YouVersion Logo
Search Icon

ਕੂਚ 14

14
1ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, 2“ਲੋਕਾਂ ਨੂੰ ਆਖ ਕਿ ਉਹ ਪੀ-ਹਹੀਰੋਥ ਨੂੰ ਵਾਪਸ ਜਾਣ। ਉਨ੍ਹਾਂ ਨੂੰ ਆਖ ਕਿ ਉਹ ਮਿਗਦੋਲ ਅਤੇ ਲਾਲ ਸਾਗਰ ਦੇ ਵਿੱਚਕਾਰ ਬਆਲ-ਸਫ਼ੋਨ ਦੇ ਨੇੜੇ ਰਾਤ ਗੁਜ਼ਾਰਨ। 3ਫ਼ਿਰਊਨ ਸੋਚੇਗਾ ਕਿ ਇਸਰਾਏਲ ਦੇ ਲੋਕ ਮਾਰੂਥਲ ਵਿੱਚ ਭਟਕ ਰਹੇ ਹਨ। ਅਤੇ ਉਹ ਸੋਚੇਗਾ ਕਿ ਲੋਕਾਂ ਕੋਲ ਜਾਣ ਦੀ ਕੋਈ ਥਾਂ ਨਹੀਂ। 4ਮੈਂ ਫ਼ਿਰਊਨ ਨੂੰ ਜ਼ਿੱਦੀ ਬਣਾਵਾਂਗਾ ਅਤੇ ਉਹ ਤੁਹਾਡਾ ਪਿੱਛਾ ਕਰੇਗਾ। ਮੈਂ ਫ਼ਿਰਊਨ ਅਤੇ ਉਸਦੀ ਫ਼ੌਜ ਨੂੰ ਹਰਾ ਦੇਵਾਂਗਾ ਅਤੇ ਇਹ ਮੇਰੇ ਲਈ ਸਤਿਕਾਰ ਲਿਆਵੇਗਾ। ਫ਼ੇਰ ਮਿਸਰ ਦੇ ਲੋਕਾਂ ਨੂੰ ਪਤਾ ਚੱਲੇਗਾ ਕਿ ਮੈਂ ਯਹੋਵਾਹ ਹਾਂ।” ਇਸਰਾਏਲ ਦੇ ਲੋਕਾਂ ਨੇ ਪਰਮੇਸ਼ੁਰ ਦਾ ਆਦੇਸ਼ ਮੰਨਿਆ-ਉਨ੍ਹਾਂ ਨੇ ਉਹੀ ਕੀਤਾ ਜੋ ਉਸ ਨੇ ਆਖਿਆ ਸੀ।
ਫ਼ਿਰਊਨ ਇਸਰਾਏਲੀਆਂ ਦਾ ਪਿੱਛਾ ਕਰਦਾ ਹੈ
5ਫ਼ਿਰਊਨ ਨੂੰ ਸੂਹ ਮਿਲੀ ਕਿ ਇਸਰਾਏਲ ਦੇ ਲੋਕ ਬਚ ਨਿਕਲੇ ਹਨ। ਜਦੋਂ ਉਸ ਨੇ ਇਹ ਗੱਲ ਸੁਣੀ, ਉਸ ਨੇ ਅਤੇ ਉਸ ਦੇ ਅਧਿਕਾਰੀਆਂ ਨੇ ਆਪਣੇ ਪਹਿਲਾਂ ਕੀਤੇ ਨਿਆਂ ਬਾਰੇ ਮਨ ਬਦਲ ਲਿਆ। ਫ਼ਿਰਊਨ ਨੇ ਆਖਿਆ, “ਅਸੀਂ ਇਸਰਾਏਲ ਦੇ ਲੋਕਾਂ ਨੂੰ ਜਾਣ ਕਿਉਂ ਦਿੱਤਾ? ਅਸੀਂ ਉਨ੍ਹਾਂ ਨੂੰ ਭੱਜਣ ਕਿਉਂ ਦਿੱਤਾ? ਹੁਣ ਅਸੀਂ ਆਪਣੇ ਗੁਲਾਮ ਗੁਆ ਲਏ ਹਨ।”
6ਇਸ ਲਈ ਫ਼ਿਰਊਨ ਨੇ ਆਪਣਾ ਰੱਥ ਤਿਆਰ ਕੀਤਾ ਅਤੇ ਆਪਣੇ ਨਾਲ ਆਪਣੇ ਬੰਦੇ ਲਏ। 7ਫ਼ਿਰਊਨ ਨੇ ਆਪਣੇ 600 ਸਭ ਤੋਂ ਵੱਧੀਆ ਬੰਦੇ ਅਤੇ ਆਪਣੇ ਸਾਰੇ ਰੱਥ ਨਾਲ ਲਈ। ਹਰ ਰੱਥ ਵਿੱਚ ਇੱਕ ਅਧਿਕਾਰੀ ਸੀ। 8ਯਹੋਵਾਹ ਨੇ ਮਿਸਰ ਦੇ ਰਾਜੇ, ਫ਼ਿਰਊਨ ਨੂੰ ਜ਼ਿੱਦੀ ਬਣਾ ਦਿੱਤਾ ਇਸ ਲਈ ਉਸ ਨੇ ਇਸਰਾਏਲ ਦੇ ਲੋਕਾਂ ਦਾ ਪਿੱਛਾ ਕੀਤਾ।
9ਮਿਸਰੀ ਫ਼ੌਜ ਕੋਲ ਬਹੁਤ ਸਾਰੇ ਘੋੜਸਵਾਰ ਫ਼ੌਜੀ ਅਤੇ ਰੱਥ ਸਨ। ਉਨ੍ਹਾਂ ਨੇ ਇਸਰਾਏਲ ਦੇ ਲੋਕਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਜਾ ਘੇਰਿਆ, ਜਦੋਂ ਉਨ੍ਹਾਂ ਨੇ ਲਾਲ ਸਾਗਰ ਕੰਢੇ ਬਆਲ-ਸਫ਼ੋਨ ਦੇ ਪੂਰਬ ਵੱਲ ਪੀ-ਹਹੀਰੋਥ ਵਿਖੇ ਡੇਰਾ ਲਾਇਆ ਹੋਇਆ ਸੀ।
10ਇਸਰਾਏਲ ਦੇ ਲੋਕਾਂ ਨੇ ਫ਼ਿਰਊਨ ਅਤੇ ਉਸਦੀ ਫ਼ੌਜ ਨੂੰ ਉਨ੍ਹਾਂ ਵੱਲ ਆਉਂਦਿਆਂ ਵੇਖਿਆ। ਲੋਕ ਬਹੁਤ ਘਬਰਾ ਗਏ। ਉਨ੍ਹਾਂ ਨੇ ਯਹੋਵਾਹ ਅੱਗੇ, ਸਹਾਇਤਾ ਲਈ, ਪੁਕਾਰ ਕੀਤੀ। 11ਉਨ੍ਹਾਂ ਨੇ ਮੂਸਾ ਨੂੰ ਆਖਿਆ, “ਤੂੰ ਸਾਨੂੰ ਮਿਸਰ ਵਿੱਚੋਂ ਕਿਉਂ ਬਾਹਰ ਲਿਆਂਦਾ? ਤੂੰ ਸਾਨੂੰ ਇੱਥੇ ਮਾਰੂਥਲ ਵਿੱਚ ਮਾਰਨ ਲਈ ਕਿਉਂ ਲਿਆਂਦਾ ਹੈ? ਅਸੀਂ ਮਿਸਰ ਵਿੱਚ ਸ਼ਾਂਤੀ ਨਾਲ ਮਰ ਸੱਕਦੇ ਸਾਂ-ਮਿਸਰ ਵਿੱਚ ਬਹੁਤ ਕਬਰਾਂ ਸਨ। 12ਅਸੀਂ ਤੈਨੂੰ ਆਖਿਆ ਸੀ ਕਿ ਇਹ ਗੱਲ ਵਾਪਰੇਗੀ। ਮਿਸਰ ਵਿੱਚ ਅਸੀਂ ਆਖਿਆ ਸੀ, ‘ਮਿਹਰਬਾਨੀ ਕਰਕੇ ਸਾਨੂੰ ਪਰੇਸ਼ਾਨ ਨਾ ਕਰ। ਸਾਨੂੰ ਇੱਥੇ ਰਹਿਣ ਦੇ ਅਤੇ ਮਿਸਰੀਆਂ ਦੀ ਗੁਲਾਮੀ ਕਰਨ ਦੇ।’ ਸਾਡੇ ਲਈ, ਇੱਥੇ ਆਕੇ ਮਾਰੂਥਲ ਵਿੱਚ ਮਰਨ ਨਾਲੋਂ ਓੱਥੇ ਗੁਲਾਮ ਬਣਕੇ ਰਹਿਣਾ ਵੱਧੇਰੇ ਚੰਗਾ ਹੁੰਦਾ।”
13ਪਰ ਮੂਸਾ ਨੇ ਜਵਾਬ ਦਿੱਤਾ, “ਡਰੋ ਨਾ। ਜਿੱਥੇ ਤੁਸੀਂ ਹੋ ਦ੍ਰਿੜਤਾ ਨਾਲ ਖਲੋਵੋ ਅਤੇ ਯਹੋਵਾਹ ਨੂੰ ਤੁਹਾਡੀ ਰੱਖਿਆ ਕਰਦਿਆਂ ਦੇਖੋ। ਅੱਜ ਵੇਖ ਲਵੋ ਤੁਸੀਂ ਫ਼ੇਰ ਇਨ੍ਹਾਂ ਮਿਸਰੀਆਂ ਨੂੰ ਕਦੇ ਨਹੀਂ ਵੇਖੋਂਗੇ। 14ਅਤੇ ਤੁਹਾਨੂੰ ਹੋਰ ਕੁਝ ਨਹੀਂ ਕਰਨਾ ਪਵੇਗਾ ਸਗੋਂ ਸ਼ਾਂਤ ਰਹੋ। ਯਹੋਵਾਹ ਤੁਹਾਡੇ ਲਈ ਯੁੱਧ ਕਰੇਗਾ।”
15ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਤੁਸੀਂ ਹਾਲੇ ਤੱਕ ਮੈਨੂੰ ਕਿਉਂ ਪੁਕਾਰ ਰਹੇ ਹੋ। ਇਸਰਾਏਲ ਦੇ ਲੋਕਾਂ ਨੂੰ ਤੁਰ ਪੈਣ ਲਈ ਆਖੋ। 16ਆਪਣੇ ਹੱਥ ਵਿੱਚ ਸੋਟੀ ਲੈ ਕੇ ਉਸ ਨੂੰ ਲਾਲ ਸਾਗਰ ਉੱਪਰ ਉੱਠਾ, ਅਤੇ ਲਾਲ ਸਾਗਰ ਪਾਟ ਜਾਵੇਗਾ। ਫ਼ੇਰ ਲੋਕ ਖੁਸ਼ਕ ਧਰਤੀ ਰਾਹੀਂ ਰਾਹੀਂ ਪਾਰ ਲੰਘ ਸੱਕਣਗੇ। 17ਮੈਂ ਮਿਸਰੀਆਂ ਨੂੰ ਇਸ ਲਈ ਜ਼ਿੱਦੀ ਬਣਾਇਆ ਹੈ ਤਾਂ ਜੋ ਉਹ ਤੁਹਾਡਾ ਪਿੱਛਾ ਕਰਨ। ਪਰ ਮੈਂ ਫ਼ਿਰਊਨ ਤੋਂ ਅਤੇ ਉਸਦੀ ਸਾਰੀ ਫ਼ੌਜ, ਉਸ ਦੇ ਘੋੜਿਆਂ ਅਤੇ ਉਸ ਦੇ ਰੱਥਾਂ ਤੋਂ ਪਰਤਾਪਮਈ ਹੋਵਾਂਗਾ। 18ਫ਼ੇਰ ਮਿਸਰ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ। ਉਹ ਮੇਰਾ ਉਦੋਂ ਆਦਰ ਕਰਨਗੇ ਜਦੋਂ ਮੈਂ ਫ਼ਿਰਊਨ ਅਤੇ ਉਸ ਦੇ ਘੋੜਸਵਾਰ ਫ਼ੌਜੀਆਂ ਅਤੇ ਰੱਥਾਂ ਨੂੰ ਹਰਾ ਦਿਆਂਗਾ।”
ਯਹੋਵਾਹ ਮਿਸਰੀ ਫ਼ੌਜ ਨੂੰ ਹਰਾਉਂਦਾ ਹੈ
19ਤਾਂ ਯਹੋਵਾਹ ਦਾ ਦੂਤ ਲੋਕਾਂ ਦੇ ਪਿੱਛੇ ਆ ਗਿਆ। (ਯਹੋਵਾਹ ਦਾ ਦੂਤ ਆਮ ਤੌਰ ਤੇ ਲੋਕਾਂ ਦੀ ਅਗਵਾਈ ਲਈ ਉਨ੍ਹਾਂ ਦੇ ਅੱਗੇ ਹੁੰਦਾ ਸੀ।) ਇਸ ਅਲੀ ਲੰਮਾ ਬੱਦਲ ਲੋਕਾਂ ਦੇ ਸਾਹਮਣੇ ਵਾਲੇ ਪਾਸੇ ਤੋਂ ਹਟਕੇ ਲੋਕਾਂ ਦੇ ਪਿੱਛੇ ਚੱਲਾ ਗਿਆ। 20ਇਸ ਤਰ੍ਹਾਂ ਬੱਦਲ ਮਿਸਰੀਆਂ ਅਤੇ ਇਸਰਾਏਲ ਦੇ ਲੋਕਾਂ ਦੇ ਵਿੱਚਕਾਰ ਖੜ੍ਹਾ ਹੋ ਗਿਆ। ਇਸਰਾਏਲ ਦੇ ਲੋਕਾਂ ਲਈ ਰੌਸ਼ਨੀ ਸੀ। ਪਰ ਮਿਸਰੀਆਂ ਲਈ ਹਨੇਰਾ ਸੀ। ਇਸ ਲਈ ਮਿਸਰੀ ਉਸ ਰਾਤ ਇਸਰਾਏਲ ਦੇ ਲੋਕਾਂ ਦੇ ਹੋਰ ਨੇੜੇ ਨਹੀਂ ਆਏ।
21ਮੂਸਾ ਨੇ ਆਪਣਾ ਹੱਥ ਲਾਲ ਸਾਗਰ ਉੱਪਰ ਉੱਠਾਇਆ ਅਤੇ ਯਹੋਵਾਹ ਨੇ ਪੂਰਬ ਵੱਲੋਂ ਤੇਜ਼ ਹਵਾ ਵਗਾਈ। ਹਵਾ ਰਾਤ ਭਰ ਚਲਦੀ ਰਹੀ। ਸਮੁੰਦਰ ਪਾਟ ਗਿਆ ਅਤੇ ਹਵਾ ਨੇ ਧਰਤੀ ਸੁਕਾ ਦਿੱਤੀ। 22ਇਸਰਾਏਲ ਦੇ ਲੋਕ ਸਮੁੰਦਰ ਵਿੱਚੋਂ ਸੁੱਕੀ ਥਾਂ ਤੋਂ ਲੰਘ ਗਏ। ਉਨ੍ਹਾਂ ਦੇ ਸੱਜੇ ਅਤੇ ਖੱਬੇ ਪਾਸੇ ਪਾਣੀ ਇੱਕ ਕੰਧ ਵਾਂਗ ਸੀ। 23ਫ਼ੇਰ ਫ਼ਿਰਊਨ ਦੇ ਸਾਰੇ ਰੱਥਾਂ ਅਤੇ ਘੋੜਸਵਾਰ ਫ਼ੌਜੀਆਂ ਨੇ ਉਨ੍ਹਾਂ ਦਾ ਸਮੁੰਦਰ ਵਿੱਚ ਪਿੱਛਾ ਕੀਤਾ। 24ਸੁਵਖਤੇ ਹੀ ਯਹੋਵਾਹ ਨੇ ਲੰਮੇ ਬੱਦਲ ਅਤੇ ਅੱਗ ਦੇ ਥੰਮ੍ਹ ਰਾਹੀਂ ਮਿਸਰੀ ਫ਼ੌਜ ਵੱਲ ਤੱਕਿਆ। ਫ਼ੇਰ ਯਹੋਵਾਹ ਨੇ ਮਿਸਰੀਆਂ ਦੇ ਤੰਬੂਆਂ ਵਿੱਚ ਮੁਸੀਬਤ ਪਾ ਦਿੱਤੀ ਅਤੇ ਉਨ੍ਹਾਂ ਨੂੰ ਸ਼ੰਸ਼ੋਪੰਚ ਵਿੱਚ ਪਾ ਦਿੱਤਾ। 25ਫ਼ੇਰ ਉਸ ਨੇ ਰੱਥਾਂ ਦੇ ਪਹੀਆਂ ਨੂੰ ਕੱਟ ਦਿੱਤਾ ਅਤੇ ਰੱਥਾਂ ਤੇ ਕਾਬੂ ਰੱਖਣਾ ਮੁਸ਼ਕਿਲ ਕਰ ਦਿੱਤਾ। ਮਿਸਰੀ ਚੀਕੇ, “ਆਓ ਆਪਾਂ ਇੱਥੋਂ ਨਿਕਲ ਚੱਲੀਏ। ਇਸਰਾਏਲ ਦੇ ਲੋਕਾਂ ਲਈ ਯਹੋਵਾਹ ਸਾਡੇ ਖਿਲਾਫ਼ ਲੜ ਰਿਹਾ ਹੈ।”
26ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਆਪਣਾ ਹੱਥ ਸਮੁੰਦਰ ਉੱਪਰ ਉੱਠਾ। ਪਾਣੀ ਡਿੱਗ ਪਵੇਗਾ ਅਤੇ ਮਿਸਰੀ ਰੱਥਾਂ ਅਤੇ ਘੋੜਸਵਾਰ ਫ਼ੌਜੀਆਂ ਨੂੰ ਡੋਬ ਦੇਵੇਗਾ।”
27ਇਸ ਲਈ ਪ੍ਰਭਾਤ ਵੇਲੇ, ਮੂਸਾ ਨੇ ਆਪਣਾ ਹੱਥ ਸਮੁੰਦਰ ਦੇ ਉੱਪਰ ਫ਼ੈਲਾਇਆ ਅਤੇ ਪਾਣੀ ਆਪਣੀ ਪਹਿਲਾਂ ਵਾਲੀ ਪੱਧਰ ਵੱਲ ਵਾਪਸ ਦੌੜਿਆ। ਮਿਸਰੀ ਆਪਣੀ ਪੂਰੀ ਵਾਹ ਲਾਕੇ ਪਾਣੀ ਵਿੱਚੋਂ ਭੱਜ ਰਹੇ ਸਨ, ਪਰ ਯਹੋਵਾਹ ਨੇ ਉਨ੍ਹਾਂ ਨੂੰ ਸਮੁੰਦਰ ਦੇ ਨਾਲ ਹੀ ਰੋੜ੍ਹ ਦਿੱਤਾ। 28ਪਾਣੀ ਆਪਣੀ ਪਹਿਲਾਂ ਵਾਰੀ ਪੱਧਰ ਉੱਤੇ ਆ ਗਿਆ ਅਤੇ ਰੱਥਾਂ ਤੇ ਘੋੜਸਵਾਰ ਫ਼ੌਜੀਆਂ ਨੂੰ ਡੋਬ ਦਿੱਤਾ। ਫ਼ਿਰਊਨ ਦੀ ਫ਼ੌਜ ਇਸਰਾਏਲ ਦੇ ਲੋਕਾਂ ਦਾ ਪਿੱਛਾ ਕਰ ਰਹੀ ਸੀ ਪਰ ਉਹ ਫ਼ੌਜ ਤਬਾਹ ਹੋ ਗਈ। ਉਨ੍ਹਾਂ ਵਿੱਚੋਂ ਕੋਈ ਨਹੀਂ ਬਚਿਆ।
29ਪਰ ਇਸਰਾਏਲ ਦੇ ਲੋਕ ਸਮੁੰਦਰ ਰਾਹੀਂ ਸੁੱਕੀ ਧਰਤੀ ਤੇ ਲੰਘ ਗਏ। ਪਾਣੀ ਸੱਜੇ ਪਾਸੇ ਅਤੇ ਖੱਬੇ ਪਾਸੇ ਕੰਧਾਂ ਵਾਂਗ ਖਲੋਤਾ ਰਿਹਾ। 30ਇਸ ਲਈ ਉਸ ਦਿਨ, ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਮਿਸਰੀਆਂ ਤੋਂ ਬਚਾਇਆ। ਅਤੇ ਬਾਦ ਵਿੱਚ ਇਸਰਾਏਲ ਦੇ ਲੋਕਾਂ ਨੇ ਲਾਲ ਸਾਗਰ ਦੇ ਕੰਢੇ ਮਿਸਰੀ ਫ਼ੌਜੀਆਂ ਦੀਆਂ ਲਾਸ਼ਾਂ ਦੇਖੀਆਂ। 31ਇਸਰਾਏਲ ਦੇ ਲੋਕਾਂ ਨੇ ਯਹੋਵਾਹ ਦੀ ਮਹਾਨ ਸ਼ਕਤੀ ਉਦੋਂ ਦੇਖੀ ਜਦੋਂ ਉਸ ਨੇ ਮਿਸਰੀਆਂ ਨੂੰ ਹਰਾਇਆ। ਇਸ ਲਈ ਲੋਕ ਯਹੋਵਾਹ ਤੋਂ ਡਰਦੇ ਅਤੇ ਉਸਦਾ ਆਦਰ ਕਰਦੇ ਸਨ। ਉਨ੍ਹਾਂ ਨੇ ਯਹੋਵਾਹ ਅਤੇ ਉਸ ਦੇ ਸੇਵਕ ਮੂਸਾ ਵਿੱਚ ਭਰੋਸਾ ਕਰਨਾ ਸ਼ੁਰੂ ਕਰ ਦਿੱਤਾ।

Currently Selected:

ਕੂਚ 14: PERV

Highlight

Share

Copy

None

Want to have your highlights saved across all your devices? Sign up or sign in