Bible App logo
Search Icon

ਕੁਲੁੱਸੀਆਂ 3

3
ਮਸੀਹ ਵਿੱਚ ਨਵਾਂ ਸੁਭਾਅ
1ਇਸ ਲਈ ਜੇ ਤੁਸੀਂ ਮਸੀਹ ਦੇ ਨਾਲ ਜਿਵਾਏ ਗਏ ਤਾਂ ਉਤਾਂਹ ਦੀਆਂ ਗੱਲਾਂ ਦੀ ਖੋਜ ਵਿੱਚ ਰਹੋ ਜਿੱਥੇ ਮਸੀਹ ਪਰਮੇਸ਼ਰ ਦੇ ਸੱਜੇ ਹੱਥ ਬਿਰਾਜਮਾਨ ਹੈ। 2ਉਤਾਂਹ ਦੀਆਂ ਗੱਲਾਂ ਉੱਤੇ ਮਨ ਲਾਓ, ਨਾ ਕਿ ਧਰਤੀ ਦੀਆਂ ਗੱਲਾਂ ਉੱਤੇ। 3ਕਿਉਂਕਿ ਤੁਸੀਂ ਮਰ ਗਏ ਅਤੇ ਤੁਹਾਡਾ ਜੀਵਨ ਮਸੀਹ ਦੇ ਨਾਲ ਪਰਮੇਸ਼ਰ ਵਿੱਚ ਗੁਪਤ ਹੈ। 4ਜਦੋਂ ਮਸੀਹ ਜੋ ਤੁਹਾਡਾ#3:4 ਕੁਝ ਹਸਤਲੇਖਾਂ ਵਿੱਚ “ਤੁਹਾਡਾ” ਦੇ ਸਥਾਨ 'ਤੇ “ਸਾਡਾ” ਲਿਖਿਆ ਹੈ। ਜੀਵਨ ਹੈ, ਪਰਗਟ ਹੋਵੇਗਾ ਤਦ ਤੁਸੀਂ ਵੀ ਉਸ ਦੇ ਨਾਲ ਮਹਿਮਾ ਵਿੱਚ ਪਰਗਟ ਕੀਤੇ ਜਾਓਗੇ।
5ਇਸ ਲਈ ਧਰਤੀ ਉਤਲੇ ਆਪਣੇ ਅੰਗਾਂ ਨੂੰ ਮਾਰ ਸੁੱਟੋ ਅਰਥਾਤ ਵਿਭਚਾਰ, ਅਸ਼ੁੱਧਤਾ, ਕਾਮਨਾ, ਬੁਰੀ ਲਾਲਸਾ ਅਤੇ ਲੋਭ ਨੂੰ ਜੋ ਕਿ ਮੂਰਤੀ-ਪੂਜਾ ਹੈ। 6ਇਨ੍ਹਾਂ ਗੱਲਾਂ ਦੇ ਕਾਰਨ ਪਰਮੇਸ਼ਰ ਦਾ ਕ੍ਰੋਧ ਆਗਿਆ ਨਾ ਮੰਨਣ ਵਾਲਿਆਂ ਉੱਤੇ ਪੈਂਦਾ ਹੈ। 7ਇੱਕ ਸਮੇਂ ਤੁਸੀਂ ਵੀ ਇਨ੍ਹਾਂ ਗੱਲਾਂ ਦੇ ਅਨੁਸਾਰ ਚੱਲਦੇ ਸੀ ਜਦੋਂ ਇਨ੍ਹਾਂ ਵਿੱਚ ਜੀਉਂਦੇ ਸੀ। 8ਪਰ ਹੁਣ ਤੁਸੀਂ ਇਹ ਸਾਰੀਆਂ ਗੱਲਾਂ ਅਰਥਾਤ ਕ੍ਰੋਧ, ਗੁੱਸਾ, ਬੁਰਾਈ, ਨਿੰਦਾ ਅਤੇ ਆਪਣੇ ਮੂੰਹੋਂ ਗਾਲਾਂ ਕੱਢਣੀਆਂ ਛੱਡ ਦਿਓ। 9ਇੱਕ ਦੂਜੇ ਨਾਲ ਝੂਠ ਨਾ ਬੋਲੋ, ਕਿਉਂਕਿ ਤੁਸੀਂ ਪੁਰਾਣੇ ਮਨੁੱਖੀ ਸੁਭਾਅ ਨੂੰ ਉਸ ਦੇ ਕੰਮਾਂ ਸਮੇਤ ਲਾਹ ਸੁੱਟਿਆ ਹੈ 10ਅਤੇ ਨਵੇਂ ਮਨੁੱਖ ਨੂੰ ਪਹਿਨ ਲਿਆ ਹੈ ਜਿਹੜਾ ਆਪਣੇ ਸਿਰਜਣਹਾਰ ਦੇ ਸਰੂਪ ਅਨੁਸਾਰ ਗਿਆਨ ਵਿੱਚ ਨਵਾਂ ਬਣਦਾ ਜਾਂਦਾ ਹੈ। 11ਇੱਥੇ ਨਾ ਕੋਈ ਯੂਨਾਨੀ, ਨਾ ਯਹੂਦੀ, ਨਾ ਸੁੰਨਤੀ, ਨਾ ਅਸੁੰਨਤੀ, ਨਾ ਓਪਰਾ, ਨਾ ਸਕੂਥੀ#3:11 ਅਰਥਾਤ ਉਸ ਸਮੇਂ ਕਾਲੇ ਅਤੇ ਕੈਸਪੀਅਨ ਸਾਗਰ ਦੇ ਉੱਤਰ ਅਤੇ ਉੱਤਰ-ਪੂਰਬੀ ਹਿੱਸੇ ਵਿੱਚ ਰਹਿਣ ਵਾਲੇ ਜੰਗਲੀ ਲੋਕ।, ਨਾ ਗੁਲਾਮ ਅਤੇ ਨਾ ਅਜ਼ਾਦ ਹੈ, ਪਰ ਮਸੀਹ ਹੀ ਸਭ ਕੁਝ ਅਤੇ ਸਭ ਵਿੱਚ ਹੈ।
ਮਸੀਹੀ ਜੀਵਨ
12ਇਸ ਲਈ ਪਰਮੇਸ਼ਰ ਦੇ ਚੁਣੇ ਹੋਏ ਪਵਿੱਤਰ ਅਤੇ ਪਿਆਰੇ ਲੋਕਾਂ ਵਾਂਗ, ਦਿਲੀ ਤਰਸ, ਦਿਆਲਗੀ, ਦੀਨਤਾ, ਨਿਮਰਤਾ ਅਤੇ ਧੀਰਜ ਨੂੰ ਪਹਿਨ ਲਵੋ। 13ਜੇ ਕਿਸੇ ਨੂੰ ਕਿਸੇ ਵਿਰੁੱਧ ਕੋਈ ਸ਼ਿਕਾਇਤ ਹੋਵੇ ਤਾਂ ਇੱਕ ਦੂਜੇ ਦੀ ਸਹਿ ਲਵੋ ਅਤੇ ਇੱਕ ਦੂਜੇ ਨੂੰ ਮਾਫ਼ ਕਰ ਦਿਓ। ਜਿਸ ਤਰ੍ਹਾਂ ਪ੍ਰਭੂ#3:13 ਕੁਝ ਹਸਤਲੇਖਾਂ ਵਿੱਚ “ਪ੍ਰਭੂ” ਦੇ ਸਥਾਨ 'ਤੇ “ਮਸੀਹ” ਲਿਖਿਆ ਹੈ। ਨੇ ਤੁਹਾਨੂੰ ਮਾਫ਼ ਕੀਤਾ, ਤੁਸੀਂ ਵੀ ਉਸੇ ਤਰ੍ਹਾਂ ਕਰੋ; 14ਅਤੇ ਇਨ੍ਹਾਂ ਸਭਨਾਂ ਦੇ ਉੱਤੋਂ ਦੀ ਪ੍ਰੇਮ ਨੂੰ ਪਹਿਨ ਲਵੋ ਜੋ ਸੰਪੂਰਨਤਾ ਦਾ ਬੰਧ ਹੈ। 15ਮਸੀਹ#3:15 ਕੁਝ ਹਸਤਲੇਖਾਂ ਵਿੱਚ “ਮਸੀਹ” ਦੇ ਸਥਾਨ 'ਤੇ “ਪਰਮੇਸ਼ਰ” ਲਿਖਿਆ ਹੈ। ਦੀ ਸ਼ਾਂਤੀ ਤੁਹਾਡੇ ਦਿਲਾਂ ਵਿੱਚ ਰਾਜ ਕਰੇ ਜਿਸ ਦੇ ਲਈ ਤੁਸੀਂ ਇੱਕ ਦੇਹ ਵਿੱਚ ਬੁਲਾਏ ਵੀ ਗਏ; ਤੁਸੀਂ ਧੰਨਵਾਦੀ ਬਣੇ ਰਹੋ। 16ਮਸੀਹ ਦਾ ਵਚਨ ਤੁਹਾਡੇ ਵਿੱਚ ਭਰਪੂਰੀ ਨਾਲ ਵਾਸ ਕਰੇ। ਤੁਸੀਂ ਪੂਰੇ ਗਿਆਨ ਨਾਲ ਇੱਕ ਦੂਜੇ ਨੂੰ ਸਿਖਾਉਂਦੇ ਅਤੇ ਚਿਤਾਉਂਦੇ ਰਹੋ ਅਤੇ ਆਪਣੇ ਮਨਾਂ ਵਿੱਚ ਪਰਮੇਸ਼ਰ#3:16 ਕੁਝ ਹਸਤਲੇਖਾਂ ਵਿੱਚ “ਪਰਮੇਸ਼ਰ” ਦੇ ਸਥਾਨ 'ਤੇ “ਪ੍ਰਭੂ” ਲਿਖਿਆ ਹੈ। ਦਾ ਧੰਨਵਾਦ ਕਰਦੇ ਹੋਏ ਜ਼ਬੂਰ, ਭਜਨ ਅਤੇ ਆਤਮਕ ਗੀਤ ਗਾਇਆ ਕਰੋ। 17ਤੁਸੀਂ ਕਥਨੀ ਜਾਂ ਕਰਨੀ ਵਿੱਚ ਜੋ ਕੁਝ ਵੀ ਕਰੋ, ਸਭ ਕੁਝ ਪ੍ਰਭੂ ਯਿਸੂ ਦੇ ਨਾਮ ਵਿੱਚ ਕਰੋ ਅਤੇ ਉਸ ਦੇ ਰਾਹੀਂ ਪਿਤਾ ਪਰਮੇਸ਼ਰ ਦਾ ਧੰਨਵਾਦ ਕਰਦੇ ਰਹੋ।
ਮਸੀਹੀ ਪਰਿਵਾਰ ਲਈ ਹਿਦਾਇਤਾਂ
18ਪਤਨੀਓ, ਆਪਣੇ ਪਤੀਆਂ ਦੇ ਅਧੀਨ ਰਹੋ ਜਿਵੇਂ ਪ੍ਰਭੂ ਵਿੱਚ ਉਚਿਤ ਹੈ। 19ਪਤੀਓ, ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਅਤੇ ਉਨ੍ਹਾਂ ਨਾਲ ਕੌੜਾ ਵਿਹਾਰ ਨਾ ਕਰੋ।
20ਬੱਚਿਓ, ਸਭਨਾਂ ਗੱਲਾਂ ਵਿੱਚ ਆਪਣੇ ਮਾਤਾ-ਪਿਤਾ ਦੀ ਆਗਿਆਕਾਰੀ ਕਰੋ, ਕਿਉਂਕਿ ਪ੍ਰਭੂ ਇਸ ਤੋਂ ਪ੍ਰਸੰਨ ਹੁੰਦਾ ਹੈ। 21ਪਿਤਾਓ, ਆਪਣੇ ਬੱਚਿਆਂ ਨੂੰ ਕ੍ਰੋਧ ਨਾ ਦਿਵਾਓ, ਕਿਤੇ ਅਜਿਹਾ ਨਾ ਹੋਵੇ ਕਿ ਉਹ ਨਿਰਾਸ਼ ਹੋ ਜਾਣ।
22ਦਾਸੋ#3:22 ਅਰਥਾਤ ਗੁਲਾਮੋ, ਜਿਹੜੇ ਸਰੀਰ ਦੇ ਅਨੁਸਾਰ ਤੁਹਾਡੇ ਮਾਲਕ ਹਨ, ਸਭਨਾਂ ਗੱਲਾਂ ਵਿੱਚ ਉਨ੍ਹਾਂ ਦੀ ਆਗਿਆਕਾਰੀ ਕਰੋ; ਮਨੁੱਖਾਂ ਨੂੰ ਖੁਸ਼ ਕਰਨ ਵਾਲਿਆਂ ਵਾਂਗ ਵਿਖਾਵੇ ਲਈ ਨਹੀਂ, ਸਗੋਂ ਪ੍ਰਭੂ ਦਾ ਡਰ ਰੱਖਦੇ ਹੋਏ ਮਨ ਦੀ ਸਚਾਈ ਨਾਲ ਇਹ ਕਰੋ। 23ਤੁਸੀਂ ਜੋ ਵੀ ਕਰੋ ਮਨ ਤੋਂ ਕਰੋ ਜਿਵੇਂ ਕਿ ਪ੍ਰਭੂ ਦੇ ਲਈ, ਨਾ ਕਿ ਮਨੁੱਖਾਂ ਦੇ ਲਈ। 24ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਆਪਣੀ ਮਿਰਾਸ ਦਾ ਇਨਾਮ ਪ੍ਰਭੂ ਕੋਲੋਂ ਪਾਓਗੇ; ਤੁਸੀਂ ਪ੍ਰਭੂ ਮਸੀਹ ਦੀ ਸੇਵਾ ਕਰਦੇ ਹੋ। 25ਕਿਉਂਕਿ ਜਿਹੜਾ ਬੁਰਾ ਕਰਦਾ ਹੈ ਉਹ ਆਪਣੀ ਬੁਰਾਈ ਦਾ ਫਲ ਪਾਵੇਗਾ; ਉੱਥੇ ਕੋਈ ਪੱਖਪਾਤ ਨਹੀਂ ਹੋਵੇਗਾ।

Highlight

Copy

Compare

Share

None

Want to have your highlights saved across all your devices? Sign up or sign in