ਰੂਥ 2
2
ਰੂਥ ਅਨਾਜ ਦੇ ਖੇਤ ਵਿੱਚ ਬੋਅਜ਼ ਨੂੰ ਮਿਲੀ
1ਹੁਣ ਨਾਓਮੀ ਦੇ ਪਤੀ ਦਾ ਇੱਕ ਰਿਸ਼ਤੇਦਾਰ ਸੀ, ਅਲੀਮਲਕ ਦੇ ਪਰਿਵਾਰ ਵਿੱਚੋਂ ਅਤੇ ਉਹ ਧਨਵਾਨ ਮਨੁੱਖ ਸੀ, ਉਸਦਾ ਨਾਮ ਬੋਅਜ਼ ਸੀ।
2ਅਤੇ ਮੋਆਬੀ ਰੂਥ ਨੇ ਨਾਓਮੀ ਨੂੰ ਆਖਿਆ, ਮੈਨੂੰ ਖੇਤਾਂ ਵਿੱਚ ਜਾਣ ਦੀ ਆਗਿਆ ਦੇ ਅਤੇ ਜਿਸ ਦੀ ਨਿਗਾਹ ਵਿੱਚ ਮੈਂ ਕਿਰਪਾ ਪਾਵਾਂ, ਉਸਦੇ ਖੇਤ ਵਿੱਚੋਂ ਸਿੱਟੇ ਚੁੱਗ ਲਿਆਵਾਂ।
ਨਾਓਮੀ ਨੇ ਉਸ ਨੂੰ ਕਿਹਾ, “ਜਾ ਮੇਰੀਏ ਧੀਏ।” 3ਤਾਂ ਉਹ ਬਾਹਰ ਨਿੱਕਲ ਕੇ ਖੇਤ ਵਿੱਚ ਵੜ ਕੇ ਵਾਢਿਆਂ ਦੇ ਪਿੱਛੇ ਸਿੱਟੇ ਚੁਗਣ ਲੱਗੀ। ਜਿਵੇਂ ਉਹ ਨਿਕਲੀ ਤੇ ਉਹ ਅਲੀਮਲਕ ਦੇ ਰਿਸ਼ਤੇਦਾਰ ਬੋਅਜ਼ ਦੇ ਖੇਤ ਵਿੱਚ ਜਾ ਵੜੀ।
4ਤਦ ਬੋਅਜ਼ ਬੈਤਲਹਮ ਤੋਂ ਆਇਆ ਅਤੇ ਵਾਢਿਆਂ ਨੂੰ ਕਿਹਾ, “ਯਾਹਵੇਹ ਤੁਹਾਡੇ ਅੰਗ-ਸੰਗ ਹੋਵੇ!”
ਉਹਨਾਂ ਨੇ ਜਵਾਬ ਦਿੱਤਾ, “ਯਾਹਵੇਹ ਤੁਹਾਨੂੰ ਵੀ ਅਸੀਸ ਦੇਵੇ!”
5ਬੋਅਜ਼ ਨੇ ਆਪਣੇ ਵਾਢਿਆਂ ਦੇ ਨਿਗਾਹਬਾਨ ਨੂੰ ਪੁੱਛਿਆ, “ਉਹ ਮੁਟਿਆਰ ਕਿਸ ਦੀ ਹੈ?”
6ਨਿਗਾਹਬਾਨ ਨੇ ਉੱਤਰ ਦਿੱਤਾ, “ਉਹ ਮੋਆਬਣ ਹੈ ਜੋ ਨਾਓਮੀ ਨਾਲ ਮੋਆਬ ਤੋਂ ਵਾਪਸ ਆਈ ਸੀ। 7ਉਸ ਨੇ ਕਿਹਾ, ‘ਕਿਰਪਾ ਕਰਕੇ ਮੈਨੂੰ ਵਾਢਿਆਂ ਦੇ ਪਿੱਛੇ ਪੂਲਿਆਂ ਦੇ ਵਿਚਕਾਰ ਸਿੱਟੇ ਚੁਗਣ ਅਤੇ ਇਕੱਠਾ ਕਰਨ ਦਿਓ।’ ਤਦ ਉਹ ਆਈ ਅਤੇ ਸਵੇਰ ਤੋਂ ਹੁਣ ਤੱਕ ਕੰਮ ਵਿੱਚ ਲੱਗੀ ਰਹੀ, ਥੋੜਾ ਜਿਹਾ ਅਰਾਮ ਕਰਨ ਲਈ ਕੋਠੜੀ ਵਿੱਚ ਠਹਿਰੀ।”
8ਤਾਂ ਬੋਅਜ਼ ਨੇ ਰੂਥ ਨੂੰ ਕਿਹਾ, “ਮੇਰੀ ਧੀ, ਮੇਰੀ ਗੱਲ ਸੁਣ। ਤੂੰ ਕਿਸੇ ਹੋਰ ਖੇਤ ਵਿੱਚ ਸਿੱਟੇ ਚੁਗਣ ਨਾ ਜਾਵੀਂ। ਇੱਥੇ ਉਹਨਾਂ ਔਰਤਾਂ ਨਾਲ ਰਹੀਂ ਜੋ ਮੇਰੇ ਲਈ ਕੰਮ ਕਰਦੀਆਂ ਹਨ। 9ਉਸ ਖੇਤ ਨੂੰ ਵੇਖੋ ਜਿੱਥੇ ਆਦਮੀ ਵਾਢੀ ਕਰ ਰਹੇ ਹਨ ਅਤੇ ਔਰਤਾਂ ਦੇ ਪਿੱਛੇ-ਪਿੱਛੇ ਤੁਰਦੀ ਜਾ। ਮੈਂ ਇਨ੍ਹਾਂ ਜੁਆਨਾਂ ਨੂੰ ਆਗਿਆ ਦਿੱਤੀ ਹੈ, ਕੀ ਉਹ ਤੈਨੂੰ ਨਾ ਛੇੜਨ ਅਤੇ ਜਦੋਂ ਵੀ ਤੈਨੂੰ ਪਿਆਸ ਲੱਗੇ, ਤਾਂ ਜਾ ਕੇ ਮਨੁੱਖਾਂ ਦੇ ਭਰੇ ਹੋਏ ਘੜੇ ਵਿੱਚੋਂ ਪਾਣੀ ਪੀ ਲਵੀਂ।”
10ਤਾਂ ਉਸ ਨੇ ਆਪਣਾ ਮੂੰਹ ਜ਼ਮੀਨ ਤੱਕ ਝੁਕਾਇਆ ਅਤੇ ਉਸ ਨੇ ਉਸ ਨੂੰ ਪੁੱਛਿਆ, “ਮੈਂ ਤੁਹਾਡੀ ਨਿਗਾਹ ਵਿੱਚ ਇੰਨੀ ਕਿਰਪਾ ਕਿਉਂ ਪਾਈ ਹੈ ਕਿ ਤੁਸੀਂ ਮੈਨੂੰ ਵੇਖਦੇ ਹੋ ਕੀ ਮੈਂ ਇੱਕ ਪਰਦੇਸਣ ਹਾਂ?”
11ਬੋਅਜ਼ ਨੇ ਉੱਤਰ ਦਿੱਤਾ, “ਮੈਨੂੰ ਉਸ ਸਾਰੀ ਗੱਲ ਦੀ ਖ਼ਬਰ ਹੈ ਜੋ ਤੂੰ ਆਪਣੇ ਪਤੀ ਦੇ ਮਰਨ ਤੋਂ ਬਾਅਦ ਆਪਣੀ ਸੱਸ ਨਾਲ ਕੀਤੀ, ਕਿਵੇਂ ਤੂੰ ਆਪਣੇ ਪਿਤਾ ਅਤੇ ਮਾਤਾ ਅਤੇ ਆਪਣੀ ਜਨਮ ਭੂਮੀ ਨੂੰ ਛੱਡ ਕੇ ਉਹਨਾਂ ਲੋਕਾਂ ਵਿੱਚ ਆਈ ਹੈ, ਜਿੰਨ੍ਹਾਂ ਨੂੰ ਤੂੰ ਪਹਿਲਾ ਨਹੀਂ ਜਾਣਦੀ ਸੀ। 12ਯਾਹਵੇਹ ਤੇਰੇ ਕੰਮ ਦਾ ਫਲ ਦੇਵੇ, ਸਗੋਂ ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਵੱਲੋਂ ਜਿਸ ਦੇ ਖੰਭਾਂ ਹੇਠ ਵਿਸ਼ਵਾਸ ਕਰ ਕੇ ਤੂੰ ਪਨਾਹ ਲੈਣ ਆਈ ਹੈ, ਤੈਨੂੰ ਪੂਰਾ ਬਦਲਾ ਦਿੱਤਾ ਜਾਵੇ।”
13ਉਸ ਨੇ ਕਿਹਾ, “ਹੇ ਮੇਰੇ ਮਾਲਕ, ਮੈਂ ਤੇਰੀ ਨਿਗਾਹ ਵਿੱਚ ਕਿਰਪਾ ਪ੍ਰਾਪਤ ਕਰਦੀ ਰਹਾਂ, ਤੁਸੀਂ ਆਪਣੀ ਦਾਸੀ ਨਾਲ ਮਿਹਰਬਾਨੀ ਨਾਲ ਗੱਲ ਕੀਤੀ ਹੈ ਭਾਵੇਂ ਮੈਂ ਤੁਹਾਡੀ ਦਾਸੀਆਂ ਵਿੱਚੋਂ ਇੱਕ ਵਰਗੀ ਨਹੀਂ ਹਾਂ।”
14ਭੋਜਨ ਵੇਲੇ ਬੋਅਜ਼ ਨੇ ਉਸ ਨੂੰ ਕਿਹਾ, “ਇੱਥੇ ਆ ਕੇ ਰੋਟੀ ਖਾ ਅਤੇ ਆਪਣੀ ਬੁਰਕੀ ਸਿਰਕੇ ਵਿੱਚ ਡੁਬੋ।”
ਜਦੋਂ ਉਹ ਵਾਢੀ ਕਰਨ ਵਾਲਿਆਂ ਕੋਲ ਬੈਠੀ ਤਾਂ ਉਸ ਨੇ ਉਸ ਨੂੰ ਕੁਝ ਭੁੰਨੇ ਹੋਏ ਦਾਣੇ ਉਸਨੂੰ ਦਿੱਤੇ। ਉਸ ਨੇ ਕੁਝ ਖਾਧੇ ਅਤੇ ਰੱਜ ਗਈ ਸਗੋਂ ਕੁਝ ਬਚਾ ਕੇ ਵੀ ਰੱਖ ਲਏ। 15ਜਦੋਂ ਉਹ ਸਿੱਟੇ ਚੁਗਣ ਲਈ ਉੱਠੀ ਤਾਂ ਬੋਅਜ਼ ਨੇ ਆਪਣੇ ਆਦਮੀਆਂ ਨੂੰ ਹੁਕਮ ਦਿੱਤਾ, “ਕਿ ਉਸ ਨੂੰ ਪੂਲਿਆਂ ਦੇ ਵਿੱਚ ਚੁਗਣ ਦੇਣ ਅਤੇ ਸ਼ਰਮਿੰਦਾ ਨਾ ਕਰਨ। 16ਸਗੋਂ ਪੂਲਿਆਂ ਵਿੱਚੋਂ ਜਾਣ ਬੁੱਝ ਕੇ ਉਸ ਦੇ ਲਈ ਕੁਝ ਡੇਗਦੇ ਜਾਣ ਅਤੇ ਉਸਦੇ ਲਈ ਛੱਡ ਦਿਓ, ਅਤੇ ਕੋਈ ਉਸ ਨੂੰ ਨਾ ਝਿੜਕੇ।”
17ਤਦ ਉਹ ਸ਼ਾਮ ਤੱਕ ਖੇਤ ਵਿੱਚ ਚੁਗਦੀ ਰਹੀ ਅਤੇ ਜੋ ਉਸ ਨੇ ਚੁਗਿਆ ਸੀ, ਉਸ ਨੂੰ ਕੁੱਟਿਆ ਅਤੇ ਉਹ ਬੱਤੀ ਸੇਰ ਜੌਂ#2:17 ਲਗਭਗ 13 ਕਿਲੋਗ੍ਰਾਮ ਹੋਏ। 18ਉਹ ਉਸ ਨੂੰ ਸ਼ਹਿਰ ਵਿੱਚ ਲੈ ਗਈ ਅਤੇ ਉਸ ਦੀ ਸੱਸ ਨੇ ਵੇਖਿਆ ਕਿ ਉਸ ਨੇ ਕਿੰਨਾ ਇਕੱਠਾ ਕੀਤਾ ਹੈ ਅਤੇ ਉਹ ਦਾਣੇ ਜਿਹੜੇ ਉਸ ਨੇ ਰੱਜ ਕੇ ਖਾਣ ਤੋਂ ਬਾਅਦ ਬਚਾ ਕੇ ਰੱਖ ਲਏ ਸਨ, ਆਪਣੀ ਸੱਸ ਨੂੰ ਦਿੱਤੇ।
19ਉਸ ਦੀ ਸੱਸ ਨੇ ਉਸ ਨੂੰ ਪੁੱਛਿਆ, “ਤੂੰ ਅੱਜ ਕਿੱਥੋਂ ਸਿੱਟੇ ਚੁਗੇ? ਅਤੇ ਕਿੱਥੇ ਕੰਮ-ਧੰਦਾ ਕੀਤਾ ਸੀ? ਮੁਬਾਰਕ ਹੈ ਉਹ ਆਦਮੀ ਜਿਸਨੇ ਤੇਰੀ ਵੱਲ ਧਿਆਨ ਦਿੱਤਾ!”
ਤਦ ਰੂਥ ਨੇ ਆਪਣੀ ਸੱਸ ਨੂੰ ਉਸ ਵਿਅਕਤੀ ਬਾਰੇ ਦੱਸਿਆ ਜਿਸ ਦੇ ਕੋਲ ਕੰਮ-ਧੰਦਾ ਕੀਤਾ ਸੀ ਅਤੇ ਆਖਿਆ, “ਅੱਜ ਮੈਂ ਜਿਸ ਆਦਮੀ ਕੋਲ ਕੰਮ ਕੀਤਾ ਉਸ ਦਾ ਨਾਂ ਬੋਅਜ਼ ਹੈ।”
20ਨਾਓਮੀ ਨੇ ਆਪਣੀ ਨੂੰਹ ਨੂੰ ਕਿਹਾ, “ਯਾਹਵੇਹ ਤੈਨੂੰ ਅਸੀਸ ਦੇਵੇ, ਜੋ ਉਸ ਨੇ ਜਿਉਂਦਿਆਂ ਅਤੇ ਮੁਰਦਿਆਂ ਲਈ ਆਪਣੀ ਦਿਆਲਤਾ ਦਿਖਾਉਣੀ ਬੰਦ ਨਹੀਂ ਕੀਤੀ। ਇਹ ਆਦਮੀ ਸਾਡਾ ਨਜ਼ਦੀਕੀ ਦਾ ਰਿਸ਼ਤੇਦਾਰ ਹੈ; ਇਹ ਸਾਡੇ ਸਰਪ੍ਰਸਤ-ਛੁਡਾਉਣ#2:20 ਸਰਪ੍ਰਸਤ-ਛੁਡਾਉਣ ਅਰਥਾਤ: ਜਿਸ ਕੋਲ ਗੰਭੀਰ ਮੁਸ਼ਕਲ ਵਿੱਚ ਫਸੇ ਕਿਸੇ ਰਿਸ਼ਤੇਦਾਰ ਨੂੰ ਬਚਾਉਣ ਦੀ ਜ਼ਿੰਮੇਵਾਰੀ ਹੋਵੇ ਵਾਲਿਆਂ ਵਿੱਚੋਂ ਇੱਕ ਹੈ।”
21ਤਦ ਮੋਆਬੀ ਰੂਥ ਨੇ ਕਿਹਾ, “ਉਸ ਨੇ ਮੈਨੂੰ ਇੱਥੋਂ ਤੱਕ ਕਿਹਾ, ‘ਜਦੋਂ ਤੱਕ ਮੇਰੀਆਂ ਵਾਢਿਆਂ ਨਾ ਹੋ ਜਾਣ ਤਦ ਤੱਕ ਮੇਰੇ ਜੁਆਨਾਂ ਦੇ ਨਾਲ-ਨਾਲ ਰਿਹਾ ਕਰ।’ ”
22ਨਾਓਮੀ ਨੇ ਆਪਣੀ ਨੂੰਹ ਰੂਥ ਨੂੰ ਆਖਿਆ, “ਹੇ ਮੇਰੀ ਧੀ, ਤੇਰੇ ਲਈ ਇਹ ਚੰਗਾ ਹੋਵੇਗਾ ਜੋ ਉਹ ਦੇ ਲਈ ਕੰਮ ਕਰਨ ਵਾਲੀਆਂ ਔਰਤਾਂ ਨਾਲ ਜਾਇਆ ਕਰੇ, ਕਿਉਂ ਜੋ ਕਿਸੇ ਹੋਰ ਦੇ ਖੇਤ ਵਿੱਚ ਜਾਣਾ ਤੇਰੇ ਲਈ ਨੁਕਸਾਨਦਾਇਕ ਹੋ ਸਕਦਾ ਹੈ।”
23ਇਸ ਲਈ ਜਦੋਂ ਤੱਕ ਜੌਂ ਦੀ ਅਤੇ ਕਣਕ ਦੀ ਵਾਢੀ ਹੁੰਦੀ ਰਹੀ, ਉਹ ਬੋਅਜ਼ ਦੀਆਂ ਦਾਸੀਆਂ ਦੇ ਨਾਲ-ਨਾਲ ਲੱਗੀ ਰਹੀ ਅਤੇ ਉਹ ਆਪਣੀ ਸੱਸ ਦੇ ਕੋਲ ਵੱਸੀ ਰਹੀ।
Currently Selected:
ਰੂਥ 2: PCB
Highlight
Copy
Compare
Share
Want to have your highlights saved across all your devices? Sign up or sign in
ਪਵਿੱਤਰ ਬਾਈਬਲ, ਪੰਜਾਬੀ ਮੌਜੂਦਾ ਤਰਜਮਾ
ਕਾਪੀਰਾਈਟ ਅਧਿਕਾਰ © 2022, 2025 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ। ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
Holy Bible, Punjabi Contemporary Version™
Copyright © 2022, 2025 by Biblica, Inc.
Used with permission. All rights reserved worldwide.