ਫ਼ਿਲਿੱਪੀਆਂ 1
1
ਸਲਾਮ
1ਮਸੀਹ ਯਿਸੂ ਦੇ ਬੰਧੂਏ ਦਾਸਾਂ ਪੌਲੁਸ ਅਤੇ ਤਿਮੋਥਿਉਸ ਵੱਲੋਂ ਮਸੀਹ ਯਿਸੂ ਵਿੱਚ ਸਭਨਾਂ ਸੰਤਾਂ#1:1 ਅਰਥਾਤ ਪਵਿੱਤਰ ਲੋਕਾਂ ਨੂੰ ਅਤੇ ਉਨ੍ਹਾਂ ਨਿਗਰਾਨਾਂ ਅਤੇ ਡੀਕਨਾਂ ਨੂੰ ਜਿਹੜੇ ਫ਼ਿਲਿੱਪੈ ਵਿੱਚ ਰਹਿੰਦੇ ਹਨ;
2ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ।
ਪੌਲੁਸ ਦੀ ਪ੍ਰਾਰਥਨਾ ਅਤੇ ਧੰਨਵਾਦ
3ਮੈਂ ਜਦੋਂ ਵੀ ਤੁਹਾਨੂੰ ਯਾਦ ਕਰਦਾ ਹਾਂ ਤਾਂ ਆਪਣੇ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ 4ਅਤੇ ਤੁਹਾਡੇ ਸਾਰਿਆਂ ਦੇ ਲਈ ਆਪਣੀ ਹਰੇਕ ਪ੍ਰਾਰਥਨਾ ਵਿੱਚ ਹਮੇਸ਼ਾ ਅਨੰਦ ਨਾਲ ਬੇਨਤੀ ਕਰਦਾ ਹਾਂ, 5ਕਿਉਂਕਿ ਤੁਸੀਂ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਖੁਸ਼ਖ਼ਬਰੀ ਸੁਣਾਉਣ ਵਿੱਚ ਮੇਰੇ ਸਾਂਝੀ ਰਹੇ। 6ਮੈਨੂੰ ਇਸ ਗੱਲ ਦਾ ਭਰੋਸਾ ਹੈ ਕਿ ਜਿਸ ਨੇ ਤੁਹਾਡੇ ਵਿੱਚ ਭਲੇ ਕੰਮ ਨੂੰ ਅਰੰਭ ਕੀਤਾ ਹੈ ਉਹ ਇਸ ਨੂੰ ਮਸੀਹ ਯਿਸੂ ਦੇ ਦਿਨ ਤੱਕ ਪੂਰਾ ਵੀ ਕਰੇਗਾ। 7ਤੁਹਾਡੇ ਸਾਰਿਆਂ ਬਾਰੇ ਮੇਰਾ ਇਸ ਤਰ੍ਹਾਂ ਸੋਚਣਾ ਸਹੀ ਹੈ, ਕਿਉਂਕਿ ਤੁਸੀਂ ਮੇਰੇ ਦਿਲ ਵਿੱਚ ਹੋ; ਤੁਸੀਂ ਸਭ ਮੇਰੀ ਕੈਦ ਵਿੱਚ ਤੇ ਖੁਸ਼ਖ਼ਬਰੀ ਦੇ ਬਚਾਓ ਅਤੇ ਪੁਸ਼ਟੀ ਵਿੱਚ ਮੇਰੇ ਨਾਲ ਕਿਰਪਾ ਦੇ ਸਾਂਝੀ ਹੋ। 8ਕਿਉਂਕਿ ਪਰਮੇਸ਼ਰ ਮੇਰਾ ਗਵਾਹ ਹੈ ਕਿ ਮੈਂ ਮਸੀਹ ਯਿਸੂ ਦੇ ਪ੍ਰੇਮ ਵਿੱਚ ਤੁਹਾਡੀ ਕਿੰਨੀ ਤਾਂਘ ਰੱਖਦਾ ਹਾਂ। 9ਮੈਂ ਇਹ ਪ੍ਰਾਰਥਨਾ ਕਰਦਾ ਹਾਂ ਕਿ ਤੁਹਾਡਾ ਪ੍ਰੇਮ ਸੰਪੂਰਨ ਗਿਆਨ ਅਤੇ ਸਾਰੀ ਸਮਝ ਨਾਲ ਹੋਰ ਜ਼ਿਆਦਾ ਵਧਦਾ ਜਾਵੇ 10ਤਾਂਕਿ ਤੁਸੀਂ ਉੱਤਮ ਗੱਲਾਂ ਦੀ ਪਰਖ ਕਰ ਸਕੋ ਅਤੇ ਮਸੀਹ ਦੇ ਦਿਨ ਤੱਕ ਸ਼ੁੱਧ ਤੇ ਨਿਰਦੋਸ਼ ਬਣੇ ਰਹੋ 11ਅਤੇ ਪਰਮੇਸ਼ਰ ਦੀ ਮਹਿਮਾ ਤੇ ਉਸਤਤ ਲਈ ਯਿਸੂ ਮਸੀਹ ਦੇ ਰਾਹੀਂ ਧਾਰਮਿਕਤਾ ਦੇ ਫਲ ਨਾਲ ਭਰਪੂਰ ਹੋ ਜਾਓ।
ਖੁਸ਼ਖ਼ਬਰੀ ਦਾ ਪ੍ਰਸਾਰ
12ਹੇ ਭਾਈਓ, ਮੈਂ ਚਾਹੁੰਦਾ ਹਾਂ ਜੋ ਤੁਸੀਂ ਜਾਣ ਲਵੋ ਕਿ ਜੋ ਮੇਰੇ ਨਾਲ ਬੀਤਿਆ ਉਸ ਦੇ ਦੁਆਰਾ ਖੁਸ਼ਖ਼ਬਰੀ ਹੋਰ ਵੀ ਜ਼ਿਆਦਾ ਫੈਲੀ ਹੈ, 13ਇੱਥੋਂ ਤੱਕ ਕਿ ਸ਼ਾਹੀ ਪਲਟਣ#1:13 ਪ੍ਰਾਇਤੋਰੀਅਮ ਅਤੇ ਬਾਕੀ ਸਭਨਾਂ 'ਤੇ ਵੀ ਪਰਗਟ ਹੋ ਗਿਆ ਕਿ ਮੇਰੇ ਬੰਧਨ ਮਸੀਹ ਦੇ ਕਾਰਨ ਹਨ 14ਅਤੇ ਮੇਰੇ ਕੈਦ ਹੋਣ ਕਰਕੇ ਜ਼ਿਆਦਾਤਰ ਭਾਈਆਂ ਨੂੰ ਜਿਹੜੇ ਪ੍ਰਭੂ ਵਿੱਚ ਹਨ, ਹੌਸਲਾ ਮਿਲਿਆ ਹੈ ਅਤੇ ਉਹ ਨਿਡਰ ਹੋ ਕੇ ਵਚਨ ਸੁਣਾਉਣ ਲਈ ਹੋਰ ਵੀ ਜ਼ਿਆਦਾ ਦਲੇਰ ਹੋਏ ਹਨ। 15ਕੁਝ ਤਾਂ ਈਰਖਾ ਅਤੇ ਵਿਰੋਧ ਦੇ ਕਾਰਨ ਮਸੀਹ ਦਾ ਪ੍ਰਚਾਰ ਕਰਦੇ ਹਨ, ਪਰ ਕਈ ਨੇਕ ਇਰਾਦੇ ਨਾਲ ਕਰਦੇ ਹਨ 16ਅਤੇ ਇਹੋ ਹਨ ਜਿਹੜੇ ਪ੍ਰੇਮ ਦੇ ਕਾਰਨ ਇਹ ਕਰਦੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਮੈਂ ਖੁਸ਼ਖ਼ਬਰੀ ਦੇ ਬਚਾਓ ਲਈ ਥਾਪਿਆ ਗਿਆ ਹਾਂ। 17ਪਰ ਦੂਜੇ ਸਚਾਈ ਨਾਲ ਨਹੀਂ, ਸਗੋਂ ਇਹ ਸੋਚ ਕੇ ਸੁਆਰਥ ਨਾਲ ਮਸੀਹ ਦਾ ਪ੍ਰਚਾਰ ਕਰਦੇ ਹਨ ਕਿ ਮੇਰੇ ਬੰਧਨਾਂ ਵਿੱਚ ਮੇਰੇ ਦੁੱਖ ਨੂੰ ਵਧਾਉਣ। 18ਤਾਂ ਕੀ ਹੋਇਆ? ਭਾਵੇਂ ਇਹ ਵਿਖਾਵੇ ਲਈ ਹੋਵੇ ਭਾਵੇਂ ਸਚਾਈ ਨਾਲ, ਪ੍ਰਚਾਰ ਤਾਂ ਮਸੀਹ ਦਾ ਹੀ ਹੋ ਰਿਹਾ ਹੈ। ਮੈਂ ਇਸ ਵਿੱਚ ਅਨੰਦ ਕਰਦਾ ਹਾਂ ਅਤੇ ਹੋਰ ਵੀ ਅਨੰਦ ਕਰਾਂਗਾ, 19ਕਿਉਂਕਿ ਮੈਂ ਜਾਣਦਾ ਹਾਂ ਕਿ ਤੁਹਾਡੀਆਂ ਪ੍ਰਾਰਥਨਾਵਾਂ ਅਤੇ ਯਿਸੂ ਮਸੀਹ ਦੇ ਆਤਮਾ ਦੀ ਸਹਾਇਤਾ ਨਾਲ ਇਸ ਦਾ ਨਤੀਜਾ ਮੇਰੇ ਛੁਟਕਾਰੇ ਦੇ ਰੂਪ ਵਿੱਚ ਨਿੱਕਲੇਗਾ। 20ਮੇਰੀ ਦਿਲੀ ਇੱਛਾ ਅਤੇ ਆਸ ਇਹੋ ਹੈ ਕਿ ਮੈਨੂੰ ਕਿਸੇ ਗੱਲ ਵਿੱਚ ਸ਼ਰਮਿੰਦਾ ਨਾ ਹੋਣਾ ਪਵੇ, ਸਗੋਂ ਪੂਰੀ ਦਲੇਰੀ ਨਾਲ ਹਮੇਸ਼ਾ ਦੀ ਤਰ੍ਹਾਂ ਹੁਣ ਵੀ, ਭਾਵੇਂ ਜੀਵਨ ਭਾਵੇਂ ਮੌਤ ਦੇ ਰਾਹੀਂ ਮੇਰੇ ਇਸ ਸਰੀਰ ਵਿੱਚ ਮਸੀਹ ਦੀ ਮਹਿਮਾ ਹੁੰਦੀ ਰਹੇ।
ਜੀਉਣਾ ਮਸੀਹ ਅਤੇ ਮਰਨਾ ਲਾਭ
21ਕਿਉਂਕਿ ਜੀਉਣਾ ਮੇਰੇ ਲਈ ਮਸੀਹ ਅਤੇ ਮਰਨਾ ਲਾਭ ਹੈ। 22ਪਰ ਜੇ ਮੈਂ ਸਰੀਰ ਵਿੱਚ ਜੀਉਂਦੇ ਰਹਿਣਾ ਹੈ ਤਾਂ ਮੇਰੇ ਲਈ ਇਸ ਦਾ ਅਰਥ ਹੈ ਮਿਹਨਤ; ਮੈਂ ਨਹੀਂ ਜਾਣਦਾ ਕਿ ਕਿਸ ਨੂੰ ਚੁਣਾਂ! 23ਮੈਂ ਇਨ੍ਹਾਂ ਦੋਹਾਂ ਗੱਲਾਂ ਦੁਆਰਾ ਦਬਾਇਆ ਜਾਂਦਾ ਹਾਂ; ਇੱਛਾ ਤਾਂ ਇਹ ਹੈ ਕਿ ਚਲਾ ਜਾਵਾਂ ਅਤੇ ਮਸੀਹ ਦੇ ਨਾਲ ਰਹਾਂ, ਕਿਉਂਕਿ ਇਹ ਹੋਰ ਵੀ ਉੱਤਮ ਹੈ। 24ਪਰ ਤੁਹਾਡੇ ਲਈ ਮੇਰਾ ਸਰੀਰ ਵਿੱਚ ਜੀਉਂਦੇ ਰਹਿਣਾ ਜ਼ਰੂਰੀ ਹੈ। 25ਇਸ ਗੱਲ ਦਾ ਯਕੀਨ ਹੋਣ ਕਰਕੇ ਮੈਂ ਜਾਣਦਾ ਹਾਂ ਕਿ ਮੈਂ ਅਜੇ ਜੀਉਂਦਾ ਰਹਾਂਗਾ ਅਤੇ ਤੁਹਾਡੀ ਉੱਨਤੀ ਅਤੇ ਤੁਹਾਡੇ ਵਿਸ਼ਵਾਸ ਦੇ ਅਨੰਦ ਲਈ ਤੁਹਾਡੇ ਨਾਲ ਰਹਾਂਗਾ, 26ਤਾਂਕਿ ਜਦੋਂ ਮੈਂ ਤੁਹਾਡੇ ਕੋਲ ਫੇਰ ਆਵਾਂ ਤਾਂ ਮਸੀਹ ਯਿਸੂ ਵਿੱਚ ਮੇਰੇ ਵਿਖੇ ਤੁਹਾਡਾ ਅਭਿਮਾਨ ਹੋਰ ਵੀ ਵੱਧ ਜਾਵੇ।
27ਸਿਰਫ ਇਹ ਕਰੋ ਕਿ ਤੁਹਾਡਾ ਜੀਉਣਾ ਮਸੀਹ ਦੀ ਖੁਸ਼ਖ਼ਬਰੀ ਦੇ ਯੋਗ ਹੋਵੇ, ਤਾਂਕਿ ਚਾਹੇ ਮੈਂ ਆ ਕੇ ਤੁਹਾਨੂੰ ਵੇਖਾਂ ਚਾਹੇ ਨਾ ਵੀ ਆਵਾਂ, ਮੈਂ ਇਹੋ ਸੁਣਾਂ ਕਿ ਤੁਸੀਂ ਇੱਕੋ ਆਤਮਾ ਵਿੱਚ ਸਥਿਰ ਹੋ ਅਤੇ ਇੱਕ ਮਨ ਨਾਲ ਖੁਸ਼ਖ਼ਬਰੀ ਦੇ ਵਿਸ਼ਵਾਸ ਲਈ ਮਿਲ ਕੇ ਮਿਹਨਤ ਕਰ ਰਹੇ ਹੋ 28ਅਤੇ ਕਿਸੇ ਗੱਲ ਵਿੱਚ ਵਿਰੋਧ ਕਰਨ ਵਾਲਿਆਂ ਤੋਂ ਨਹੀਂ ਡਰਦੇ। ਇਹ ਉਨ੍ਹਾਂ ਲਈ ਨਾਸ ਦੀ, ਪਰ ਤੁਹਾਡੇ ਲਈ ਮੁਕਤੀ ਦੀ ਨਿਸ਼ਾਨੀ ਹੈ ਅਤੇ ਇਹ ਪਰਮੇਸ਼ਰ ਦੀ ਵੱਲੋਂ ਹੈ। 29ਕਿਉਂਕਿ ਤੁਹਾਨੂੰ ਮਸੀਹ ਦੇ ਨਮਿੱਤ ਇਹ ਬਖਸ਼ਿਆ ਗਿਆ ਹੈ ਕਿ ਤੁਸੀਂ ਨਾ ਕੇਵਲ ਉਸ ਉੱਤੇ ਵਿਸ਼ਵਾਸ ਕਰੋ, ਸਗੋਂ ਉਸ ਦੀ ਖਾਤਰ ਦੁੱਖ ਵੀ ਝੱਲੋ 30ਅਤੇ ਉਹੀ ਸੰਘਰਸ਼ ਕਰੋ ਜੋ ਤੁਸੀਂ ਮੈਨੂੰ ਕਰਦਿਆਂ ਵੇਖਿਆ ਅਤੇ ਹੁਣ ਵੀ ਕਰਦਿਆਂ ਸੁਣਦੇ ਹੋ।
Currently Selected:
ਫ਼ਿਲਿੱਪੀਆਂ 1: PSB
Highlight
Copy
Compare
Share
Want to have your highlights saved across all your devices? Sign up or sign in
PUNJABI STANDARD BIBLE©
Copyright © 2023 by Global Bible Initiative