਰ ਹਾਰੂਨ ਅਤੇ ਇਸਰਾਏਲ ਦੇ ਸਾਰੇ ਬਜ਼ੁਰਗ ਯਹੋਵਾਹ ਦੇ ਸਾਹਮਣੇ ਮੂਸਾ ਦੇ ਸੌਹਰੇ ਯਿਥਰੋ ਕੋਲ ਰੋਟੀ ਖਾਣ ਲਈ ਇਕੱਠੇ ਹੋ ਕੇ ਆਏ।
13ਅਗਲੇ ਦਿਨ, ਮੂਸਾ ਕੋਲ ਲੋਕਾਂ ਦਾ ਨਿਆਂ ਕਰਨ ਦਾ ਖਾਸ ਕੰਮ ਸੀ। ਓੱਥੇ ਬਹੁਤ ਸਾਰੇ ਲੋਕ ਸਨ, ਇਸ ਲਈ ਲੋਕਾਂ ਨੂੰ ਸਾਰਾ ਦਿਨ ਮੂਸਾ ਦੇ ਸਾਹਮਣੇ ਖੜ੍ਹਾ ਹੋਣਾ ਪਿਆ।
14ਯਿਥਰੋ ਨੇ ਮੂਸਾ ਨੂੰ ਲੋਕਾਂ ਦਾ ਨਿਆਂ ਕਰਦਿਆਂ ਦੇਖਿਆ। ਉਸ ਨੇ ਪੁੱਛਿਆ, “ਤੂੰ ਇਹ ਕਿਉਂ ਕਰ ਰਿਹਾ ਹੈਂ? ਤੂੰ ਇੱਕਲਾ ਹੀ ਨਿਆਂਕਾਰ ਕਿਉਂ ਹੈਂ? ਅਤੇ ਸਾਰਾ ਦਿਨ ਲੋਕ ਤੇਰੇ ਕੋਲ ਕਿਉਂ ਆਉਂਦੇ ਹਨ?”
15ਤਾਂ ਮੂਸਾ ਨੇ ਆਪਣੇ ਸੌਹਰੇ ਨੂੰ ਆਖਿਆ, “ਲੋਕ ਮੇਰੇ ਕੋਲ ਆਉਂਦੇ ਹਨ ਅਤੇ ਮੈਨੂੰ ਆਖਦੇ ਹਨ ਕਿ ਮੈਂ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਪਰਮੇਸ਼ੁਰ ਦਾ ਨਿਆਂ ਪੁੱਛਾਂ। 16ਜੇ ਲੋਕਾਂ ਦਾ ਕੋਈ ਝਗੜਾ ਹੁੰਦਾ ਹੈ, ਉਹ ਮੇਰੇ ਕੋਲ ਆਉਂਦੇ ਹਨ। ਮੈਂ ਨਿਆਂ ਕਰਦਾ ਹਾਂ ਕਿ ਕਿਹੜਾ ਬੰਦਾ ਸਹੀ ਹੈ। ਇਸ ਤਰ੍ਹਾਂ ਮੈਂ ਲੋਕਾਂ ਨੂੰ ਪਰਮੇਸ਼ੁਰ ਦੀਆਂ ਬਿਧੀਆਂ ਅਤੇ ਬਿਵਸਥਾ ਦੀ ਸਿੱਖਿਆ ਦਿੰਦਾ ਹਾਂ।”
17ਪਰ ਮੂਸਾ ਦੇ ਸੌਹਰੇ ਨੇ ਉਸ ਨੂੰ ਆਖਿਆ, “ਅਜਿਹਾ ਕਰਨ ਦਾ ਇਹ ਸਹੀ ਤਰੀਕਾ ਨਹੀਂ ਹੈ। 18ਇਹ ਤੇਰੇ ਇੱਕਲੇ ਲਈ ਬਹੁਤ ਔਖਾ ਕੰਮ ਹੈ। ਤੂੰ ਇਹ ਕੰਮ ਇੱਕਲਿਆਂ ਖੁਦ ਨਹੀਂ ਕਰ ਸੱਕਦਾ। ਇਹ ਤੈਨੂੰ ਥਕਾ ਦਿੰਦਾ ਹੈ। ਅਤੇ ਇਹ ਲੋਕਾਂ ਨੂੰ ਵੀ ਥਕਾਉਂਦਾ ਹੈ। 19ਹੁਣ, ਮੇਰੀ ਗੱਲ ਸੁਣ। ਮੈਂ ਤੈਨੂੰ ਇੱਕ ਸਲਾਹ ਦਿੰਦਾ ਹਾਂ। ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ੁਰ ਤੇਰੇ ਅੰਗ-ਸੰਗ ਹੋਵੇ। ਤੈਨੂੰ ਲੋਕਾਂ ਦੀਆਂ ਸਮੱਸਿਆਵਾਂ ਸੁਣਨੀਆਂ ਜਾਰੀ ਰੱਖਣੀਆਂ ਚਾਹੀਦੀਆਂ ਹਨ। ਅਤੇ ਤੈਨੂੰ ਇਨ੍ਹਾਂ ਗੱਲਾਂ ਬਾਰੇ ਪਰਮੇਸ਼ੁਰ ਨਾਲ ਗੱਲ ਕਰਨੀ ਜਾਰੀ ਰੱਖਣੀ ਚਾਹੀਦੀ ਹੈ। 20ਤੈਨੂੰ ਲੋਕਾਂ ਨੂੰ ਪਰਮੇਸ਼ੁਰ ਦੀਆਂ ਬਿਧੀਆਂ ਅਤੇ ਬਿਵਸਥਾ ਦੀ ਸਿੱਖਿਆ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਚਿਤਾਵਨੀ ਦੇ ਕਿ ਉਹ ਬਿਧੀ ਨਾ ਤੋੜਨ। ਉਨ੍ਹਾਂ ਨੂੰ ਜਿਉਣ ਦਾ ਸਹੀ ਢੰਗ ਦੱਸ। ਉਨ੍ਹਾਂ ਨੂੰ ਦੱਸ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। 21ਪਰ ਤੈਨੂੰ ਕੁਝ ਚੰਗੇ ਲੋਕਾਂ ਨੂੰ ਨਿਆਂਕਾਰ ਤੇ ਆਗੂ ਵੀ ਚੁਣਨਾ ਚਾਹੀਦਾ ਹੈ।
“ਉਨ੍ਹਾਂ ਨੇਕ ਆਦਮੀਆਂ ਨੂੰ ਚੁਣ ਜਿਨ੍ਹਾਂ ਉੱਤੇ ਤੂੰ ਭਰੋਸਾ ਕਰ ਸੱਕਦਾ ਹੈਂ-ਉਹ ਆਦਮੀ ਜਿਹੜੇ ਪਰਮੇਸ਼ੁਰ ਦੀ ਇੱਜ਼ਤ ਕਰਦੇ ਹਨ। ਉਨ੍ਹਾਂ ਲੋਕਾਂ ਨੂੰ ਚੁਣ ਜਿਹੜੇ ਪੈਸੇ ਖਾਤਰ ਆਪਣੇ ਫ਼ੈਸਲੇ ਨਾ ਬਦਲਣ। ਅਤੇ ਇਨ੍ਹਾਂ ਆਦਮੀਆਂ ਨੂੰ ਲੋਕਾਂ ਦੇ ਹਾਕਮ ਬਣਾ। ਇੱਕ ਹਜ਼ਾਰ ਆਦਮੀਆਂ, ਸੌ ਆਦਮੀਆਂ, ਪੰਜਾਹ ਆਦਮੀਆਂ ਅਤੇ ਦਸ ਆਦਮੀਆਂ ਉੱਪਰ ਵੀ ਹਾਕਮ ਹੋਣੇ ਚਾਹੀਦੇ ਹਨ। 22ਇਨ੍ਹਾਂ ਹਾਕਮਾਂ ਨੂੰ ਲੋਕਾਂ ਦੇ ਨਿਆਂ ਕਰਨ ਦੇ। ਜੇ ਕੋਈ ਬਹੁਤ ਮਹੱਤਵਪੂਰਣ ਮਾਮਲਾ ਹੋਵੇ ਤਾਂ ਉਹ ਤੇਰੇ ਕੋਲ ਆ ਸੱਕਦੇ ਹਨ ਅਤੇ ਤੈਨੂੰ ਨਿਆਂ ਕਰਨ ਦੇਣ। ਪਰ ਦੂਸਰੇ ਮਾਮਲੇ ਉਹ ਖੁਦ ਨਿਪਟਾ ਸੱਕਦੇ ਹਨ। ਇਸ ਤਰ੍ਹਾਂ ਇਹ ਆਦਮੀ ਤੇਰੇ ਨਾਲ ਕੰਮ ਸਾਂਝਾ ਕਰ ਸੱਕਦੇ ਹਨ ਅਤੇ ਤੇਰੇ ਲਈ ਲੋਕਾਂ ਦੀ ਅਗਵਾਈ ਕਰਨੀ ਸੌਖੀ ਹੋਵੇਗੀ। 23ਜੇ ਤੂੰ ਇਹ ਗੱਲਾਂ ਕਰੇਗਾ, ਤੂੰ ਆਪਣਾ ਕੰਮ ਕਰਨ ਦੇ ਲਾਇੱਕ ਹੋਵੇਂਗਾ ਜਿਵੇਂ ਯਹੋਵਾਹ ਨੇ ਤੈਨੂੰ ਕਰਨ ਦਾ ਹੁਕਮ ਦਿੱਤਾ ਸੀ। ਉਸੇ ਵੇਲੇ, ਇਹ ਲੋਕ ਆਪਣੀਆਂ ਸੁਲਝੀਆਂ ਹੋਈਆਂ ਸਮੱਸਿਆਵਾਂ ਨਾਲ ਘਰ ਜਾ ਸੱਕਦੇ ਹਨ।”
24ਇਸ ਲਈ ਮੂਸਾ ਨੇ ਉਹੀ ਕੀਤਾ ਜੋ ਯਿਥਰੋ ਨੇ ਉਸ ਨੂੰ ਆਖਿਆ ਸੀ। 25ਮੂਸਾ ਨੇ ਇਸਰਾਏਲ ਦੇ ਲੋਕਾਂ ਵਿੱਚੋਂ ਨੇਕ ਆਦਮੀ ਚੁਣੇ। ਮੂਸਾ ਨੇ ਇਨ੍ਹਾਂ ਲੋਕਾਂ ਨੂੰ ਆਗੂ ਬਣਾਇਆ। 1,000 ਆਦਮੀਆਂ, 100 ਆਦਮੀਆਂ, 50 ਆਦਮੀਆਂ ਅਤੇ 10 ਆਦਮੀਆਂ ਉੱਪਰ ਹਾਕਮ ਸਨ। 26ਇਹ ਹਾਕਮ ਲੋਕਾਂ ਲਈ ਨਿਆਂਕਾਰ ਸਨ। ਲੋਕ ਹਮੇਸ਼ਾ ਆਪਣੇ ਝਗੜ੍ਹੇ ਇਨ੍ਹਾਂ ਹਾਕਮਾ ਸਾਹਮਣੇ ਲਿਆ ਸੱਕਦੇ ਸਨ। ਅਤੇ ਮੂਸਾ ਨੇ ਸਿਰਫ਼ ਬਹੁਤ ਜ਼ਰੂਰ ਮਾਮਲਿਆਂ ਦਾ ਨਿਆਂ ਕਰਨਾ ਸੀ।
27ਕੁਝ ਸਮੇਂ ਬਾਦ ਮੂਸਾ ਨੇ ਆਪਣੇ ਸੌਹਰੇ, ਯਿਥਰੋ ਨੂੰ ਅਲਵਿਦਾ ਆਖੀ। ਅਤੇ ਯਿਥਰੋ ਆਪਣੇ ਘਰ ਵਾਪਸ ਚੱਲਾ ਗਿਆ।
Currently Selected:
ਕੂਚ 18: PERV
Highlight
Share
Copy
Want to have your highlights saved across all your devices? Sign up or sign in
Punjabi Holy Bible: Easy-to-Read Version
All rights reserved.
© 2002 Bible League International